ਦਿੱਲੀ 'ਚ ਆਮ ਆਦਮੀ ਪਾਰਟੀ ਦੀ ਦੁਬਾਰਾ ਸਰਕਾਰ ਬਣਨ ਦੇ ਨਾਲ ਹੀ ਪੰਜਾਬ ਵਿਚ ਨਿਰਾਸ਼ ਚੱਲ ਰਹੇ 'ਆਪ' ਕਾਰਕੁਨ ਮੁੜ ਸਰਗਰਮ ਹੋ ਗਏ ਹਨ। ਦਿੱਲੀ ਦੇ ਲੋਕਾਂ ਵੱਲੋਂ 'ਆਪ' ਦੇ ਹੱਕ ਵਿਚ ਦਿੱਤੇ ਗਏ ਵੱਡੇ ਫ਼ਤਵੇ ਤੋਂ ਬਾਅਦ ਇਵੇਂ ਪ੍ਰਤੀਤ ਹੋਣ ਲੱਗਾ ਹੈ ਜਿਵੇਂ ਪੰਜਾਬ ਦੀ 'ਆਪ' ਨੇ ਮੁੜ ਸੁਰਜੀਤੀ ਵੱਲ ਪਹਿਲਾ ਕਦਮ ਪੁੱਟ ਲਿਆ ਹੋਵੇ। ਇੱਥੋਂ ਤਕ ਕਿ ਦੇਸ਼ ਦੇ ਮੰਨੇ-ਪ੍ਰਮੰਨੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਵੀ 'ਆਪ' ਦੇ ਨਾਲ ਹੋ ਤੁਰੇ ਹਨ। ਕੇਜਰੀਵਾਲ ਨਾਲ 'ਪੀਕੇ' ਦੀ ਆੜੀ ਪੈਣ ਤੋਂ ਬਾਅਦ ਹੁਣ ਪੰਜਾਬ ਦਾ ਮੋਰਚਾ ਫਤਹਿ ਕਰਨਾ ਉਨ੍ਹਾਂ ਦੇ ਏਜੰਡੇ 'ਤੇ ਆ ਗਿਆ ਜਾਪਦਾ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ ਸਨ ਜੋ 77 ਸੀਟਾਂ ਲੈ ਕੇ ਸੂਬੇ ਵਿਚ ਸਰਕਾਰ ਬਣਾਉਣ ਵਿਚ ਕਾਮਯਾਬ ਰਹੀ ਸੀ। ਅਜਿਹੇ ਵਿਚ 'ਪੀਕੇ' ਜੇਕਰ ਪੰਜਾਬ ਵਿਚ ਸਰਗਰਮ ਹੋ ਜਾਂਦੇ ਹਨ ਤਾਂ ਕਾਂਗਰਸ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਦੂਜੇ ਪਾਸੇ ਕਾਂਗਰਸ ਵੀ ਇਸ ਨੂੰ ਹਲਕੇ ਵਿਚ ਨਹੀਂ ਲੈ ਰਹੀ। ਕਾਂਗਰਸ ਨੇ ਹੇਠਲੇ ਪੱਧਰ ਤਕ ਜਾ ਕੇ ਮੁਲਾਂਕਣ ਤੇ ਸਮੀਖਿਆਵਾਂ ਸ਼ੁਰੂ ਕਰਨ ਦੀ ਯੋਜਨਾ ਬਣਾ ਲਈ ਹੈ ਤਾਂ ਕਿ 2022 ਦੀਆਂ ਚੋਣਾਂ ਵਿਚ ਪਾਰਟੀ ਲਈ ਵੱਡੀਆਂ ਮੁਸ਼ਕਲਾਂ ਨਾ ਖੜ੍ਹੀਆਂ ਹੋਣ। ਅਜਿਹੇ 'ਚ ਪੰਜਾਬ ਸਰਕਾਰ ਵਿਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਰਹਿ ਚੁੱਕੇ ਨਵਜੋਤ ਸਿੰਘ ਸਿੱਧੂ ਦੇ ਰੁਖ਼ ਦੀ ਅਹਿਮੀਅਤ ਵੱਧ ਗਈ ਹੈ ਕਿਉਂਕਿ ਇਹ ਕਿਆਸ ਲਾਏ ਜਾ ਰਹੇ ਹਨ ਕਿ ਸਿੱਧੂ 'ਆਪ' ਹਾਈਕਮਾਨ ਦੇ ਸੰਪਰਕ ਵਿਚ ਹਨ। ਇਸੇ ਲਈ ਉਹ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਲਈ ਨਹੀਂ ਗਏ ਸਨ ਕਿਉਂਕਿ ਉੱਥੇ ਉਨ੍ਹਾਂ ਨੂੰ 'ਆਪ' ਦੇ ਖ਼ਿਲਾਫ਼ ਬੋਲਣਾ ਪੈਣਾ ਸੀ। ਉਨ੍ਹਾਂ ਨੇ 'ਇਕ ਚੁੱਪ, ਸੌ ਸੁੱਖ' ਵਾਲੀ ਨੀਤੀ ਅਪਨਾਉਣ ਨੂੰ ਹੀ ਬਿਹਤਰ ਸਮਝਿਆ ਹੈ। ਉਹ ਕੈਪਟਨ ਅਮਰਿੰਦਰ ਸਿੰਘ ਨਾਲ ਸੱਤਾ ਦੀ ਅੰਦਰੂਨੀ ਲੜਾਈ ਕਾਰਨ ਕਾਫੀ ਦੇਰ ਤੋਂ ਚੁੱਪ ਬੈਠੇ ਹੋਏ ਹਨ। ਉਨ੍ਹਾਂ ਨੇ ਮੀਡੀਆ ਅਤੇ ਸਿਆਸੀ ਸਰਗਰਮੀਆਂ ਤੋਂ ਦੂਰੀ ਬਣਾਈ ਹੋਈ ਹੈ। ਚਰਚੇ ਇਹ ਵੀ ਹਨ ਕਿ ਸਿੱਧੂ ਨੂੰ ਸਰਕਾਰ ਵਿਚ ਵਾਪਸੀ ਲਈ ਮਨਾਇਆ ਜਾ ਰਿਹਾ ਹੈ ਪਰ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਆਪਣੇ ਮਤਭੇਦਾਂ ਕਾਰਨ ਸਰਕਾਰ ਵਿਚ ਵਾਪਸੀ ਤੋਂ ਇਨਕਾਰ ਕਰ ਦਿੱਤਾ ਹੈ। ਇਸ ਕਾਰਨ ਵੀ ਉਨ੍ਹਾਂ ਕਿਆਸ-ਅਰਾਈਆਂ ਨੂੰ ਬਲ ਮਿਲ ਰਿਹਾ ਹੈ ਕਿ ਸਿੱਧੂ 'ਆਪ' ਵਿਚ ਜਾ ਸਕਦੇ ਹਨ। ਇਸ ਸਭ ਦਾ ਇਕ ਹੋਰ ਆਧਾਰ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿਚ 'ਆਪ' ਦਾ ਜਥੇਬੰਦਕ ਢਾਂਚਾ ਤਾਂ ਖੜ੍ਹਾ ਹੋ ਗਿਆ ਹੈ ਪਰ ਭਗਵੰਤ ਮਾਨ ਤੋਂ ਬਿਨਾਂ ਹੋਰ ਕੋਈ ਅਜਿਹਾ ਚਿਹਰਾ-ਮੋਹਰਾ ਨਹੀਂ ਹੈ, ਜਿਸ ਦੇ ਸਿਰ 'ਤੇ ਚੋਣਾਂ ਲੜੀਆਂ ਜਾ ਸਕਣ ਅਤੇ ਜੇਤੂ ਪਰਚਮ ਫਹਿਰਾਇਆ ਜਾ ਸਕੇ। ਦੂਜੇ ਪਾਸੇ ਪੰਜਾਬ ਕਾਂਗਰਸ 'ਚ ਹਾਸ਼ੀਏ 'ਤੇ ਚੱਲ ਰਹੇ ਨਵਜੋਤ ਸਿੱਧੂ ਲਈ ਵੀ ਇਸ ਨੂੰ ਮੌਕੇ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਜੇਕਰ 'ਪੀਕੇ', 'ਆਪ' ਅਤੇ ਸਿੱਧੂ ਇਕੱਠੇ ਹੋ ਗਏ ਤਾਂ ਪੰਜਾਬ ਦਾ ਸਿਆਸੀ ਚੋਣ ਦ੍ਰਿਸ਼ ਬਦਲ ਸਕਦਾ ਹੈ। ਇਹ ਸਭ ਤਾਂ ਹੀ ਸੰਭਵ ਹੈ ਜੇਕਰ ਸਿੱਧੂ ਆਪਣਾ ਰੁਖ਼ ਸਪਸ਼ਟ ਕਰਨਗੇ। ਕਈ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਜੇ ਸਿੱਧੂ 'ਆਪ' ਵਿਚ ਜਾਂਦੇ ਹਨ ਤਾਂ ਇਹ ਉਨ੍ਹਾਂ ਦੀ ਸਿਆਸੀ ਖ਼ੁਦਕੁਸ਼ੀ ਹੋਵੇਗੀ ਕਿਉਂਕਿ ਪਿਛਲੀ ਵਾਰ ਵੀ ਐਨ ਆਖਰੀ ਵੇਲੇ ਸਿੱਧੂ ਦੀ ਕੇਜਰੀਵਾਲ ਨਾਲ ਗੱਲਬਾਤ ਟੁੱਟ ਗਈ ਸੀ। ਸਿੱਧੂ ਤੇ ਕੇਜਰੀਵਾਲ ਦੇ ਸੁਭਾਅ ਕਾਰਨ ਵੀ ਜ਼ਿਆਦਾਤਰ ਲੋਕ ਇਸ ਨੂੰ ਸਿੱਧੂ ਲਈ ਘਾਤਕ ਮੰਨਦੇ ਹਨ ਪਰ ਭਵਿੱਖ ਵਿਚ ਕੀ ਹੋਵੇਗਾ ਇਸ ਬਾਰੇ ਫ਼ਿਲਹਾਲ ਉਦੋਂ ਤਕ ਕੁਝ ਨਹੀਂ ਕਿਹਾ ਜਾ ਸਕਦਾ ਜਦੋਂ ਤਕ ਨਵਜੋਤ ਸਿੰਘ ਸਿੱਧੂ ਆਪਣਾ ਰੁਖ਼ ਸਪਸ਼ਟ ਨਹੀਂ ਕਰਦੇ।

Posted By: Jagjit Singh