-ਦਿੱਵਿਆ ਕੁਮਾਰ ਸੋਤੀ

ਕਸ਼ਮੀਰ ਵਾਦੀ ਦਾ ਤ੍ਰਾਸਦੀ ਵਾਲਾ ਇਤਿਹਾਸ ਇਕ ਵਾਰ ਫਿਰ ਖ਼ੁਦ ਨੂੰ ਦੁਹਰਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ। ਜਹਾਦੀ ਅੱਤਵਾਦੀ ਕਸ਼ਮੀਰ ਵਿਚ ਬਚੇ-ਖੁਚੇ ਹਿੰਦੂਆਂ ਤੇ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸ ਤੋਂ ਉਪਜੇ ਭੈਅ ਕਾਰਨ ਉਹ ਫਿਰ ਤੋਂ ਪਲਾਇਨ ਕਰਨ ਲਈ ਮਜਬੂਰ ਹੋ ਸਕਦੇ ਹਨ। ਵੀਰਵਾਰ ਨੂੰ ਸ੍ਰੀਨਗਰ ਦੇ ਇਕ ਸਰਕਾਰੀ ਸਕੂਲ ਵਿਚ ਮਹਿਲਾ ਸਿੱਖ ਅਤੇ ਹਿੰਦੂ ਅਧਿਆਪਕਾਂ ਦੀ ਨਿਸ਼ਾਨਦੇਹੀ ਕਰ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।

ਇਸ ਤੋਂ ਪਹਿਲਾਂ ਸ੍ਰੀਨਗਰ ਦੇ ਮੰਨੇ-ਪ੍ਰਮੰਨੇ ਦਵਾ ਵਿਕ੍ਰੇਤਾ ਮੱਖਣ ਲਾਲ ਬਿੰਦਰੂ ਦੀ ਅੱਤਵਾਦੀਆਂ ਨੇ ਹੱਤਿਆ ਕਰ ਦਿੱਤੀ ਸੀ। ਅੱਤਵਾਦੀਆਂ ਨੇ ਦਿਹਾੜੀਦਾਰ ਇਕ ਦਲਿਤ ਵਰਿੰਦਰ ਪਾਸਵਾਨ ਨੂੰ ਵੀ ਨਹੀਂ ਬਖ਼ਸ਼ਿਆ ਜੋ ਰੋਜ਼ੀ-ਰੋਟੀ ਕਮਾਉਣ ਲਈ ਕਸ਼ਮੀਰ ਆਇਆ ਸੀ। ਇਸੇ ਦਿਨ ਮੁਹੰਮਦ ਸ਼ਫੀ ਲੋਨ ਦੀ ਵੀ ਇਸ ਸ਼ੱਕ ਵਿਚ ਹੱਤਿਆ ਕੀਤੀ ਗਈ ਕਿ ਉਹ ਸੁਰੱਖਿਆ ਬਲਾਂ ਦੀ ਮਦਦ ਕਰਦਾ ਹੈ।

ਇਹ ਪਹਿਲੀ ਵਾਰ ਨਹੀਂ ਜਦ ਕਸ਼ਮੀਰ ਵਿਚ ਜਹਾਦੀਆਂ ਦੁਆਰਾ ਘੱਟ-ਗਿਣਤੀ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੋਵੇ। ਕਸ਼ਮੀਰੀ ਹਿੰਦੂਆਂ ਨੂੰ ਮਜ਼ਹਬੀ ਅੱਤਵਾਦ ਕਾਰਨ ਉੱਥੋਂ ਲਗਪਗ ਛੇ ਵਾਰ ਵੱਡੇ ਪੱਧਰ ’ਤੇ ਹਿਜਰਤ ਕਰਨੀ ਪਈ ਜਿਸ ਤੋਂ ਬਾਅਦ ਉਨ੍ਹਾਂ ਦੀ ਕਦੇ ਵਾਪਸੀ ਵੀ ਨਹੀਂ ਹੋ ਸਕੀ। ਆਖ਼ਰੀ ਵੱਡਾ ਪਲਾਇਨ ਜਨਵਰੀ 1990 ਵਿਚ ਹੋਇਆ ਸੀ ਜਦ ਇਕ ਪਾਸੇ ਜਹਾਦੀ ਅੱਤਵਾਦੀ ਕਸ਼ਮੀਰੀ ਹਿੰਦੂਆਂ ਦੀ ਚੁਣ-ਚੁਣ ਕੇ ਹੱਤਿਆ ਕਰ ਰਹੇ ਸਨ ਅਤੇ ਹੁੱਲੜਬਾਜ਼ਾਂ ਦੀ ਹਥਿਆਰਬੰਦ ਭੀੜ ਮਸਜਿਦਾਂ ਦੇ ਲਾਊਡ-ਸਪੀਕਰਾਂ ਤੋਂ ‘ਹਮ ਕਯਾ ਚਾਹਤੇ? ਨਿਜ਼ਾਮ-ਏ-ਮੁਸਤਫਾ’, ‘ਰਲੀ-ਗਲੀਵ, ਚਲੀਵ’ (ਧਰਮ ਬਦਲ ਲਓ, ਮਾਰੇ ਜਾਓ ਜਾਂ ਭੱਜ ਜਾਓ) ਦੇ ਐਲਾਨ ਨਾਲ ਕਦਮਤਾਲ ਕਰਦੀ ਘੁੰਮ ਰਹੀ ਸੀ। ਇਹ ਉਹ ਦੌਰ ਸੀ ਜਦ ਪਾਕਿਸਤਾਨ ਪ੍ਰਸਤ ਜਹਾਦੀਆਂ ਨੇ ਅਫ਼ਗਾਨਿਸਤਾਨ ਤੋਂ ਉਦੋਂ ਦੀ ਮਹਾ-ਸ਼ਕਤੀ ਸੋਵੀਅਤ ਸੰਘ ਨੂੰ ਖਦੇੜ ਦਿੱਤਾ ਸੀ ਅਤੇ ਕਸ਼ਮੀਰ ਵਿਚ ਮੌਜੂਦ ਇਸਲਾਮਿਕ ਕੱਟੜਪੰਥੀਆਂ ਅਤੇ ਰਾਵਲਪਿੰਡੀ ਵਿਚ ਬੈਠੇ ਉਨ੍ਹਾਂ ਦੇ ਆਕਾਵਾਂ ਨੂੰ ਲੱਗਦਾ ਸੀ ਕਿ ਅੱਤਵਾਦ ਦੇ ਜ਼ੋਰ ’ਤੇ ਜੇਕਰ ਸੋਵੀਅਤ ਸੰਘ ਨੂੰ ਹਰਾਇਆ ਜਾ ਸਕਦਾ ਹੈ ਤਾਂ ਭਾਰਤ ਨੂੰ ਹਰਾਉਣਾ ਤਾਂ ਖੱਬੇ ਹੱਥ ਦੀ ਖੇਡ ਹੈ। ਫ਼ਿਲਹਾਲ ਭਾਰਤੀ ਸੁਰੱਖਿਆ ਬਲਾਂ ਨੇ ਬੀਤੇ ਤੀਹ ਸਾਲਾਂ ਵਿਚ ਇਹ ਸਾਬਿਤ ਕੀਤਾ ਕਿ ਅੱਤਵਾਦ ਵਿਰੁੱਧ ਜੰਗ ਵਿਚ ਉਹ ਸੋਵੀਅਤ ਅਤੇ ਅਮਰੀਕੀ ਫ਼ੌਜਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹਨ।

ਅਫ਼ਗਾਨਿਸਤਾਨ ਤੋਂ ਅਮਰੀਕੀ ਪਲਾਇਨ ਅਤੇ ਤਾਲਿਬਾਨ ਦੇ ਹੁਕਮਰਾਨ ਹੋਣ ਤੋਂ ਬਾਅਦ ਜਹਾਦੀ ਅਨਸਰਾਂ ਦੇ ਨਾਪਾਕ ਮਨਸੂਬੇ ਫਿਰ ਤੋਂ ਪ੍ਰਵਾਨ ਚੜ੍ਹ ਰਹੇ ਹਨ। ਉਸੇ ਦਾ ਨਤੀਜਾ ਕਸ਼ਮੀਰ ਵਿਚ ਹਿੰਦੂ ਅਤੇ ਸਿੱਖ ਘੱਟ-ਗਿਣਤੀ ਭਾਈਚਾਰਿਆਂ ਦੇ ਲੋਕਾਂ ਦੇ ਕਤਲਾਂ ਦੇ ਰੂਪ ਵਿਚ ਸਾਹਮਣੇ ਆ ਰਿਹਾ ਹੈ। ਇਨ੍ਹਾਂ ਕਤਲਾਂ ਲਈ ਪਾਕਿਸਤਾਨ ਅਤੇ ਉਸ ਦੇ ਹਮਾਇਤੀ ਅੱਤਵਾਦੀ ਸੰਗਠਨ ਤਾਂ ਜ਼ਿੰਮੇਵਾਰ ਹਨ ਹੀ, ਪਰ ਓਨੇ ਹੀ ਜ਼ਿੰਮੇਵਾਰ ਫਾਰੂਕ ਅਬਦੁੱਲਾ ਅਤੇ ਮਹਿਬੂਬਾ ਮੁਫ਼ਤੀ ਵਰਗੇ ਸੰਵਿਧਾਨਕ ਅਹੁਦਿਆਂ ’ਤੇ ਬਿਰਾਜਮਾਨ ਰਹਿ ਚੁੱਕੇ ਕਸ਼ਮੀਰੀ ਮੁਸਲਮਾਨ ਨੇਤਾ ਵੀ ਹਨ ਜੋ ਤਾਲਿਬਾਨ ਦੇ ਉੱਭਰਨ ’ਤੇ ਨਾ ਸਿਰਫ਼ ਜਨਤਕ ਤੌਰ ’ਤੇ ਖ਼ੁਸ਼ੀ ਦਾ ਇਜ਼ਹਾਰ ਕਰ ਚੁੱਕੇ ਹਨ ਬਲਕਿ ਭਾਰਤ ਨੂੰ ਇਹ ਧਮਕੀ ਵੀ ਦੇ ਰਹੇ ਹਨ ਕਿ ਜੋ ਅਫ਼ਗਾਨਿਸਤਾਨ ਵਿਚ ਹੋਇਆ, ਉਹ ਕਸ਼ਮੀਰ ਵਿਚ ਵੀ ਹੋਵੇਗਾ।

ਉਹ ਉਸੇ ਤਾਲਿਬਾਨ ਦੀ ਚੜ੍ਹਤ ਤੋਂ ਖ਼ੁਸ਼ ਹਨ ਜਿਸ ਦੇ ਨੇਤਾ ਮਹਿਮੂਦ ਗਜ਼ਨਵੀ ਦੀ ਮਜ਼ਾਰ ’ਤੇ ਜਾ ਕੇ ਸੋਮਨਾਥ ਮੰਦਰ ’ਤੇ ਉਸ ਦੇ ਜ਼ਾਲਮਾਨਾ ਹਮਲੇ ਦਾ ਮਹਿਮਾਮੰਡਨ ਕਰ ਰਹੇ ਹਨ। ਇਹ ਕਸ਼ਮੀਰ ਦੇ ਸਮਾਜ ਅਤੇ ਰਾਜਨੀਤੀ ਦਾ ਅਜਿਹਾ ਨੰਗਾ ਸੱਚ ਹੈ ਜਿਸ ਨੂੰ ਕਮਸ਼ੀਰੀਅਤ ਦੇ ਢਕੋਸਲੇ ਦੀ ਆੜ ਵਿਚ ਢਕਦੇ ਰਹਿਣਾ ਅੱਤਵਾਦੀਆਂ ਦੁਆਰਾ ਮਾਰੇ ਗਏ ਬੇਗ਼ੁਨਾਹ ਲੋਕਾਂ ਦੇ ਨਾਲ ਛਲ ਹੋਵੇਗਾ। ਕਸ਼ਮੀਰ ਦਾ ਇਕ ਹਿੱਸਾ ਇਸਲਾਮਿਕ ਕੱਟੜਪੰਥ ਦਾ ਗੜ੍ਹ ਬਣ ਚੁੱਕੇ ਅਫ਼ਗਾਨਿਸਤਾਨ-ਪਾਕਿਸਤਾਨ ਤੋਂ ਉੱਠਣ ਵਾਲੇ ਮਜ਼ਹਬੀ ਜਨੂੰਨ ਦੇ ਤੂਫਾਨ ਤੋਂ ਪ੍ਰਭਾਵਿਤ ਹੁੰਦਾ ਹੈ। ਇਸ ਦਾ ਨਤੀਜਾ ਕਸ਼ਮੀਰ ਵਿਚ ਗ਼ੈਰ-ਮੁਸਲਿਮਾਂ ਵਿਰੁੱਧ ਹਿੰਸਾ ਵਜੋਂ ਨਿਕਲਦਾ ਹੈ।

ਅਫ਼ਗਾਨਿਸਤਾਨ ਵਿਚ ਤਾਲਿਬਾਨ ਦੀ ਹਕੂਮਤ ਬਣਨ ਤੋਂ ਬਾਅਦ ਕਸ਼ਮੀਰ ’ਤੇ ਖ਼ਤਰੇ ਦੇ ਬੱਦਲ ਮੰਡਰਾਉਣ ਲੱਗ ਪਏ ਸਨ। ਤਾਲਿਬਾਨੀ ਤਨਜ਼ੀਮਾਂ ਨੇ ਤਾਂ ਜਨਤਕ ਤੌਰ ’ਤੇ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਕਸ਼ਮੀਰੀਆਂ ਦੀ ਪਿੱਠ ’ਤੇ ਹਨ। ਦੂਜੇ ਪਾਸੇ ਪਾਕਿਸਤਾਨ ਵੀ ਚਾਹੁੰਦਾ ਹੈ ਕਿ ਤਾਲਿਬਾਨ ਦਾ ਰੁਖ਼ ਭਾਰਤ ਵੱਲ ਹੋਵੇ।

ਇਸ ਖ਼ਤਰਨਾਕ ਮਨਸੂਬੇ ’ਤੇ ਅਮਲ ਹੋਣ ਦੇ ਨਤੀਜੇ ਵਜੋਂ ਇਹ ਖ਼ੂਨ-ਖ਼ਰਾਬੇ ਵਾਲਾ ਦੌਰ ਮੁੜ ਆਰੰਭ ਹੋ ਗਿਆ ਹੈ। ਅਜਿਹੇ ਵਿਚ ਭਾਰਤ ਸਰਕਾਰ ਨੂੰ ਅਜਿਹਾ ਕੋਈ ਵੀ ਕਦਮ ਚੁੱਕਣ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ ਜੋ ਦੇਸ਼ ਦੀ ਸੁਰੱਖਿਆ ਅਤੇ ਕਸ਼ਮੀਰ ਵਿਚ ਘੱਟ-ਗਿਣਤੀ ਭਾਈਚਾਰਿਆਂ ਦੀ ਹਿਫ਼ਾਜ਼ਤ ਲਈ ਜ਼ਰੂਰੀ ਹੋਵੇ।

ਇਹ ਵੀ ਸਹੀ ਹੈ ਕਿ ਕਸ਼ਮੀਰ ਵਿਚ ਅੱਤਵਾਦੀ ਅਕਸਰ ਮੁਸਲਮਾਨਾਂ ਨੂੰ ਵੀ ਮਾਰਦੇ ਹਨ ਪਰ ਉਸ ਦਾ ਕਾਰਨ ਵੀ ਮਜ਼ਹਬੀ ਹੁੰਦਾ ਹੈ। ਇਹ ਅੱਤਵਾਦੀ ਸੰਗਠਨ ਗ਼ੈਰ-ਮੁਸਲਿਮਾਂ ਨੂੰ ਕਾਫਿਰ ਅਤੇ ਮੁਸ਼ਰਿਕ ਦੱਸ ਕੇ ਨਿਸ਼ਾਨਾ ਬਣਾਉਂਦੇ ਹਨ। ਓਥੇ ਹੀ ਇਸ ਜਨੂੰਨ ਤੋਂ ਦੂਰ ਆਮ ਵਾਂਗ ਜੀਵਨ ਗੁਜ਼ਾਰ ਰਹੇ ਮੁਸਲਮਾਨਾਂ ਨੂੰ ਮੁਨਾਫਿਕ ਜਾਂ ਪਾਖੰਡੀ ਦੱਸ ਕੇ ਨਿਸ਼ਾਨਾ ਬਣਾਉਂਦੇ ਹਨ। ਇਸ ਜਨੂੰਨ ਦਾ ਸਰੋਤ ਪਾਕਿਸਤਾਨ ਦਾ ਜਹਾਦੀ ਤੰਤਰ ਤਾਂ ਹੈ ਹੀ ਪਰ ਸਮੁੱਚੇ ਕਸ਼ਮੀਰ ਵਿਚ ਕੁਰਕੁਰਮੁੱਤਾਂ ਦੀ ਤਰ੍ਹਾਂ ਉੱਗ ਆਇਆ ਕੱਟੜਪੰਥੀ ਮਸਜਿਦਾਂ-ਮਦਰੱਸਿਆਂ ਦਾ ਉਹ ਜਾਲ ਵੀ ਹੈ ਜਿਨ੍ਹਾਂ ਨੂੰ ਅਹਲੇ ਹਦੀਸੇ ਅਤੇ ਜਮਾਤ-ਏ-ਇਸਲਾਮੀ ਵਰਗੇ ਸੰਗਠਨ ਸੰਚਾਲਿਤ ਕਰਦੇ ਹਨ ਜੋ ਲਸ਼ਕਰ ਅਤੇ ਜੈਸ਼ ਵਰਗੇ ਸੰਗਠਨਾਂ ਦੇ ਵਿਚਾਰਕ ਜਨਮਦਾਤਾ ਵੀ ਹਨ।

ਇਹੀ ਕਾਰਨ ਹੈ ਕਿ ਧਾਰਾ 370 ਦੀ ਸਮਾਪਤੀ ਤੋਂ ਬਾਅਦ ਵੀ ਹਿੰਦੂਆਂ ਅਤੇ ਸਿੱਖਾਂ ਲਈ ਹਾਲਾਤ ਸੁਧਾਰੇ ਨਹੀਂ ਜਾ ਸਕੇ ਹਨ ਕਿਉਂਕਿ ਕਸ਼ਮੀਰ ਰਾਜਨੀਤਕ ਅਤੇ ਸੰਵਿਧਾਨਕ ਸਮੱਸਿਆ ਨਾ ਹੋ ਕੇ ਮਜ਼ਹਬੀ ਕੱਟੜਪੰਥ ਦੀ ਸਮੱਸਿਆ ਬਣ ਚੁੱਕਾ ਹੈ। ਕਸ਼ਮੀਰ ਦਾ ਸਮਾਜ ਵਿਸ਼ਵ ਪੱਧਰੀ ਜਹਾਦੀ ਕੱਟੜਵਾਦ ਤੋਂ ਅਣਛੋਹਿਆ ਨਹੀਂ ਹੈ।

ਇਸ ਲਈ ਉੱਥੋਂ ਦੇ ਗ਼ੈਰ-ਮੁਸਲਿਮ ਘੱਟ-ਗਿਣਤੀ ਭਾਈਚਾਰਿਆਂ ਦਾ ਉਹੀ ਹਾਲ ਹੋ ਰਿਹਾ ਹੈ ਜੋ ਸੀਰੀਆ, ਅਫ਼ਗਾਨਿਸਤਾਨ, ਪਾਕਿਸਤਾਨ ਅਤੇ ਬੰਗਲਾਦੇਸ਼ ਵਰਗੇ ਇਸਲਾਮਿਕ ਮੁਲਕਾਂ ਵਿਚ ਹੈ। ਕਸ਼ਮੀਰ ਦਾ ਮੁਸਲਿਮ ਸਮਾਜ ਪੂਰੇ ਭਾਰਤ ਵਿਚ ਕਿਤੇ ਵੀ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਕਰਦਾ ਹੈ ਪਰ ਕਸ਼ਮੀਰ ਦੇ ਅੰਦਰ ਰਹਿਣ ਵਾਲੇ ਕਸ਼ਮੀਰੀ ਪੰਡਿਤਾਂ ਅਤੇ ਸਿੱਖਾਂ ਨੂੰ ਸੁਰੱਖਿਆ ਨਹੀਂ ਦੇ ਪਾਉਂਦਾ। ਜੇਕਰ ਸਰਕਾਰ 30 ਸਾਲ ਤੋਂ ਆਪਣੇ ਘਰ-ਬਾਰ ਤੋਂ ਉੱਜੜੇ ਕਸ਼ਮੀਰੀ ਪੰਡਿਤਾਂ ਅਤੇ ਸਿੱਖਾਂ ਨੂੰ ਉਨ੍ਹਾਂ ਦੀਆਂ ਸੰਪਤੀਆਂ ਵਾਪਸ ਕਰਨਾ ਚਾਹੁੰਦੀ ਹੈ ਤਾਂ ਮੁੱਖਧਾਰਾ ਦੇ ਕਸ਼ਮੀਰੀ ਨੇਤਾ ਹੰਗਾਮਾ ਕਿਉਂ ਕਰਦੇ ਹਨ। ਅਜਿਹਾ ਕਰ ਕੇ ਇਹ ਨੇਤਾ ਕਸ਼ਮੀਰੀ ਸਮਾਜ ਵਿਚ ਪਸਰੇ ਕੱਟੜਪੰਥ ਨੂੰ ਹਵਾ ਹੀ ਦੇ ਰਹੇ ਹੁੰਦੇ ਹਨ। ਇਸ ਖੁੱਲ੍ਹੇ ਮਜ਼ਹਬੀ ਫਾਸੀਵਾਦ ਨੂੰ ਕਸ਼ਮੀਰੀਅਤ ਅਤੇ ‘ਕੰਪੋਜ਼ਿਟ ਕਲਚਰ’ ਵਰਗੇ ਭਰਮਾਊ ਸ਼ਬਦਾਂ ਨਾਲ ਢਕਿਆ ਨਹੀਂ ਜਾ ਸਕਦਾ।

ਕਿਸੇ ਅੱਤਵਾਦੀ ਨੂੰ ਹੈੱਡਮਾਸਟਰ ਦਾ ਬੇਟਾ ਅਤੇ ਕਿਸੇ ਪੱਥਰਬਾਜ਼ ਨੂੰ ਬੁਣਕਰ ਦੱਸਦੇ ਹਨ। ਹੈਰਾਨੀ ਇਹੀ ਹੈ ਕਿ ਅਜਿਹਾ ਦੱਸਣ ਵਾਲੇ ਲੋਕ ਕਸ਼ਮੀਰ ਦੇ ਗ਼ੈਰ-ਮੁਸਲਿਮ ਘੱਟ ਗਿਣਤੀ ਭਾਈਚਾਰਿਆਂ ਦੀ ਹੱਤਿਆ ’ਤੇ ਚੁੱਪ ਹਨ। ਕਸ਼ਮੀਰੀਅਤ ਰੂਪੀ ਢਕੋਸਲੇ ਨੂੰ ਸਮੇਂ-ਸਮੇਂ ’ਤੇ ਮੀਡੀਆ ਵਿਚ ਵੇਚਣ ਵਾਲੇ ਕਸ਼ਮੀਰੀ ਨੇਤਾ ਵੀ ਮੌਨ ਹਨ। ਨਿਰਦੋਸ਼ ਗ਼ੈਰ-ਮੁਸਲਿਮਾਂ ਦੀਆਂ ਅੰਤਿਮ ਯਾਤਰਾਵਾਂ ਤੋਂ ਵੀ ਨਦਾਰਦ ਹਨ। ਫ਼ਿਲਹਾਲ ਅਫ਼ਗਾਨਿਸਤਾਨ ਤੋਂ ਲੈ ਕੇ ਕਸ਼ਮੀਰ ਤਕ ਜੋ ਕੁਝ ਵੀ ਵਾਪਰ ਰਿਹਾ ਹੈ, ਉਹ ਆਉਣ ਵਾਲੇ ਦਿਨਾਂ ਵਿਚ ਸਾਹਮਣੇ ਆਉਣ ਵਾਲੀਆਂ ਸੁਰੱਖਿਆ ਸਬੰਧੀ ਚੁਣੌਤੀਆਂ ਦਾ ਇਕ ਟ੍ਰੇਲਰ ਜਿਹਾ ਹੀ ਹੈ।

ਮੌਜੂਦਾ ਮਾਹੌਲ ਵਿਚ ਕਸ਼ਮੀਰ ਵਿਚ ਘੱਟ ਗਿਣਤੀ ਭਾਈਚਾਰੇ ਸਹਿਜ ਤਰੀਕੇ ਨਾਲ ਨਹੀਂ ਰਹਿ ਸਕਦੇ। ਜੇਕਰ ਸਮੇਂ ਸਿਰ ਸਖ਼ਤ ਕਦਮ ਨਾ ਚੁੱਕੇ ਗਏ ਤਾਂ ਕਸ਼ਮੀਰ ਜਲਦ ਹੀ ਹਿੰਦੂਆਂ-ਸਿੱਖਾਂ ਤੋਂ ਵਿਰਵਾ ਹੋ ਜਾਵੇਗਾ। ਸਾਨੂੰ ਸਮਝਣਾ ਹੋਵੇਗਾ ਕਿ ਅਜਿਹੇ ਅੱਤਵਾਦ ਨਾਲ ਉਦੋਂ ਤਕ ਪ੍ਰਭਾਵਸ਼ਾਲੀ ਤਰੀਕੇ ਨਾਲ ਨਹੀਂ ਨਜਿੱਠਿਆ ਜਾ ਸਕਦਾ ਜਦ ਤਕ ਅੱਤਵਾਦੀ ਅਤੇ ਜਨੂੰਨੀ ਬਿਰਤੀ ਨੂੰ ਜਨਮ ਦੇਣ ਵਾਲੇ ਵਿਚਾਰਕ ਪ੍ਰਚਾਰ ਤੰਤਰ ’ਤੇ ਵਾਰ ਨਾ ਕੀਤਾ ਜਾਵੇ। ਅਜਿਹਾ ਇਸ ਲਈ ਕਿਉਂਕਿ ਇਹੀ ਤੰਤਰ ਲਗਾਤਾਰ ਅੱਤਵਾਦੀਆਂ ਨੂੰ ਜਨਮ ਦਿੰਦਾ ਹੈ ਅਤੇ ਹਿੰਸਾ ਸਮਰਥਕ ਸਮਾਜ ਦਾ ਨਿਰਮਾਣ ਕਰਦਾ ਹੈ। ਨਿਰਦੋਸ਼ ਲੋਕਾਂ ਦੇ ਕਤਲ ਅੱਤਵਾਦੀਆਂ ਦੇ ਹੱਥਾਂ ਵਿਚ ਮੌਜੂਦ ਬੰਦੂਕ ਅਤੇ ਬੰਬ ਨਹੀਂ ਕਰਦੇ ਬਲਕਿ ਉਨ੍ਹਾਂ ਦੇ ਦਿਮਾਗ ਵਿਚ ਭਰਿਆ ਗਿਆ ਮਜ਼ਹਬੀ ਕੱਟੜਪੰਥ ਅਤੇ ਦੂਜੇ ਧਰਮਾਂ ਦੇ ਲੋਕਾਂ ਪ੍ਰਤੀ ਨਫ਼ਰਤ ਦਾ ਭਾਵ ਕਰਵਾਉਂਦਾ ਹੈ।

-(ਲੇਖਕ ਕੌਂਸਲ ਆਫ ਸਟਰੈਟੇਜਿਕ ਅਫੇਅਰਜ਼ ਨਾਲ ਸਬੰਧਤ ਟਿੱਪਣੀਕਾਰ ਹੈ)

Posted By: Jatinder Singh