-ਸੰਜੇ ਗੁਪਤ

ਜੰਮੂ-ਕਸ਼ਮੀਰ 'ਚ ਧਾਰਾ 370 ਹਟਾਉਣ ਪਿੱਛੋਂ ਪਾਕਿਸਤਾਨ ਜਿਸ ਤਰ੍ਹਾਂ ਬੌਖਲਾਇਆ ਤੇ ਅਮਰੀਕਾ ਨੂੰ ਦਖ਼ਲ ਦੇਣ ਲਈ ਤਰਲੇ ਪਾਉਣ ਲੱਗਿਆ, ਉਸ ਨੂੰ ਦੇਖਦਿਆਂ ਭਾਰਤ ਵੱਲੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਹ ਸੰਦੇਸ਼ ਦੇਣਾ ਜ਼ਰੂਰੀ ਸੀ ਕਿ ਕਸ਼ਮੀਰ ਭਾਰਤ ਦਾ ਅੰਦਰੂਨੀ ਮਾਮਲਾ ਹੈ ਤੇ ਭਾਰਤੀ ਸੰਸਦ ਕੋਲ ਇਸ ਧਾਰਾ ਨੂੰ ਹਟਾਉਣ ਦਾ ਅਧਿਕਾਰ ਸੀ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਅਮਰੀਕੀ ਯਾਤਰਾ ਦੌਰਾਨ ਇਸ ਉਦੇਸ਼ ਨੂੰ ਪੂਰਾ ਕਰਨ 'ਚ ਕਾਮਯਾਬ ਰਹੇ। ਇਸ ਦਾ ਸਬੂਤ ਉਦੋਂ ਮਿਲਿਆ ਜਦੋਂ ਉਨ੍ਹਾਂ ਨੇ ਹਿਊਸਟਨ 'ਚ ਹਾਊਡੀ ਮੋਦੀ ਰੈਲੀ 'ਚ ਟਰੰਪ ਸਾਹਮਣੇ ਜੰਮੂ-ਕਸ਼ਮੀਰ 'ਚੋਂ ਧਾਰਾ 370 ਹਟਾਉਣ ਨੂੰ ਭਾਰਤੀ ਸੰਸਦ ਦਾ ਫ਼ੈਸਲਾ ਦੱਸਿਆ। ਉਨ੍ਹਾਂ ਨੇ ਰੈਲੀ 'ਚ ਮੌਜੂਦ 50 ਹਜ਼ਾਰ ਤੋਂ ਜ਼ਿਆਦਾ ਲੋਕਾਂ ਕੋਲੋਂ ਧਾਰਾ 370 ਹਟਾਉਣ ਦੇ ਫ਼ੈਸਲੇ ਦੇ ਹਮਾਇਤੀ ਸੰਸਦ ਮੈਂਬਰਾਂ ਦਾ ਸਵਾਗਤ ਵੀ ਕਰਵਾਇਆ। ਇਸ ਰੈਲੀ ਦੀ ਖ਼ੂਬੀ ਇਹ ਰਹੀ ਕਿ ਅਮਰੀਕੀ ਰਾਸ਼ਟਰਪਤੀ ਨਾਲ ਕਈ ਅਮਰੀਕੀ ਸੈਨੇਟਰ ਵੀ ਇੱਥੇ ਹਾਜ਼ਰ ਹੋਏ। ਉਨ੍ਹਾਂ ਦੀ ਮੌਜੂਦਗੀ 'ਚ ਮੋਦੀ ਨੇ ਇਹ ਸਵਾਲ ਉਛਾਲਿਆ ਕਿ ਆਖ਼ਰ 9/11 ਅਤੇ 26/11 ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚਣ ਵਾਲੇ ਕਿੱਥੋਂ ਸਨ?

ਹਿਊਸਟਨ ਅਮਰੀਕਾ ਦੇ ਟੈਕਸਾਸ ਸੂਬੇ 'ਚ ਹੈ ਤੇ ਇਹ ਸੰਯੋਗ ਹੈ ਕਿ ਉਸ ਦਾ ਇਤਿਹਾਸ ਵੀ ਕਾਫੀ ਕੁਝ ਜੰਮੂ-ਕਸ਼ਮੀਰ ਜਿਹਾ ਹੈ। ਅਮਰੀਕੀ ਰਾਸ਼ਟਰਪਤੀ ਦਾ ਭਾਰਤੀ ਪ੍ਰਧਾਨ ਮੰਤਰੀ ਦੀ ਰੈਲੀ 'ਚ ਸ਼ਾਮਲ ਹੋ ਕੇ ਸੰਬੋਧਨ ਕਰਨਾ ਇਸ ਲਈ ਇਤਿਹਾਸਕ ਰਿਹਾ ਕਿਉਂਕਿ ਇਸ ਤੋਂ ਪਹਿਲਾਂ ਅਜਿਹਾ ਕਦੇ ਨਹੀਂ ਹੋਇਆ। ਇਸ ਰੈਲੀ 'ਚ ਟਰੰਪ ਨੇ ਕੱਟੜਪੰਥੀ ਇਸਲਾਮਿਕ ਅੱਤਵਾਦ ਨਾਲ ਲੜਨ ਦੀ ਗੱਲ ਕਰਦਿਆਂ ਸਰਹੱਦਾਂ ਦੀ ਰੱਖਿਆ ਨੂੰ ਲੈ ਕੇ ਇਹ ਵੀ ਕਿਹਾ ਕਿ ਭਾਰਤ ਨੂੰ ਆਪਣੀਆਂ ਸਰਹੱਦਾਂ ਦੀ ਰੱਖਿਆ ਲਈ ਹਰ ਸੰਭਵ ਕਦਮ ਚੁੱਕਣ ਦਾ ਅਧਿਕਾਰ ਹੈ।

ਅਮਰੀਕੀ ਰਾਸ਼ਟਰਪਤੀ ਨੇ ਹਿਊਸਟਨ 'ਚ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਰਪੂਰ ਸ਼ਲਾਘਾ ਕੀਤੀ ਪਰ ਨਿਊਯਾਰਕ 'ਚ ਉਹ ਭਾਰਤ-ਪਾਕਿ ਦਰਮਿਆਨ ਸੰਤੁਲਨ ਬਣਾਉਂਦੇ ਦਿਸੇ। ਉਨ੍ਹਾਂ ਨੇ ਦੋਵਾਂ ਦੇਸ਼ਾਂ ਦੀ ਲੀਡਰਸ਼ਿਪ ਨੂੰ ਆਪਣਾ ਮਿੱਤਰ ਦੱਸਦਿਆਂ ਕਸ਼ਮੀਰ ਦਾ ਹੱਲ ਕੱਢਣ ਦੀ ਅਪੀਲ ਕੀਤੀ। ਇਕ ਅਮਰੀਕੀ ਮੰਤਰੀ ਨੇ ਵੀ ਭਾਰਤ ਨੂੰ ਕਸ਼ਮੀਰ 'ਤੇ ਲੱਗੀਆਂ ਪਾਬੰਦੀਆਂ ਜਲਦ ਹਟਾਉਣ ਦੀ ਮੰਗ ਕੀਤੀ। ਅਜਿਹਾ ਲੱਗਦਾ ਹੈ ਕਿ ਅਫ਼ਗਾਨਿਸਤਾਨ ਤੇ ਈਰਾਨ ਦੇ ਹਾਲਾਤ ਨੂੰ ਦੇਖਦਿਆਂ ਅਮਰੀਕਾ ਨੇ ਪਾਕਿਸਤਾਨ ਨੂੰ ਸਾਧ ਕੇ ਰੱਖਣ ਦੀ ਨੀਤੀ ਅਪਣਾ ਰੱਖੀ ਹੈ। ਭਾਵੇਂ ਹੀ ਟਰੰਪ ਨੇ ਮੋਦੀ ਨੂੰ ਰਾਸ਼ਟਰਪਿਤਾ ਦਾ ਦਰਜਾ ਦਿੱਤਾ ਹੋਵੇ ਪਰ ਇਹ ਵੀ ਦਿਸ ਰਿਹਾ ਹੈ ਕਿ ਉਹ ਪਾਕਿਸਤਾਨ ਲਈ ਵੀ ਆਪਣੇ ਦਰਵਾਜ਼ੇ ਖੋਲ੍ਹੀ ਰੱਖਣਾ ਚਾਹੁੰਦੇ ਹਨ। ਜੰਮੂ-ਕਸ਼ਮੀਰ 'ਚੋਂ ਧਾਰਾ 370 ਹਟਾਉਣ ਤੋਂ ਬਾਅਦ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਹਰ ਮੰਚ 'ਤੇ ਭਾਰਤ ਖ਼ਿਲਾਫ਼ ਜ਼ਹਿਰ ਉਗਲਣ 'ਚ ਲੱਗੇ ਹੋਏ ਹਨ। ਉਨ੍ਹਾਂ ਨੇ ਇਹੋ ਕੰਮ ਅਮਰੀਕਾ 'ਚ ਵੀ ਕੀਤਾ। ਹਾਲਾਂਕਿ ਉਨ੍ਹਾਂ ਨੂੰ ਨਿਰਾਸ਼ਾ ਹੀ ਹੱਥ ਲੱਗੀ। ਅਮਰੀਕੀ ਰਾਸ਼ਟਰਪਤੀ ਨੇ ਸਾਫ਼ ਕਰ ਦਿੱਤਾ ਕਿ ਉਹ ਕਸ਼ਮੀਰ ਸਬੰਧੀ ਵਿਚੋਲਗੀ ਉਦੋਂ ਹੀ ਕਰ ਸਕਦੇ ਹਨ ਜਦੋਂ ਭਾਰਤ ਵੀ ਰਾਜ਼ੀ ਹੋਵੇ।

ਇਮਰਾਨ ਖ਼ਾਨ ਇਹ ਮੰਨਣ ਨੂੰ ਮਜਬੂਰ ਹੋਏ ਕਿ ਦੁਨੀਆ ਉਨ੍ਹਾਂ ਦੀ ਨਹੀਂ ਸੁਣ ਰਹੀ। ਇਹ ਆਲਮੀ ਮੰਚ 'ਤੇ ਭਾਰਤ ਦੀ ਵਧਦੀ ਧਾਕ ਦਾ ਹੀ ਸਬੂਤ ਹੈ। ਇਮਰਾਨ ਖ਼ਾਨ ਨੇ ਅਮਰੀਕਾ 'ਚ ਇਹ ਸਵੀਕਾਰ ਕਰ ਕੇ ਪਾਕਿਸਤਾਨ ਨੂੰ ਬੇਨਕਾਬ ਕਰਨ ਦਾ ਹੀ ਕੰਮ ਕੀਤਾ ਕਿ ਉਨ੍ਹਾਂ ਦੀ ਫ਼ੌਜ ਤੇ ਖੁਫ਼ੀਆ ਏਜੰਸੀ ਨੇ ਇਕ ਸਮੇਂ ਅਲਕਾਇਦਾ ਤੇ ਅਜਿਹੀਆਂ ਹੀ ਹੋਰ ਅੱਤਵਾਦੀ ਜਥੇਬੰਦੀਆਂ ਨੂੰ ਸਿਖਲਾਈ ਦੇਣ ਦਾ ਕੰਮ ਕੀਤਾ ਸੀ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਮਹਾਸਭਾ 'ਚ ਕਸ਼ਮੀਰ 'ਚ ਕਥਿਤ ਦਮਨ ਦਾ ਹਵਾਲਾ ਦਿੰਦਿਆਂ ਭਾਰਤ ਖ਼ਿਲਾਫ਼ ਨਾ ਸਿਰਫ਼ ਮਨਘੜਤ ਦੋਸ਼ ਲਾਏ ਸਗੋਂ ਪਰਮਾਣੂ ਹਮਲੇ ਦੀ ਧਮਕੀ ਵੀ ਦੇ ਦਿੱਤੀ। ਭਾਰਤ ਨੂੰ ਬਦਨਾਮ ਕਰਨ ਦੇ ਚੱਕਰ 'ਚ ਉਨ੍ਹਾਂ ਨੇ ਆਪਣੀ ਜਿਹਾਦੀ ਮਾਨਸਿਕਤਾ ਦਾ ਹੀ ਸਬੂਤ ਦਿੱਤਾ।

ਉਨ੍ਹਾਂ ਇਕ ਪਾਸੇ ਇਹ ਕਿਹਾ ਕਿ ਕੱਟੜਪੰਥੀ ਇਸਲਾਮ ਨਾਂ ਦੀ ਚੀਜ਼ ਕਿਤੇ ਹੈ ਹੀ ਨਹੀਂ ਤੇ ਦੂਜੇ ਪਾਸੇ ਇਹ ਵੀ ਬੋਲੇ ਕਿ ਪੱਛਮ ਦੇ ਰਵੱਈਏ ਕਾਰਨ ਆਮ ਮੁਸਲਿਮ ਕੱਟੜਪੰਥੀ ਹੋ ਰਹੇ ਹਨ। ਉਨ੍ਹਾਂ ਦੀ ਮੰਨੀਏ ਤਾਂ ਕਸ਼ਮੀਰ ਦੇ ਹਾਲਾਤ ਕਾਰਨ ਬਾਕੀ ਭਾਰਤ ਦੇ ਮੁਸਲਮਾਨ ਕੱਟੜਪੰਥੀ ਬਣ ਸਕਦੇ ਹਨ। ਉਨ੍ਹਾਂ ਨੇ ਪੁਲਵਾਮਾ ਜਿਹੀ ਘਟਨਾ ਫਿਰ ਹੋਣ ਦਾ ਖਦਸ਼ਾ ਪ੍ਰਗਟਾਉਂਦਿਆਂ ਇਹ ਵੀ ਕਹਿ ਦਿੱਤਾ ਕਿ ਕਸ਼ਮੀਰ 'ਚ ਜਦੋਂ ਕਰਫਿਊ ਹਟੇਗਾ ਤਾਂ ਇੱਥੇ ਧਮਾਕਾ ਹੋਵੇਗਾ। ਕੀ ਇਸ ਕਥਿਤ ਖਦਸ਼ੇ ਦਾ ਕਾਰਨ ਇਹ ਹੈ ਕਿ ਪਾਕਿਸਤਾਨ ਕਸ਼ਮੀਰ 'ਚ ਅੱਤਵਾਦ ਫੈਲਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ? ਧਿਆਨ ਰਹੇ ਕਿ ਫ਼ੌਜ ਮੁਖੀ ਵਿਪਨ ਰਾਵਤ ਨੇ ਕਿਹਾ ਹੈ ਕਿ ਪੰਜ ਸੌ ਤੋਂ ਜ਼ਿਆਦਾ ਅੱਤਵਾਦੀ ਕਸ਼ਮੀਰ 'ਚ ਘੁਸਪੈਠ ਲਈ ਤਿਆਰ ਹਨ। ਉਨ੍ਹਾਂ ਅਨੁਸਾਰ ਬਾਲਾਕੋਟ ਦਾ ਅੱਤਵਾਦੀ ਟਿਕਾਣਾ ਫਿਰ ਤੋਂ ਸਰਗਰਮ ਹੋ ਗਿਆ ਹੈ। ਇਹ ਚੰਗਾ ਹੋਇਆ ਕਿ ਇਮਰਾਨ ਦੇ ਜ਼ਹਿਰ ਉਗਲਦੇ ਭਾਸ਼ਣ ਦਾ ਭਾਰਤ ਨੇ ਕਰਾਰਾ ਜਵਾਬ ਦਿੱਤਾ।

ਜਦੋਂ ਇਹ ਮੰਨਿਆ ਜਾ ਰਿਹਾ ਹੈ ਕਿ ਮੋਦੀ ਦਾ ਅਮਰੀਕਾ ਦੌਰਾ ਬੇਹੱਦ ਸਫ਼ਲ ਰਿਹਾ ਤਾਂ ਕਾਂਗਰਸ ਨਾਂਹ-ਪੱਖੀ ਰਵੱਈਏ ਦਾ ਸਬੂਤ ਦੇ ਰਹੀ ਹੈ। ਉਸ ਨੇ ਹਾਊਡੀ ਮੋਦੀ ਦੀ ਆਲੋਚਨਾ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਸੀ। ਜਿੱਥੇ ਰਾਹੁਲ ਗਾਂਧੀ ਨੇ ਇਸ ਰੈਲੀ ਨੂੰ ਕਾਰਪੋਰੇਟ ਟੈਕਸ 'ਚ ਕਟੌਤੀ ਨਾਲ ਜੋੜਿਆ, ਉੱਥੇ ਹੀ ਆਨੰਦ ਸ਼ਰਮਾ ਨੇ ਇਹ ਨਤੀਜਾ ਕੱਢਿਆ ਕਿ ਮੋਦੀ ਨੇ ਟਰੰਪ ਦਾ ਚੋਣ ਪ੍ਰਚਾਰ ਕਰ ਕੇ ਵਿਦੇਸ਼ ਨੀਤੀ ਨੂੰ ਨੁਕਸਾਨ ਪਹੁੰਚਾਇਆ। ਇਸ ਤਰ੍ਹਾਂ ਦੀਆਂ ਟਿੱਪਣੀਆਂ ਕਾਂਗਰਸ ਦੀ ਨਾਂਹ-ਪੱਖੀ ਸੋਚ ਨੂੰ ਹੀ ਜ਼ਾਹਿਰ ਕਰਦੀਆਂ ਹਨ।

ਕਾਂਗਰਸ ਇਹ ਵੀ ਪ੍ਰਚਾਰ ਕਰ ਰਹੀ ਹੈ ਕਿ ਕਸ਼ਮੀਰ ਦੇ ਹਾਲਾਤ ਆਮ ਵਾਂਗ ਨਹੀਂ। ਇਹ ਤਾਂ ਉਹੋ ਕੰਮ ਹੈ, ਜੋ ਇਮਰਾਨ ਖ਼ਾਨ ਕਰ ਰਹੇ ਹਨ। ਧਾਰਾ 370 ਹਟਾਉਣ ਦਾ ਫ਼ੈਸਲਾ ਇਕ ਵੱਡਾ ਫ਼ੈਸਲਾ ਹੈ। ਇਸ ਫ਼ੈਸਲੇ ਤੋਂ ਬਾਅਦ ਕਸ਼ਮੀਰ 'ਚ ਕੁਝ ਅਜਿਹੇ ਪ੍ਰਬੰਧ ਕਰਨੇ ਜ਼ਰੂਰੀ ਸਨ ਤਾਂ ਕਿ ਉੱਥੇ ਹਾਲਾਤ ਵਿਗੜ ਨਾ ਜਾਣ। ਅਜਿਹੇ ਪ੍ਰਬੰਧ ਇਸ ਲਈ ਵੀ ਜ਼ਰੂਰੀ ਸਨ ਕਿਉਂਕਿ ਇਕ ਤਾਂ ਪਾਕਿਸਤਾਨ ਉੱਥੇ ਅੱਤਵਾਦ ਫੈਲਾਉਣ ਦੀ ਕੋਸ਼ਿਸ਼ 'ਚ ਹੈ ਤੇ ਦੂਜਾ, ਪੁਰਾਣੀ ਵਿਵਸਥਾ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਪਰੇਸ਼ਾਨੀ ਹੋ ਰਹੀ ਹੈ। ਖਦਸ਼ਾ ਹੈ ਕਿ ਉਹ ਮਾਹੌਲ ਖ਼ਰਾਬ ਕਰ ਸਕਦੇ ਹਨ। ਇਹ ਉਹੋ ਲੋਕ ਹਨ, ਜੋ ਧਾਰਾ 370 ਦੇ ਬਹਾਨੇ ਕਸ਼ਮੀਰ 'ਚ ਮਨਮਰਜ਼ੀ ਕਰਨ 'ਚ ਲੱਗੇ ਹੋਏ ਸਨ। ਕਾਂਗਰਸ ਉਨ੍ਹਾਂ ਨਾਲ ਹੀ ਖੜ੍ਹੇ ਹੋਣਾ ਪਸੰਦ ਕਰ ਰਹੀ ਹੈ। ਕਸ਼ਮੀਰ 'ਤੇ ਕਾਂਗਰਸ ਦੀ ਗ਼ੈਰ- ਜ਼ਰੂਰੀ ਬਿਆਨਬਾਜ਼ੀ ਨਾਲ ਦੇਸ਼ ਦਾ ਆਲਮੀ ਅਕਸ ਪ੍ਰਭਾਵਿਤ ਹੋਣ ਨਾਲ ਭਾਰਤ ਵੱਲੋਂ ਕੀਤੀਆਂ ਜਾ ਰਹੀਆਂ ਕੂਟਨੀਤਕ ਕੋਸ਼ਿਸ਼ਾਂ ਨੂੰ ਵੀ ਧੱਕਾ ਲੱਗ ਸਕਦਾ ਹੈ।

ਬਿਹਤਰ ਹੋਵੇਗਾ, ਕਾਂਗਰਸ ਇਹ ਦੇਖੇ ਕਿ ਉਸ ਦੇ ਸ਼ਾਸਨਕਾਲ 'ਚ ਕਸ਼ਮੀਰ ਦੇ ਹਾਲਾਤ ਕਿਵੇਂ ਰਹੇ ਤੇ ਪਾਕਿਸਤਾਨ ਨਾਲ ਕਿਸ ਤਰ੍ਹਾਂ ਨਜਿੱਠਿਆ ਗਿਆ? ਸਭ ਜਾਣਦੇ ਹਨ ਕਿ ਕਾਂਗਰਸ ਨੇ ਪਾਕਿਸਤਾਨ ਨਾਲ ਨਜਿੱਠਣ ਦੇ ਮਾਮਲੇ 'ਚ ਢਿੱਲੇ ਰਵੱਈਏ ਦਾ ਹੀ ਸਬੂਤ ਜ਼ਿਆਦਾ ਦਿੱਤਾ ਤੇ ਇਸ ਦਾ ਸਭ ਤੋਂ ਵੱਡਾ ਸਬੂਤ ਇਹ ਰਿਹਾ ਕਿ ਮੁੰਬਈ ਹਮਲੇ ਤੋਂ ਬਾਅਦ ਪਾਕਿਸਤਾਨ ਖ਼ਿਲਾਫ਼ ਕੁਝ ਨਹੀਂ ਕੀਤਾ ਗਿਆ।

ਕਾਂਗਰਸ ਸਰਕਾਰ ਸਿਰਫ਼ ਬਿਆਨਾਂ ਤਕ ਸੀਮਤ ਰਹੀ। ਉਸ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਕਾਰਗਿਲ ਸੰਘਰਸ਼ 'ਚ ਪਾਕਿਸਤਾਨ ਨੂੰ ਧੂੜ ਚਟਾਉਣ ਸਮੇਂ ਵੀ ਭਾਜਪਾ ਦੀ ਹੀ ਸਰਕਾਰ ਸੀ। ਮੋਦੀ ਸਰਕਾਰ ਨੇ ਵੀ ਪਹਿਲਾਂ ਪਾਕਿਸਤਾਨ 'ਚ ਸਰਜੀਕਲ ਸਟ੍ਰਾਈਕ ਕੀਤੀ ਤੇ ਫਿਰ ਏਅਰ ਸਟ੍ਰਾਈਕ।

ਵਿਡੰਬਨਾ ਇਹ ਰਹੀ ਕਿ ਕਾਂਗਰਸ ਨੇ ਇਨ੍ਹਾਂ ਦੋਵੇਂ ਫ਼ੌਜੀ ਕਾਰਵਾਈਆਂ ਦੇ ਸਬੂਤ ਮੰਗੇ। ਅਜਿਹਾ ਕਰ ਕੇ ਉਸ ਨੇ ਪਾਕਿਸਤਾਨ ਨੂੰ ਹੀ ਬਲ ਦਿੱਤਾ। ਅਜਿਹਾ ਲੱਗਦਾ ਹੈ ਕਿ ਕਸ਼ਮੀਰ 'ਤੇ ਭਾਜਪਾ ਦੀ ਹਮਲਾਵਰ ਨੀਤੀ ਤੋਂ ਪਰੇਸ਼ਾਨ ਕਾਂਗਰਸ ਆਪਣੀ ਸ਼ਰਮਿੰਦਗੀ ਮਿਟਾ ਰਹੀ ਹੈ। ਜੋ ਵੀ ਹੋਵੇ, ਹੁਣ ਤਕ ਦੇ ਅਨੁਭਵ ਇਹੋ ਦੱਸਦੇ ਹਨ ਕਿ ਜਿੱਥੇ ਭਾਜਪਾ ਰਾਸ਼ਟਰ ਵਿਰੋਧੀ ਤਾਕਤਾਂ ਦੇ ਪਲਟਵਾਰ ਲਈ ਤਤਪਰ ਰਹਿੰਦੀ ਹੈ, ਉੱਥੇ ਹੀ ਕਾਂਗਰਸ ਪਾਕਿਸਤਾਨ ਪ੍ਰਤੀ ਗੋਲ-ਮੋਲ ਰਵੱਈਆ ਅਪਣਾਉਂਦੀ ਹੈ। ਘੱਟੋ-ਘੱਟ ਹੁਣ ਤਾਂ ਉਸ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਸ ਦੀ ਰਾਜਨੀਤੀ ਰਾਸ਼ਟਰੀ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੀ ਨਾ ਸਾਬਤ ਹੋਵੇ।

-(ਲੇਖਕ ਦੈਨਿਕ ਜਾਗਰਣ ਦੇ ਮੁੱਖ ਸੰਪਾਦਕ ਹਨ।)

Posted By: Jagjit Singh