v> ਛੱਤੀਸਗੜ੍ਹ ਵਿਚ ਨਕਸਲੀਆਂ ਨਾਲ ਮੁਕਾਬਲੇ ਵਿਚ 20 ਤੋਂ ਜ਼ਿਆਦਾ ਨੀਮ ਫ਼ੌਜੀ ਬਲਾਂ ਦੇ ਜਵਾਨਾਂ ਦੀ ਕੁਰਬਾਨੀ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਇਹ ਜਿਹੜਾ ਐਲਾਨ ਕੀਤਾ ਗਿਆ ਹੈ ਕਿ ਨਕਸਲੀ ਜਥੇਬੰਦੀਆਂ ਵਿਰੁੱਧ ਜਲਦ ਹੀ ਫ਼ੈਸਲਾਕੁੰਨ ਲੜਾਈ ਛੇੜੀ ਜਾਵੇਗੀ, ਇਹ ਵਕਤ ਦੀ ਨਜ਼ਾਕਤ ਹੈ। ਇਸ ਗੱਲ ਨੂੰ ਵੀ ਅਣਡਿੱਠ ਨਹੀਂ ਕੀਤਾ ਜਾ ਸਕਦਾ ਕਿ ਨਕਸਲੀਆਂ ਦਾ ਜਲਦੀ ਮਲੀਆਮੇਟ ਕਰਨ ਦੀਆਂ ਗੱਲਾਂ ਲੰਬੇ ਅਰਸੇ ਤੋਂ ਕੀਤੀਆਂ ਜਾ ਰਹੀਆਂ ਹਨ। ਫਿਰ ਵੀ ਅੱਜ ਕੋਈ ਇਹ ਕਹਿਣ ਦੀ ਹਾਲਤ ਵਿਚ ਨਹੀਂ ਹੈ ਕਿ ਇਸ ਹਿੰਸਾ ਤੋਂ ਮੁਕਤੀ ਕਦੋਂ ਮਿਲੇਗੀ? ਦਰਅਸਲ, ਜਿਨ੍ਹਾਂ ਇਲਾਕਿਆਂ ਵਿਚ ਨਕਸਲੀਆਂ ਨੇ ਪੈਰ ਪਸਾਰੇ ਹੋਏ ਹਨ, ਉੱਥੇ ਵਿਕਾਸ ਨਾਂ ਦੀ ਕੋਈ ਚੀਜ਼ ਨਹੀਂ ਹੈ। ਨਕਸਲ ਪ੍ਰਭਾਵਿਤ ਇਲਾਕਿਆਂ ਵਿਚ ਸੜਕਾਂ ਦੀ ਘਾਟ ਹੈ ਤਾਂ ਫਿਰ ਸਕੂਲ, ਹਸਪਤਾਲ ਹੋਣੇ ਤਾਂ ਬਹੁਤ ਦੂਰ ਦੀ ਗੱਲ ਹੈ। ਨੀਮ ਫ਼ੌਜੀ ਬਲਾਂ ਨੂੰ ਵੀ ਦੂਰ ਤਕ ਜਾਣ ਲਈ ਹੈਲੀਕਾਪਟਰਾਂ ਦਾ ਸਹਾਰਾ ਲੈਣਾ ਪੈਂਦਾ ਹੈ। ਉਲਟ ਹਾਲਾਤ ਵਿਚ ਨਕਸਲੀਆਂ ਖ਼ਿਲਾਫ਼ ਲੜਾਈ ਲੜ ਰਹੇ ਜਵਾਨਾਂ ਦਾ ਹੌਸਲਾ ਵਸੀਲਿਆਂ ਦੀ ਘਾਟ ਕਾਰਨ ਵਾਰ-ਵਾਰ ਟੁੱਟਦਾ ਹੈ। ਭਾਵੇਂ ਪਿਛਲੇ ਕਈ ਸਾਲਾਂ ਦੇ ਅਣਥੱਕ ਯਤਨਾਂ ਕਾਰਨ ਕਾਫ਼ੀ ਕੁਝ ਬਦਲਿਆ ਹੈ ਪਰ ਫਿਰ ਵੀ ਨਤੀਜੇ ਉਮੀਦ ਮੁਤਾਬਕ ਨਹੀਂ ਮਿਲ ਰਹੇ ਹਨ। ਜੇ ਨਕਸਲੀਆਂ ਦੀਆਂ ਜੜ੍ਹਾਂ ਪੁੱਟਣ ਦੀ ਕੋਈ ਮੁਹਿੰਮ ਛੇੜਨੀ ਹੈ ਤਾਂ ਸਭ ਤੋਂ ਪਹਿਲਾਂ ‘ਅਰਬਨ ਨਕਸਲ’ ਕਹੇ ਜਾਣ ਵਾਲੇ ਉਨ੍ਹਾਂ ਦੇ ਹਿਤੈਸ਼ੀਆਂ ਦੀ ਪਰਵਾਹ ਕਰਨੀ ਛੱਡਣੀ ਹੋਵੇਗੀ। ਸਹੀ ਮਾਅਨਿਆਂ ਵਿਚ ਤਾਂ ਨਕਸਲੀਆਂ ਨੂੰ ਇਨ੍ਹਾਂ ਤੋਂ ਹੀ ਖ਼ੁਰਾਕ ਹਾਸਲ ਹੁੰਦੀ ਹੈ। ਇਨ੍ਹਾਂ ਨੂੰ ਨੱਥ ਪਾਉਣ ਦੇ ਨਾਲ ਹੀ ਇਸ ਗੱਲ ਦੀ ਤਹਿ ਤਕ ਵੀ ਜਾਣਾ ਹੋਵੇਗਾ ਕਿ ਨਕਸਲੀ ਸੰਗਠਨ ਆਧੁਨਿਕ ਹਥਿਆਰ ਹਾਸਲ ਕਰਨ ਵਿਚ ਕਿਵੇਂ ਸਮਰੱਥ ਹਨ? ਯਕੀਨਨ ਉਨ੍ਹਾਂ ਨੂੰ ਸਥਾਨਕ ਪੱਧਰ ’ਤੇ ਸਮਰਥਨ ਅਤੇ ਸਰਪ੍ਰਸਤੀ ਮਿਲ ਰਹੀ ਹੈ। ਇਸ ਦਾ ਵੱਡਾ ਕਾਰਨ ਇਹ ਹੈ ਕਿ ਨਕਸਲੀ ਆਦਿਵਾਸੀਆਂ ਨੂੰ ਇਹ ਦੱਸਣ ਵਿਚ ਕਾਮਯਾਬ ਹੋ ਗਏ ਹਨ ਕਿ ਉਨ੍ਹਾਂ ਦੇ ਜੰਗਲ, ਜ਼ਮੀਨ, ਜਲ ਖ਼ਤਰੇ ਵਿਚ ਹਨ। ਇਹੀ ਕਾਰਨ ਹੈ ਕਿ ਵੱਡੇ ਪੱਧਰ ’ਤੇ ਆਦਿਵਾਸੀ, ਨਕਸਲੀਆਂ ਦਾ ਸਾਥ ਦੇ ਰਹੇ ਹਨ। ਇਸ ਗੱਲ ਦੀ ਵੀ ਪੂਰੀ ਸੰਭਾਵਨਾ ਹੈ ਕਿ ਉਨ੍ਹਾਂ ਨੂੰ ਬਾਹਰੀ ਤਾਕਤਾਂ ਤੋਂ ਸਹਿਯੋਗ ਮਿਲ ਰਿਹਾ ਹੋਵੇ। ਨਕਸਲੀਆਂ ਦਾ ਸਫ਼ਾਇਆ ਉਦੋਂ ਤਕ ਸੰਭਵ ਨਹੀਂ ਜਦੋਂ ਤਕ ਉਨ੍ਹਾਂ ਨੂੰ ‘ਆਪਣੇ ਲੋਕ’ ਜਾਂ ‘ਫਿਰ ਭਟਕੇ ਹੋਏ ਨੌਜਵਾਨ’ ਮੰਨਿਆ ਜਾਂਦਾ ਰਹੇਗਾ। ਸ਼ਾਇਦ ਇਸ ਧਾਰਨਾ ਕਾਰਨ ਹੀ ਉਨ੍ਹਾਂ ਦੇ ਖ਼ਿਲਾਫ਼ ਆਰ-ਪਾਰ ਦੀ ਕੋਈ ਲੜਾਈ ਨਹੀਂ ਛੇੜੀ ਜਾ ਸਕੀ ਹੈ। ਭਾਵੇਂ ‘ਆਪ੍ਰੇਸ਼ਨ ਗਰੀਨ ਹੰਟ’ ਕਈ ਸਾਲਾਂ ਤੋਂ ਚੱਲ ਰਿਹਾ ਹੈ ਅਤੇ ਸਥਾਨਕ ਪੱਧਰ ਦੀਆਂ ਮੁਸ਼ਕਲਾਂ ਨੂੰ ਅੱਗੇ ਰੱਖ ਕੇ ਨੀਮ ਫ਼ੌਜੀ ਬਲਾਂ ਨੂੰ ਤਿਆਰ ਕੀਤਾ ਗਿਆ ਹੈ, ਫਿਰ ਵੀ ਹਾਲਾਤ ਬੇਕਾਬੂ ਹਨ। ਨਕਸਲੀ ਵਾਰ-ਵਾਰ ਸਿਰ ਚੁੱਕ ਰਹੇ ਹਨ ਅਤੇ ਸਰਕਾਰ ਨੂੰ ਚੁਣੌਤੀ ਪੇਸ਼ ਕਰ ਰਹੇ ਹਨ। ਅਸੀਂ ਇਸ ਮੋੜ ’ਤੇ ਪੁੱਜ ਚੁੱਕੇ ਹਾਂ ਜਿੱਥੇ ਨਕਸਲੀਆਂ ਪ੍ਰਤੀ ਨਰਮੀ ਬਿਲਕੁਲ ਨਹੀਂ ਦਿਖਾਈ ਜਾਣੀ ਚਾਹੀਦੀ ਕਿਉਂਕਿ ਉਹ ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ ਬਣੇ ਹੋਏ ਹਨ। ਇਸ ਸਭ ਤੋਂ ਵੱਡੇ ਖ਼ਤਰੇ ਨਾਲ ਨਜਿੱਠਣ ਲਈ ਹਰ ਸੰਭਵ ਉਪਾਅ ਕੀਤੇ ਜਾਣੇ ਚਾਹੀਦੇ ਹਨ। ਤਸਵੀਰ ਦਾ ਦੂਜਾ ਪਹਿਲੂ ਇਹ ਵੀ ਹੈ ਕਿ ਜਿੰਨੀ ਦੇਰ ਤਕ ਨਕਸਲਵਾਦ ਪੈਦਾ ਹੋਣ ਦੇ ਮੂਲ ਕਾਰਨਾਂ ਨੂੰ ਖ਼ਤਮ ਨਹੀਂ ਕੀਤਾ ਜਾਵੇਗਾ, ਓਨੀ ਦੇਰ ਤਕ ਇਹ ਸਮੱਸਿਆ ਕਿਸੇ ਨਾ ਕਿਸੇ ਰੂਪ ਵਿਚ ਸਾਹਮਣੇ ਆਉਂਦੀ ਹੀ ਰਹੇਗੀ।

Posted By: Jagjit Singh