ਪੰਜਾਬ ਦਾ ਖੇਡਾਂ ’ਚ ਸੁਨਹਿਰੀ ਇਤਿਹਾਸ ਰਿਹਾ ਹੈ। ਹਾਕੀ ਦੇ ਨਾਲ ਹੀ ਹੋਰਨਾਂ ਖੇਡਾਂ ’ਚ ਵੀ ਪੰਜਾਬ ਦੇ ਖਿਡਾਰੀਆਂ ਨੇ ਦੇਸ਼ ਲਈ ਵੱਡੀਆਂ ਮੱਲਾਂ ਮਾਰੀਆਂ ਹਨ। ਇਹੋ ਕਾਰਨ ਹੈ ਕਿ ਸੂਬੇ ’ਚ ਇਹ ਕਹਾਵਤ ਪ੍ਰਚੱਲਿਤ ਰਹੀ ਹੈ ਕਿ ਪੰਜਾਬ ਦੇ ਹਰ ਘਰ ਦਾ ਇਕ ਬੇਟਾ ਜਾਂ ਤਾਂ ਫ਼ੌਜ ਜਾਂ ਖੇਡਾਂ ’ਚੋਂ ਮੈਡਲ ਜ਼ਰੂਰ ਲੈ ਕੇ ਆਉਂਦਾ ਹੈ। ਹਾਕੀ ਦੀ ਤਾਂ ਕਿਸੇ ਵੇਲੇ ਲਗਪਗ ਸਮੁੱਚੀ ਟੀਮ ਹੀ ਪੰਜਾਬ ’ਚੋਂ ਚੁਣੀ ਜਾਂਦੀ ਸੀ। ਤਸੱਲੀਬਖ਼ਸ਼ ਗੱਲ ਇਹ ਹੈ ਕਿ ਅੱਜ ਵੀ ਹਾਕੀ ’ਚ ਪੰਜਾਬ ਦੇ ਖਿਡਾਰੀਆਂ ਨੇ ਆਪਣਾ ਮਹੱਤਵ ਤੇ ਸਤਿਕਾਰ ਕਾਇਮ ਰੱਖਿਆ ਹੈ ਪਰ ਹੋਰ ਖੇਡਾਂ ’ਚ ਸੂਬਾ ਤੇਜ਼ੀ ਨਾਲ ਪੱਛੜਦਾ ਚਲਾ ਗਿਆ। ਇਸ ਦਾ ਅਸਰ ਕੁਝ ਸਮਾਂ ਪਹਿਲਾਂ ਹੋਈਆਂ ਰਾਸ਼ਟਰੀ ਖੇਡਾਂ ’ਚ ਵੇਖਣ ਨੂੰ ਮਿਲਿਆ, ਜਿੱਥੇ ਪੰਜਾਬ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਚਿੰਤਾਜਨਕ ਰਿਹਾ। ਉਂਜ ਭਾਵੇਂ ਹੁਣ ਕਾਮਨਵੈਲਥ ਖੇਡਾਂ ’ਚ ਪੰਜਾਬੀ ਖਿਡਾਰੀ ਆਪਣੀ ਛਾਪ ਛੱਡਦੇ ਵਿਖਾਈ ਦੇ ਰਹੇ ਹਨ। ਹਾਕੀ ਦੀ ਟੀਮ ਨੇ ਓਲੰਪਿਕ ਖੇਡਾਂ ’ਚ ਕਾਂਸੇ ਦਾ ਤਗ਼ਮਾ ਜਿੱਤਿਆ ਸੀ ਅਤੇ ਹੁਣ ਕਾਮਨਵੈਲਥ ਖੇਡਾਂ ’ਚ ਵੀ ਅਜੇ ਤਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਵੇਟਲਿਫਟਿੰਗ ’ਚ ਕਈ ਖਿਡਾਰੀ ਉੱਭਰ ਕੇ ਸਾਹਮਣੇ ਆਏ ਹਨ। ਹਰਜਿੰਦਰ ਕੌਰ, ਵਿਕਾਸ ਠਾਕੁਰ ਤੇ ਲਵਪ੍ਰੀਤ ਨੂੰ ਦੇਸ਼ ਲਈ ਤਗ਼ਮੇ ਜਿੱਤਦੇ ਵੇਖਣਾ ਬਹੁਤ ਹੀ ਸੁਖਾਵਾਂ ਹੈ। ਇਹ ਸਥਿਤੀ ਹੋਰ ਵੀ ਵਧੀਆ ਹੋ ਸਕਦੀ ਹੈ ਜੇ ਸੂਬੇ ’ਚ ਇਕ ਮਜ਼ਬੂਤ ਖੇਡ ਨੀਤੀ ਵਿਕਸਤ ਕੀਤੀ ਜਾਵੇ। ਪੰਜਾਬ ’ਚ ਜਿੱਥੇ ਨੀਤੀ ਘਾੜਿਆਂ ਨੇ ਖੇਡਾਂ ਵੱਲ ਵਾਜਿਬ ਧਿਆਨ ਨਹੀਂ ਦਿੱਤਾ, ਉੱਥੇ ਹੀ ਹਰਿਆਣਾ ਨੇ ਇਸ ਪਾਸੇ ਆਪਣੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਪੱਧਰ ’ਤੇ ਕਈ ਉੱਦਮ ਕੀਤੇ। ਖਿਡਾਰੀਆਂ ਦੀਆਂ ਸਹੂਲਤਾਂ ਤੇ ਅਭਿਆਸ ਦੇ ਖ਼ਾਸ ਇੰਤਜ਼ਾਮ ਦੇ ਨਾਲ ਹੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਤਗ਼ਮੇ ਜਿੱਤਣ ਵਾਲੇ ਖਿਡਾਰੀਆਂ ਲਈ ਦਿਲਕਸ਼ ਪੁਰਸਕਾਰ ਰਾਸ਼ੀ ਵੀ ਦੇਣੀ ਸ਼ੁਰੂ ਕੀਤੀ। ਇਸੇ ਦਾ ਨਤੀਜਾ ਹੈ ਕਿ ਅੱਜ ਹਰਿਆਣਾ ਤੋਂ ਵੱਡੀ ਗਿਣਤੀ ’ਚ ਖਿਡਾਰੀ ਦੇਸ਼ ਦੀ ਨੁਮਾਇੰਦਗੀ ਕਰਨ ਲਈ ਸਾਹਮਣੇ ਆ ਰਹੇ ਹਨ। ਪੰਜਾਬ ਨੂੰ ਵੀ ਵਿਆਪਕ ਤਬਦੀਲੀ ਕਰਨ ਦੀ ਜ਼ਰੂਰਤ ਹੈ। ਇਸ ਲਈ ਖੇਡ ਨੀਤੀ ਨੂੰ ਮਜ਼ਬੂਤ ਬਣਾ ਕੇ ਉਸ ਨੂੰ ਲਾਗੂ ਕਰਨਾ ਹੋਵੇਗਾ। ਪਿੰਡ-ਪਿੰਡ ’ਚ ਖੇਡਾਂ ਨੂੰ ਉਤਸ਼ਾਹਿਤ ਕਰਨਾ ਹੋਵੇਗਾ। ਸੂਬੇ ’ਚ ਪ੍ਰਤਿਭਾਵਾਂ ਦੀ ਬਿਲਕੁਲ ਕੋਈ ਘਾਟ ਨਹੀਂ ਹੈ। ਜ਼ਰੂਰਤ ਹੈ ਤਾਂ ਸਿਰਫ਼ ਉੱਚਿਤ ਮਾਹੌਲ ਤੇ ਸਹੂਲਤਾਂ ਉਪਲਬਧ ਕਰਵਾਉਣ ਦੀ। ਅਜਿਹਾ ਹੋਣ ’ਤੇ ਸੂਬੇ ਦੇ ਖਿਡਾਰੀ ਯਕੀਨੀ ਤੌਰ ’ਤੇ ਕੌਮਾਂਤਰੀ ਪੱਧਰ ਉੱਤੇ ਦੇਸ਼ ਦਾ ਮਾਣ ਵਧਾਉਣਗੇ। ਪੰਜਾਬ ਸਰਕਾਰ ਅਜੇ ਕੁਝ ਦਿਨ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਕਿ ਪੰਜਾਬ ਲਈ ਸ਼ਾਨਦਾਰ ਕਾਰਗੁਜ਼ਾਰੀ ਦਾ ਮੁਜ਼ਾਹਰਾ ਕਰਨ ਵਾਲੇ ਤੇ ਸੂਬੇ ਨੂੰ ਮਾਣ ਦਿਵਾਉਣ ਵਾਲੇ ਖਿਡਾਰੀਆਂ ਨੂੰ ਨੌਕਰੀਆਂ ਤੇ ਨਕਦ ਇਨਾਮ ਦੇਣ ਲਈ ਇਕ ਨੀਤੀ ਉਲੀਕੀ ਜਾਵੇਗੀ। ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਸੀ ਕਿ ਪੰਜਾਬ ਨੂੰ ਖੇਡਾਂ ਦੇ ਖੇਤਰ ’ਚ ਆਪਣੀ ਗੁਆਚੀ ਸ਼ਾਨ ਵਾਪਸ ਲਿਆਉਣ ਦੀ ਲੋੜ ਹੈ। ਇਸ ਲਈ ਚਿਰਾਂ ਤੋਂ ਚੱਲੀ ਆ ਰਹੀ ਖੇਡ ਨੀਤੀ ਵਿਚਲੀਆਂ ਘਾਟਾਂ ਦੂਰ ਕੀਤੀਆਂ ਜਾਣਗੀਆਂ। ਹੁਣ ਤਕ ਸਰਕਾਰਾਂ ਨੇ ਸਟੇਡੀਅਮ ਤਾਂ ਵਿਕਸਤ ਕੀਤੇ ਹਨ ਪਰ ਖੇਡਾਂ ਦੇ ਮੈਦਾਨ ਕਦੇ ਵੀ ਵਿਕਸਤ ਨਹੀਂ ਕੀਤੇ ਗਏ। ਖਿਡਾਰੀਆਂ ਨੂੰ ਕਦੇ ਬੁਨਿਆਦੀ ਸਪੋਰਟਸ-ਕਿੱਟਾਂ ਵੀ ਨਹੀਂ ਦਿੱਤੀਆਂ ਗਈਆਂ। ਸਰਕਾਰ ਹਰ ਪਿੰਡ, ਕਸਬੇ ਤੇ ਸ਼ਹਿਰ ’ਚ ਸਥਾਨਕ ਨੌਜਵਾਨਾਂ ਨੂੰ ਖੇਡਾਂ ਲਈ ਪ੍ਰੇਰਿਤ ਕਰੇ। ਸਥਾਨਕ ਪੱਧਰ ਦੇ ਮੁਕਾਬਲੇ ਰੱਖੇ ਜਾਣ ਜਿਨ੍ਹਾਂ ’ਚੋਂ ਅੱਗੇੇ ਆਉਣ ਵਾਲੇ ਵਧੀਆ ਖਿਡਾਰੀਆਂ ਨੂੰ ਕੌਮੀ ਤੇ ਫਿਰ ਕੌਮਾਂਤਰੀ ਖੇਡਾਂ ਲਈ ਚੁਣਿਆ ਜਾਵੇ।

Posted By: Jagjit Singh