ਦੁਨੀਆ ਦੇ ਸਭ ਤੋਂ ਵੱਡੇ 68 ਦਿਨ ਦੇ ਲਾਕਡਾਊਨ ਤੋਂ ਬਾਅਦ ਦੇਸ਼ ਅਨਲਾਕ ਹੋਣਾ ਸ਼ੁਰੂ ਹੋ ਗਿਆ ਹੈ। ਇਸ ਤੋਂ ਪਹਿਲਾਂ ਚਾਰ ਪੜਾਵਾਂ ਦੌਰਾਨ 125 ਕਰੋੜ ਦੀ ਆਬਾਦੀ ਬੰਦਿਸ਼ਾਂ 'ਚ ਰਹੀ। ਹੁਣ ਜ਼ਿਆਦਾਤਰ ਪਾਬੰਦੀਆਂ ਹਟ ਗਈਆਂ ਹਨ। ਇਸ ਬਾਰੇ ਕੇਂਦਰ ਤੇ ਸੂਬਾ ਸਰਕਾਰਾਂ ਨੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਹੁਣ ਵੱਡੀ ਜ਼ਿੰਮੇਵਾਰੀ ਲੋਕਾਂ 'ਤੇ ਹੈ। ਜੇ ਅਸੀਂ ਸਾਵਧਾਨੀ ਨਾਲ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਾਂਗੇ ਤਾਂ ਬਿਮਾਰੀ ਨਹੀਂ ਫੈਲੇਗੀ। ਜੇ ਲਾਪਰਵਾਹੀ ਵਰਤੀ ਗਈ ਤਾਂ ਕੋਰੋਨਾ ਦੀ ਲਾਗ ਨੂੰ ਫੈਲਣ ਤੋਂ ਕੋਈ ਨਹੀਂ ਰੋਕ ਸਕਦਾ। ਦੇਸ਼ 'ਚ ਕੁੱਲ ਕੇਸ ਦੋ ਲੱਖ ਦੇ ਨੇੜੇ-ਤੇੜ ਪੁੱਜ ਗਏ ਹਨ। ਚਿੰਤਾ ਵਾਲੀ ਗੱਲ ਇਹ ਹੈ ਕਿ ਬੀਤੇ ਤਿੰਨ ਦਿਨਾਂ ਤੋਂ ਹਰ ਦਿਨ 8 ਹਜ਼ਾਰ ਤੋਂ ਵੱਧ ਪਾਜ਼ੇਟਿਵ ਕੇਸ ਮਿਲ ਰਹੇ ਹਨ।

ਇਹ ਅੰਕੜੇ ਆਉਣ ਵਾਲੇ ਦਿਨਾਂ ਦੀ ਤਸਵੀਰ ਬਿਆਨ ਕਰ ਰਹੇ ਹਨ। ਕੋਰੋਨਾ ਸ਼ੁਰੂ ਹੋਣ 'ਤੇ ਸਭ ਤੋਂ ਵੱਧ ਖ਼ਤਰਾ ਜਨਤਕ ਟਰਾਂਸਪੋਰਟ ਅਤੇ ਸ਼ਾਪਿੰਗ ਮਾਲਜ਼ ਤੋਂ ਮੰਨਿਆ ਗਿਆ ਸੀ ਜੋ ਹੁਣ ਅਨਲਾਕ-1 'ਚ ਖੁੱਲ੍ਹ ਜਾਣਗੇ। ਰੇਲਵੇ ਨੇ 200 ਯਾਤਰੀ ਰੇਲਗੱਡੀਆਂ ਸ਼ੁਰੂ ਕਰ ਦਿੱਤੀਆਂ ਹਨ। ਇਨ੍ਹਾਂ 'ਚ ਰਿਜ਼ਰਵੇਸ਼ਨ ਤੋਂ ਬਿਨਾਂ ਕੋਈ ਨਹੀਂ ਬੈਠ ਸਕਦਾ। ਸਿਰਫ਼ ਕਨਫਰਮ ਟਿਕਟਾਂ ਵਾਲੇ ਹੀ ਯਾਤਰਾ ਕਰ ਸਕਣਗੇ। ਇੱਥੋਂ ਤਕ ਕਿ ਆਮ ਬੋਗੀਆਂ 'ਚ ਵੀ ਸੀਟਾਂ ਦੀ ਗਿਣਤੀ ਤੋਂ ਵੱਧ ਲੋਕਾਂ ਨੂੰ ਚੜ੍ਹਨ ਦੀ ਮਨਾਹੀ ਹੈ। ਪਹਿਲੇ ਦਿਨ ਟਰੇਨਾਂ 'ਚ ਖ਼ਾਸੀ ਭੀੜ ਨਹੀਂ ਰਹੀ। ਇਕ ਗੱਲ ਸਮਝ ਤੋਂ ਪਰੇ ਹੈ ਕਿ ਇਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰੋ ਅਤੇ ਦੂਜੇ ਪਾਸੇ ਟਰੇਨਾਂ 'ਚ ਹਰੇਕ ਸੀਟ ਲਈ ਬੁਕਿੰਗ ਕੀਤੀ ਜਾ ਰਹੀ ਹੈ। ਚੰਗਾ ਹੁੰਦਾ ਜੇ ਸਰਕਾਰ ਵਿਚਕਾਰ ਵਾਲੀਆਂ ਸੀਟਾਂ ਖ਼ਾਲੀ ਰੱਖਦੀ।

ਅਜਿਹੀ ਹਾਲਤ 'ਚ ਜੇ ਕੋਈ ਲਾਗ ਵਾਲਾ ਯਾਤਰੀ ਸਫ਼ਰ ਕਰੇਗਾ ਤਾਂ ਉਹ ਕਿੰਨੇ ਲੋਕਾਂ ਨੂੰ ਬਿਮਾਰੀ ਵੰਡੇਗਾ? ਇਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਜੇਕਰ ਮਹਿੰਗੀਆਂ ਟਿਕਟਾਂ ਦੇ ਬਾਵਜੂਦ ਹਵਾਈ ਜਹਾਜ਼ਾਂ 'ਚ ਵਿਚਕਾਰਲੀ ਸੀਟ ਖ਼ਾਲੀ ਰੱਖਣ ਲਈ ਕਿਹਾ ਜਾ ਰਿਹਾ ਹੈ ਤਾਂ ਰੇਲਗੱਡੀਆਂ 'ਚ ਅਜਿਹਾ ਕਿਉਂ ਨਹੀਂ ਕੀਤਾ ਜਾ ਸਕਦਾ? ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ ਨੇ ਸੋਮਵਾਰ ਨੂੰ ਹੀ ਏਅਰਲਾਈਨ ਕੰਪਨੀਆਂ ਨੂੰ ਵਿਚਕਾਰਲੀ ਸੀਟ ਖ਼ਾਲੀ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਜੇ ਯਾਤਰੀਆਂ ਦੇ ਭਾਰ ਕਾਰਨ ਅਜਿਹਾ ਕਰਨਾ ਸੰਭਵ ਨਹੀਂ ਹੈ ਤਾਂ ਵਿਚਕਾਰਲੇ ਯਾਤਰੀ ਨੂੰ ਪੀਪੀਈ ਕਿੱਟ ਜਾਂ ਸੁਰੱਖਿਆ ਦਾ ਹੋਰ ਸਾਮਾਨ ਦੇਣ ਲਈ ਕਿਹਾ ਗਿਆ ਹੈ। ਜੇ ਇੱਕੋ ਪਰਿਵਾਰ ਦੇ 3 ਲੋਕ ਯਾਤਰਾ ਕਰ ਰਹੇ ਹਨ ਤਾਂ ਉਹ ਇਕੱਠੇ ਬੈਠ ਸਕਦੇ ਹਨ। ਸਾਰੇ ਯਾਤਰੀਆਂ ਨੂੰ ਥ੍ਰੀ-ਲੇਅਰ ਸਰਜੀਕਲ ਮਾਸਕ, ਫੇਸ ਸ਼ੀਲਡ ਅਤੇ ਸੈਨੀਟਾਈਜ਼ਰ ਦੇਣ ਲਈ ਕਿਹਾ ਗਿਆ ਹੈ। ਨਵੀਆਂ ਹਦਾਇਤਾਂ 3 ਜੂਨ ਤੋਂ ਲਾਗੂ ਕਰਨ ਲਈ ਕਿਹਾ ਗਿਆ ਹੈ।

ਦੋ ਤਰ੍ਹਾਂ ਦੇ ਨਿਯਮ ਸਰਕਾਰ ਦੇ ਪ੍ਰਬੰਧਾਂ 'ਤੇ ਸਵਾਲ ਖੜ੍ਹਾ ਕਰ ਰਹੇ ਹਨ। ਜਹਾਜ਼ਾਂ 'ਚ ਤਾਂ ਸਖ਼ਤੀ ਦਿਖਾਈ ਜਾ ਰਹੀ ਹੈ ਪਰ ਰੇਲਗੱਡੀਆਂ 'ਚ ਥਰਮਲ ਸਕੈਨਿੰਗ ਤੋਂ ਇਲਾਵਾ ਕੁਝ ਨਹੀਂ। ਦੇਸ਼ 'ਚ ਬਿਮਾਰੀ ਫੈਲ ਚੁੱਕੀ ਹੈ ਅਤੇ ਸਭ ਕੁਝ ਖੁੱਲ੍ਹ ਚੁੱਕਾ ਹੈ। ਜੇ ਲਾਕਡਾਊਨ 'ਚ ਪਾਬੰਦੀਆਂ ਦੇ ਬਾਵਜੂਦ ਕੋਰੋਨਾ ਦੇ ਮਾਮਲੇ ਵੱਧ ਰਹੇ ਸਨ ਤਾਂ ਹੁਣ ਲਗਪਗ ਹਰੇਕ ਸਰਗਰਮੀ ਸ਼ੁਰੂ ਹੋਣ ਤੋਂ ਬਾਅਦ ਇਹ ਖ਼ਤਰਾ ਹੋਰ ਵੱਧ ਗਿਆ ਹੈ। ਇਸ ਕਾਰਨ ਆਉਣ ਵਾਲੇ ਦਿਨਾਂ 'ਚ ਮਰੀਜ਼ਾਂ ਦੀ ਗਿਣਤੀ 'ਚ ਹੋਰ ਵਾਧਾ ਹੋ ਸਕਦਾ ਹੈ। ਟਰੇਨਾਂ ਅਤੇ ਜਹਾਜ਼ਾਂ 'ਚ ਸਫ਼ਰ ਕਰਨ ਵਾਲੇ ਯਾਤਰੀ ਹੋਣ ਜਾਂ ਕਿਸੇ ਵੀ ਕੰਮ ਲਈ ਘਰੋਂ ਨਿਕਲਣ ਵਾਲੇ ਆਮ ਨਾਗਰਿਕ, ਸਭ ਨੂੰ ਹੁਣ ਬਹੁਤ ਸਾਵਧਾਨੀ ਵਰਤਣੀ ਹੋਵੇਗੀ।

Posted By: Sunil Thapa