ਧਾਰਾ 370 ਹਟਾਏ ਜਾਣ ਮਗਰੋਂ ਜੰਮੂ-ਕਸ਼ਮੀਰ ਵਿਚ ਬਕਰੀਦ ਦਾ ਤਿਉਹਾਰ ਜਿਸ ਤਰ੍ਹਾਂ ਲਗਪਗ ਸ਼ਾਂਤੀਪੂਰਨ ਤਰੀਕੇ ਨਾਲ ਮਨਾਇਆ ਗਿਆ, ਉਹ ਕਾਬਿਲੇਗ਼ੌਰ ਵੀ ਹੈ ਅਤੇ ਹਾਲਾਤ ਸੁਧਰਨ ਦਾ ਭਰੋਸਾ ਵਧਾਉਣ ਵਾਲਾ ਵੀ। ਇਹ ਸਹੀ ਹੈ ਕਿ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਖ਼ਤਮ ਕਰਨ ਤੋਂ ਬਾਅਦ ਇਸ ਸੂਬੇ ਵਿਚ ਸ਼ਾਂਤੀ ਬਣਾਈ ਰੱਖਣ ਲਈ ਸੁਰੱਖਿਆ ਦੇ ਵਾਧੂ ਇੰਤਜ਼ਾਮ ਕੀਤੇ ਗਏ ਹਨ ਅਤੇ ਇਹ ਸੁਭਾਵਿਕ ਵੀ ਸਨ ਪਰ ਮਹੱਤਵਪੂਰਨ ਇਹ ਹੈ ਕਿ ਸੂਬੇ ਦੇ ਲੋਕ ਬਦਲੀ ਹਕੀਕਤ ਨੂੰ ਸਵੀਕਾਰ ਕਰਦੇ ਨਜ਼ਰ ਆ ਰਹੇ ਹਨ ਅਤੇ ਇਸ ਤੱਥ ਦੇ ਸਬੰਧ ਵਿਚ ਵੀ ਉਨ੍ਹਾਂ ਦੀ ਸਮਝ ਵਧਦੀ ਜਾ ਰਹੀ ਹੈ ਕਿ ਜੋ ਕੁਝ ਕੀਤਾ ਗਿਆ ਹੈ, ਉਹ ਇਸ ਸੂਬੇ ਅਤੇ ਉੱਥੋਂ ਦੇ ਲੋਕਾਂ ਦੇ ਹਿੱਤ ਵਿਚ ਹੈ। ਧਾਰਾ 370 ਦੀ ਸਮਾਪਤੀ ਨਾ ਸਿਰਫ਼ ਜੰਮੂ-ਕਸ਼ਮੀਰ ਦੇ ਬਾਕੀ ਦੇਸ਼ ਨਾਲ ਏਕੀਕਰਨ ਲਈ ਜ਼ਰੂਰੀ ਸੀ ਬਲਕਿ ਉਸ ਦੇ ਤੇਜ਼ ਵਿਕਾਸ ਲਈ ਵੀ ਅਜਿਹਾ ਕਰਨਾ ਜ਼ਰੂਰੀ ਸੀ। ਇਹ ਹਾਲਾਤ ਵਿਚ ਆ ਰਹੀ ਤਬਦੀਲੀ ਦਾ ਹੀ ਸਬੂਤ ਹੈ ਕਿ ਬੀਤੇ ਤੀਹ ਸਾਲਾਂ ਵਿਚ ਕਸ਼ਮੀਰ ਵਿਚ ਪਹਿਲੀ ਵਾਰ ਬਕਰੀਦ ਦੇ ਮੌਕੇ ਹਿੰਸਾ ਦੀ ਕੋਈ ਵੱਡੀ ਘਟਨਾ ਨਹੀਂ ਹੋਈ। ਕਸ਼ਮੀਰ ਦੀ ਨਵੀਂ ਹਕੀਕਤ ਪਾਕਿਸਤਾਨ ਨੂੰ ਵੀ ਸਵੀਕਾਰ ਕਰਨੀ ਹੋਵੇਗੀ ਅਤੇ ਕੌਮਾਂਤਰੀ ਮੀਡੀਆ ਨੂੰ ਵੀ। ਇਹ ਅਜੀਬ ਹੈ ਕਿ ਕੌਮਾਂਤਰੀ ਮੀਡੀਆ ਦਾ ਇਕ ਵਰਗ ਦਹਾਕਿਆਂ ਤੋਂ ਕਸ਼ਮੀਰ ਦੇ ਮਾਮਲੇ ਵਿਚ ਪਾਕਿਸਤਾਨੀ ਪ੍ਰਭਾਵ ਤੋਂ ਪੀੜਤ ਹੈ। ਉਸ ਨੂੰ ਕਸ਼ਮੀਰ ਦੇ ਸਹੀ ਇਤਿਹਾਸ ਨੂੰ ਵੀ ਸਮਝਣਾ ਹੋਵੇਗਾ ਅਤੇ ਵਰਤਮਾਨ ਨੂੰ ਵੀ। ਕੌਮਾਂਤਰੀ ਮੀਡੀਆ ਦਾ ਜੋ ਵਰਗ ਕਸ਼ਮੀਰ ਨੂੰ ਪਾਕਿਸਤਾਨ ਦੇ ਨਜ਼ਰੀਏ ਨਾਲ ਵੇਖ ਰਿਹਾ ਹੈ, ਉਹ ਭੁਲੇਖੇ ਵਿਚ ਹੀ ਹੈ। ਕਸ਼ਮੀਰ ਹਮੇਸ਼ਾ ਭਾਰਤ ਦਾ ਅਟੁੱਟ ਹਿੱਸਾ ਰਿਹਾ ਹੈ-ਧਾਰਾ 370 ਦੇ ਨਾਲ ਵੀ ਅਤੇ ਉਸ ਦੇ ਬਿਨਾਂ ਵੀ। ਧਾਰਾ 370 ਕਸ਼ਮੀਰ ਦੇ ਭਾਰਤ ਵਿਚ ਏਕੀਕਰਨ ਨੂੰ ਇਕ ਸੰਵਿਧਾਨਕ-ਕਾਨੂੰਨੀ ਰੂਪ ਦੇਣ ਦੀ ਕੋਸ਼ਿਸ਼ ਤੋਂ ਵੱਧ ਨਹੀਂ ਸੀ। ਇਸ ਤੋਂ ਵੀ ਵੱਧ ਇਹ ਸੰਵਿਧਾਨਕ ਵਿਵਸਥਾ ਕਸ਼ਮੀਰ ਦੇ ਤਤਕਾਲੀ ਨੇਤਾਵਾਂ ਨੂੰ ਮਨਾਉਣ ਲਈ ਲਿਆਂਦੀ ਗਈ ਸੀ। ਹੈਰਾਨੀ ਨਹੀਂ ਕਿ ਇਸ ਵਿਵਸਥਾ ਤੋਂ ਸਭ ਤੋਂ ਵੱਧ ਲਾਭ ਉਨ੍ਹਾਂ ਸਥਾਨਕ ਨੇਤਾਵਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹੀ ਹੋਇਆ ਜਿਨ੍ਹਾਂ ਨੇ ਕਸ਼ਮੀਰ ਨੂੰ ਹਮੇਸ਼ਾ ਆਪਣੀ ਨਿੱਜੀ ਜਾਗੀਰ ਦੀ ਤਰ੍ਹਾਂ ਦੇਖਿਆ। ਕਸ਼ਮੀਰ ਦੇ ਸਬੰਧ ਵਿਚ ਕੌਮਾਂਤਰੀ ਮੀਡੀਆ ਦੀ ਅੱਧੀ-ਅਧੂਰੀ ਜਾਣਕਾਰੀ ਦਾ ਕਾਰਨ ਇਹ ਹੈ ਕਿ ਉਹ ਹਕੀਕੀ ਰਿਪੋਰਟਿੰਗ ਤੋਂ ਦੂਰ ਹੈ। ਸੂਬੇ ਵਿਚ ਬਦਅਮਨੀ ਦੀਆਂ ਦੋ-ਚਾਰ ਘਟਨਾਵਾਂ ਨੂੰ ਵਧਾ-ਚੜ੍ਹਾਅ ਕੇ ਪੇਸ਼ ਕਰ ਕੇ ਜਿਸ ਤਰ੍ਹਾਂ ਦੀ ਤਸਵੀਰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਹ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਹੁੰਦੀ ਹੈ। ਕੌਮਾਂਤਰੀ ਮੀਡੀਆ ਨੂੰ ਇਹ ਸੱਚਾਈ ਵੀ ਸਵੀਕਾਰ ਕਰਨੀ ਹੋਵੇਗੀ ਕਿ ਕਸ਼ਮੀਰ ਦੇ ਇਕ ਵੱਡੇ ਹਿੱਸੇ 'ਤੇ ਪਾਕਿਸਤਾਨ ਨੇ ਗ਼ਲਤ ਤਰੀਕੇ ਨਾਲ ਕਬਜ਼ਾ ਕੀਤਾ ਹੋਇਆ ਹੈ। ਇਹ ਸਹੀ ਹੈ ਕਿ ਕੇਂਦਰ ਸਰਕਾਰ ਦੇ ਪੱਧਰ 'ਤੇ ਇਹ ਸੰਕੇਤ ਦਿੱਤੇ ਜਾ ਰਹੇ ਹਨ ਕਿ ਹੁਣ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨੂੰ ਵਾਪਸ ਲੈਣ ਦੇ ਯਤਨ ਕੀਤੇ ਜਾਣਗੇ। ਇਸੇ ਲਈ ਪਾਕਿਸਤਾਨ ਬਹੁਤ ਘਬਰਾਇਆ ਹੋਇਆ ਹੈ ਅਤੇ ਕੌਮਾਂਤਰੀ ਭਾਈਚਾਰੇ ਨੂੰ ਮਦਦ ਦੀ ਬੇਨਤੀ ਕਰ ਰਿਹਾ ਹੈ। ਉਸ ਨੂੰ ਪਤਾ ਹੈ ਕਿ ਭਾਰਤ ਵਿਚ ਇਸ ਸਮੇਂ ਅਜਿਹੀ ਲੀਡਰਸ਼ਿਪ ਹੈ ਜਿਸ ਵਿਚ ਜੋਖ਼ਮ ਭਰੇ ਫ਼ੈਸਲੇ ਲੈਣ ਦਾ ਹੌਸਲਾ ਹੈ। ਪਾਕਿਸਤਾਨ ਕਸ਼ਮੀਰ ਵਿਚ ਅਸਿੱਧੀ ਜੰਗ ਹੀ ਲੜਦਾ ਆਇਆ ਹੈ। ਉਹ ਕਸ਼ਮੀਰੀਆਂ ਨਾਲ ਝੂਠੀ ਹਮਦਰਦੀ ਰੱਖਦਾ ਹੈ। ਧਾਰਾ 370 ਤੇ ਧਾਰਾ 35-ਏ ਖ਼ਤਮ ਹੋਣ ਨਾਲ ਕਸ਼ਮੀਰੀਆਂ ਦਾ ਹੁਣ ਹਕੀਕੀ ਵਿਕਾਸ ਹੋਵੇਗਾ।

Posted By: Jagjit Singh