ਲਾਕਡਾਊਨ ਦੀਆਂ ਪਾਬੰਦੀਆਂ ਹਟਾਉਣ ਦਾ ਸਿਲਸਿਲਾ ਕਾਇਮ ਕਰਨਾ ਸਮੇਂ ਦੀ ਮੰਗ ਤੇ ਜ਼ਰੂਰਤ ਸੀ। ਕੋਰੋਨਾ ਲਾਗ ਪੱਖੋਂ ਸੰਵੇਦਨਸ਼ੀਲ ਇਲਾਕਿਆਂ ਨੂੰ ਛੱਡ ਕੇ ਲਾਕਡਾਊਨ ਤੋਂ ਮੁਕਤ ਹੋਣ ਦੀ ਜੋ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ, ਉਹ ਵੈਸੇ ਤਾਂ ਅੱਠ ਜੂਨ ਤੋਂ ਹੋਰ ਤੇਜ਼ ਹੋਵੇਗੀ ਪਰ ਬਹੁਤ ਕੁਝ ਸੂਬਾ ਸਰਕਾਰਾਂ ਤੇ ਉਨ੍ਹਾਂ ਦੇ ਪ੍ਰਸ਼ਾਸਨ 'ਤੇ ਨਿਰਭਰ ਕਰੇਗਾ। ਇਹ ਚੰਗਾ ਹੈ ਕਿ ਲਾਕਡਾਊਨ 'ਚ ਢਿੱਲ ਦੇਣ ਸਬੰਧੀ ਅਧਿਕਾਰ ਸੂਬਿਆਂ ਨੂੰ ਦੇ ਦਿੱਤੇ ਗਏ ਹਨ ਪਰ ਉਹ ਆਪਣੇ ਇਸ ਅਧਿਕਾਰ ਦੀ ਵਰਤੋਂ ਕਰਦਿਆਂ ਇਹ ਧਿਆਨ ਰੱਖਣ ਤਾਂ ਬਿਹਤਰ ਹੈ ਕਿ ਆਰਥਿਕ-ਵਪਾਰਿਕ ਗਤੀਵਿਧੀਆਂ ਨੂੰ ਅੱਗੇ ਵਧਾਉਣ ਦੀ ਸਖ਼ਤ ਜ਼ਰੂਰਤ ਹੈ ਤੇ ਇਸ 'ਚ ਸਫ਼ਲਤਾ ਉਦੋਂ ਮਿਲੇਗੀ, ਜਦੋਂ ਆਵਾਜਾਈ 'ਤੇ ਗ਼ੈਰ-ਜ਼ਰੂਰੀ ਪਾਬੰਦੀ ਨਹੀਂ ਲੱਗੇਗੀ। ਇਸ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਕਿ ਕੇਂਦਰ ਸਰਕਾਰ ਨੇ ਆਵਾਜਾਈ ਨੂੰ ਉਤਸ਼ਾਹਿਤ ਕਰਨ ਦੇ ਕਦਮ ਪਹਿਲਾਂ ਵੀ ਚੁੱਕੇ ਸਨ ਪਰ ਇਹ ਸੂਬਿਆਂ ਦੀ ਅੜਿੱਕੇਬਾਜ਼ੀ ਦਾ ਸ਼ਿਕਾਰ ਹੋ ਗਏ। ਸੂਬਿਆਂ ਨੇ ਹਵਾਈ ਤੇ ਰੇਲ ਯਾਤਰਾ ਸ਼ੁਰੂ ਕਰਨ ਦੇ ਕੇਂਦਰ ਸਰਕਾਰ ਦੇ ਫ਼ੈਸਲੇ 'ਤੇ ਤਾਂ ਅਣਇੱਛਾ ਪ੍ਰਗਟਾਈ ਹੀ, ਬੱਸ ਸੇਵਾਵਾਂ ਸ਼ੁਰੂ ਕਰਨ 'ਚ ਵੀ ਮੁਸ਼ਕਲ ਨਾਲ ਦਿਲਚਸਪੀ ਦਿਖਾਈ। ਨਤੀਜਾ ਇਹ ਹੋਇਆ ਕਿ ਕਾਰੋਬਾਰੀ ਗਤੀਵਿਧੀਆਂ ਉਮੀਦ ਅਨੁਸਾਰ ਅੱਗੇ ਨਹੀਂ ਵਧ ਸਕੀਆਂ। ਘੱਟੋ-ਘੱਟ ਹੁਣ ਤਾਂ ਸੂਬਾ ਸਰਕਾਰਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕਾਰੋਬਾਰੀ ਗਤੀਵਿਧੀਆਂ ਨੂੰ ਨਾ ਸਿਰਫ਼ ਬਲ ਮਿਲੇ ਸਗੋਂ ਇਨ੍ਹਾਂ ਨੂੰ ਰਫ਼ਤਾਰ ਦੇਣ 'ਚ ਆ ਰਹੇ ਅੜਿੱਕੇ ਪਹਿਲ ਦੇ ਆਧਾਰ 'ਤੇ ਦੂਰ ਹੋਣ। ਇਨ੍ਹਾਂ ਰੁਕਾਵਟਾਂ ਨੂੰ ਦੂਰ ਕਰਨ 'ਚ ਸੂਬਿਆਂ ਨੂੰ ਵਧੇਰੇ ਦਿਲਚਸਪੀ ਦਿਖਾਉਣੀ ਚਾਹੀਦੀ ਹੈ। ਇਸ 'ਚ ਕੋਈ ਸ਼ੱਕ ਨਹੀਂ ਕਿ ਲਾਕਡਾਊਨ ਤੋਂ ਬਾਹਰ ਆਉਣ ਦੇ ਕਦਮ ਚੁੱਕੇ ਜਾਣ ਦਾ ਇੰਤਜ਼ਾਰ ਹੀ ਕੀਤਾ ਜਾ ਰਿਹਾ ਸੀ ਪਰ ਇਨ੍ਹਾਂ ਕਦਮਾਂ ਦੇ ਆਧਾਰ 'ਤੇ ਅਜਿਹੀ ਕੋਈ ਵਿਆਖਿਆ ਨਹੀਂ ਹੋਣੀ ਚਾਹੀਦੀ ਕਿ ਕੋਰੋਨਾ ਲਾਗ ਦਾ ਖ਼ਤਰਾ ਘੱਟ ਹੋ ਗਿਆ ਹੈ ਜਾਂ ਫਿਰ ਟਲ ਗਿਆ ਹੈ। ਸੱਚ ਇਹੋ ਹੈ ਕਿ ਖ਼ਤਰਾ ਹਾਲੇ ਬਰਕਰਾਰ ਹੈ। ਕੋਰੋਨਾ ਲਾਗ ਦੇ ਮਾਮਲੇ ਇਹੋ ਦੱਸ ਰਹੇ ਹਨ ਕਿ ਹਾਲੇ ਇਸ ਖ਼ਤਰੇ ਦੇ ਸਾਏ 'ਚ ਹੀ ਗੁਜ਼ਰ-ਬਸਰ ਕਰਨਾ ਹੋਵੇਗਾ। ਕੋਰੋਨਾ ਨਾਲ ਜ਼ਿੰਦਗੀ ਜਿਉਣ ਦਾ ਮਤਲਬ ਇਹੋ ਹੈ ਕਿ ਲਾਗ ਤੋਂ ਬਚੇ ਰਹਿਣ ਦੇ ਹਰ ਸੰਭਵ ਉਪਾਆਂ ਨਾਲ ਕੰਮ-ਕਾਰ ਨਿਪਟਾਏ ਜਾਣ। ਇਨ੍ਹਾਂ ਉਪਾਆਂ ਤੇ ਖ਼ਾਸ ਕਰਕੇ ਸਰੀਰਕ ਦੂਰੀ ਦੇ ਨਿਯਮ ਪ੍ਰਤੀ ਸੂਬਾ ਸਰਕਾਰਾਂ ਤੇ ਇਨ੍ਹਾਂ ਦੀਆਂ ਵੱਖ-ਵੱਖ ਏਜੰਸੀਆਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਚੌਕਸ ਰਹਿਣਾ ਪਵੇਗਾ। ਇਹ ਠੀਕ ਨਹੀਂ ਕਿ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵਧਦੇ ਜਾਣ ਤੋਂ ਬਾਅਦ ਵੀ ਇਕ-ਦੂਜੇ ਤੋਂ ਸਰੀਰਕ ਦੂਰੀ ਬਣਾਈ ਰੱਖਣ ਤੇ ਮਾਸਕ ਪਾਉਣ ਪ੍ਰਤੀ ਲੋਕ ਓਨੇ ਚੌਕਸ ਨਹੀਂ ਜਿੰਨਾ ਹੋਣਾ ਚਾਹੀਦਾ ਸੀ। ਸੂਬਿਆਂ ਨੂੰ ਵੀ ਇਸ ਵੱਲ ਵਿਸ਼ੇਸ਼ ਧਿਆਨ ਦੇਣਾ ਪਵੇਗਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਸਰੀਰਕ ਦੂਰੀ ਦੇ ਨਿਯਮ ਦੀ ਪਾਲਣਾ ਕਰਵਾਉਣ ਦੇ ਨਾਂ 'ਤੇ ਕਾਰੋਬਾਰੀ ਗਤੀਵਿਧੀਆਂ ਨੂੰ ਬਲ ਦੇਣ ਵਾਲੀ ਆਵਾਜਾਈ ਨੂੰ ਕੰਟਰੋਲ ਨਾ ਕਰਨ ਲੱਗੇ। ਇਸ ਦੇ ਨਤੀਜੇ ਚੰਗੇ ਨਹੀਂ ਹੋਣਗੇ ਨਾ ਤਾਂ ਕਾਰੋਬਾਰ ਜਗਤ ਲਈ ਤੇ ਨਾ ਹੀ ਆਮ ਜਨਤਾ ਲਈ।

Posted By: Susheel Khanna