ਗੁਜਰਾਤ ਵਿਚ ਮੁੱਖ ਮੰਤਰੀ ਨੂੰ ਬਦਲੇ ਜਾਣ ਤੋਂ ਬਾਅਦ ਜਿਸ ਤਰ੍ਹਾਂ ਸਾਰੇ ਪੁਰਾਣੇ ਮੰਤਰੀਆਂ ਨੂੰ ਹਟਾ ਕੇ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਗਿਆ, ਉਹ ਬਹੁਤ ਵੱਡੀ ਸਿਆਸੀ ਤਬਦੀਲੀ ਹੈ। ਇਸ ਤੋਂ ਪਹਿਲਾਂ ਸ਼ਾਇਦ ਹੀ ਕਦੇ ਅਜਿਹਾ ਵਾਪਰਿਆ ਹੋਵੇ ਕਿ ਮੁੱਖ ਮੰਤਰੀ ਨੂੰ ਹਟਾਏ ਜਾਣ ਦੇ ਨਾਲ ਹੀ ਪੁਰਾਣੇ ਮੰਤਰੀਆਂ ਦੀ ਵੀ ਵਿਦਾਈ ਕਰ ਦਿੱਤੀ ਜਾਵੇ। ਗੁਜਰਾਤ ਵਿਚ ਅਜਿਹਾ ਹੋਇਆ ਤਾਂ ਇਸ ਦਾ ਮਤਲਬ ਹੈ ਕਿ ਭਾਜਪਾ ਲੀਡਰਸ਼ਿਪ ਸੂਬੇ ਦੀ ਸਰਕਾਰ ਨੂੰ ਨਵਾਂ ਰੰਗ-ਰੂਪ ਦੇਣਾ ਚਾਹੁੰਦੀ ਸੀ ਅਤੇ ਇਸ ਜ਼ਰੀਏ ਲੋਕਾਂ ਨੂੰ ਵਿਆਪਕ ਤਬਦੀਲੀ ਦਾ ਪੈਗ਼ਾਮ ਦੇਣਾ ਚਾਹੁੰਦੀ ਸੀ। ਦੇਖਣਾ ਹੈ ਕਿ ਗੁਜਰਾਤ ਦੀ ਜਨਤਾ ਇਸ ਵਿਆਪਕ ਤਬਦੀਲੀ ਨੂੰ ਕਿਸ ਰੂਪ ਵਿਚ ਲੈਂਦੀ ਹੈ? ਬੇਸ਼ੱਕ ਦੇਖਣਾ ਇਹ ਵੀ ਹੋਵੇਗਾ ਕਿ ਜੋ ਮੰਤਰੀ ਹਟਾਏ ਗਏ ਹਨ, ਉਹ ਨਵੀਂ ਸਰਕਾਰ ਲਈ ਸਮੱਸਿਆਵਾਂ ਤਾਂ ਨਹੀਂ ਖੜ੍ਹੀਆਂ ਕਰਨਗੇ? ਉਹ ਇਸ ਤੋਂ ਸ਼ੰਕੇ ਵਿਚ ਹੋ ਸਕਦੇ ਹਨ ਕਿ ਕਿਤੇ ਉਨ੍ਹਾਂ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਟਿਕਟ ਤੋਂ ਤਾਂ ਵੰਚਿਤ ਨਹੀਂ ਕਰ ਦਿੱਤਾ ਜਾਵੇਗਾ? ਜੋ ਮੰਤਰੀ ਹਟਾਏ ਗਏ ਹਨ, ਉਨ੍ਹਾਂ ਦਾ ਨਾਰਾਜ਼ ਹੋਣਾ ਸੁਭਾਵਿਕ ਹੈ ਪਰ ਇਹ ਵੀ ਇਕ ਤੱਥ ਹੈ ਕਿ ਲੰਬੇ ਸਮੇਂ ਤਕ ਸੱਤਾ ਵਿਚ ਰਹੇ ਲੋਕਾਂ ਤੋਂ ਇਕ ਤਰ੍ਹਾਂ ਦੀ ਖਿਝ ਜਿਹੀ ਪੈਦਾ ਹੋ ਜਾਂਦੀ ਹੈ। ਇਹ ਸੁਭਾਵਿਕ ਹੈ ਕਿ ਲੋਕ ਤਬਦੀਲੀ ਚਾਹੁੰਦੇ ਹਨ ਅਤੇ ਇੱਕੋ ਚਿਹਰਾ ਵਾਰ-ਵਾਰ ਦੇਖਣਾ ਨਹੀਂ ਚਾਹੁੰਦੇ। ਨਵੇਂ ਚਿਹਰੇ ਸਾਹਮਣੇ ਲਿਆਉਣ ਨਾਲ ਕਈ ਵਾਰ ਫ਼ਾਇਦਾ ਅਤੇ ਕਦੇ ਨੁਕਸਾਨ ਵੀ ਉਠਾਉਣਾ ਪੈਂਦਾ ਹੈ।

ਉਮੀਦ ਕੀਤੀ ਜਾਂਦੀ ਹੈ ਕਿ ਗੁਜਰਾਤ ਸਰਕਾਰ ਵਿਚ ਨਵੇਂ ਮੁੱਖ ਮੰਤਰੀ ਤੋਂ ਲੈ ਕੇ ਮੰਤਰੀ ਤਕ ਇਕ ਨਵੀਂ ਤਰ੍ਹਾਂ ਦੇ ਕੰਮ ਦੇ ਸੱਭਿਆਚਾਰ ਅਤੇ ਊਰਜਾ ਦਾ ਸੰਚਾਰ ਕਰਨਗੇ। ਇਸ ਦੇ ਬਿਨਾਂ ਬਦਲਾਅ ਦਾ ਮਕਸਦ ਪੂਰਾ ਹੋਣ ਵਾਲਾ ਨਹੀਂ ਹੈ। ਇਹ ਸਹੀ ਹੈ ਕਿ ਭੁਪੇਂਦਰ ਪਟੇਲ ਸਰਕਾਰ ਵਿਚ ਮੰਤਰੀਆਂ ਦੇ ਤੌਰ ’ਤੇ ਸ਼ਾਮਲ ਨਵੇਂ ਚਿਹਰੇ ਬਦਲਾਅ ਦੇ ਨਾਲ ਤਾਜ਼ਗੀ ਦਾ ਅਹਿਸਾਸ ਵੀ ਕਰਵਾਉਣਗੇ ਪਰ ਇਸ ਦੀ ਵੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਕਿ ਮੁੱਖ ਮੰਤਰੀ ਨਾਲ-ਨਾਲ ਉਨ੍ਹਾਂ ਦੇ ਨਵੇਂ ਮੰਤਰੀਆਂ ਨੂੰ ਸਰਕਾਰ ਚਲਾਉਣ ਦਾ ਤਜਰਬਾ ਨਹੀਂ ਹੈ। ਤਜਰਬੇ ਦੀ ਇਹ ਘਾਟ ਉਦੋਂ ਚੁਣੌਤੀ ਬਣ ਸਕਦੀ ਹੈ ਜਦ ਵਿਧਾਨ ਸਭਾ ਚੋਣਾਂ ਵਿਚ ਜ਼ਿਆਦਾ ਦੇਰ ਨਹੀਂ ਹੈ। ਸਪਸ਼ਟ ਹੈ ਕਿ ਨਵੇਂ ਚਿਹਰਿਆਂ ਵਾਲੀ ਸਰਕਾਰ ਦੇ ਸਾਹਮਣੇ ਇਕੱਠੀਆਂ ਦੋ ਚੁਣੌਤੀਆਂ ਹੋਣਗੀਆਂ। ਇਕ ਤਾਂ ਸਰਕਾਰ ਦਾ ਕੰਮਕਾਜ ਪ੍ਰਭਾਵਸ਼ਾਲੀ ਤਰੀਕੇ ਨਾਲ ਚਲਾਉਣਾ ਅਤੇ ਦੂਜਾ, ਭਾਜਪਾ ਦੇ ਪੱਖ ਵਿਚ ਚੋਣ ਮਾਹੌਲ ਤਿਆਰ ਕਰਨਾ। ਨਵੇਂ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਮੰਤਰੀਆਂ ਦੇ ਅੱਗੇ ਇਕ ਚੁਣੌਤੀ ਇਹ ਵੀ ਹੋਵੇਗੀ ਕਿ ਸ਼ਾਸਨ ਦੇ ਕੰਮਕਾਜ ਵਿਚ ਨੌਕਰਸ਼ਾਹੀ ਭਾਰੂ ਨਾ ਪਵੇ। ਹਾਲਾਂਕਿ ਨਵੇਂ ਮੰਤਰੀਆਂ ਦੀ ਚੋਣ ਵਿਚ ਜਾਤ-ਪਾਤ ਆਧਾਰਿਤ ਸਮੀਕਰਨਾਂ ਦਾ ਪੂਰਾ ਧਿਆਨ ਰੱਖਿਆ ਗਿਆ ਹੈ ਪਰ ਕੁਝ ਅਜਿਹੇ ਲੋਕ ਵੀ ਛੁੱਟ ਗਏ ਹੋ ਸਕਦੇ ਹਨ ਜੋ ਮੰਤਰੀ ਬਣਨ ਦੀ ਇੱਛਾ ਰੱਖਦੇ ਹੋਣ। ਜੋ ਵੀ ਹੋਵੇ, ਭਾਜਪਾ ਦੀ ਪ੍ਰਯੋਗਸ਼ਾਲਾ ਕਹੇ ਜਾਣ ਵਾਲੇ ਗੁਜਰਾਤ ਵਿਚ ਇਕ ਨਵਾਂ ਤਜਰਬਾ ਹੋਇਆ ਹੈ। ਇਸ ਤਜਰਬੇ ਦੀ ਸਫਲਤਾ-ਅਸਲਫਤਾ ਦਾ ਨਿਰਧਾਰਨ ਭਵਿੱਖ ਕਰੇਗਾ ਪਰ ਇਸ ਵਿਚ ਦੋ-ਰਾਇ ਨਹੀਂ ਕਿ ਭਾਰਤ ਵਿਚ ਸਿਆਸਤ ਤੋਂ ਰਿਟਾਇਰ ਹੋਣ ਦੀ ਕੋਈ ਰਵਾਇਤ ਵਿਕਸਤ ਨਹੀਂ ਹੋ ਸਕੀ ਹੈ। ਇਹ ਰਵਾਇਤ ਵਿਕਸਤ ਹੋਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਹੀ ਰਾਜਨੀਤੀ ਵਿਚ ਤਬਦੀਲੀ ਦੀ ਪ੍ਰਕਿਰਿਆ ਤੇਜ਼ੀ ਨਾਲ ਅੱਗੇ ਵਧੇਗੀ ਅਤੇ ਇਸ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਭਾਰਤੀ ਸਿਆਸਤ ਵਿਚ ਬਦਲਾਅ ਅਤੇ ਸੁਧਾਰ ਦੀ ਜ਼ਰੂਰਤ ਹੈ।

Posted By: Jatinder Singh