-ਡਾ. ਚਰਨਜੀਤ ਸਿੰਘ ਗੁਮਟਾਲਾ

ਸਾਰਾ ਵਿਸ਼ਵ ਇਸ ਸਮੇਂ ਹਵਾ ਪ੍ਰਦੂਸ਼ਣ ਨਾਲ ਜੂਝ ਰਿਹਾ ਹੈ। ਭਾਰਤ ਇਸ ਵਿਚ ਮੋਹਰੀ ਹੈ ਕਿਉਂਕਿ ਸੰਸਾਰ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ 'ਚੋਂ ਦੋ ਤਿਹਾਈ ਭਾਰਤ ਦੇ ਹਨ। ਦੁਨੀਆ ਦੇ ਸਭ ਤੋਂ ਵੱਧ 30 ਪ੍ਰਦੂਸ਼ਿਤ ਸ਼ਹਿਰਾਂ 'ਚੋਂ 21 ਭਾਰਤ ਦੇ ਹਨ। ਜੇ ਪਹਿਲੇ 20 ਪ੍ਰਦੂਸ਼ਿਤ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਵੀ 14 ਭਾਰਤ ਦੇ ਹਨ। ਜੇ ਪਹਿਲੇ 10 ਸ਼ਹਿਰਾਂ ਨੂੰ ਲੈ ਲਈਏ ਤਾਂ ਵੀ ਇਨ੍ਹਾਂ 'ਚੋਂ 6 ਸ਼ਹਿਰ ਭਾਰਤ ਦੇ ਹਨ।

ਵੈਸੇ ਸਭ ਤੋਂ ਵੱਧ ਪ੍ਰਦੂਸ਼ਿਤ ਦੇਸ਼ਾਂ ਵਿਚ ਬੰਗਲਾਦੇਸ਼ ਪਹਿਲੇ ਸਥਾਨ 'ਤੇ ਹੈ ਜਿਸ ਦੀ ਆਬਾਦੀ 16.6 ਕਰੋੜ ਹੈ। ਪਾਕਿਸਤਾਨ ਜਿਸ ਦੀ ਆਬਾਦੀ 20.1 ਕਰੋੜ ਹੈ, ਦੂਜੇ ਸਥਾਨ 'ਤੇ ਹੈ। ਮੰਗੋਲੀਆ ਜਿਸ ਦੀ ਆਬਾਦੀ 30 ਲੱਖ ਹੈ ਉਹ ਤੀਸਰੇ ਸਥਾਨ 'ਤੇ ਹੈ। ਅਫ਼ਗਾਨਿਸਤਾਨ ਜਿਸ ਦੀ ਆਬਾਦੀ 3.6 ਕਰੋੜ ਹੈ ਉਹ ਚੌਥੇ ਨੰਬਰ 'ਤੇ ਹੈ। ਇਕ ਅਰਬ 35 ਕਰੋੜ 40 ਲੱਖ ਦੀ ਆਬਾਦੀ ਵਾਲੇ ਭਾਰਤ ਦਾ ਪੰਜਵਾਂ ਸਥਾਨ ਹੈ।

ਜਿੱਥੋਂ ਤਕ 2019 ਦੇ ਸਭ ਤੋਂ ਵੱਧ ਪ੍ਰਦੂਸ਼ਿਤ 10 ਸ਼ਹਿਰਾਂ ਦਾ ਸਬੰਧ ਹੈ, ਉਨ੍ਹਾਂ ਵਿਚ ਭਾਰਤ ਦੇ 6 ਸ਼ਹਿਰ ਗਾਜ਼ੀਆਬਾਦ ਪਹਿਲੇ ਸਥਾਨ 'ਤੇ, ਦਿੱਲੀ 5ਵੇਂ ਸਥਾਨ 'ਤੇ, ਨੋਇਡਾ 6ਵੇਂ, ਗੁੜਗਾਉਂ 7ਵੇਂ, ਗ੍ਰੇਟਰ ਨੋਇਡਾ 9ਵੇਂ ਅਤੇ ਬੰਧਵਾੜੀ 10ਵੇਂ ਸਥਾਨ 'ਤੇ ਹੈ। ਇਸ ਸੂਚੀ ਵਿਚ ਚੀਨ ਦਾ ਹੋਤਨ ਸ਼ਹਿਰ ਦੂਜੇ ਸਥਾਨ 'ਤੇ, ਪਾਕਿਸਤਾਨ ਦਾ ਗੁਜਰਾਂਵਾਲਾ ਤੀਜੇ ਸਥਾਨ 'ਤੇ ਅਤੇ ਪਾਕਿਸਤਾਨ ਦਾ ਫੈਸਲਾਬਾਦ ਚੌਥੇ ਸਥਾਨ 'ਤੇ ਹੈ।

ਪ੍ਰਦੂਸ਼ਿਤ ਸ਼ਹਿਰਾਂ ਦੀ ਦਰਜਾਬੰਦੀ ਕਰਨ ਵਾਲੀ ਸੰਸਥਾ ਆਈ ਕਿਊ ਏਅਰ ਦੇ ਸੀਈਓ ਫਰੈਂਕ ਹੈਮਸ ਅਨੁਸਾਰ ਦੁਨੀਆ ਦੀ 90% ਆਬਾਦੀ ਅਣ-ਸੁਰੱਖਿਅਤ (ਅਨਸੇਫ) ਹਵਾ ਵਿਚ ਸਾਹ ਲੈ ਰਹੀ ਹੈ। ਗਰੀਨ ਪੀਸ ਸੰਸਥਾ ਅਨੁਸਾਰ ਪਥਰਾਟ ਬਾਲਣ ਜਿਸ ਵਿਚ ਪ੍ਰਮੁੱਖ ਕੋਲਾ, ਤੇਲ ਅਤੇ ਗੈਸ ਆਉਂਦੇ ਹਨ, ਦੇ ਬਾਲਣ ਨਾਲ ਅੰਦਾਜ਼ਨ ਹਰ ਸਾਲ ਦੁਨੀਆ ਵਿਚ 45 ਲੱਖ ਮੌਤਾਂ ਸਮੇਂ ਤੋਂ ਪਹਿਲਾਂ ਹੋ ਰਹੀਆਂ ਹਨ ਅਤੇ 29 ਅਰਬ ਡਾਲਰ ਦਾ ਨੁਕਸਾਨ ਹੋ ਰਿਹਾ ਹੈ। ਇਸ ਕਾਰਨ ਬੜੀਆਂ ਖ਼ਤਰਨਾਕ (ਕਰੋਨਿਕ) ਬਿਮਾਰੀਆਂ ਹੋ ਰਹੀਆਂ ਹਨ। ਬਿਮਾਰ ਹੋਣ 'ਤੇ ਅਰਬਾਂ ਦਿਹਾੜੀਆਂ ਦਾ ਨੁਕਸਾਨ ਹੋ ਰਿਹਾ ਹੈ ਜਿਸ ਦੀ ਕੀਮਤ 8 ਅਰਬ ਅਮਰੀਕੀ ਡਾਲਰ ਰੋਜ਼ਾਨਾ ਹੈ। ਕੋਲਾ, ਤੇਲ ਅਤੇ ਗੱਡੀਆਂ ਦੁਆਰਾ ਪੈਦਾ ਹੋਣ ਵਾਲਾ ਪ੍ਰਦੂਸ਼ਣ ਸਾਡੀ ਸਿਹਤ ਨਾਲ ਖਿਲਵਾੜ ਕਰ ਰਿਹਾ ਹੈ। ਚੀਨ, ਉੱਤਰੀ ਅਮਰੀਕਾ ਅਤੇ ਭਾਰਤ ਹਵਾ ਪ੍ਰਦੂਸ਼ਣ ਦੀ ਭਾਰੀ ਕੀਮਤ ਚੁਕਾ ਰਹੇ ਹਨ। ਵਿਸ਼ਵ ਸਿਹਤ ਸੰਗਠਨ ਦੀ 2016 ਦੀ ਰਿਪੋਰਟ ਅਨੁਸਾਰ ਭਾਰਤ ਵਿਚ ਪ੍ਰਦੂਸ਼ਣ ਕਾਰਨ 1 ਲੱਖ ਬੱਚੇ 5 ਸਾਲ ਤੋਂ ਘੱਟ ਉਮਰ ਵਿਚ ਮਰ ਜਾਂਦੇ ਹਨ। ਇਸੇ ਤਰ੍ਹਾਂ 20 ਲੱਖ ਬੱਚੇ ਹਰ ਸਾਲ ਸਮੇਂ ਤੋਂ ਪਹਿਲਾਂ ਪੈਦਾ ਹੁੰਦੇ ਹਨ।

ਨਾਈਟ੍ਰੋਜਨ ਡਾਈਆਕਸਾਈਡ ਨਾਲ 5 ਲੱਖ ਲੋਕਾਂ ਦੀ ਮੌਤ ਹੁੰਦੀ ਹੈ ਅਤੇ 335 ਅਰਬ ਡਾਲਰ ਦਾ ਨੁਕਸਾਨ ਹਰ ਸਾਲ ਹੁੰਦਾ ਹੈ। ਚਾਲੀ ਲੱਖ ਬੱਚਿਆਂ ਦੇ ਦਮੇ ਦੇ ਨਵੇਂ ਮਾਮਲੇ ਹਰ ਸਾਲ ਸਾਹਮਣੇ ਆਉਂਦੇ ਹਨ। ਹਵਾ ਵਿਚਲੇ ਪ੍ਰਦੂਸ਼ਣ ਕਣਾਂ ਕਰ ਕੇ 30 ਲੱਖ ਮੌਤਾਂ ਸਮੇਂ ਤੋਂ ਪਹਿਲਾਂ ਹੁੰਦੀਆਂ ਹਨ ਅਤੇ 379 ਅਰਬ ਡਾਲਰ ਦਾ ਨੁਕਸਾਨ ਹੁੰਦਾ ਹੈ। ਇਨ੍ਹਾਂ ਕਣਾਂ ਕਾਰਨ 27 ਲੱਖ ਦਮੇ ਦੇ ਮਰੀਜ਼ਾਂ ਨੂੰ ਹੰਗਾਮੀ ਹਾਲਤ ਵਿਚ ਹਸਪਤਾਲ ਵਿਚ ਜਾਣਾ ਪੈਂਦਾ ਹੈ। ਸਮੁੱਚੇ ਪ੍ਰਦੂਸ਼ਣ ਕਾਰਨ 45 ਲੱਖ ਮੌਤਾਂ ਸਮੇਂ ਤੋਂ ਪਹਿਲਾਂ ਹੁੰਦੀਆਂ ਹਨ।

ਭਾਰਤ ਵਿਚ 51% ਪ੍ਰਦੂਸ਼ਣ ਕਾਰਖਾਨਿਆਂ ਕਾਰਨ ਹੈ, 27% ਮੋਟਰ-ਗੱਡੀਆਂ ਕਰ ਕੇ, 17% ਫ਼ਸਲਾਂ ਸਾੜਨ ਕਰ ਕੇ ਅਤੇ 5% ਦੀਵਾਲੀ ਕਾਰਨ ਹੈ। ਹਵਾ ਪ੍ਰਦੂਸ਼ਣ ਕਾਰਨ ਚਮੜੀ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਹੋ ਰਹੀਆਂ ਹਨ। ਸਾਹ ਦੀਆਂ ਬਿਮਾਰੀਆਂ ਜਿਨ੍ਹਾਂ ਵਿਚ ਫੇਫੜਿਆਂ ਦੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਵੀ ਸ਼ਾਮਲ ਹੈ, ਹੋ ਰਹੀਆਂ ਹਨ। ਦਿਲ ਦੀਆਂ ਬਿਮਾਰੀਆਂ ਹੋ ਰਹੀਆਂ ਹਨ ਜਿਨ੍ਹਾਂ ਵਿਚ ਦਿਲ ਦਾ ਦੌਰਾ ਪੈਣਾ ਵੀ ਸ਼ਾਮਲ ਹੈ।

ਹਵਾ ਪ੍ਰਦੂਸ਼ਣ ਦੀ ਮਾਰ ਇਤਿਹਾਸਕ ਸਮਾਰਕਾਂ 'ਤੇ ਵੀ ਪੈ ਰਹੀ ਹੈ। ਹਵਾ ਵਿਚਲੀ ਸਲਫਰ ਡਾਈਆਕਸਾਈਡ, ਨਾਈਟ੍ਰੋਜਨ ਡਾਈਆਕਸਾਈਡ ਤੇ ਕਾਰਬਨ ਡਾਈਆਕਸਾਈਡ ਪਾਣੀ ਨਾਲ ਮਿਲ ਕੇ ਤੇਜ਼ਾਬ ਬਣਾਉਂਦੀਆਂ ਹਨ ਜੋ ਸੰਗਮਰਮਰ ਅਤੇ ਹੋਰ ਇਮਾਰਤੀ ਸਾਮਾਨ ਲਈ ਨੁਕਸਾਨਦੇਹ ਹੈ। ਦਿੱਲੀ ਦਾ ਲਾਲ ਕਿਲ੍ਹਾ, ਲੋਟਸ ਟੈਂਪਲ ਤੇ ਕੁਤਬ ਮੀਨਾਰ ਹਵਾ ਪ੍ਰਦੂਸ਼ਣ ਦੀ ਮਾਰ ਹੇਠ ਹਨ। ਇਹੋ ਸਥਿਤੀ ਆਗਰੇ ਦੇ ਤਾਜ ਮਹੱਲ ਅਤੇ ਅੰਮ੍ਰਿਤਸਰ ਵਿਚ ਸ੍ਰੀ ਦਰਬਾਰ ਸਾਹਿਬ ਤੇ ਹੋਰ ਇਤਿਹਾਸਕ ਇਮਾਰਤਾਂ ਦੀ ਹੈ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀਤਾ ਕੀ ਜਾਵੇ? ਜੈਨੇਵਾ ਵਿਚ ਹੋਏ ਪਹਿਲੇ ਵਿਸ਼ਵ ਹਵਾ ਪ੍ਰਦੂਸ਼ਣ ਤੇ ਸਿਹਤ ਸੰਮੇਲਨ ਵਿਚ ਦੁਨੀਆ ਭਰ ਦੇ ਮਾਹਰਾਂ ਅਤੇ ਸਰਕਾਰੀ ਅਧਿਕਾਰੀਆਂ ਨੇ ਹਵਾ ਦੀ ਵਿਸ਼ਵ ਮਹਾਮਾਰੀ ਤੋਂ ਸੰਸਾਰ ਨੂੰ ਬਚਾਉਣ ਲਈ ਵਿਗਿਆਨਕ ਨੁਕਤਿਆਂ ਨਾਲ 25 ਉਪਾਅ ਸੁਝਾਏ ਹਨ। ਇਹ 150 ਸਫ਼ਿਆਂ ਦੀ ਰਿਪੋਰਟ ਹੈ। ਇਸ ਵਿਚ ਹਵਾ ਦੇ ਪ੍ਰਦੂਸ਼ਣ ਨੂੰ ਘਟਾਉਣ ਲਈ ਲੋਹੇ ਅਤੇ ਸਟੀਲ ਪਲਾਂਟਾਂ, ਸੀਮੈਂਟ ਫੈਕਟਰੀਆਂ, ਕੱਚ ਤੇ ਰਸਾਇਣਕ ਉਦਯੋਗ ਆਦਿ ਲਈ ਆਧੁਨਿਕ ਤਕਨੀਕਾਂ ਅਪਨਾਉਣ ਦਾ ਸੁਝਾਅ ਦਿੱਤਾ ਗਿਆ ਹੈ। ਹਲਕੀਆਂ ਤੇ ਭਾਰੀ ਮੋਟਰ-ਗੱਡੀਆਂ ਲਈ ਧੂੰਏਂ ਦੇ ਮਾਪਢੰਡ ਦਾ ਮਿਆਰ ਵਧਾਉਣ ਦਾ ਸੁਝਾਅ ਦਿੱਤਾ ਗਿਆ ਹੈ। ਉਸਾਰੀਆਂ ਸਮੇਂ ਪੈਦਾ ਹੁੰਦਾ ਮਿੱਟੀ-ਘੱਟਾ ਘੱਟ ਕਰਨ, ਸੜਕਾਂ ਦਾ ਘੱਟਾ ਘੱਟ ਕਰਨ ਤੇ ਹਰਿਆ-ਭਰਿਆ ਖੇਤਰ ਵਧਾਉਣ ਦਾ ਸੁਝਾਅ ਦਿੱਤਾ ਗਿਆ ਹੈ।

ਆਵਾਜਾਈ ਦੇ ਸਾਧਨ ਪ੍ਰਦੂਸ਼ਣ ਰਹਿਤ ਹੋਣ ਅਤੇ ਨਵਿਆਉਣਯੋਗ ਊਰਜਾ 'ਤੇ ਜ਼ੋਰ ਦੇਣਾ ਚਾਹੀਦਾ ਹੈ। ਜਨਤਕ ਟਰਾਂਸਪੋਰਟ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਕਾਰਾਂ ਦੇ ਡੀਜ਼ਲ ਤੇ ਪੈਟਰੋਲ ਹਵਾ ਨੂੰ ਪ੍ਰਦੂਸ਼ਿਤ ਕਰਦੇ ਹਨ। ਇਨ੍ਹਾਂ ਦੀ ਵਰਤੋਂ ਹੌਲੀ-ਹੌਲੀ ਬੰਦ ਕਰ ਕੇ ਬੈਟਰੀ ਵਾਲੀਆਂ ਕਾਰਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਸਾਈਕਲਾਂ ਦੀ ਵਰਤੋਂ ਅਤੇ ਪੈਦਲ ਚੱਲਣ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਤਾਂ ਜੋ ਵੱਖ-ਵੱਖ ਸਰੀਰਕ ਤੇ ਮਾਨਸਿਕ ਬਿਮਾਰੀਆਂ ਤੋਂ ਛੁਟਕਾਰਾ ਮਿਲ ਸਕੇ। ਕੁਝ ਦਿਨ ਕਾਰਾਂ ਦੀ ਵਰਤੋਂ ਬੰਦ ਕਰਨ ਦੇ ਨਾਲ ਭੀੜ-ਭੜੱਕਾ ਵੀ ਘਟੇਗਾ ਅਤੇ ਪ੍ਰਦੂਸ਼ਣ ਵੀ। ਹਵਾ ਪ੍ਰਦੂਸ਼ਣ ਤੋਂ ਬਚਾਅ ਲਈ ਵੱਧ ਤੋਂ ਵੱਧ ਪੌਦੇ ਲਾਉਣੇ ਚਾਹੀਦੇ ਹਨ। ਡੀਜ਼ਲ ਤੇ ਪੈਟਰੋਲ ਵਿਚ ਮਿਲਾਵਟ ਹੋਣ ਕਾਰਨ ਵਾਹਨ ਧੂੰਆਂ ਜ਼ਿਆਦਾ ਛੱਡਦੇ ਹਨ। ਇਸ ਲਈ ਮਿਲਾਵਟਖੋਰੀ ਨੂੰ ਰੋਕਣਾ ਚਾਹੀਦਾ ਹੈ।

ਬਿਜਲੀ ਪੈਦਾ ਕਰਨ ਲਈ ਸੋਲਰ, ਹਵਾ (ਵਿੰਡ) ਤੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਘਰਾਂ ਤੇ ਹੋਰ ਇਮਾਰਤਾਂ ਦੀਆਂ ਛੱਤਾਂ 'ਤੇ ਸੋਲਰ ਉਪਕਰਨ ਲਾ ਕੇ ਬਿਜਲੀ ਪੈਦਾ ਕਰਨੀ ਚਾਹੀਦੀ ਹੈ। ਬੈਟਰੀ ਨਾਲ ਚੱਲਣ ਵਾਲੀਆਂ ਕਾਰਾਂ, ਥ੍ਰੀ-ਵ੍ਹੀਲਰਾਂ ਆਦਿ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਘਰਾਂ ਦਾ ਕੂੜਾ-ਕਰਕਟ ਇਕੱਠਾ ਕਰ ਕੇ ਉਸ ਦਾ ਨਿਪਟਾਰਾ ਆਧੁਨਿਕ ਤਰੀਕੇ ਨਾਲ ਕਰਨਾ ਚਾਹੀਦਾ ਹੈ। ਜਨਤਕ ਟਰਾਂਸਪੋਰਟ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਪ੍ਰਦੂਸ਼ਣ ਕੰਟਰੋਲ ਲਈ ਬਣੇ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕਰਨਾ ਚਾਹੀਦਾ ਹੈ।

ਜਿੱਥੋਂ ਤਕ ਪੰਜਾਬ ਦਾ ਸਬੰਧ ਹੈ, ਇੱਥੇ ਕਣਕ ਅਤੇ ਝੋਨੇ ਦੇ ਵੱਢਾਂ ਨੂੰ ਅੱਗ ਲਾਈ ਜਾਂਦੀ ਹੈ। ਥ੍ਰੀ-ਵ੍ਹੀਲਰਾਂ ਤੇ ਡੀਜ਼ਲ ਦੀਆਂ ਹੋਰ ਮੋਟਰ-ਗੱਡੀਆਂ ਕਾਰਨ ਪ੍ਰਦੂਸ਼ਣ ਬਹੁਤ ਜ਼ਿਆਦਾ ਹੈ। ਸਕੀਮਾਂ ਬਣਦੀਆਂ ਹਨ ਪਰ ਉਨ੍ਹਾਂ ਨੂੰ ਲਾਗੂ ਨਹੀਂ ਕੀਤਾ ਜਾਂਦਾ। ਨਗਰ ਨਿਗਮ ਵਾਲੇ ਬੂਟਿਆਂ ਦੀ ਰਹਿੰਦ-ਖੂੰਹਦ ਤੇ ਕੂੜੇ-ਕਰਕਟ ਨੂੰ ਅੱਗ ਲਾ ਕੇ ਹਵਾ ਪ੍ਰਦੂਸ਼ਣ ਵਧਾ ਕਰ ਰਹੇ ਹਨ।

ਅਸੀਂ ਹਵਾ ਪ੍ਰਦੂਸ਼ਣ ਸਬੰਧੀ ਕਿੰਨੇ ਲਾਪਰਵਾਹ ਹਾਂ? ਇਸ ਦਾ ਅੰਦਾਜ਼ਾ ਸੁਪਰੀਮ ਕੋਰਟ ਵੱਲੋਂ 5 ਨਵੰਬਰ 2019 ਨੂੰ ਦਿੱਤੇ ਫ਼ੈਸਲੇ ਤੋਂ ਲੱਗਦਾ ਹੈ। ਦਿੱਲੀ ਜੋ ਕਿ ਦੇਸ਼ ਦੀ ਰਾਜਧਾਨੀ ਹੈ ਅਤੇ ਜਿੱਥੇ ਸਾਰੇ ਮੁਲਕਾਂ ਦੀਆਂ ਅੰਬੈਸੀਆਂ ਹਨ, ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਦੀ ਰਿਹਾਇਸ਼ ਹੈ ਅਤੇ ਸੁਪਰੀਮ ਕੋਰਟ ਹੈ, ਉਸ ਦੇ ਕਈ ਇਲਾਕਿਆਂ ਵਿਚ ਹਵਾ ਦੀ ਗੁਣਵੱਤਾ ਦਾ ਇੰਡੈਕਸ 1000 ਤੋਂ ਪਾਰ ਹੋ ਗਿਆ ਸੀ ਜੋ ਬੇਹੱਦ ਖ਼ਤਰਨਾਕ ਹਾਲਾਤ ਵੱਲ ਇਸ਼ਾਰਾ ਕਰਦਾ ਹੈ। ਜਸਟਿਸ ਅਰੁਣ ਮਿਸ਼ਰਾ ਦੀ ਅਗਵਾਈ ਵਾਲੀ ਸੁਪਰੀਮ ਕੋਰਟ ਦੀ ਬੈਂਚ ਨੇ ਇਕ ਪਟੀਸ਼ਨ ਦੀ ਸੁਣਵਾਈ ਦੌਰਾਨ ਮੌਜੂਦਾ ਹਾਲਾਤ 'ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਸੀ, ''ਇਸ ਸ਼ਹਿਰ 'ਚ ਜਿਊਣ ਲਈ ਕੋਈ ਕੋਨਾ ਸੁਰੱਖਿਅਤ ਨਹੀਂ ਬਚਿਆ, ਇੱਥੋਂ ਤਕ ਕਿ ਘਰ 'ਚ ਵੀ ਨਹੀਂ। ਅਸੀਂ ਆਪਣੀ ਜ਼ਿੰਦਗੀ ਦੇ ਕੀਮਤੀ ਸਾਲ ਗੁਆ ਰਹੇ ਹਾਂ।” ਅਦਾਲਤ ਨੇ ਕਿਹਾ, ''ਹਾਲਾਤ ਗੰਭੀਰ ਹਨ। ਕੇਂਦਰ ਅਤੇ ਦਿੱਲੀ ਸਰਕਾਰ ਵਜੋਂ ਤੁਸੀਂ ਕੀ ਕਰਨਾ ਚਾਹੁੰਦੇ ਹੋ, ਪ੍ਰਦੂਸ਼ਣ ਘਟਾਉਣ ਲਈ ਕਿਹੜੇ ਕਦਮ ਚੁੱਕੋਗੇ? ਲੋਕ ਮਰ ਰਹੇ ਹਨ। ਕੀ ਉਹ ਇੱਦਾਂ ਹੀ ਮਰਦੇ ਰਹਿਣਗੇ?” ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਇਹ ਬਰਦਾਸ਼ਤ ਨਹੀਂ ਕਰ ਸਕਦੇ।

ਇਕ ਹੋਰ ਮਸਲਾ ਇਹ ਹੈ ਕਿ ਧਰਤੀ ਦਾ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਗਲੇਸ਼ੀਅਰ ਖੁਰ ਰਹੇ ਜਿਸ ਕਾਰਨ ਦਰਿਆਵਾਂ ਵਿਚ ਜ਼ਿਆਦਾ ਪਾਣੀ ਆ ਰਿਹਾ ਹੈ। ਜੇ ਇਸੇ ਤਰ੍ਹਾਂ ਰਿਹਾ ਤਾਂ ਸਮੁੰਦਰ ਕੰਢੇ ਵਸੇ ਸ਼ਹਿਰ ਡੁੱਬ ਜਾਣਗੇ। ਅੰਨ੍ਹੇਵਾਹ ਰੁੱਖ ਕੱਟੇ ਜਾ ਰਹੇ ਹਨ ਜਿਸ ਕਾਰਨ ਜੰਗਲਾਤ ਹੇਠਲਾ ਰਕਬਾ ਘੱਟ ਰਿਹਾ ਹੈ। ਇਸ ਲਈ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ। ਸਮਾਂ ਆ ਗਿਆ ਹੈ ਕਿ ਅਸੀਂ ਹਵਾ ਪ੍ਰਦੂਸ਼ਣ ਨੂੰ ਨੱਥ ਪਾਉਣ ਵੱਲ ਧਿਆਨ ਦੇਈਏ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ ਤੇ ਇਤਿਹਾਸਕ ਸਮਾਰਕਾਂ ਦੀ ਉਮਰ ਵੀ ਵਧਾਈ ਜਾ ਸਕੇ।

-ਮੋਬਾਈਲ ਨੰ. : 94175-33060

Posted By: Rajnish Kaur