-ਡਾ. ਭਰਤ ਝੁਨਝੁਨਵਾਲਾ


ਫ਼ਿਲਹਾਲ ਸਾਰੀ ਦੁਨੀਆ ਵਿਚ ਵਿਆਜ ਦਰਾਂ ਘਟਾਉਣ ਦੀ ਦੌੜ ਲੱਗੀ ਹੋਈ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਕੇਂਦਰੀ ਬੈਂਕ ਫੈਡਰਲ ਰਿਜ਼ਰਵ 'ਤੇ ਦਬਾਅ ਪਾਇਆ ਹੋਇਆ ਹੈ ਕਿ ਹਾਲ ਹੀ ਵਿਚ ਕੀਤੀ ਗਈ ਕਟੌਤੀ ਨੂੰ ਜਾਰੀ ਰੱਖਦੇ ਹੋਏ ਅੱਗੇ ਵੀ ਵਿਆਜ ਦਰਾਂ ਘਟਾਉਣ 'ਤੇ ਕੰਮ ਕਰੇ। ਨਿਊਜ਼ੀਲੈਂਡ, ਥਾਈਲੈਂਡ ਅਤੇ ਭਾਰਤ ਦੇ ਕੇਂਦਰੀ ਬੈਂਕਾਂ ਨੇ ਵੀ ਬੀਤੇ ਮਹੀਨੇ ਵਿਆਜ ਦਰਾਂ ਵਿਚ ਕਟੌਤੀ ਕੀਤੀ ਹੈ। ਚੀਨ ਨੇ ਅਧਿਕਾਰਤ ਤੌਰ 'ਤੇ ਐਲਾਨ ਨਹੀਂ ਕੀਤਾ ਪਰ ਮੰਨਿਆ ਜਾ ਰਿਹਾ ਹੈ ਕਿ ਉੱਥੇ ਵੀ ਅੰਦਰਖਾਤੇ ਵਿਆਜ ਦਰਾਂ ਵਿਚ ਕਟੌਤੀ ਕੀਤੀ ਗਈ ਹੈ। ਵਿਆਜ ਦਰਾਂ ਵਿਚ ਕਟੌਤੀ ਦੇ ਪਿੱਛੇ ਸੋਚ ਹੈ ਕਿ ਵਿਆਜ ਦਰਾਂ ਘੱਟ ਹੋਣਗੀਆਂ ਤਾਂ ਖ਼ਪਤਕਾਰ ਕਰਜ਼ਾ ਲੈ ਕੇ ਬਾਈਕ ਜਾਂ ਟੀਵੀ ਖ਼ਰੀਦਣਗੇ ਜਿਸ ਕਾਰਨ ਬਾਜ਼ਾਰ ਵਿਚ ਮੰਗ ਵਧੇਗੀ। ਇਸ ਦੇ ਨਾਲ ਹੀ ਵਿਆਜ ਦਰਾਂ ਘੱਟ ਹੋਣ ਕਾਰਨ ਨਿਵੇਸ਼ਕਾਂ ਲਈ ਕਰਜ਼ਾ ਲੈ ਕੇ ਫੈਕਟਰੀ ਲਗਾਉਣੀ ਆਸਾਨ ਹੋ ਜਾਵੇਗੀ ਅਤੇ ਉਹ ਬਾਈਕ ਅਤੇ ਟੀਵੀ ਬਣਾਉਣ ਦੇ ਕਾਰਖਾਨੇ ਲਗਾਉਣਗੇ। ਇਸ ਤਰ੍ਹਾਂ ਖ਼ਪਤਕਾਰਾਂ ਦੀ ਮੰਗ ਅਤੇ ਨਿਵੇਸ਼ਕਾਂ ਦੀ ਸਪਲਾਈ ਵਿਚਾਲੇ ਇਕ ਸਹੀ ਚੱਕਰ ਸਥਾਪਤ ਹੋ ਜਾਵੇਗਾ ਪਰ ਪ੍ਰਸ਼ਨ ਹੈ ਕਿ ਕੀ ਅਸਲ ਵਿਚ ਅਜਿਹਾ ਹੋਵੇਗਾ? ਇਸ ਦੀ ਪੜਤਾਲ ਲਈ ਅਸੀਂ ਅਮਰੀਕੀ ਅਰਥਚਾਰੇ ਦੀ ਪੜਚੋਲ ਕਰ ਸਕਦੇ ਹਾਂ। ਅਜਿਹਾ ਇਸ ਲਈ ਕਿਉਂਕਿ ਅਮਰੀਕਾ ਦੁਆਰਾ ਅਪਣਾਈਆਂ ਗਈਆਂ ਨੀਤੀਆਂ ਨੂੰ ਹੀ ਦੁਨੀਆ ਦੇ ਤਮਾਮ ਦੇਸ਼ ਅਪਣਾਉਂਦੇ ਦਿਖਾਈ ਦੇ ਰਹੇ ਹਨ। ਅਮਰੀਕਨ ਬੈਂਕ ਐਸੋਸੀਏਸ਼ਨ ਦੇ ਇਕ ਬਿਆਨ ਮੁਤਾਬਕ ਅਮਰੀਕਾ ਵਿਚ ਕਿਰਤੀਆਂ ਦੇ ਵੇਤਨ ਦਬਾਅ ਹੇਠ ਹਨ ਅਤੇ ਉਹ ਕਰਜ਼ੇ ਦੇ ਬੋਝ ਹੇਠਾਂ ਦੱਬਦੇ ਜਾ ਰਹੇ ਹਨ। ਹਾਲਾਂਕਿ ਰੁਜ਼ਗਾਰ ਦੇ ਮੌਕੇ ਵੀ ਵਧੇ ਹਨ। ਇਸ ਦਾ ਅਰਥ ਹੈ ਕਿ ਜੋ ਲੋਕ ਹੁਣ ਤਕ ਬੇਰੁਜ਼ਗਾਰ ਸਨ, ਉਨ੍ਹਾਂ ਨੂੰ ਹੁਣ ਰੁਜ਼ਗਾਰ ਮਿਲ ਗਿਆ ਹੈ ਪਰ ਰੁਜ਼ਗਾਰ ਪ੍ਰਾਪਤ ਲੋਕਾਂ ਦੀ ਤੁਲਨਾ ਵਿਚ ਬੇਰੁਜ਼ਗਾਰਾਂ ਦੀ ਗਿਣਤੀ ਬਹੁਤ ਘੱਟ ਹੈ। ਬਾਜ਼ਾਰ ਵਿਚ ਮੰਗ ਦੀ ਗਤੀ ਜਾਣਨ ਲਈ ਜੋ ਕਿਰਤੀ ਕੰਮ ਕਰ ਰਹੇ ਹਨ, ਉਨ੍ਹਾਂ ਦੀ ਖ਼ਪਤ 'ਤੇ ਗ਼ੌਰ ਕਰਨਾ ਹੋਵੇਗਾ। ਉਹ ਦੋਹਰਾ ਝਟਕਾ ਸਹਾਰ ਰਹੇ ਹਨ। ਇਕ ਤਾਂ ਉਨ੍ਹਾਂ ਦੀ ਤਨਖਾਹ 'ਤੇ ਦਬਾਅ ਹੈ ਅਤੇ ਦੂਜਾ ਉਹ ਕਰਜ਼ੇ ਦੇ ਬੋਝ ਹੇਠਾਂ ਦੱਬੇ ਹੋਏ ਹਨ। ਫਿਰ ਵੀ ਉਹ ਭਾਰੀ ਮਾਤਰਾ ਵਿਚ ਖ਼ਪਤ ਕਰ ਰਹੇ ਹਨ। ਇਸ ਨਾਲ ਅਮਰੀਕੀ ਅਰਥਚਾਰੇ ਦੀ ਵਿਕਾਸ ਦਰ ਤਿੰਨ ਫ਼ੀਸਦੀ ਦੇ ਮਜ਼ਬੂਤ ਪੱਧਰ 'ਤੇ ਟਿਕੀ ਹੋਈ ਹੈ। ਇਸ ਦੌਰਾਨ ਅਹਿਮ ਪ੍ਰਸ਼ਨ ਇਹੋ ਹੈ ਕਿ ਵੇਤਨ 'ਤੇ ਦਬਾਅ ਦੀ ਹਾਲਤ ਵਿਚ ਵੀ ਉਹ ਕਰਜ਼ਾ ਲੈ ਕੇ ਖ਼ਪਤ ਕਿਉਂ ਕਰ ਰਹੇ ਹਨ?

ਪ੍ਰਤੀਤ ਹੁੰਦਾ ਹੈ ਕਿ ਰਾਸ਼ਟਰਪਤੀ ਟਰੰਪ ਦੇ ਹਮਲਾਵਰ ਸੁਭਾਅ ਅਤੇ ਆਤਮ-ਵਿਸ਼ਵਾਸ ਕਾਰਨ ਉਹ ਅਮਰੀਕੀ ਜਨਤਾ ਨੂੰ ਭਵਿੱਖ 'ਤੇ ਭਰੋਸਾ ਦਿਵਾ ਰਹੇ ਹਨ। ਉਸੇ ਭਵਿੱਖ 'ਤੇ ਭਰੋਸੇ ਕਾਰਨ ਅਮਰੀਕੀ ਨਾਗਰਿਕ ਵੇਤਨ ਵਿਚ ਗਿਰਾਵਟ ਦੇ ਬਾਵਜੂਦ ਕਰਜ਼ਾ ਲੈ ਕੇ ਖ਼ਪਤ ਕਰ ਰਹੇ ਹਨ। ਇਸ ਖ਼ਪਤ ਕਾਰਨ ਅਮਰੀਕੀ ਅਰਥਚਾਰਾ ਮਜ਼ਬੂਤ ਹੈ। ਜਿਵੇਂ ਮੌਸਮ ਵਿਭਾਗ ਭਵਿੱਖਬਾਣੀ ਕਰੇ ਕਿ ਬਾਰਿਸ਼ ਚੰਗੀ ਹੋਵੇਗੀ ਤਾਂ ਕਿਸਾਨ ਚਾਰੇ ਪਾਸੇ ਸੋਕਾ ਦਿਖਾਈ ਦੇਣ ਦੇ ਬਾਵਜੂਦ ਖੇਤਾਂ ਵਿਚ ਬਿਜਾਈ ਕਰਨ ਲੱਗਦੇ ਹਨ, ਉਸੇ ਤਰ੍ਹਾਂ ਹੀ ਅਮਰੀਕੀ ਖ਼ਪਤਕਾਰ ਵੀ ਖ਼ਪਤ ਵਿਚ ਰੁੱਝੇ ਹੋਏ ਹਨ।

ਦੂਜਾ ਪ੍ਰਸ਼ਨ ਹੈ ਕਿ ਅਮਰੀਕਾ ਦੀ ਵਿਕਾਸ ਦਰ ਇੰਨੀ ਮਜ਼ਬੂਤ ਕਿਉਂ ਹੈ? ਖ਼ਾਸ ਤੌਰ 'ਤੇ ਉਦੋਂ ਜਦੋਂ ਚੀਨ ਨਾਲ ਉਸ ਦੀ 'ਟਰੇਡ ਵਾਰ' ਜਾਰੀ ਹੈ। ਅਮਰੀਕੀ ਬਰਾਮਦ ਦਬਾਅ ਹੇਠ ਹੈ। ਉਸ ਦੀ ਮੁਕਾਬਲੇਬਾਜ਼ੀ ਸਮਰੱਥਾ ਵਿਚ ਕੋਈ ਖ਼ਾਸ ਸੁਧਾਰ ਨਹੀਂ ਹੋਇਆ ਹੈ। ਅਜਿਹੀ ਹਾਲਤ ਵਿਚ ਵਿਕਾਸ ਦਾ ਸੋਮਾ ਕਿੱਥੇ ਹੈ? ਰੁਜ਼ਗਾਰ ਕਿੱਥੋਂ ਵਧ ਰਹੇ ਹਨ। ਇਸ ਦੇ ਪਿੱਛੇ ਕਹਾਣੀ ਇਹ ਹੈ ਕਿ ਅਮਰੀਕੀ ਖ਼ਪਤਕਾਰਾਂ ਦੁਆਰਾ ਟੈਕਸੀ ਅਤੇ ਮਸਾਜ ਪਾਰਲਰ ਵਰਗੀਆਂ ਤਮਾਮ ਸੇਵਾਵਾਂ ਦੀ ਬਹੁਤ ਜ਼ਿਆਦਾ ਖ਼ਪਤ ਕੀਤੀ ਜਾ ਰਹੀ ਹੈ। ਇਨ੍ਹਾਂ ਸੇਵਾਵਾਂ ਵਿਚ ਰੁਜ਼ਗਾਰ ਜ਼ਿਆਦਾ ਬਣਦੇ ਹਨ। ਇਸ ਲਈ ਅਮਰੀਕਾ ਵਿਚ ਉਤਪਾਦਨ ਸਥਿਰ ਰਹਿਣ ਅਤੇ ਉਸ ਦੀ ਮੁਕਾਬਲੇਬਾਜ਼ੀ ਸਮਰੱਥਾ ਵੀ ਸੀਮਤ ਰਹਿਣ ਦੇ ਬਾਵਜੂਦ ਰੁਜ਼ਗਾਰ ਬਣ ਰਹੇ ਹਨ। ਸਾਰਾਂਸ਼ ਇਹ ਹੈ ਕਿ ਇਸ ਸਮੇਂ ਅਮਰੀਕਾ ਵਿਚ ਜੋ ਆਰਥਿਕ ਤਰੱਕੀ ਹੋ ਰਹੀ ਹੈ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਹੋ ਰਹੇ ਹਨ, ਉਸ ਦਾ ਆਧਾਰ ਵਿਆਜ ਦਰਾਂ ਵਿਚ ਕਟੌਤੀ ਨਹੀਂ ਬਲਕਿ ਰਾਸ਼ਟਰਪਤੀ ਟਰੰਪ ਦੁਆਰਾ ਜਨਤਾ ਵਿਚ ਆਤਮ-ਵਿਸ਼ਵਾਸ ਪੈਦਾ ਕਰਨਾ ਹੈ।

ਅਮਰੀਕਾ ਸਰਕਾਰ ਦੀ ਸਥਿਤੀ ਵੀ ਕੁਝ ਅਜਿਹੀ ਹੈ। ਰਾਸ਼ਟਰਪਤੀ ਟਰੰਪ ਨੇ ਵੱਡੀਆਂ ਕੰਪਨੀਆਂ ਅਤੇ ਅਮੀਰਾਂ 'ਤੇ ਆਮਦਨ ਕਰ ਵਿਚ ਭਾਰੀ ਕਟੌਤੀ ਕੀਤੀ ਸੀ। ਇਸ ਨਾਲ ਅਮਰੀਕੀ ਸਰਕਾਰ ਦੇ ਮਾਲੀਆ ਵਿਚ ਵਾਧਾ ਨਹੀਂ ਹੋ ਰਿਹਾ ਹੈ। ਸੰਨ 2017 ਵਿਚ ਰਾਸ਼ਟਰਪਤੀ ਟਰੰਪ ਦੇ ਹੁਕਮਰਾਨ ਹੋਣ ਦੇ ਸਮੇਂ ਅਮਰੀਕੀ ਸਰਕਾਰ ਦਾ ਮਾਲੀਆ 3320 ਅਰਬ ਡਾਲਰ ਸੀ ਜੋ ਸੰਨ 2019 ਵਿਚ 3440 ਅਰਬ ਡਾਲਰ ਹੋਣ ਦਾ ਅਨੁਮਾਨ ਹੈ। ਇਸ ਵਿਚ ਬਹੁਤ ਹੀ ਮਾਮੂਲੀ ਵਾਧਾ ਹੋਇਆ ਹੈ ਪਰ ਅਮਰੀਕੀ ਸਰਕਾਰ ਦੇ ਖ਼ਰਚੇ ਤੇਜ਼ੀ ਨਾਲ ਵੱਧ ਰਹੇ ਹਨ। ਇਸੇ ਅਰਸੇ ਵਿਚ ਉਸ ਦੇ ਖ਼ਰਚੇ 3900 ਅਰਬ ਡਾਲਰ ਤੋਂ ਵੱਧ ਕੇ 4500 ਅਰਬ ਡਾਲਰ ਹੋਣ ਦਾ ਅਨੁਮਾਨ ਹੈ। ਮਾਲੀਏ ਵਿਚ 120 ਅਰਬ ਡਾਲਰ ਦੇ ਵਾਧੇ ਦੇ ਮੁਕਾਬਲੇ ਖ਼ਰਚਿਆਂ ਵਿਚ 600 ਅਰਬ ਡਾਲਰ ਦਾ ਵਾਧਾ ਹੋਇਆ ਹੈ। ਇਨ੍ਹਾਂ ਖ਼ਰਚਿਆਂ ਨੂੰ ਪੂਰਾ ਕਰਨ ਲਈ ਅਮਰੀਕਾ ਸਰਕਾਰ ਭਾਰੀ ਮਾਤਰਾ ਵਿਚ ਕੌਮਾਂਤਰੀ ਬਾਜ਼ਾਰ ਤੋਂ ਕਰਜ਼ਾ ਲੈ ਰਹੀ ਹੈ। ਅਜਿਹੇ ਵਿਚ ਅਮਰੀਕਾ ਦੇ ਮੌਜੂਦਾ ਤੇਜ਼ ਵਿਕਾਸ ਦਾ ਅਸਲੀ ਸੋਮਾ ਇਹੋ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਜਨਤਾ ਵਿਚ ਭਵਿੱਖ ਨੂੰ ਲੈ ਕੇ ਉਮੀਦ ਦਾ ਸੰਚਾਰ ਕੀਤਾ ਜਿਸ ਕਾਰਨ ਅਮਰੀਕੀ ਜਨਤਾ ਵੇਤਨ ਦੇ ਦਬਾਅ ਵਿਚ ਹੋਣ ਦੇ ਬਾਵਜੂਦ ਕਰਜ਼ਾ ਲੈ ਕੇ ਖ਼ਪਤ ਕਰ ਰਹੀ ਹੈ। ਦੂਜੇ ਪਾਸੇ ਅਮਰੀਕਾ ਦੀ ਸਰਕਾਰ ਨੇ ਟੈਕਸ ਕਟੌਤੀ ਕੀਤੀ ਹੈ। ਇਸ ਕਾਰਨ ਆਪਣੇ ਵਧੇ ਹੋਏ ਖ਼ਰਚਿਆਂ ਦੀ ਭਰਪਾਈ ਲਈ ਵੱਡੀ ਮਾਤਰਾ ਵਿਚ ਕਰਜ਼ਾ ਲੈਣਾ ਪੈ ਰਿਹਾ ਹੈ। ਭਾਵ ਅਮਰੀਕੀ ਖ਼ਪਤਕਾਰ ਅਤੇ ਅਮਰੀਕਾ ਸਰਕਾਰ ਦੋਵੇਂ ਕਰਜ਼ੇ ਦੇ ਬੋਝ ਹੇਠਾਂ ਦੱਬਦੇ ਜਾ ਰਹੇ ਹਨ ਅਤੇ ਇਸ ਦੇ ਦਮ 'ਤੇ ਹੀ ਅਮਰੀਕੀ ਆਰਥਿਕ ਵਿਕਾਸ 'ਚ ਤੇਜ਼ੀ ਕਾਇਮ ਹੈ। ਇਸ ਆਰਥਿਕ ਵਿਕਾਸ ਦੀ ਕੁੰਜੀ ਵਿਆਜ ਦਰਾਂ ਵਿਚ ਕਟੌਤੀ ਨਹੀਂ ਸਗੋਂ ਆਤਮ-ਵਿਸ਼ਵਾਸ ਕਾਰਨ ਲਏ ਜਾਣ ਵਾਲੇ ਕਰਜ਼ੇ ਵਿਚ ਹੈ। ਜ਼ਾਹਰ ਹੈ ਕਿ ਕਰਜ਼ਾ ਲੈ ਕੇ ਆਰਥਿਕ ਵਿਕਾਸ ਹਾਸਲ ਕਰਨ ਦੀ ਰਣਨੀਤੀ ਦੀ ਆਪਣੀ ਇਕ ਹੱਦ ਹੈ ਅਤੇ ਇਹ ਜ਼ਿਆਦਾ ਦਿਨਾਂ ਤਕ ਕਾਰਗਰ ਨਹੀਂ ਰਹਿੰਦੀ। ਇਕ ਸਮਾਂ ਆਉਂਦਾ ਹੈ ਜਦ ਨਿਵੇਸ਼ਕ ਸਮਝ ਜਾਂਦੇ ਹਨ ਕਿ ਕਰਜ਼ਾ ਲੈਣ ਵਾਲੇ ਦੀ ਅੰਦਰੂਨੀ ਸਥਿਤੀ ਡਾਵਾਂਡੋਲ ਹੈ ਅਤੇ ਉਹ ਜਾਂ ਤਾਂ ਕਰਜ਼ਾ ਦੇਣਾ ਬੰਦ ਕਰ ਦਿੰਦੇ ਹਨ ਜਾਂ ਫਿਰ ਉਸ ਲਈ ਉੱਚਾ ਵਿਆਜ ਮੰਗਦੇ ਹਨ। ਇਸ ਸਬੰਧ ਵਿਚ ਇੰਟਰਨੈਸ਼ਨਲ ਮੋਨੇਟਰੀ ਫੰਡ (ਆਈਐੱਮਐੱਫ) ਦੀ ਅਰਥ ਸ਼ਾਸਤਰੀ ਗੀਤਾ ਗੋਪੀਨਾਥ ਨੇ ਕਿਹਾ ਹੈ ਕਿ ਵਰਤਮਾਨ ਵਿਚ ਹੋ ਰਿਹਾ ਆਰਥਿਕ ਵਿਕਾਸ ਜੋਖ਼ਮ ਭਰਿਆ ਹੈ ਅਤੇ ਵਿਸ਼ਲੇਸ਼ਕਾਂ ਵਿਚਾਲੇ ਸਹਿਮਤੀ ਹੈ ਕਿ ਵਿਆਜ ਦਰਾਂ ਘਟਾ ਕੇ ਅਸੀਂ ਦੇਸ਼ਾਂ ਨੂੰ ਆਰਥਿਕ ਸੰਕਟ ਤੋਂ ਬਾਹਰ ਨਹੀਂ ਕੱਢ ਸਕਾਂਗੇ।

ਹੁਣ ਜੇ ਭਾਰਤ ਵਿਚ ਰਿਜ਼ਰਵ ਬੈਂਕ ਵਿਆਜ ਦਰਾਂ ਘਟਾ ਵੀ ਦੇਵੇ, ਆਤਮ-ਵਿਸ਼ਵਾਸ ਦੀ ਘਾਟ ਕਾਰਨ ਖ਼ਪਤਕਾਰ ਅਤੇ ਨਿਵੇਸ਼ਕ ਦੋਵੇਂ ਹੀ ਕਰਜ਼ਾ ਲੈਣ ਤੋਂ ਝਿਜਕਣਗੇ। ਧਿਆਨ ਦਿਓ ਕਿ ਬੀਤੇ ਸਮੇਂ ਦੌਰਾਨ ਰਿਜ਼ਰਵ ਬੈਂਕ ਨੇ ਕਈ ਵਾਰ ਵਿਆਜ ਦਰਾਂ ਵਿਚ ਕਟੌਤੀ ਕੀਤੀ ਹੈ ਪਰ ਸਾਡੇ ਅਰਥਚਾਰੇ ਵਿਚ ਸੁਧਾਰ ਦੇ ਸੰਕੇਤ ਨਹੀਂ ਦਿਖਾਈ ਦੇ ਰਹੇ। ਇਸ ਦਾ ਸਪੱਸ਼ਟ ਮਤਲਬ ਹੈ ਕਿ ਭਵਿੱਖ ਵਿਚ ਆਤਮ-ਵਿਸ਼ਵਾਸ ਵਧਣ 'ਤੇ ਖ਼ਪਤਕਾਰ ਤੇ ਨਿਵੇਸ਼ਕ ਕਰਜ਼ਾ ਲੈਂਦੇ ਹਨ। ਅਰਥਾਤ ਸਸਤਾ ਕਰਜ਼ਾ ਖ਼ੁਦ ਵਿਚ ਅਰਥਚਾਰੇ ਨੂੰ ਅੱਗੇ ਵਧਾਉਣ ਦਾ ਮੰਤਰ ਨਹੀਂ ਹੈ। ਸਸਤਾ ਕਰਜ਼ਾ ਸਿਰਫ਼ ਉਸ ਸਮੇਂ ਫ਼ਾਇਦੇਮੰਦ ਹੁੰਦਾ ਹੈ ਜਦ ਖ਼ਪਤਕਾਰ ਤੇ ਨਿਵੇਸ਼ਕ ਨੂੰ ਭਵਿੱਖ 'ਤੇ ਭਰੋਸਾ ਹੁੰਦਾ ਹੈ। ਬੀਤੇ ਸਮੇਂ ਵਿਚ ਤਮਾਮ ਉੱਦਮੀਆਂ ਨੇ ਕਿਹਾ ਹੈ ਕਿ ਸਰਕਾਰੀ ਅਧਿਕਾਰੀ ਉਨ੍ਹਾਂ ਨੂੰ ਇੰਜ ਦੇਖਦੇ ਹਨ ਜਿਵੇਂ ਕਿ ਉਹ ਚੋਰ ਹੋਣ। ਹਾਲ ਹੀ ਵਿਚ 'ਕੈਫੇ ਕਾਫੀ ਡੇ' ਦੇ ਬਾਨੀ ਦੁਆਰਾ ਖ਼ੁਦਕੁਸ਼ੀ ਕੀਤੇ ਜਾਣ ਦੇ ਪਿੱਛੇ ਵੀ ਇਹੋ ਕਾਰਨ ਦੱਸਿਆ ਜਾ ਰਿਹਾ ਹੈ। ਅਜਿਹੇ ਵਿਚ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਨਤਾ ਅਤੇ ਨਿਵੇਸ਼ਕਾਂ ਨਾਲ ਵਾਰਤਾ ਕਰੇ। ਨਿਵੇਸ਼ਕਾਂ ਨੂੰ ਸਨਮਾਨ ਦੇਵੇ ਅਤੇ ਉਨ੍ਹਾਂ ਦੇ ਮਨ ਵਿਚ ਭਵਿੱਖ ਪ੍ਰਤੀ ਜੋ ਖ਼ਦਸ਼ੇ ਦਿਖਾਈ ਦੇ ਰਹੇ ਹਨ, ਉਨ੍ਹਾਂ ਦਾ ਨਿਵਾਰਨ ਕਰੇ ਤਾਂ ਜੋ ਕਰਜ਼ਾ ਲੈ ਕੇ ਖ਼ਪਤ ਅਤੇ ਨਿਵੇਸ਼ ਦਾ ਆਦਰਸ਼ ਚੱਕਰ ਸਥਾਪਤ ਹੋ ਸਕੇ।

-(ਲੇਖਕ ਸੀਨੀਅਰ ਅਰਥ ਸ਼ਾਸਤਰੀ ਅਤੇ ਆਈਆਈਐੱਮ ਬੈਂਗਲੁਰੂ ਦੇ ਸਾਬਕਾ ਪ੍ਰੋਫੈਸਰ ਹਨ)।

Posted By: Jagjit Singh