v>ਮੱਧ ਪ੍ਰਦੇਸ਼, ਬਿਹਾਰ, ਝਾਰਖੰਡ, ਪੰਜਾਬ ਸਮੇਤ ਕਈ ਸੂਬਿਆਂ ਨੇ ਤੀਜੇ ਗੇੜ ਦੀ ਟੀਕਾਕਰਨ ਮੁਹਿੰਮ ਨੂੰ ਸ਼ੁਰੂ ਕਰ ਸਕਣ ਵਿਚ ਜਿਸ ਤਰ੍ਹਾਂ ਹੱਥ ਖੜ੍ਹੇ ਕਰ ਦਿੱਤੇ ਹਨ, ਉਹ ਨਿਰਾਸ਼ਾਜਨਕ ਵੀ ਹੈ ਅਤੇ ਚਿੰਤਾਜਨਕ ਵੀ। ਕੁਝ ਸੂਬਿਆਂ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਉਹ 1 ਮਈ ਤੋਂ 18 ਤੋਂ 44 ਸਾਲ ਦੇ ਲੋਕਾਂ ਦੇ ਟੀਕਾਕਰਨ ਦਾ ਕੰਮ ਸ਼ੁਰੂ ਨਹੀਂ ਕਰ ਸਕਣਗੇ। ਇਨ੍ਹਾਂ ਸਾਰਿਆਂ ਦੀ ਮੰਨੀਏ ਤਾਂ ਉਨ੍ਹਾਂ ਕੋਲ ਢੁੱਕਵੇਂ ਟੀਕੇ ਨਹੀਂ ਹਨ ਪਰ ਕੇਂਦਰ ਸਰਕਾਰ ਦਾ ਇਹ ਕਹਿਣਾ ਹੈ ਕਿ ਸੂਬਿਆਂ ਕੋਲ ਅਜੇ ਇਕ ਕਰੋੜ ਟੀਕੇ ਹਨ। ਆਖ਼ਰ ਸਮੱਸਿਆ ਕਿੱਥੇ ਹੈ ਅਤੇ ਕਿਉਂ ਹੈ? ਇਹ ਬਿਲਕੁਲ ਵੀ ਦਰੁਸਤ ਨਹੀਂ ਕਿ ਜਿਸ ਮੁਹਿੰਮ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ, ਉਸ ਵਿਚ ਅੜਿੱਕਾ ਪੈਂਦਾ ਦਿਖਾਈ ਦੇ ਰਿਹਾ ਹੈ। ਕੀ ਇਸ ਦੇ ਪਿੱਛੇ ਤਿਆਰੀਆਂ ਦੀ ਕਮੀ ਜ਼ਿੰਮੇਵਾਰ ਹੈ ਜਾਂ ਫਿਰ ਸੂਬਿਆਂ ਨੇ ਸਮੇਂ ਸਿਰ ਟੀਕੇ ਨਹੀਂ ਖ਼ਰੀਦੇ ਜਾਂ ਟੀਕਿਆਂ ਦੇ ਉਤਪਾਦਨ ਅਤੇ ਉਨ੍ਹਾਂ ਦੀ ਸਪਲਾਈ ਵਿਚ ਕੋਈ ਸਮੱਸਿਆ ਖੜ੍ਹੀ ਹੋ ਗਈ ਹੈ? ਕੀ ਟੀਕਿਆਂ ਦੀ ਉਪਲਬਧਤਾ ਦਾ ਅਨੁਮਾਨ ਲਗਾਏ ਬਿਨਾਂ ਅਗਲੇ ਗੇੜ ਦੇ ਟੀਕਾਕਰਨ ਦਾ ਐਲਾਨ ਕਰ ਦਿੱਤਾ ਗਿਆ? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਸਾਹਮਣੇ ਆਉਣੇ ਹੀ ਚਾਹੀਦੇ ਹਨ ਤਾਂ ਕਿ ਟੀਕਾਕਰਨ ਕੇਂਦਰਾਂ ਅਤੇ ਆਮ ਜਨਤਾ ਦਾ ਸ਼ਸ਼ੋਪੰਜ ਸਮਾਪਤ ਹੋਵੇ। ਜਿੱਥੇ ਕੇਂਦਰ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਢੁੱਕਵੀਂ ਮਾਤਰਾ ਵਿਚ ਟੀਕੇ ਉਪਲਬਧ ਹੋਣ, ਓਥੇ ਹੀ ਸੂਬਿਆਂ ਨੂੰ ਇਹ ਦੇਖਣਾ ਪਵੇਗਾ ਕਿ ਟੀਕਾਕਰਨ ਤੇਜ਼ ਰਫ਼ਤਾਰ ਨਾਲ ਹੋਵੇ। ਜੇਕਰ ਟੀਕਿਆਂ ਦਾ ਢੁੱਕਵਾਂ ਉਤਪਾਦਨ ਨਹੀਂ ਹੋ ਪਾ ਰਿਹਾ ਹੈ ਤਾਂ ਇਕ ਤਾਂ ਟੀਕਾ ਬਣਾਉਣ ਵਾਲੀਆਂ ਕੰਪਨੀਆਂ ਦੀ ਹਰ ਸੰਭਵ ਮਦਦ ਕੀਤੀ ਜਾਵੇ ਅਤੇ ਦੂਜਾ, ਸਪੂਤਨਿਕ ਵਰਗੇ ਟੀਕਿਆਂ ਦੀ ਰਸਮੀ ਬਰਾਮਦ ਤਰਜੀਹੀ ਤੌਰ ’ਤੇ ਕੀਤੀ ਜਾਵੇ। ਆਖ਼ਰ ਉਹ ਭਾਰਤੀ ਫਾਰਮਾ ਕੰਪਨੀਆਂ ਟੀਕੇ ਦਾ ਉਤਪਾਦਨ ਕਿਉਂ ਨਹੀਂ ਕਰ ਸਕਦੀਆਂ ਜੋ ਅਜਿਹਾ ਕੰਮ ਕਰਨ ਦੇ ਸਮਰੱਥ ਹਨ ਪਰ ਫ਼ਿਲਹਾਲ ਕਿਸੇ ਕਾਰਨ ਟੀਕੇ ਨਹੀਂ ਬਣਾ ਰਹੀਆਂ ਹਨ? ਟੀਕਿਆਂ ਦੀ ਉਪਲਬਧਤਾ ਵਧਾਉਣ ਦਾ ਕੰਮ ਇਸ ਲਈ ਸੱਚਮੁੱਚ ਜੰਗੀ ਪੱਧਰ ’ਤੇ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਘੱਟ ਸਮੇਂ ਵਿਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦਾ ਟੀਕਾਕਰਨ ਕਰ ਕੇ ਹੀ ਕੋਰੋਨਾ ਦੇ ਕਹਿਰ ਤੋਂ ਬਚਿਆ ਜਾ ਸਕਦਾ ਹੈ। ਟੀਕਾਕਰਨ ਮੁਹਿੰਮ ਨੂੰ ਅੱਗੇ ਵਧਾਉਣ ਅਤੇ ਉਸ ਦੀ ਰਫ਼ਤਾਰ ਤੇਜ਼ ਕਰਦੇ ਹੋਏ ਇਹ ਵੀ ਦੇਖਣਾ ਹੋਵੇਗਾ ਕਿ ਪਹਿਲਾਂ ਕਿਹੜੇ ਸੂਬਿਆਂ ਨੂੰ ਤਰਜੀਹ ਦਿੱਤੀ ਜਾਵੇ ਜਿੱਥੇ ਇਨਫੈਕਸ਼ਨ ਜ਼ਿਆਦਾ ਤੇਜ਼ ਹੈ ਜਾਂ ਜਿੱਥੇ ਅਜੇ ਘੱਟ ਹੈ? ਟੀਕਾਕਰਨ ਮੁਹਿੰਮ ਦੀ ਰਫ਼ਤਾਰ ਹਰ ਦਿਨ ਵਧਾਉਣੀ ਇਸ ਲਈ ਜ਼ਰੂਰੀ ਹੈ ਕਿਉਂਕਿ ਕੋਰੋਨਾ ਇਨਫੈਕਸ਼ਨ ਦੀ ਤੀਜੀ ਲਹਿਰ ਦਾ ਜ਼ੋਰਦਾਰ ਖ਼ਦਸ਼ਾ ਹੈ। ਇਸ ਖ਼ਦਸ਼ੇ ਦੌਰਾਨ ਰੋਜ਼ਾਨਾ 30-32 ਲੱਖ ਲੋਕਾਂ ਦੇ ਟੀਕਾਕਰਨ ਨਾਲ ਗੱਲ ਨਹੀਂ ਬਣਨ ਵਾਲੀ ਕਿਉਂਕਿ ਭਾਰਤ ਇਕ ਵੱਡੀ ਵਸੋਂ ਵਾਲਾ ਮੁਲਕ ਹੈ। ਮੰਨਿਆ ਜਾ ਰਿਹਾ ਹੈ ਕਿ ਇਨਫੈਕਸ਼ਨ ਦੀ ਤੀਜੀ ਲਹਿਰ ਆਉਣ ਵਿਚ 40-50 ਦਿਨ ਦਾ ਹੀ ਸਮਾਂ ਬਚਿਆ ਹੈ। ਜੋ ਵੀ ਹੋਵੇ, ਇਹ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ ਕਿ ਇਨਫੈਕਸ਼ਨ ਦੀ ਤੀਜੀ ਲਹਿਰ ਆਉਣ ਤੋਂ ਪਹਿਲਾਂ ਘੱਟੋ-ਘੱਟ 50-60 ਕਰੋੜ ਲੋਕਾਂ ਨੂੰ ਟੀਕੇ ਜ਼ਰੂਰ ਲੱਗ ਜਾਣ ਤਾਂ ਜੋ ਦੇਸ਼ ਹੋਰ ਜਾਨੀ ਨੁਕਸਾਨ ਤੋਂ ਬਚ ਜਾਵੇ। ਇਸ ਲਈ ਇਹ ਜ਼ਰੂਰੀ ਹੈ ਕਿ ਟੀਕਾਕਰਨ ਨੂੰ ਸ਼ਾਸਨ-ਪ੍ਰਸ਼ਾਸਨ ਤੇ ਜਨਤਾ ਬਹੁਤ ਸੰਜੀਦਗੀ ਨਾਲ ਲੈਣ ਅਤੇ ਇਸ ਮੁਹਿੰਮ ਨੂੰ ਸਫਲਤਾਪੂਰਵਕ ਸਿਰੇ ਚੜ੍ਹਾਉਣ ਵਿਚ ਆਪੋ-ਆਪਣਾ ਯੋਗਦਾਨ ਪਾਉਣ।

Posted By: Susheel Khanna