-ਕੁਲਮਿੰਦਰ ਕੌਰ

ਲੰਘੇ ਸਾਲ ਲਗਪਗ 75 ਦਿਨਾਂ ਦੇ ਲਾਕਡਾਊਨ ਨੂੰ ਪੜਾਅਵਾਰ ਖ਼ਤਮ ਕੀਤੇ ਜਾਣ ਅਤੇ ਅਖ਼ੀਰ ਤਕ ਕੋਰੋਨਾ ਕੇਸਾਂ ’ਚ ਆਈ ਗਿਰਾਵਟ ਸਦਕਾ ਇਕ ਵਾਰ ਤਾਂ ਦੇਸ਼ ਦੀ ਅੱਕੀ, ਥੱਕੀ-ਹਾਰੀ ਤੇ ਆਰਥਿਕ-ਸੰਕਟ ’ਚੋਂ ਲੰਘ ਰਹੀ ਜਨਤਾ ਨੇ ਸੁੱਖ ਦਾ ਸਾਹ ਲਿਆ ਸੀ। ਇਕ ਅਨੁਮਾਨ ਸੀ ਕਿ ਸਰਦੀਆਂ ’ਚ ਇਹ ਮਹਾਮਾਰੀ ਗੰਭੀਰ ਰੂਪ ਲੈ ਸਕਦੀ ਹੈ ਪਰ ਇਹ ਧਾਰਨਾ ਵੀ ਗ਼ਲਤ ਸਾਬਿਤ ਹੋਈ। ਇਸ ’ਤੇ ਵੀ ਆਸ ਬੱਝੀ ਸੀ ਕਿ ਚਲੋ, ਕੋਰੋਨਾ ’ਤੇ ਜਿੱਤ ਪ੍ਰਾਪਤ ਕਰ ਲਈ ਗਈ ਹੈ ਅਤੇ ਸਭ ਕੁਝ ਪਹਿਲਾਂ ਵਾਂਗ ਹੋ ਜਾਵੇਗਾ ਪਰ ਅਫ਼ਸੋਸ!

ਅਜਿਹਾ ਕੁਝ ਵੀ ਨਹੀਂ ਹੋਇਆ ਅਤੇ ਇਕ ਵਾਰ ਫਿਰ ਇਸ ਨੇ ਆਪਣਾ ਕਹਿਰ ਢਾਹੁੁਣਾ ਸ਼ੁਰੂ ਕਰ ਦਿੱਤਾ ਹੈ। ਕੋਰੋਨਾ ਇਨਫੈਕਸ਼ਨ ਦੇ ਮਾਮਲੇ ’ਚ ਭਾਰਤ ਦੀ ਸਥਿਤੀ ਦਿਨ-ਬਦਿਨ ਬਦਤਰ ਹੁੰਦੀ ਜਾ ਰਹੀ ਹੈ। ਮਹਾਰਾਸ਼ਟਰ, ਦਿੱਲੀ ਤੇ ਉੱਤਰ ਪ੍ਰਦੇਸ਼ ਸਮੇਤ ਦੇਸ਼ ਦੇ 17 ਸੂਬਿਆਂ ’ਚ ਕੋਰੋਨਾ ਤੇਜ਼ੀ ਨਾਲ ਫੈਲ ਰਿਹਾ ਹੈ। ਕੁੱਲ ਮਰੀਜ਼ਾਂ ਦੇ ਮਾਮਲੇ ’ਚ ਵੀ ਭਾਰਤ ਬ੍ਰਾਜ਼ੀਲ ਨੂੰ ਪਿੱਛੇ ਛੱਡਦੇ ਹੋਏ ਦੂਜੇ ਨੰਬਰ ’ਤੇ ਪੁੱਜ ਗਿਆ ਹੈ। ਸਾਰੇ ਦੇਸ਼ ਤੇ ਖ਼ਾਸ ਕਰਕੇ ਪੰਜਾਬ ’ਚੋਂ ਲਏ ਗਏ ਨਮੂਨਿਆਂ ’ਚ 81% ਯੂਕੇ ਵਾਲੀ ਕਿਸਮ ਪਾਈ ਗਈ ਹੈ।

ਇਹ ਪਹਿਲਾਂ ਵਾਲੇ ਵਾਇਰਸ ਨਾਲੋਂ 40 ਤੋਂ 70 ਫੀਸਦੀ ਤੇਜ਼ੀ ਨਾਲ ਫੈਲਦਾ ਹੈ। ਵਿਗਿਆਨੀਆਂ ਅਨੁਸਾਰ ਇਹ ਵਾਇਰਸ ਆਪਣਾ ਰੂਪ ਵੀ ਤੇਜ਼ੀ ਨਾਲ ਬਦਲਦਾ ਰਹਿੰਦਾ ਹੈ। ਕੋਰੋਨਾ ਵਾਇਰਸ ਇਕ ਪੂਰਾ ਪਰਿਵਾਰ ਹੈ ਅਤੇ ਉਸ ’ਚੋਂ ਹੀ ਇਹ ਬਦਲਵਾਂ ਰੂਪ ਹੁਣ ਦੂਜੀ ਲਹਿਰ ਦਾ ਕਾਰਨ ਬਣਿਆ ਹੈ।

ਜਦੋਂ ਇਹ ਕਿਹਾ ਜਾਂਦਾ ਸੀ ਕਿ ਕੋਰੋਨਾ ਨੇ ਕਿਤੇ ਨਹੀਂ ਜਾਣਾ, ਸਾਨੂੰ ਇਸ ਦੇ ਨਾਲ ਹੀ ਰਹਿਣਾ ਸਿੱਖਣਾ ਪੈਣਾ ਹੈ ਤਾਂ ਉਸ ਦਾ ਇਹੀ ਭਾਵ ਸੀ ਕਿ ਇਹ ਤਕਰੀਬਨ ਹਰ ਛੇ ਮਹੀਨਿਆਂ ਬਾਅਦ ਇਹ ਆਪਣੀ ਹਾਜ਼ਰੀ ਲਗਵਾਏਗਾ।

ਉਜ ਪਿਛਲੇ ਹੱਲੇ ’ਚ ਕੋਰੋਨਾ ਹਦਾਇਤਾਂ ਦੀ ਪਾਲਣਾ ਕਰ ਕੇ ਅਤੇ ਹਰ ਇਹਤਿਆਤ ਵਰਤਦੇ ਹੋਏ ਅਸੀਂ ਸੁਰੱਖਿਅਤ ਰਹਿਣ ਵਿਚ ਕਾਮਯਾਬ ਹੋ ਗਏ ਸਾਂ ਪਰ ਹੁਣ ਸਾਡੇ ਲੋਕਾਂ ਦੀ ਲਾਪਰਵਾਹੀ ਕਾਰਨ ਹੀ ਕੋਰੋਨਾ ਨੂੰ ਜ਼ਿਆਦਾ ਕਹਿਰਵਾਨ ਬਣਨ ਵਿਚ ਮਦਦ ਮਿਲੀ ਹੈ। ਗੁਲਜ਼ਾਰ ਸਾਹਿਬ ਦੀ ਨਜ਼ਮ ਦੀਆਂ ਇਹ ਸਤਰਾਂ ਹੁਣ ਤਕ ਵੀ ਜ਼ਿਹਨ ’ਚ ਨੇ ਜੋ ਕੁਝ ਵਿਦਵਾਨ, ਲੇਖਕਾਂ ਨੇ ਆਤਮਸਾਤ ਕਰਾ ਦਿੱਤੀਆਂ ਸਨ :

“ਬੇਵਜਹ ਘਰ ਸੇ ਨਿਕਲਨੇ ਕੀ ਜ਼ਰੂਰਤ ਕਿਆ ਹੈ,

ਮੌਤ ਸੇ ਆਂਖੇਂ ਮਿਲਾਨੇ ਕੀ ਜ਼ਰੂਰਤ ਕਿਆ ਹੈ?’’

ਹੁਣ ਇਸ ਦੂਸਰੀ ਲਹਿਰ ’ਚ ਤਾਂ ਹੋਰ ਵੀ ਚੌਕਸ ਰਹਿਣਾ ਹੋਵੇਗਾ। ਕੋਰੋਨਾ ਵਾਇਰਸ ਦੇ ਇਸ ਨਵੇਂ ਪਰ ਵੱਧ ਘਾਤਕ ਸਟਰੇਨ ਦੇ ਆ ਜਾਣ ’ਤੇ ਜਨਤਾ ਅਤੇ ਸਰਕਾਰ ਹੱਥਾਂ-ਪੈਰਾਂ ਦੀ ਪੈ ਗਈ ਹੈ। ਪੰਜ ਅਪ੍ਰੈਲ ਨੂੰ ਮੈਂ ਵੀ ਕੋਵੀਸ਼ੀਲਡ ਵੈਕਸੀਨ ਲਵਾ ਲਿਆ ਸੀ। ਮਨ ਨੂੰ ਧਰਵਾਸ ਤੇ ਸਕੂਨ ਮਿਲਿਆ ਕਿ ਚਲੋ, ਕੁਝ ਤਾਂ ਖ਼ਤਰੇ ਤੋਂ ਬਾਹਰ ਹੋ ਗਏ। ਸਾਰਾ ਦਿਨ ਵਧੀਆ ਲੰਘਿਆ, ਰਾਤ ਨੂੰ ਖਾ-ਪੀ ਕੇ ਨਿਸ਼ਚਿੰਤ ਹੋ ਕੇ ਸੌਂ ਗਈ ਪਰ ਅੱਧੀ ਰਾਤੀਂ ਬੁਖ਼ਾਰ ਨੇ ਘੇਰ ਲਿਆ ਅਤੇ ਪੈਰਾਸਿਟਾਮੋਲ ਦੀ ਗੋਲ਼ੀ ਖਾਣੀ ਪਈ। ਬੇਚੈਨੀ ਮਹਿਸੂਸ ਕਰਦੇ ਹੋਏ ਸੁਪਨਮਈ ਰੌਅ ’ਚ ਲੰਘੇ ਸਾਲ 22 ਮਾਰਚ ਨੂੰ ਲੱਗੇ ਜਨਤਕ ਕਰਫਿਊ ਦਾ ਸੀਨ ਮੇਰੇ ਸਾਹਮਣੇ ਆਇਆ।

ਉਹ ਦੌਰ ਵੀ ਯਾਦ ਆਇਆ ਜਦ ਪਰਵਾਸੀ ਮਜ਼ਦੂਰਾਂ ਨੂੰ ਆਪਣੇ ਪਰਿਵਾਰਾਂ ਸਮੇਤ ਪੈਦਲ ਹੀ ਹਿਜਰਤ ਲਈ ਮਜਬੂਰ ਹੋਣਾ ਪਿਆ। ਉਸ ਮੁਸ਼ਕਲਾਂ ਭਰੇ ਦੌਰ ਤੋਂ ਨਾ ਸਰਕਾਰ ਤੇ ਨਾ ਜਨਤਾ ਨੇ ਕੁਝ ਸਬਕ ਸਿੱਖਿਆ। ਹੁਣ ਹਰ ਕੋਈ ਲਾਈਨ ’ਚ ਲੱਗਾ ਥੋੜ੍ਹੇ-ਬਹੁਤੇ ਸਾਈਡ ਇਫੈਕਟਸ ਸਹਿੰਦੇ ਹੋਏ ਟੀਕਾ ਲਗਵਾ ਰਿਹਾ ਹੈ। ਭਾਰਤ ਵਿਚ ਤਿਆਰ ਕੀਤੇ ਜਾ ਰਹੇ ਕੌਮੀ ਤੇ ਕੌਮਾਂਤਰੀ ਕੰਪਨੀ ਦੇ ਟੀਕੇ ਪੜਾਅਵਾਰ ਹੁਣ ਤਕ 10 ਕਰੋੜ ਤੋਂ ਵਧੇਰੇ ਲੋਕਾਂ ਨੂੰ ਲਗਾਏ ਜਾ ਚੁੱਕੇ ਹਨ।

ਇਕ ਚੰਗੀ ਖ਼ਬਰ ਵੀ ਹੈ ਕਿ ਕਾਫ਼ੀ ਚਿਰ ਪਹਿਲਾਂ ਰੂਸ ਵੱਲੋਂ ਤਿਆਰ ਕੀਤੇ ਟੀਕੇ ‘ਸਪੂਤਨਿਕ’ ਨੂੰ ਵੀ ਭਾਰਤ ’ਚ ਵਰਤਣ ਲਈ ਹਰੀ ਝੰਡੀ ਦਿੱਤੀ ਜਾ ਚੁੱਕੀ ਹੈ। ਮੌਜੂਦਾ ਹਕੀਕਤ ਇਹ ਹੈ ਕਿ ਦੇਸ਼ ਵਿਚ ਲੋੜੀਂਦੇ ਟੀਕਿਆਂ ਦੀ ਉਪਲਬਧਤਾ ਨਹੀਂ ਹੋ ਪਾ ਰਹੀ। ਇਸ ਮੁੱਦੇ ’ਤੇ ਕੇਂਦਰ ਤੇ ਵੱਖ-ਵੱਖ ਸਰਕਾਰਾਂ ਤਲਵਾਰਾਂ ਸੂਤਦੀਆਂ ਨਜ਼ਰ ਆ ਰਹੀਆਂ ਹਨ।

ਸੁਪਰੀਮ ਕੋਰਟ ਨੂੰ ਵੀ ਯੋਜਨਾਬੱਧ ਢੰਗ ਨਾਲ ਟੀਕਾਕਰਨ ਦੀ ਪ੍ਰਕਿਰਿਆ ਬਾਰੇ ਕੇਂਦਰ ਸਰਕਾਰ ਦੀ ਜਵਾਬਤਲਬੀ ਕਰਨੀ ਪਈ ਹੈ। ਇਸ ਟੀਕਾਕਰਨ ਮੁਹਿੰਮ ਨੂੰ ਚੁਣੌਤੀ ਵਜੋਂ ਲਿਆ ਜਾਣਾ ਚਾਹੀਦਾ ਹੈ ਕਿਉਂਕਿ ਲੋਕਾਂ ਦਾ ਬਚਾਅ ਟੀਕਾਕਰਨ ’ਚ ਹੀ ਹੈ। ਵੈਕਸੀਨ ਸਬੰਧੀ ਪਾਈ ਜਾ ਰਹੀ ਹਿਚਕਚਾਹਟ ਨੂੰ ਦੂਰ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨ ’ਤੇ ਜ਼ੋਰ ਦਿੱਤਾ ਜਾਵੇ, ਵੈਕਸੀਨ ਦੀ ਕਮੀ ਦੂਰ ਕੀਤੀ ਜਾਵੇ। ਇਸ ਦੇ ਸੰਭਾਵੀ ਸਾਈਡ-ਇਫੈਕਟਸ ਬਾਰੇ ਸ਼ੰਕੇ ਤੇ ਬਚਾਅ ਸਬੰਧੀ ਪੂਰੀ ਜਾਣਕਾਰੀ ਦੇਣ ਦੀ ਜ਼ਰੂਰਤ ਹੈ ਅਤੇ ਕਿਸੇ ਵੀ ਹੰਗਾਮੀ ਹਾਲਤ ’ਚ ਹੈਲਪਲਾਈਨ ਚਾਲੂ ਰੱਖੀ ਜਾਵੇ। ਪੰਜਾਬ ਦੇ ਮੁੱਖ ਮੰਤਰੀ ਨੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੂੰ ਇਸ ਮਾਮਲੇ ’ਚ ਫਿਲਮ ਅਦਾਕਾਰ ਸੋਨੂੰ ਸੂਦ ਦੀਆਂ ਸੇਵਾਵਾਂ ਲੈਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਲੋਕਾਂ ਨੂੰ ਕੋਰੋਨਾ ਨਾਲ ਜਿਊਣਾ ਸਿੱਖਣਾ ਪਵੇਗਾ। ਸਾਨੂੰ ਇਹ ਗੱਲ ਮੰਨਣੀ ਪਵੇਗੀ ਕਿ ਹੁਣ ਇਸ ਵਾਇਰਸ ਦੀ ਦਹਿਸ਼ਤ ਨਾਲ ਜ਼ਿੰਦਗੀ ਦੀ ਸਰਗਰਮੀ ਨੂੰ ਠੱਲ੍ਹ ਨਹੀਂ ਪਾਈ ਜਾ ਸਕਦੀ। ਵੱਧ ਤੋਂ ਵੱਧ ਚੁਕੰਨੇ ਅਤੇ ਸਾਵਧਾਨ ਰਹਿ ਕੇ ਕੋਰੋਨਾ ਦੇ ਸਾਏ ਹੇਠ ਜ਼ਿੰਦਗੀ ਦੀ ਗੱਡੀ ਨੂੰ ਲੀਹੇ ਪਾਉਣ ਦਾ ਯਤਨ ਕਰਨਾ ਚਾਹੀਦਾ ਹੈ।

ਸਰਕਾਰ ਦੀਆਂ ਨੀਤੀਆਂ ਤੇ ਸਿਹਤ ਪ੍ਰਬੰਧਾਂ ’ਚ ਕਮੀਆਂ-ਪੇਸ਼ੀਆਂ ਦੇ ਬਾਵਜੂਦ ਲੋਕ ਇਸ ਬਿਮਾਰੀ ਦਾ ਹੌਸਲੇ ਤੇ ਦਿ੍ਰੜ੍ਹਤਾ ਨਾਲ ਮੁਕਾਬਲਾ ਵੀ ਕਰ ਰਹੇ ਹਨ। ਘਰਾਂ ’ਚ ਇਕਾਂਤਵਾਸ ਹੋਏ ਲੋਕਾਂ ਵੱਲੋਂ ਇਸ ਬਿਮਾਰੀ ਨੂੰ ਹਰਾ ਕੇ ਆਮ ਵਾਂਗ ਜ਼ਿੰਦਗੀ ਜਿਊਣ ਦੀਆਂ ਅਨੇਕਾਂ ਮਿਸਾਲਾਂ ਅਸੀਂ ਆਪਣੇ ਆਲੇ-ਦੁਆਲੇ ਵੇਖ ਰਹੇ ਹਾਂ। ਰਾਤ ਦਾ ਕਰਫਿਊ, ਤਾਲਾਬੰਦੀ, ਲਾਕਡਾਊਨ, ਪਾਬੰਦੀਆਂ, ਸਕੂਲਾਂ-ਕਾਲਜਾਂ ਨੂੰ ਬੰਦ ਕਰਨ ਦੇ ਹੁਕਮਾਂ ਨੇ ਪਰਵਾਸੀਆਂ ਨੂੰ ਮੁੜ ਚਿੰਤਾ ’ਚ ਪਾ ਦਿੱਤਾ ਹੈ।

ਉਹ ਪੰਜਾਬ ਤੇ ਹੋਰ ਰਾਜਾਂ ਤੋਂ ਇਕ ਵਾਰ ਫਿਰ ਆਪੋ-ਆਪਣੇ ਘਰਾਂ ਵੱਲ ਸੁਰੱਖਿਅਤ ਪਰਤਣ ਲਈ ਉਤਾਵਲੇ ਹੋਏ, ਸਾਮਾਨ ਚੁੱਕੀ ਗੱਡੀਆਂ ਤੇ ਬੱਸਾਂ ਦੀ ਉਡੀਕ ਕਰਦੇ ਵਿਖਾਈ ਦੇ ਰਹੇ ਹਨ। ਸਰਕਾਰਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਸ ਵਾਰ ਪਹਿਲਾਂ ਵਾਲਾ ਦੁਖਾਂਤ ਨਾ ਵਾਪਰੇ। ਇਸ ਲਈ ਇਨ੍ਹਾਂ ਦੀ ਰੋਜ਼ੀ-ਰੋਟੀ ਤੇ ਰੁਜ਼ਗਾਰ ਦਾ ਮਸਲਾ ਪਹਿਲ ਦੇ ਆਧਾਰ ’ਤੇ ਵਿਚਾਰਿਆ ਜਾਣਾ ਚਾਹੀਦਾ ਹੈ ਕਿਉਂਕਿ ਇਹ ਦੇਸ਼ ਦੀ ਆਰਥਿਕਤਾ ਵਿਚ ਅਹਿਮ ਯੋਗਦਾਨ ਦਿੰਦੇ ਹਨ।

ਕੋਰੋਨਾ ਹਦਾਇਤਾਂ ਦੀ ਪਾਲਣਾ ਨਾ ਕਰਦੇ ਹੋਏ ਮਹਾਮਾਰੀ ਫੈਲਾਉਣ ਲਈ ਆਮ ਨਾਗਰਿਕਾਂ ਨੂੰ ਹੀ ਜ਼ਿੰਮੇਵਾਰ ਠਹਿਰਾਉਣ ਤੋਂ ਪਹਿਲਾਂ ਸਰਕਾਰਾਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਚੋਣ ਰੈਲੀਆਂ, ਰੋਡ-ਸ਼ੋਅ ਧਾਰਮਿਕ ਅਸਥਾਨਾਂ ’ਤੇ ਅਥਾਹ ਇਕੱਠ ਆਦਿ ਕਰਨ ’ਤੇ ਪੂਰਨ ਰੋਕ ਲਗਾਵੇ। ਸਿਆਸਤਦਾਨ ਕੋਰੋਨਾ ਦੀ ਆੜ ’ਚ ਸਮਾਜਿਕ ਤੇ ਆਰਥਿਕ ਜ਼ਿੰਮੇਵਾਰੀਆਂ ਤੋਂ ਫ਼ਾਰਗ ਨਹੀਂ ਹੋ ਸਕਦੇ। ਇਸ ਦੇ ਦੂਸਰੇ ਹੱਲੇ ਦਾ ਸਾਹਮਣਾ ਕਰਨ ਲਈ ਕੇਂਦਰ ਸਰਕਾਰ, ਸੂਬਾ ਸਰਕਾਰਾਂ ਤੇ ਜਨਤਾ ਦੇ ਆਪਸੀ ਸਹਿਯੋਗ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ।

-(ਲੇਖਿਕਾ ਸੇਵਾ ਮੁਕਤ ਲੈਕਚਰਾਰ ਹੈ)।

-ਮੋਬਾਈਲ ਨੰ. : 98156-52272

Posted By: Sunil Thapa