-ਅਮਨਦੀਪ ਸਿੰਘ ਟੱਲੇਵਾਲੀਆ

ਏਡਜ਼ (AIDS) ਦਾ ਸ਼ਬਦੀ ਅਰਥ ਹੈ ਗ੍ਰਹਿਣ ਕੀਤੀ ਹੋਈ ਸਰੀਰਕ ਰੱਖਿਆ ਪ੍ਰਣਾਲੀ ਦੀ ਕਮਜ਼ੋਰੀ (Acquired immunodeficiency Syndrome)। ਇਹ ਰੋਗ ਐੱਚਆਈਵੀ ਵਾਇਰਸ (HIV Virus) ਰਾਹੀਂ ਹੁੰਦਾ ਹੈ। ਇਹ ਰੋਗ ਪਹਿਲੀ ਵਾਰ ਅਮਰੀਕਾ ਵਿਚ ਮਿਲਿਆ ਸੀ। ਹੌਲੀ-ਹੌਲੀ ਅਮਰੀਕਾ ਤੋਂ ਫੈਲਦਾ ਹੋਇਆ ਇਹ ਵਿਸ਼ਵ ਦੇ ਹੋਰਨਾਂ ਹਿੱਸਿਆਂ ਵਿਚ ਵੀ ਜਾ ਪਹੁੰਚਿਆ। ਹੁਣ ਭਾਰਤ ਵਿਚ ਹੀ ਨਹੀਂ, ਪੰਜਾਬ ਵਿਚ ਵੀ ਏਡਜ਼ ਦੇ ਰੋਗੀਆਂ ਦੀ ਗਿਣਤੀ ਹਜ਼ਾਰਾਂ ਵਿਚ ਹੈ।

ਸਰਕਾਰੀ ਅੰਕੜਿਆਂ ਦੇ ਮੁਕਾਬਲੇ ਏਡਜ਼ ਰੋਗ ਦੇ ਮਰੀਜ਼ਾਂ ਦੀ ਗਿਣਤੀ ਕਿਤੇ ਵਧੇਰੇ ਹੈ। ਅਜਿਹਾ ਇਸ ਲਈ ਕਿਉਂਕਿ ਏਡਜ਼ ਦੀ ਬਿਮਾਰੀ ਤੋਂ ਪੀੜਤ ਰੋਗੀ ਅਤੇ ਉਸ ਦੇ ਵਾਰਿਸ ਸ਼ਰਮ ਦੇ ਮਾਰੇ ਹੀ ਇਸ ਰੋਗ ਬਾਰੇ ਦੱਸਣ ਤੋਂ ਚੁੱਪ ਵੱਟੀ ਰੱਖਦੇ ਹਨ ਅਤੇ ਬਹੁਤ ਸਾਰੇ ਅਜਿਹੇ ਮਰੀਜ਼ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ, ਉਨ੍ਹਾਂ ਬਾਰੇ ਵੀ ਉਨ੍ਹਾਂ ਦੇ ਪਰਿਵਾਰ ਵਾਲੇ ਸਹੀ ਜਾਣਕਾਰੀ ਦੇਣ ਤੋਂ ਗੁਰੇਜ਼ ਕਰਦੇ ਹਨ ਅਤੇ ਕਈ ਵਾਰ ਏਡਜ਼ ਦੇ ਮਰੀਜ਼ ਨੂੰ ਕੈਂਸਰ ਦਾ ਮਰੀਜ਼ ਕਹਿ ਕੇ ਹੀ ਗੱਲ ਟਾਲ ਦਿੰਦੇ ਹਨ।

'ਏਡਜ਼' ਜਿੱਥੇ ਇਕ ਜਾਨਲੇਵਾ ਬਿਮਾਰੀ ਹੈ, ਉੱਥੇ ਹੀ ਇਹ ਇਕ ਸਮਾਜਿਕ ਸਮੱਸਿਆ ਵੀ ਹੈ। ਇਸ ਦੇ ਕਾਰਨਾਂ ਤੋਂ ਲੋਕ ਹੁਣ ਭਲੀਭਾਂਤ ਜਾਣੂ ਹਨ। ਇਸੇ ਕਰਕੇ 'ਏਡਜ਼' ਦਾ ਨਾਂ ਸੁਣ ਕੇ ਜਿੱਥੇ ਪੀੜਤ ਘਬਰਾ ਜਾਂਦਾ ਹੈ ਉੱਥੇ ਹੀ ਉਸ ਦੇ ਪਰਿਵਾਰ ਵਾਲਿਆਂ ਦੀ ਰੋਟੀ ਵੀ ਛੁੱਟ ਜਾਂਦੀ ਹੈ ਤੇ ਡਾਕਟਰਾਂ ਦੇ ਕਹਿਣ 'ਤੇ ਜਦੋਂ ਪੀੜਤ ਦੇ ਬੱਚਿਆਂ ਜਾਂ ਉਸ ਦੇ ਪਤੀ/ਪਤਨੀ ਦਾ ਖ਼ੂਨ ਟੈਸਟ ਕਰਵਾਉਣ ਦੀ ਗੱਲ ਕਹੀ ਜਾਂਦੀ ਹੈ ਤਾਂ ਇਹ ਇਕ ਬੜੀ ਵੱਡੀ ਸਮੱਸਿਆ ਬਣ ਜਾਂਦੀ ਹੈ।

ਸਵਾਲ ਇਹ ਹੈ ਕਿ ਏਡਜ਼ ਕਿਉਂ ਹੁੰਦੀ ਹੈ? ਏਡਜ਼ ਦਾ ਵਾਇਰਸ ਇਕ ਮਨੁੱਖ ਤੋਂ ਦੂਜੇ ਮਨੁੱਖ ਤਕ ਖ਼ੂਨ ਰਾਹੀਂ ਜਾਂ ਸੈਕਸ ਸਬੰਧਾਂ ਰਾਹੀਂ ਫੈਲਦਾ ਹੈ। ਬਿਨਾਂ ਜਾਂਚ ਕੀਤੇ ਖ਼ੂਨ ਚੜ੍ਹਾਏ ਜਾਣਾ, ਅਨਡਿਸਪੋਜ਼ਏਬਲ ਸੂਈਆਂ ਦੀ ਵਰਤੋਂ ਕਰਨਾ, ਨਸ਼ੇੜੀਆਂ ਵੱਲੋਂ ਜੋ ਇਕ-ਦੂਜੇ ਦੀਆਂ ਸਰਿੰਜਾਂ ਬਿਨਾਂ ਸਾਫ਼ ਕੀਤੇ ਵਰਤ ਲੈਣਾ, ਟੈਟੂ ਖੁਣਵਾਉਣ ਨਾਲ, ਬੱਸ ਅੱਡਿਆਂ ਜਾਂ ਰੇਲਵੇ ਸਟੇਸ਼ਨਾਂ 'ਤੇ ਬੈਠੇ ਅਨਾੜੀਆਂ ਕੋਲੋਂ ਕੰਨ ਸਾਫ਼ ਕਰਵਾਉਣ, ਸਮਲਿੰਗੀਆਂ ਵਿਚ ਜਾਂ ਇਕ ਤੋਂ ਵੱਧ ਵਿਅਕਤੀਆਂ ਨਾਲ ਸੈਕਸ ਸਬੰਧ ਬਣਾਉਣਾ ਸ਼ਾਮਲ ਹਨ। ਏਡਜ਼ ਦਾ ਵਾਇਰਸ ਬੜੀ ਤੇਜ਼ੀ ਨਾਲ ਸਰੀਰ 'ਤੇ ਹਮਲਾ ਕਰਦਾ ਹੈ।


ਜਦੋਂ ਇਕ ਵਾਰ ਇਹ ਵਾਇਰਸ ਸਰੀਰ ਅੰਦਰ ਦਾਖ਼ਲ ਹੋ ਗਿਆ ਤਾਂ ਸਮਝੋ ਕਿ ਮਾਮਲਾ ਗੜਬੜ ਹੈ। ਜਿਵੇਂ ਏਡਜ਼ ਨਾਂ ਤੋਂ ਹੀ ਅੰਦਾਜ਼ਾ ਲੱਗ ਜਾਂਦਾ ਹੈ ਕਿ ਇਹ ਵਾਇਰਸ ਸਰੀਰ ਦੀ ਰੱਖਿਆ ਪ੍ਰਣਾਲੀ ਨੂੰ ਖ਼ਤਮ ਕਰ ਦਿੰਦਾ ਹੈ, ਸਰੀਰ ਵਿਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਖ਼ਤਮ ਹੋ ਜਾਂਦੀ ਹੈ। ਇਸ ਦੇ ਸ਼ੁਰੂਆਤੀ ਲੱਛਣ ਬੁਖ਼ਾਰ ਜਾਂ ਪੇਟ ਦੀ ਖ਼ਰਾਬੀ ਹੁੰਦੇ ਹਨ। ਇਸ ਤੋਂ ਬਿਨਾਂ ਇਸ ਰੋਗ ਦੀਆਂ ਹੋਰ ਅਲਾਮਤਾਂ ਹਨ-ਵਾਰ-ਵਾਰ ਛਾਤੀ ਦਾ ਜਾਮ ਹੋਣਾ, ਭੁੱਖ ਘਟਣੀ, ਸਰੀਰ ਦਾ ਵਜ਼ਨ ਘਟਣਾ ਆਦਿ। ਰੋਗੀ ਸੁੱਕ ਕੇ ਤੀਲਾ ਹੋ ਜਾਂਦਾ ਹੈ।

ਜਿੱਥੇ ਏਡਜ਼ ਵਿਚ ਭੁੱਖ ਘੱਟ ਲੱਗਣ ਕਰਕੇ ਸਰੀਰ ਦੀ ਤਾਕਤ ਘੱਟ ਜਾਂਦੀ ਹੈ ਉੱਥੇ ਹੀ ਜਿਸ ਮਰੀਜ਼ ਨੂੰ ਪਤਾ ਹੁੰਦਾ ਹੈ ਕਿ ਉਸ ਨੂੰ ਏਡਜ਼ ਨੇ ਆਪਣੀ ਗ੍ਰਿਫ਼ਤ ਵਿਚ ਲੈ ਲਿਆ ਹੈ ਤਾਂ ਉਹ ਰੋਗੀ ਮਾਨਸਿਕ ਤੌਰ 'ਤੇ ਵੀ ਦਿਨੋ-ਦਿਨ ਕਮਜ਼ੋਰ ਹੁੰਦਾ ਜਾਂਦਾ ਹੈ ਕਿਉਂਕਿ ਉਹਦੇ ਮਨ ਅੰਦਰ ਡਰ ਪੈਦਾ ਹੋ ਜਾਂਦਾ ਹੈ ਕਿ ਇਸ ਬਿਮਾਰੀ ਦਾ ਤਾਂ ਹੱਲ ਹੈ ਹੀ ਨਹੀਂ। ਇਸ ਕਰਕੇ ਏਡਜ਼ ਦੇ ਰੋਗੀ ਨੂੰ ਮਨੋਬਲ ਦੀ ਵਧੇਰੇ ਜ਼ਰੂਰਤ ਹੁੰਦੀ ਹੈ।

ਏਡਜ਼ ਦਾ ਇਲਾਜ ਏਡਜ਼ ਦੀ ਤੀਬਰਤਾ 'ਤੇ ਨਿਰਭਰ ਕਰਦਾ ਹੈ। ਇਹ ਕਹਿਣਾ ਬਿਲਕੁਲ ਗ਼ਲਤ ਹੋਵੇਗਾ ਕਿ ਏਡਜ਼ ਦਾ ਮਤਲਬ ਸਿਰਫ਼ ਮੌਤ ਹੈ।

ਵਿਗਿਆਨੀਆਂ ਨੇ ਏਡਜ਼ ਉੱਪਰ ਵੀ ਕਾਬੂ ਪਾਉਣ ਦਾ ਯਤਨ ਕੀਤਾ ਹੈ। ਬੇਸ਼ੱਕ ਏਡਜ਼ ਦੇ ਵਾਇਰਸ ਨੂੰ ਖ਼ੂਨ 'ਚੋਂ ਨੈਗੇਟਿਵ ਕਰਨ ਵਾਲੀ ਦਵਾਈ ਬਾਰੇ ਤਾਂ ਹਾਲੇ ਅਟਕਲਾਂ ਹੀ ਹਨ ਪਰ ਏਡਜ਼ ਕਰਕੇ ਸਰੀਰ ਵਿਚ ਪੈਦਾ ਹੋਣ ਵਾਲੀਆਂ 'ਸੈਕੰਡਰੀ ਇਨਫੈਕਸ਼ਨਜ਼' ਨੂੰ ਦਵਾਈਆਂ ਦੀ ਵਰਤੋਂ ਨਾਲ ਰੋਕਿਆ ਜਾ ਸਕਦਾ ਹੈ। ਕਈ ਕੇਸਾਂ ਵਿਚ ਏਡਜ਼ ਦਾ ਵਾਇਰਸ ਸਾਈਲੈਂਟ ਰਹਿੰਦਾ ਹੈ। ਉਦਾਹਰਨ ਲਈ ਮੰਨ ਲਓ ਕਿ ਕਿਸੇ ਆਦਮੀ ਨੂੰ ਏਡਜ਼ ਹੋ ਗਈ, ਉਸ ਤੋਂ ਉਸ ਦੀ ਪਤਨੀ ਨੂੰ ਹੋ ਗਈ।

ਉਨ੍ਹਾਂ ਦੇ ਘਰ ਪੈਦਾ ਹੋਣ ਵਾਲੇ ਬੱਚਿਆਂ ਨੂੰ ਏਡਜ਼ ਹੋਣ ਦਾ 50-50 ਪ੍ਰਤੀਸ਼ਤ ਖ਼ਤਰਾ ਰਹਿੰਦਾ ਹੈ। ਜੇਕਰ ਉਨ੍ਹਾਂ ਦੇ ਬੱਚਿਆਂ ਵਿਚ ਏਡਜ਼ ਦਾ ਵਾਇਰਸ ਚਲਿਆ ਜਾਂਦਾ ਹੈ ਤਾਂ ਉਹ ਲੰਬੇ ਚਿਰ ਤਕ ਕੁਝ ਵੀ ਨਹੀਂ ਕਹਿੰਦਾ। ਜਿਸ ਆਦਮੀ ਨੂੰ ਇਹ ਰੋਗ ਲੱਗਦਾ ਹੈ, ਉਸ ਨੂੰ ਤਾਂ ਜ਼ਰੂਰ ਇਹ ਮਾਰ ਸਕਦਾ ਹੈ ਪਰ ਉਸ ਦੀ ਪਤਨੀ ਨੂੰ ਵੀ ਇਹ ਹੋ ਸਕਦਾ ਹੈ।

ਇਹ ਰੋਗ ਕਿਸ ਨੂੰ ਕਿੰਨਾ ਜਲਦੀ ਢਹਿ-ਢੇਰੀ ਕਰੇਗਾ, ਇਹ ਸਾਰੀ ਸਥਿਤੀ ਉਸ ਵਿਅਕਤੀ ਦੇ ਸਰੀਰ ਦੀ ਰੋਗ ਰੋਕੂ ਸ਼ਕਤੀ 'ਤੇ ਨਿਰਭਰ ਕਰਦੀ ਹੈ। ਕਈਆਂ ਦੀ ਰੱਖਿਆ ਪ੍ਰਣਾਲੀ ਜ਼ਿਆਦਾ ਮਜ਼ਬੂਤ ਹੁੰਦੀ ਹੈ, ਉਨ੍ਹਾਂ 'ਤੇ ਇਸ ਦਾ ਅਸਰ ਛੇਤੀ ਕੀਤਿਆਂ ਨਹੀਂ ਹੁੰਦਾ।

ਭਾਵੇਂ ਏਡਜ਼ ਦਾ ਪਹਿਲਾ ਰੋਗੀ ਅਮਰੀਕਾ ਵਿਚ 1980 ਵਿਚ ਮਿਲਿਆ ਸੀ ਅਤੇ ਉਸ ਤੋਂ ਪਿੱਛੋਂ ਏਡਜ਼ ਦੇ ਕਾਰਨਾਂ ਦੀ ਜਾਂਚ ਸ਼ੁਰੂ ਹੋਈ ਪਰ ਸਿੱਖ ਗੁਰੂ ਸਾਹਿਬਾਨ ਨੇ ਸਾਨੂੰ ਅੱਜ ਤੋਂ ਕਈ ਸੌ ਸਾਲ ਪਹਿਲਾਂ ਆਪਣੀ ਪਵਿੱਤਰ ਬਾਣੀ ਰਾਹੀਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਬਚਣ ਦੀ ਸਿੱਖਿਆ ਦਿੱਤੀ ਹੈ। ਏਡਜ਼ ਦੇ ਭਾਵੇਂ ਹੋਰ ਬਹੁਤ ਸਾਰੇ ਕਾਰਨ ਹਨ ਪਰ ਕਾਮ ਹੀ ਇਸ ਦਾ ਸਭ ਤੋਂ ਵੱਡਾ ਕਾਰਨ ਹੋ ਨਿੱਬੜਦਾ ਹੈ। ਗੁਰੂ ਨਾਨਕ ਸਾਹਿਬ ਨੇ ਮਨੁੱਖ ਨੂੰ ਸਮਝਾਉਂਦੇ ਹੋਏ ਲਿਖਿਆ ਹੈ ਕਿ ਹੇ ਮਨੁੱਖ, ਜਿਸ ਤਰ੍ਹਾਂ ਸੁਹਾਗਾ ਸੋਨੇ ਨੂੰ ਢਾਲ ਦਿੰਦਾ ਹੈ, ਉਸੇ ਤਰ੍ਹਾਂ ਕਾਮ ਅਤੇ ਕ੍ਰੋਧ ਇਹ ਸਾਡੇ ਸਰੀਰ ਨੂੰ ਗਾਲ ਦਿੰਦੇ ਹਨ।

ਕਾਮੁ ਕ੍ਰੋਧੁ ਕਾਇਆ ਕਉ ਗਾਲੈ, ਜਿਉ ਕੰਚਨ ਸੋਹਾਗਾ ਢਾਲੈ।।

ਇਸੇ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੀ ਪਰਾਈ ਇਸਤਰੀ ਦੇ ਸੰਗ ਨੂੰ ਸੱਪਾਂ ਦੇ ਸਾਥ ਦੀ ਤੁਲਨਾ ਦਿੰਦੇ ਹੋਏ ਫੁਰਮਾਇਆ ਹੈ,

ਜੈਸਾ ਸੰਗੁ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹੁ ਪਰ ਗ੍ਰਿਹੁ।।

ਭਗਤ ਨਾਮਦੇਵ ਜੀ ਨੇ ਵੀ ਬੜੇ ਸੁੰਦਰ ਸ਼ਬਦਾਂ ਵਿਚ ਇਨਸਾਨ ਨੂੰ ਪਰ-ਇਸਤਰੀ ਦੇ ਸੰਗ ਤੋਂ ਵਰਜਦਿਆਂ ਉਸ ਮਨੁੱਖ ਦੀ ਤੁਲਨਾ ਉਸ ਤੋਤੇ ਨਾਲ ਕੀਤੀ ਹੈ ਜੋ ਸਿੰਬਲ ਦੇ ਰੁੱਖ ਨੂੰ ਦੇਖ ਕੇ ਬੜਾ ਖ਼ੁਸ਼ ਹੁੰਦਾ ਹੈ ਪਰ ਤੋਤੇ ਨੂੰ ਸਿੰਬਲ ਰੁੱਖ ਤੋਂ ਹਾਸਲ ਕੁਝ ਵੀ ਨਹੀਂ ਹੁੰਦਾ। ਇਸੇ ਤਰ੍ਹਾਂ ਕਾਮੀ ਮਨੁੱਖ ਘਰ ਦੀ ਨਾਰ ਨੂੰ ਤਿਆਗ ਕੇ ਜਦੋਂ ਪਰਾਈ ਇਸਤਰੀ ਦਾ ਸੰਗ ਕਰਦਾ ਹੈ ਤਾਂ ਏਡਜ਼ ਵਰਗੀਆਂ ਬਿਮਾਰੀਆਂ ਜਨਮ ਲੈਂਦੀਆਂ ਹਨ।

ਘਰ ਕੀ ਨਾਰਿ ਤਿਆਗੈ ਅੰਧਾ, ਪਰ ਨਾਰੀ ਸਿਉ ਘਾਲੈ ਧੰਧਾ।।

ਜੈਸੇ ਸਿੰਬਲੁ ਦੇਖਿ ਸੂਆ ਬਿਗਸਾਨਾ, ਅੰਤ ਕੀ ਬਾਰ ਮੂਆ ਲਿਪਟਾਨਾ।।

ਸਵਾਲ ਇਹ ਹੈ ਕਿ ਏਡਜ਼ ਹੋਣ 'ਤੇ ਕੀਤਾ ਕੀ ਜਾਵੇ? ਜਦੋਂ ਕਿਸੇ ਔਰਤ/ਆਦਮੀ ਨੂੰ ਆਪਣੇ-ਆਪ ਨੂੰ ਏਡਜ਼ ਹੋਣ ਦਾ ਪਤਾ ਲੱਗਦਾ ਹੈ ਤਾਂ ਉਸ ਨੂੰ ਘਬਰਾਉਣਾ ਨਹੀਂ ਚਾਹੀਦਾ, ਸਗੋਂ ਚੰਗੇ ਡਾਕਟਰ ਦੀ ਸਲਾਹ ਨਾਲ ਉਸ ਦਾ ਇਲਾਜ ਕਰਵਾਉਣਾ ਚਾਹੀਦਾ ਹੈ। ਵੇਖਣ ਵਿਚ ਆਇਆ ਹੈ ਕਿ ਅਣਗਹਿਲੀ ਨਾਲ ਏਡਜ਼ ਦਾ ਸ਼ਿਕਾਰ ਹੋਏ ਮਰੀਜ਼ ਜਾਣਬੁੱਝ ਕੇ ਖ਼ਰੀਦੀ ਗਈ ਏਡਜ਼ ਦੇ ਮੁਕਾਬਲੇ ਜ਼ਿਆਦਾ ਵਧੀਆ ਜ਼ਿੰਦਗੀ ਬਤੀਤ ਕਰਦੇ ਹਨ। ਜਾਣਬੁੱਝ ਕੇ ਦਾ ਮਤਲਬ ਸੈਕਸ ਸਬੰਧਾਂ ਰਾਹੀਂ 'ਖ਼ਰੀਦੀ' ਏਡਜ਼ ਹੈ। ਖ਼ਰੀਦੀ ਸ਼ਬਦ ਇੱਥੇ ਤਾਂ ਵਰਤਿਆ ਹੈ ਕਿਉਂਕਿ ਇਹ ਬਿਮਾਰੀ ਮਨੁੱਖ ਖ਼ਰੀਦਦਾ ਹੈ ਤਾਂ ਹੀ ਇਸ ਦਾ ਨਾਮ acquired ਰੱਖਿਆ ਗਿਆ ਹੈ।

ਅਣਗਹਿਲੀ ਤੋਂ ਭਾਵ ਡਾਕਟਰਾਂ ਦੀ ਅਣਗਹਿਲੀ ਜਿਵੇਂ ਕਿ ਟੀਕਾ ਲਾਉਣ ਲੱਗਿਆਂ ਸਰਿੰਜ ਜਾਂ ਸੂਈਆਂ ਨੂੰ ਨਾ ਉਬਾਲਣਾ, ਆਪ੍ਰੇਸ਼ਨ ਵੇਲੇ ਔਜ਼ਾਰਾਂ ਨੂੰ ਚੰਗੀ ਤਰ੍ਹਾਂ ਸਟਰਲਾਈਜ਼ ਨਾ ਕਰਨਾ, ਬਿਨਾਂ ਜਾਂਚ ਕੀਤਿਆਂ ਖ਼ੂਨ ਚੜ੍ਹਾਉਣਾ ਆਦਿ। ਆਪਣੀ ਕੀਤੀ 'ਤੇ ਪਛਤਾਉਣ ਨਾਲੋਂ ਉਸ ਦੇ ਹੱਲ ਵੱਲ ਧਿਆਨ ਦੇਣਾ ਚਾਹੀਦਾ ਹੈ। ਵੱਖ-ਵੱਖ ਇਲਾਜ ਪੱਧਤੀਆਂ ਵਿਚ ਬਹੁਤ ਸਾਰੀਆਂ ਦਵਾਈਆਂ ਅਜਿਹੀਆਂ ਹਨ ਜਿਹੜੀਆਂ ਮਨੁੱਖੀ ਮਨ ਨੂੰ ਤਕੜਾ ਕਰਕੇ ਬਿਮਾਰੀ ਨਾਲ ਲੜਨ ਦੇ ਸਮਰੱਥ ਬਣਾਉਂਦੀਆਂ ਹਨ ਤੇ ਏਡਜ਼ ਦੇ ਰੋਗੀ ਨੂੰ ਕੁਝ ਆਸ ਦੀ ਕਿਰਨ ਦਿਖਾਉਂਦੀਆਂ ਹਨ।

ਏਡਜ਼ ਰੋਗ ਬਾਰੇ ਲੋਕਾਂ ਨੂੰ ਆਮ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਏਡਜ਼ ਦਾ ਰੋਗੀ ਇਕ ਤਾਂ ਸਰੀਰਕ ਅਤੇ ਮਾਨਸਿਕ ਤੌਰ 'ਤੇ ਪਰੇਸ਼ਾਨ ਹੁੰਦਾ ਹੈ, ਦੂਸਰਾ ਆਮ ਜਾਣਕਾਰੀ ਦੀ ਘਾਟ ਕਾਰਨ ਘਰਵਾਲੇ, ਰਿਸ਼ਤੇਦਾਰ, ਦੋਸਤ-ਮਿੱਤਰ ਉਸ ਨਾਲ ਘਿਰਣਾ ਕਰਨ ਲੱਗ ਜਾਂਦੇ ਹਨ। ਇਸ ਤਰ੍ਹਾਂ ਦੇ ਸਲੂਕ ਕਾਰਨ ਏਡਜ਼ ਦਾ ਰੋਗੀ ਛੇਤੀ ਮੌਤ ਦੇ ਮੂੰਹ ਜਾ ਪੈਂਦਾ ਹੈ। ਲੋਕ ਮਨਾਂ ਵਿਚ ਘਰ ਕਰ ਚੁੱਕੀਆਂ ਗੱਲਾਂ ਨੂੰ ਮਨ 'ਚੋਂ ਕੱਢਣਾ ਜ਼ਰੂਰੀ ਹੈ ਜਿਵੇਂਕਿ ਏਡਜ਼ ਦਾ ਰੋਗ ਨਾ ਤਾਂ ਕਿਸੇ ਨੂੰ ਹੱਥ ਲਾਉਣ ਨਾਲ ਫੈਲਦਾ ਹੈ ਅਤੇ ਨਾ ਹੀ ਸਾਹ ਦੁਆਰਾ ਜਾਂ ਕਿਸੇ ਏਡਜ਼ ਰੋਗੀ ਦੇ ਕੱਪੜੇ ਬਦਲਣ ਨਾਲ। ਇੱਥੋਂ ਤਕ ਕਿ ਜੇਕਰ ਏਡਜ਼ ਰੋਗੀ ਦੇ ਨਾਲ ਬਹਿ ਕੇ ਖਾਣਾ ਵੀ ਖਾ ਲਿਆ ਜਾਵੇ ਤਾਂ ਵੀ ਇਹ ਰੋਗ ਨਹੀਂ ਹੁੰਦਾ।

-ਮੋਬਾਈਲ ਨੰ. : 98146-99446

ਈਮੇਲ : tallewalia@gmail.com

Posted By: Jagjit Singh