-ਦਲਜੀਤ ਮੱਕੜ

'ਥੋੜ੍ਹੀ ਮਾਯੂਸ ਜੀ ਦਿਸਦੀ, ਕਿਧਰੇ ਵੀ ਬਿਰਤ ਨਾ ਟਿਕਦੀ। ਪੁੱਤਰ ਪਰਦੇਸ ਗਏ ਨੂੰ, ਬੁੱਢੜੀ ਮਾਂ ਚਿੱਠੀ ਲਿਖਦੀ, ਜਿਓਂਦਾ ਰਹਿ ਮਾਣ ਜਵਾਨੀ। ਹਰ ਪਲ ਅਰਦਾਸ ਵੇ ਪੁੱਤ, ਫਿਕਰ ਕਰੀਂ ਨਾ, ਬਾਕੀ ਸਭ ਇੱਥੇ ਠੀਕ ਠਾਕ ਪਰ ਤੂੰ ਫਿਕਰ ਕਰੀਂ ਨਾ...।'

ਗਾਇਕ ਮਨਿੰਦਰ ਬਾਠ ਦੁਆਰਾ ਗਾਇਆ ਇਹ ਗੀਤ 'ਪਰਦੇਸ ਗਏ ਉਨ੍ਹਾਂ ਪੁੱਤਰਾਂ ਦੀਆਂ ਮਾਵਾਂ ਦਾ ਦਰਦ ਬਿਆਨਦਾ ਹੈ ਜੋ ਆਪਣੇ ਪੁੱਤਰਾਂ ਦੀ ਤਰੱਕੀ ਤਾਂ ਦੇਖਣਾ ਚਾਹੁੰਦੀਆਂ ਹਨ ਪਰ ਕਿਤੇ ਨਾ ਕਿਤੇ ਪ੍ਰਦੇਸ ਗਏ ਪੁੱਤਰ ਦਾ ਗ਼ਮ ਜ਼ਰੂਰ ਰਹਿੰਦਾ ਹੈ। ਹੋਰ ਵੀ ਬਹੁਤ ਸਾਰੇ ਗੀਤ ਜਿਹੜੇ ਮਾਵਾਂ ਦੇ ਪੁੱਤ ਪਰਦੇਸ ਗਏ ਹਨ ਉਨ੍ਹਾਂ ਦੇ ਹਾਲਾਤ ਬਿਆਨ ਕਰਦੇ ਹਨ ਕਿ ਕਿਸ ਤਰ੍ਹਾਂ ਉਨ੍ਹਾਂ ਦੀਆਂ ਮਾਵਾਂ ਆਪਣੇ ਤੋਂ ਦੂਰ ਹੋਏ ਬੱਚਿਆਂ ਦੇ ਦਰਦ ਬਿਆਨ ਕਰਦੀਆਂ ਹਨ। ਪੰਜਾਬ ਵਿਚ ਪਹਿਲਾਂ ਅੱਤਵਾਦ ਦਾ ਦੌਰ ਰਿਹਾ। ਉਸ ਸਮੇਂ ਕਾਫ਼ੀ ਮਾਵਾਂ ਦੇ ਪੁੱਤ ਵਿਦੇਸ਼ ਦੀ ਧਰਤੀ 'ਤੇ ਗਏ ਜੋ ਉਸ ਸਮੇਂ ਮਜਬੂਰੀ ਸੀ। ਉਸ ਤੋਂ ਬਾਅਦ ਘਰ ਦੇ ਹਾਲਾਤ ਮੰਦੇ ਹੋਣ ਕਾਰਨ ਲੋਕ ਆਪਣੇ ਬਾਕੀ ਬੱਚਿਆਂ ਦੇ ਭਵਿੱਖ ਲਈ ਆਪਣੇ ਇਕ ਬੱਚੇ ਨੂੰ ਘਰੋਂ ਦੂਰ ਵਿਦੇਸ਼ ਭੇਜਣ ਲੱਗੇ।

ਕਾਫ਼ੀ ਬੱਚੇ ਵਿਦੇਸ਼ਾਂ ਦੀ ਧਰਤੀ 'ਤੇ ਪੜ੍ਹਨ ਗਏ ਅਤੇ ਉੱਥੇ ਹੀ ਸੈੱਟ ਹੋ ਗਏ। ਕਾਫ਼ੀ ਬੱਚੇ ਸਿਰਫ਼ ਵਿਦੇਸ਼ ਦੀ ਧਰਤੀ 'ਤੇ ਜਾਣ ਦੇ ਸ਼ੌਕ 'ਚ ਹੀ ਸੱਤ ਸਮੁੰਦਰ ਪਾਰ ਚਲੇ ਗਏ। ਇਨ੍ਹਾਂ ਵਿਦੇਸ਼ ਗਏ ਬੱਚਿਆਂ ਦੀਆਂ ਮਾਵਾਂ ਜੋ ਹਰ ਸਮੇਂ ਉਨ੍ਹਾਂ ਦਾ ਚੰਗਾ ਚਾਹੁੰਦੀਆਂ ਹਨ ਅਤੇ ਹਰ ਸਮੇਂ ਇਹੀ ਸੋਚਦੀਆਂ ਹਨ ਕਿ ਉਨ੍ਹਾਂ ਦਾ ਬੱਚਾ ਪਤਾ ਨਹੀਂ ਕਿਸ ਹਾਲਾਤ ਵਿਚ ਹੋਵੇਗਾ? ਹਾਲਾਂਕਿ ਇਹ ਗੱਲ ਮਹਿਸੂਸ ਕੀਤੀ ਗਈ ਹੈ ਕਿ ਹਰ ਕਿਸੇ ਦੀ ਇਹੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਦਾ ਬੱਚਾ ਜਿੱਥੇ ਵੀ ਰਹੇ, ਕਾਮਯਾਬ ਹੋ ਕੇ ਜੀਵਨ ਬਤੀਤ ਕਰੇ। ਉਹ ਭਾਵੇਂ ਦੇਸ਼ 'ਚ ਰਹੇ ਜਾਂ ਵਿਦੇਸ਼ 'ਚ ਸੁਖੀ ਵਸੇ ਪਰ ਇਕ ਮਾਂ ਦੀ ਇੱਛਾ ਇਹ ਦੇਖੀ ਗਈ ਹੈ ਕਿ ਉਸ ਦਾ ਬੱਚਾ ਕਾਮਯਾਬ ਤਾਂ ਹੋਵੇ ਪਰ ਉਹਦੇ ਕੋਲ ਹੀ ਰਹੇ। ਅਜੋਕੇ ਸਮੇਂ 'ਚ ਹਰ ਇਨਸਾਨ ਕਾਮਯਾਬੀ ਲਈ ਬਹੁਤ ਭੱਜ-ਨੱਠ ਕਰਦਾ ਹੈ। ਇਹ ਆਮ ਦੇਖਿਆ ਜਾਂਦਾ ਹੈ ਕਿ ਕਾਫ਼ੀ ਲੋਕਾਂ ਨੂੰ ਕਾਮਯਾਬ ਹੋਣ ਲਈ ਘਰੋਂ ਬਾਹਰ ਰਹਿਣਾ ਪੈਂਦਾ ਹੈ। ਵਿਦੇਸ਼ ਗਏ ਬੱਚਿਆਂ ਦੀਆਂ ਮਾਵਾਂ ਸਵੇਰ ਤੋਂ ਲੈ ਕੇ ਸ਼ਾਮ ਤਕ ਉਨ੍ਹਾਂ ਦੇ ਫੋਨ ਆਉਣ ਦੀ ਉਡੀਕ ਕਰਦੀਆਂ ਹਨ ਤੇ ਹਰ ਵਾਰ ਇਹੀ ਪੁੱਛਦੀਆਂ ਹਨ ਕਿ ਪੁੱਤਰਾ ਰੋਟੀ ਖਾਧੀ ਕਿ ਨਹੀਂ? ਰਾਤੀਂ ਠੀਕ-ਠਾਕ ਸੌਂ ਗਿਆ ਸੀ ਕਿ ਨਹੀਂ? ਜਦਕਿ ਹੋਰਨਾਂ ਦੇ ਫੋਨ ਹਮੇਸ਼ਾ ਜਾਂ ਤਾਂ ਵਿਦੇਸ਼ 'ਚੋਂ ਕੋਈ ਸਾਮਾਨ ਮੰਗਵਾਉਣ ਲਈ ਆਉਂਦੇ ਹਨ ਜਾਂ ਫਿਰ ਇਹੀ ਪੁੱਛਦੇ ਹਨ ਕਿ ਕਿੰਨੇ ਪੈਸੇ ਕਮਾ ਲੈਂਦਾ ਏਂ?

ਇਸੇ ਭਾਵਨਾ ਨੂੰ ਮੁੱਖ ਰੱਖਦਿਆਂ ਪੰਜਾਬੀ ਗਾਇਕ ਰਣਜੀਤ ਬਾਵਾ ਦੇ ਗੀਤ ਦੀਆਂ ਉਹ ਸਤਰਾਂ ਚੇਤੇ ਆ ਜਾਂਦੀਆਂ ਹਨ ਜਿਨ੍ਹਾਂ 'ਚ ਉਨ੍ਹਾਂ ਲਿਖਿਆ ਸੀ ਕਿ 'ਰੋਟੀ ਖਾਧੀ ਹੈ ਕਿ ਨਹੀਂ ਕੱਲੀ ਮਾਂ ਪੁੱਛਦੀ, ਕਿੰਨੇ ਡਾਲਰ ਕਮਾਉਂਦਾ ਬਾਕੀ ਸਾਰੇ ਪੁੱਛਦੇ।' ਵਿਦੇਸ਼ ਗਏ ਬੱਚਿਆਂ ਦੀਆਂ ਕਈ ਮਾਵਾਂ ਆਪਣੇ ਬੱਚਿਆਂ ਤੋਂ ਕਾਫ਼ੀ ਦੁੱਖ ਲੁਕੋ ਵੀ ਜਾਂਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਇਹ ਵੀ ਲੱਗਦਾ ਹੈ ਕਿ ਉਨ੍ਹਾਂ ਦਾ ਬੱਚਾ ਉੱਥੇ ਇਕੱਲਾ ਹੈ ਅਤੇ ਆਪਣਾ ਦੁੱਖ ਕਿਸ ਕੋਲ ਵੰਡਾਏਗਾ? ਇਸੇ ਲਈ ਮਾਵਾਂ ਅੰਦਰ ਹੀ ਅੰਦਰ ਘੁਟਦੀਆਂ ਕੁੜ੍ਹਦੀਆਂ ਆਪਣੇ ਦੁੱਖੜੇ ਦੱਬ ਕੇ ਰੱਖਦੀਆਂ ਹਨ। ਉਨ੍ਹਾਂ ਦੇ ਦੁੱਖਾਂ ਤੋਂ ਬੱਚੇ ਦੁਖੀ ਨਾ ਹੋ ਜਾਣ, ਇਸੇ ਲਈ ਉਹ ਆਪਣੇ ਦੁੱਖ-ਤਕਲੀਫ਼ਾਂ ਨੂੰ ਵਿਦੇਸ਼ ਗਏ ਬੱਚਿਆਂ ਅੱਗੇ ਕਦੇ ਵੀ ਜ਼ਾਹਰ ਕਰਨਾ ਨਹੀਂ ਚਾਹੁੰਦੀਆਂ। ਕਾਫ਼ੀ ਮਾਵਾਂ ਅੰਦਰੋ-ਅੰਦਰ ਸਮੇਂ ਦੀਆਂ ਸਰਕਾਰਾਂ ਨੂੰ ਵੀ ਕੋਸਦੀਆਂ ਰਹਿੰਦੀਆਂ ਹਨ ਕਿ ਜੇ ਸਾਡੇ ਹੀ ਦੇਸ਼ ਵਿਚ ਕੰਮ ਹੁੰਦਾ ਤਾਂ ਉਨ੍ਹਾਂ ਦੇ ਬੱਚਿਆਂ ਨੂੰ ਵਿਦੇਸ਼ ਨਾ ਜਾਣਾ ਪੈਂਦਾ। ਮਜਬੂਰੀ ਵੱਸ ਪਰਦੇਸ ਗਏ ਬੱਚਿਆਂ ਦੀਆਂ ਮਾਵਾਂ ਹਰ ਵੇਲੇ ਇਹੀ ਸੋਚਦੀਆਂ ਹਨ ਕਿ ਕਦ ਉਨ੍ਹਾਂ ਦਾ ਬੱਚਾ ਵਿਦੇਸ਼ੋਂ ਵਾਪਸ ਆਵੇਗਾ ਅਤੇ ਉਨ੍ਹਾਂ ਨਾਲ ਦੁਬਾਰਾ ਜੀਵਨ ਬਤੀਤ ਕਰੇਗਾ? ਇਹ ਸੋਚਦੀਆਂ ਬਹੁਤ ਸਾਰੀਆਂ ਮਾਵਾਂ ਰੱਬ ਨੂੰ ਪਿਆਰੀਆਂ ਵੀ ਹੋ ਗਈਆਂ। ਮੈਂ ਆਪਣੇ ਇਸ ਲੇਖ ਰਾਹੀਂ ਵਿਦੇਸ਼ ਗਏ ਉਨ੍ਹਾਂ ਸਭ ਬੱਚਿਆਂ ਦੀਆਂ ਮਾਵਾਂ ਦਾ ਦੁੱਖ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਅਰਦਾਸ ਕਰਦਾ ਹਾਂ ਕਿ ਵਿਦੇਸ਼ ਗਏ ਬੱਚਿਆਂ ਦੀਆਂ ਮਾਵਾਂ ਨੂੰ ਹੋਰ ਬਹੁਤੇ ਦੁੱਖ ਨਾ ਝੱਲਣੇ ਪੈਣ ਅਤੇ ਉਮੀਦ ਕਰਦਾ ਹਾਂ ਕਿ ਸਾਡੇ ਦੇਸ਼ ਦੀਆਂ ਸਰਕਾਰਾਂ ਸਮੇਂ ਸਿਰ ਆਪਣੇ ਦੇਸ਼ ਦੇ ਅੰਦਰ ਹੀ ਚੰਗਾ ਵਿਕਾਸ ਕਰਨ ਅਤੇ ਚੰਗੇ ਕੰਮਕਾਰ ਸਿਰਜਣ ਤਾਂ ਜੋ ਹੋਰ ਜ਼ਿਆਦਾ ਬੱਚੇ ਵਿਦੇਸ਼ੀ ਧਰਤੀ 'ਤੇ ਨਾ ਜਾਣ ਤੇ ਮਾਵਾਂ ਨੂੰ ਆਪਣੇ ਬੱਚਿਆਂ ਕੋਲੋਂ ਦੂਰ ਨਾ ਹੋਣਾ ਪਵੇ। ਵਿਦੇਸ਼ ਗਏ ਬੱਚਿਆਂ ਨੂੰ ਮਾਂ ਦੀ ਮਮਤਾ ਤੋਂ ਮਹਿਰੂਮ ਰਹਿਣਾ ਪੈਂਦਾ ਹੈ। ਉੱਥੇ ਉਨ੍ਹਾਂ ਨੂੰ ਆਪਣੇ ਕੰਮ ਆਪ ਕਰਨੇ ਪੈਂਦੇ ਹਨ ਜਦਕਿ ਇੱਧਰ ਮਾਂ-ਬਾਪ ਦੇ ਸਿਰ 'ਤੇ ਐਸ਼ਪ੍ਰਸਤੀ ਕੀਤੀ ਹੁੰਦੀ ਹੈ।

ਬੱਚੇ ਮਾਂ ਦੇ ਦੇਣਾ ਕਦੇ ਨਹੀਂ ਦੇ ਸਕਦੇ। ਕਲੀਆਂ ਦੇ ਬਾਦਸ਼ਾਹ ਮਰਹੂਮ ਕੁਲਦੀਪ ਮਾਣਕ ਦਾ ਗਾਣਾ 'ਮਾਂ ਹੁੰਦੀ ਏ ਮਾਂ ਓ ਦੁਨੀਆ ਵਾਲਿਓ' ਔਲਾਦ ਖ਼ਾਤਰ ਮਾਂ ਵੱਲੋਂ ਸਹਾਰੇ ਜਾਂਦੇ ਦੁੱਖਾਂ-ਦਰਦਾਂ ਦੀ ਪੂਰੀ ਤਰ੍ਹਾਂ ਤਰਜਮਾਨੀ ਕਰਦਾ ਹੈ। ਮਾਂ-ਬਾਪ ਤੇ ਆਪਣਿਆਂ ਤੋਂ ਦੂਰ ਹੋਣ ਦਾ ਦਰਦ ਵਿਦੇਸ਼ ਗਏ ਵਿਅਕਤੀਆਂ ਤੋਂ ਪੁੱਛੋ। ਓਧਰ ਪੰਜਾਬ 'ਚ ਉਲਟੀ ਹਵਾ ਵਗ ਰਹੀ ਹੈ। ਉੱਥੇ ਅਕਸਰ ਮਾਂ-ਬਾਪ ਦੀ ਬੇਕਦਰੀ ਕੀਤੀ ਜਾਂਦੀ। ਬਜ਼ੁਰਗਾਂ ਦਾ ਅਪਮਾਨ ਕੀਤਾ ਜਾਂਦਾ ਹੈ। ਜੇ ਯਕੀਨ ਨਾ ਹੋਵੇ ਤਾਂ ਪਿੱਛੇ ਜਿਹੇ ਮਾਲਵਾ ਇਲਾਕੇ 'ਚ ਇਕ ਸਰਦੇ-ਪੁੱਜਦੇ ਪਰਿਵਾਰ ਵੱਲੋਂ ਲਾਵਾਰਸ ਛੱਡੀ ਮਾਈ ਦੀ ਮਿਸਾਲ ਲਈ ਜਾ ਸਕਦੀ ਹੈ ਜਿਸ ਦੀ ਸਿਰ 'ਚ ਕੀੜੇ ਪੈਣ ਕਾਰਨ ਮੌਤ ਹੋ ਗਈ ਸੀ।

-ਸੰਪਰਕ : 0039-3512216828

Posted By: Jagjit Singh