ਜਦੋਂ ਵੀ ਕੋਈ ਗੱਲ ਸਮੇਂ ਬਾਰੇ ਚੱਲਦੀ ਹੈ ਤਾਂ ਆਮ ਕਿਹਾ ਜਾਂਦਾ ਹੈ ਕਿ ਹੁਣ ਦੇ ਮੁਕਾਬਲੇ ਪਹਿਲੇ ਸਮੇਂ ਬਹੁਤ ਚੰਗੇ ਸਨ ਜੋ ਹੈ ਵੀ ਸੱਚ। ਹੁਣ ਲੋਕਾਂ ਵਿਚ ਮੋਹ-ਪਿਆਰ ਖ਼ਤਮ ਹੋ ਗਏ ਹਨ। ਹੁਣ ਤਾਂ ਆਪਣਿਆਂ ਦੇ ਆਪਣੇ ਹੀ ਦੁਸ਼ਮਣ ਬਣ ਜਾਂਦੇ ਹਨ। ਪਹਿਲਾਂ ਭਰਾ ਭਰਾਵਾਂ ਦੀਆਂ ਬਾਹਾਂ ਹੁੰਦੇ ਸਨ ਪਰ ਹੁਣ ਜ਼ਮੀਨ-ਜਾਇਦਾਦ ਲਈ ਭਰਾ-ਭਰਾ ਦੇ ਵੈਰੀ ਬਣ ਜਾਂਦੇ ਹਨ, ਘਰਾਂ ਵਿਚ ਕਦੋਂ ਕੰਧਾਂ ਉਸਰ ਜਾਂਦੀਆਂ ਹਨ, ਕੋਈ ਪਤਾ ਨਹੀਂ ਲੱਗਦਾ ਅਤੇ ਅੱਧੀ ਜ਼ਿੰਦਗੀ ਅਦਾਲਤਾਂ-ਕਚਹਿਰੀਆਂ ਵਿਚ ਧੱਕੇ ਖਾ-ਖਾ ਕੇ ਬਤੀਤ ਕਰ ਲੈਂਦੇ ਹਨ। ਹੁਣ ਭੈਣ-ਭਰਾਵਾਂ ਦੇ ਲਹੂ ਚਿੱਟੇ ਹੋ ਗਏ ਹਨ। ਕੋਈ ਕਿਸੇ ਦਾ ਨਹੀਂ ਬਣਦਾ। ਹੁਣ ਤਾਂ ਹਰ ਪਾਸੇ ਪੈਸਾ ਪ੍ਰਧਾਨ ਹੋ ਗਿਆ ਹੈ। ਇਹ ਠੀਕ ਹੈ ਕਿ ਪੈਸੇ ਬਿਨਾਂ ਵੀ ਕੋਈ ਜ਼ਿੰਦਗੀ ਨਹੀਂ ਹੈ ਪਰ ਲੋਕ ਭੁੱਲ ਜਾਂਦੇ ਹਨ ਕਿ ਪੈਸਾ ਹੀ ਸਭ ਕੁਝ ਨਹੀਂ ਹੈ। ਗੱਲਾਂ ਤੁਸੀਂ ਭੈਣ-ਭਰਾਵਾਂ ਨਾਲ ਹੀ ਕਰ ਸਕਦੇ ਹੋ, ਪੈਸਿਆਂ ਨਾਲ ਨਹੀਂ।

ਪਹਿਲਾਂ ਜਦੋਂ ਕੋਈ ਭੈਣ-ਭਰਾ ਘਰ ਆਉਂਦਾ ਹੁੰਦਾ ਸੀ ਤਾਂ ਸਾਰੇ ਟੱਬਰ ਨੂੰ ਚਾਅ ਚੜ੍ਹ ਜਾਂਦਾ ਸੀ ਪਰ ਹੁਣ ਵਿਖਾਵੇ ਵਜੋਂ ਤਾਂ ਭਾਵੇਂ ਅਪਣੱਤ ਦਾ ਅਹਿਸਾਸ ਕਰਾਉਣ ਲਈ ਉੱਤੋਂ-ਉੱਤੋਂ ਹੱਸ ਕੇ ਮਿਲਣ ਪਰ ਅੰਦਰੋ-ਅੰਦਰ ਕੀ ਖਿਚੜੀ ਪੱਕ ਰਹੀ ਹੈ, ਇਹ ਉਹੀ ਜਾਣਦੇ ਹੁੰਦੇ ਹਨ। ਅੰਦਰ ਕੁਝ ਹੋਰ ਹੁੰਦਾ ਹੈ ਅਤੇ ਬਾਹਰ ਕੁਝ ਹੋਰ। ਹੁਣ ਤਾਂ ਹਾਲਾਤ ਇਹੋ ਜਿਹੇ ਬਣ ਗਏ ਹਨ ਕਿ ਨਣਾਨ ਜੇ ਮਿਲਣ ਵੀ ਆ ਜਾਵੇ ਤਾਂ ਭਾਬੀਆਂ ਨੂੰ ਇਹੀ ਹੁੰਦਾ ਹੈ ਕਿ ਕੁਝ ਮੰਗਣ ਨਾ ਆ ਗਈ ਹੋਵੇ। ਪਹਿਲਾਂ ਨਿਆਣਿਆਂ ਦਾ ਨਾਨਕੇ ਜਾਣ ਦਾ ਚਾਅ ਵੇਖਿਆਂ ਹੀ ਬਣਦਾ ਸੀ। ਉਨ੍ਹਾਂ ਨੂੰ ਸਕੂਲੋਂ ਹੋਈਆਂ ਛੁੱਟੀਆਂ ਦੀ ਉਡੀਕ ਹੁੰਦੀ ਸੀ। ਭਾਬੀਆਂ ਨਣਾਨਾਂ ਨੂੰ ਬੀਬੀ ਕਹਿ ਕੇ ਸਨਮਾਨ ਦੇਂਦੀਆਂ ਸਨ।

ਇਹ ਗੱਲ ਤਾਂ ਭਾਵੇਂ 35-40 ਸਾਲ ਪੁਰਾਣੀ ਹੈ ਪਰ ਕੁਝ ਗੱਲਾਂ ਜਾਂ ਘਟਨਾਵਾਂ ਜੋ ਦਿਲੋ-ਦਿਮਾਗ ਵਿਚ ਵਸੀਆਂ ਹੁੰਦੀਆਂ ਹਨ, ਉਹ ਨਿਕਲਦੀਆਂ ਨਹੀਂ ਹਨ। ਉਹ ਸਮੇਂ ਦੇ ਗੁਜ਼ਰਨ ਨਾਲ ਮੁੜ ਤਾਜ਼ਾ ਹੋ ਜਾਂਦੀਆਂ ਹਨ ਜਿਵੇਂ ਕਈ ਵਾਰ ਜ਼ਖ਼ਮ ਮੁੜ ਹਰੇ ਹੋ ਜਾਂਦੇ ਹਨ।

ਸਾਡੇ ਪਿੰਡ ਇਕ ਪਰਿਵਾਰ ਸ਼ਾਹਾਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਇਕ ਬਜ਼ੁਰਗ ਸੀ, ਜੋ ਚੰਗੀ ਜ਼ਮੀਨ-ਜਾਇਦਾਦ ਦਾ ਮਾਲਕ ਸੀ। ਉਹ ਆਪ ਵੀ ਇਕੱਲਾ ਹੀ ਸੀ, ਭਾਵ ਕੋਈ ਭਰਾ ਜ਼ਮੀਨ-ਜਾਇਦਾਦ ਵੰਡਾਉਣ ਵਾਲਾ ਵੀ ਨਹੀਂ ਸੀ। ਸਾਰਾ ਕੁਝ ਉਸੇ ਦਾ ਹੀ ਸੀ ਪਰ ਉਸ ਨੇ ਸਾਰੀ ਉਮਰ ਨਾ ਚੰਗਾ ਪਾ ਕੇ ਵੇਖਿਆ ਅਤੇ ਨਾ ਹੀ ਚੰਗਾ ਖਾ ਕੇ। ਚੱਤੇ ਪਹਿਰ ਮਿੱਟੀ ਨਾਲ ਮਿੱਟੀ ਹੋਈ ਰਹਿਣਾ। ਉਹ ਅੱਤ ਦਰਜੇ ਦਾ ਕੰਜੂਸ ਸੀ। ਉਸ ਦੇ ਵੀ ਇਕ ਹੀ ਮੁੰਡਾ ਸੀ ਅਤੇ ਇਕ ਧੀ ਸੀ। ਧੀ ਤਾਂ ਵਿਆਹ ਕੇ ਆਪਣੇ ਘਰ ਤੋਰ ਦਿੱਤੀ ਤੇ ਮੁੰਡਾ ਕਾਲਜ ਪੜ੍ਹਨੇ ਪੈ ਗਿਆ। ਸ਼ਾਹ ਜੀ ਦੀ ਇੱਛਾ ਸੀ ਕਿ ਮੁੰਡਾ ਵੀ ਹੱਥ ਘੁੱਟ ਕੇ ਚੱਲੇ ਪਰ ਮੁੰਡੇ ਨੂੰ ਇਹ ਪ੍ਰਵਾਨ ਨਹੀਂ ਸੀ। ਜਦੋਂ ਉਹ ਕਾਲਜ ਸਾਥੀਆਂ ਨੂੰ ਚੰਗਾ ਖਾਂਦੇ-ਪੀਂਦੇ ਦੇਖਦਾ, ਵੰਨ-ਸੁਵੰਨੇ ਕੱਪੜੇ ਦੇਖਦਾ ਤਾਂ ਉਹਦੇ ਮਨ ਵਿਚ ਵੀ ਬਣ-ਠਣ ਕੇ ਰਹਿਣ ਦੀ ਇੱਛਾ ਪੈਦਾ ਹੁੰਦੀ।

ਉਹ ਜਦੋਂ ਵੀ ਕੁਝ ਲੈਣ ਦੀ ਇੱਛਾ ਪ੍ਰਗਟ ਕਰਦਾ ਤਾਂ ਬਾਪ ਭਾਸ਼ਣ ਝਾੜਨਾ ਸ਼ੁਰੂ ਕਰ ਦਿੰਦਾ, “ਜਿਨ੍ਹਾਂ ਮੁੰਡਿਆਂ ਦੀ ਤੂੰ ਗੱਲ ਕਰਦਾ ਏਂ ਉਹ ਕਾਲਜ ਪੜ੍ਹਨ ਨਹੀਂ ਜਾਂਦੇ ਸਗੋਂ ਧਨ ਦੀ ਬਰਬਾਦੀ ਅਤੇ ਅਵਾਰਾਗਰਦੀ ਕਰਨ ਜਾਂਦੇ ਹਨ। ਮੈਂ ਤੈਨੂੰ ਕਾਲਜ ਫਿਲਮਾਂ ਵੇਖਣ ਵਾਸਤੇ ਨਹੀਂ ਪਾਇਆ, ਪੜ੍ਹਨ ਲਈ ਕਾਲਜ ਭੇਜਿਆ ਹੈ। ਇਨ੍ਹਾਂ ਮੁੰਡਿਆਂ ਦਾ ਖਹਿੜਾ ਛੱਡ ਤੇ ਪੜ੍ਹਨ ਵੱਲ ਧਿਆਨ ਦੇ। ਮੈਂ ਤੈਨੂੰ ਕੁਝ ਬਣਿਆ ਹੋਇਆ ਦੇਖਣਾ ਚਾਹੁੰਦਾ ਹਾਂ।’’

ਉਨ੍ਹਾਂ ਦੇ ਘਰ ਅਕਸਰ ਕਲੇਸ਼ ਪਿਆ ਰਹਿੰਦਾ। ਸ਼ਾਹ ਆਪਣੇ ਮੁੰਡੇ ਨੂੰ ਕਹਿੰਦਾ, “ਉਏ ਤੋਕੀ, ਠੰਢੇ ਦੁੱਧ ਨੂੰ ਫੂਕਾਂ ਨਾ ਮਾਰਿਆ ਕਰ। ਹੈ ਕਿਸੇ ਕੋਲ ਇੰਨੀ ਜ਼ਮੀਨ-ਜਾਇਦਾਦ ਜਿੰਨੀ ਤੇਰੇ ਕੋਲ ਏ।’’ ਤੋਕੀ ਲੜ-ਘੁਲ ਕੇ ਕਾਲਜ ਦਾ ਖ਼ਰਚਾ ਲੈ ਜਾਂਦਾ। ਘਰ ਦੀ ਬਥੇਰਾ ਕਹਿੰਦੀ, “ਬੰਦਿਆ ’ਕੱਲਾ-’ਕੱਲਾ ਤੇਰਾ ਪੁੱਤ ਐ। ਕੀਹਦੇ ਵਾਸਤੇ ਕਰਦਾ ਏਂ ਸਾਰਾ ਕੁਝ। ਨਾ ਕਰਿਆ ਕਰ ਇਸ ਨਾਲ ਇੰਜ।’’ ਇਸ ਦਾ ਸ਼ਾਹ ’ਤੇ ਕੋਈ ਅਸਰ ਨਾ ਹੁੰਦਾ। ਖ਼ੈਰ! ਮੁੰਡਾ ਪੜ੍ਹ-ਲਿਖ ਵੀ ਗਿਆ ਅਤੇ ਵਿਆਹ ਵੀ ਹੋ ਗਿਆ।

ਜ਼ਮੀਨ ਸਾਂਭਣ ਵਾਲਾ ਇਕੱਲਾ ਸੀ। ਭੈਣ ਨੇ ਆਪਣਾ ਮੁੰਡਾ ਨਾਨਕੇ ਭੇਜ ਦਿੱਤਾ। ਕਹਿੰਦੀ “ਨਾਲੇ ਮਾਮੇ ਨਾਲ ਕੰਮ ਕਰਵਾਇਆ ਕਰੀਂ, ਨਾਲੇ ਇੱਥੇ ਰਹਿ ਕੇ ਕਾਲਜ ਦੀ ਪੜ੍ਹਾਈ ਕਰ।’’ ਮਾਮਾ ਇਹ ਤਾਂ ਚਾਹੁੰਦਾ ਸੀ ਕਿ ਭਣੇਵਾਂ ਕਾਲਜ ਪੜ੍ਹੇ, ਖ਼ਰਚ ਵੀ ਦੇਣ ਲਈ ਤਿਆਰ ਸੀ ਪਰ ਉਹਦੇ ਮਨ ਵਿਚ ਇਕ ਤੌਖਲਾ ਪੈਦਾ ਹੋ ਗਿਆ ਕਿ ਭੈਣ ਨੇ ਮੁੰਡੇ ਨੂੰ ਇੱਥੇ ਭੇਜ ਕੇ ਹਿੱਸਾ ਲੈਣ ਲਈ ਪੈਰ ਠਹਿਰਾਵਾ ਕੀਤਾ ਹੈ। ਪੱਕੇ ਫ਼ਲ ਨੇ ਤਾਂ ਇਕ ਦਿਨ ਡਿੱਗਣਾ ਹੀ ਹੁੰਦਾ ਹੈ। ਵੱਡਾ ਸ਼ਾਹ ਬਿਮਾਰ ਹੋ ਗਿਆ। ਤੋਕੀ ਦਵਾ-ਦਾਰੂ ਵੀ ਕਰਵਾਉਂਦਾ ਰਿਹਾ ਤੇ ਨਾਲ ਦੀ ਨਾਲ ਆਪਣੀ ਸਕੀਮ ’ਤੇ ਅਮਲ ਕਰਨਾ ਵੀ ਸ਼ੁਰੂ ਕਰ ਦਿੱਤਾ। ਭਾਵੇਂ ਉਨ੍ਹੀਂ ਦਿਨੀਂ ਕਾਲ ਬੈੱਲਾਂ ਪਿੰਡਾਂ ਵਿਚ ਲੋਕਾਂ ਨੇ ਨਹੀਂ ਸਨ ਲਗਵਾਈਆਂ ਪਰ ਸਾਡੇ ਘਰ ਕਾਲ ਬੈੱਲ ਲੱਗੀ ਹੋਈ ਸੀ। ਇਕ ਦਿਨ ਕੀ ਹੋਇਆ ਕਿ ਸਾਡੇ ਘਰ ਦੀ ਘੰਟੀ ਰਾਤੀਂ ਵੱਜੀ। ਰਾਤ ਦੇ ਬਾਰਾਂ ਵੱਜ ਚੁੱਕੇ ਸਨ। ਪਿਤਾ ਜੀ ਉੱਠੇ। ਸਾਡੀ ਵੀ ਜਾਗ ਖੁੱਲ੍ਹ ਗਈ। ਪਿਤਾ ਜੀ ਨੇ ਆਵਾਜ਼ ਦਿੱਤੀ “ਕੌਣ?“

“ਗਿਆਨੀ ਜੀ ਮੈਂ ਸ਼ਾਹ ਦਾ ਤੋਕੀ ਹਾਂ, ਬੂਹਾ ਖੋਲ੍ਹੋ । ਤੁਹਾਡੀ ਲੋੜ ਪੈ ਗਈ।’’ ਅਸੀਂ ਹੈਰਾਨ ਹੋ ਗਏ। ਪਿਤਾ ਜੀ ਨੇ ਬੂਹਾ ਖੋਲ੍ਹਿਆ ਅਤੇ ਇਸ ਵੇਲੇ ਆਉਣ ਦਾ ਕਾਰਨ ਪੁੱਛਿਆ। ਉਸ ਨੇ ਕਿਹਾ, ‘‘ਗਿਆਨੀ ਜੀ! ਭਾਊ ਪੂਰਾ ਹੋ ਗਿਆ ਹੈ।’’ ਉਹ ਆਪਣੇ ਪਿਤਾ ਨੂੰ ਭਾਊ ਕਹਿੰਦਾ ਹੁੰਦਾ ਸੀ। “ਮੈਨੂੰ ਇੰਕ ਪੈਡ ਚਾਹੀਦਾ ਹੈ, ਮੈਂ ਚਾਰ-ਚੁਫੇਰੇ ਨਿਗ੍ਹਾ ਘੁਮਾਈ। ਤੁਹਾਡੇ ’ਤੇ ਨਿਗ੍ਹਾ ਆਣ ਕੇ ਟਿਕੀ ਹੈ। ਮੈਨੂੰ ਪਤਾ ਹੈ ਕਿ ਪਿੰਡ ਦੇ ਲੋਕ ਲੋੜ ਪੈਣ ’ਤੇ

ਤੁਹਾਡੇ ਤੋਂ ਦਰਖ਼ਾਸਤਾਂ ਲਿਖਾਉਂਦੇ ਹਨ। ਤੁਹਾਡੇ ਕੋਲ ਇੰਕ ਪੈਡ ਤਾਂ ਜ਼ਰੂਰ ਹੋਵੇਗਾ। ਪਿਤਾ ਜੀ ਸਾਰਾ ਮਾਮਲਾ ਸਮਝ ਤਾਂ ਗਏ ਸਨ ਪਰ ਉਸ ਦੇ ਮੂੰਹੋਂ ਅਖਵਾਉਣ ਲਈ ਕਿਹਾ, “ਇੰਕ ਪੈਡ ਕੀ ਕਰਨਾ?’’

“ਗਿਆਨੀ ਜੀ ਤੁਹਾਥੋਂ ਕਾਹਦਾ ਓਹਲਾ। ਭਾਊ ਦਾ ਪਤਾ ਨਹੀਂ ਸੀ ਕਿਹੜੇ ਵੇਲੇ ਤੁਰ ਜਾਣਾ, ਕਾਗ਼ਜ਼ ਤਾਂ ਮੈਂ ਪਹਿਲਾਂ ਹੀ ਤਿਆਰ ਕਰਵਾ ਰੱਖੇ ਨੇ ਪਰ ਇਹ ਨਹੀਂ ਸੋਚਿਆ ਕਿ ਇੰਕ ਪੈਡ ਦੀ ਲੋੜ ਵੀ ਪੈਣੀ ਹੈ। ਬਸ ਇੰਕ ਪੈਡ ਦੇ ਦਿਓ, ਅੰਗੂਠਾ ਲਗਾ ਕੇ ਸਵੇਰੇ ਵਾਪਸ ਕਰ ਦੇਵਾਂਗੇ ਪਰ ਵੇਖਿਓ, ਇਹ ਗੱਲ ਕਿਸੇ ਨਾਲ ਨਾ ਕਰਿਓ। ਗਿਆਨੀ ਜੀ ਭੈਣ ਤੇ ਸਾਡੀ ਮਾੜੀ ਨਹੀਂ ਪਰ ਪ੍ਰਾਹੁਣੇ ਦਾ ਕੋਈ ਭਰੋਸਾ ਨਹੀਂ ਕਿ ਕੱਲ੍ਹ ਨੂੰ ਹਿੱਸਾ ਮੰਗਣ ਲੱਗ ਪਵੇ। ਬਸ ਵਸੀਅਤ ’ਤੇ ਅੰਗੂਠਾ ਲਗਾਉਣਾ ਹੈ।’’ ਇੰਜ ਉਹ ਇੰਕ ਪੈਡ ਲੈ ਕੇ ਤੁਰਦਾ ਬਣਿਆ।

-ਮਨਮੋਹਨ ਸਿੰਘ ਬਾਸਰਕੇ

-ਮੋਬਾਈਲ :99147-16616

Posted By: Jagjit Singh