ਅੱਜ ਕੋਰੋਨਾ ਵਾਇਰਸ ਕਰਕੇ ਪੂਰੀ ਦੁਨੀਆ ਵਿਚ ਹਾਹਾਕਾਰ ਮਚੀ ਹੋਈ ਹੈ। ਤਕਰੀਬਨ 200 ਤੋਂ ਜ਼ਿਆਦਾ ਦੇਸ਼ ਇਸ ਦੀ ਲਪੇਟ 'ਚ ਆ ਚੁੱਕੇ ਹਨ, ਜਿਸ ਨਾਲ ਅਰਥਚਾਰਾ ਵੀ ਪੂਰੀ ਤਰ੍ਹਾਂ ਹਿੱਲ ਗਿਆ ਹੈ। ਜ਼ਿੰਦਗੀ ਥੰਮ ਚੁੱਕੀ ਹੈ। ਅਸੀਂ ਆਪਣੀ ਹਿੰਦੁਸਤਾਨੀ ਸੱਭਿਅਤਾ ਨੂੰ ਭੁੱਲ ਚੁੱਕੇ ਹਾਂ, ਜਿਸ ਦਾ ਖਮਿਆਜ਼ਾ ਅੱਜ ਸਾਨੂੰ ਭੁਗਤਣਾ ਪੈ ਰਿਹਾ ਹੈ। ਮਨੁੱਖ ਨੇ ਕੁਦਰਤ ਨਾਲ ਪੂਰੀ ਤਰ੍ਹਾਂ ਛੇੜਛਾੜ ਕੀਤੀ। ਚੀਨ ਦੇ ਵੁਹਾਨ ਸ਼ਹਿਰ ਤੋਂ ਇਹ ਬਿਮਾਰੀ ਸ਼ੁਰੂ ਹੋਈ, ਜਿੱਥੇ ਸੀ- ਫੂਡ 'ਚ ਮਗਰਮੱਛ ,ਡੱਡੂ, ਚਮਗਾਦੜ, ਛਿਪਕਲੀਆਂ, ਆਮ ਵਿਕਦੇ ਸਨ ਤੇ ਲੋਕ ਇਸ ਨੂੰ ਖਾਂਦੇ ਸਨ। ਸਾਡੇ ਦੇਸ਼ 'ਚ ਵੀ ਲੋਕ ਬੱਕਰਾ, ਮੁਰਗਾ, ਸੂਰ ਪਤਾ ਨਹੀਂ ਕਿੰਨੇ ਕੁ ਤਰ੍ਹਾਂ ਦੇ ਮੀਟ ਖਾਂਦੇ ਹਨ। ਜ਼ਰਾ ਸੋਚਣ ਵਾਲੀ ਗੱਲ ਹੈ ਕਿ ਕੀ ਇਹ ਸਾਡੀ ਸੱਭਿਅਤਾ ਦਾ ਅੰਗ ਹੈ? ਕਿਸੇ ਜੀਵ ਦੀ ਹੱਤਿਆ ਕਰ ਕੇ ਖਾਣਾ ਕਿੰਨਾ ਕੁ ਜਾਇਜ਼ ਹੈ? ਸਾਡੇ ਗੁਰੂਆਂ-ਪੀਰਾਂ ਨੇ ਸਾਨੂੰ ਸਾਦਾ ਤੇ ਸ਼ਾਕਾਹਾਰੀ ਭੋਜਨ ਖਾਣ ਲਈ ਪ੍ਰੇਰਿਆ ਸੀ ,ਕਿਉਂ ਅਸੀਂ ਕਿਸੇ ਜੀਵ- ਜੰਤੂ ਦੀ ਹੱਤਿਆ ਕਰ ਕੇ ਖਾ ਰਹੇ ਹਾਂ। ਜਦੋਂ ਵੀ ਮਨੁੱਖ ਨੇ ਕਿਸੇ ਜੀਵ- ਜੰਤੂ ਜਾਂ ਕੁਦਰਤ ਨਾਲ ਛੇੜਛਾੜ ਕੀਤੀ ਹੈ, ਉਸ ਨੂੰ ਹਮੇਸ਼ਾ ਇਸੇ ਤਰ੍ਹਾਂ ਖਮਿਆਜ਼ਾ ਭੁਗਤਣਾ ਪਿਆ ਹੈ। ਅੱਜ ਅਜਿਹੇ ਜੀਵ ਵੀ ਪਰਮਾਤਮਾ ਦਾ ਸ਼ੁਕਰ ਕਰ ਰਹੇ ਹਨ ਕਿ ਸਾਨੂੰ ਤੂੰ ਜ਼ਿੰਦਗੀ ਹੋਰ ਬਖ਼ਸ਼ ਦਿੱਤੀ ਹੈ। ਅਸੀਂ ਪੰਜ ਤਾਰਾ ਹੋਟਲਾਂ 'ਚ ਖਾਣਾ ਖਾਣ ਜਾਂਦੇ ਹਾਂ। ਪੁਰਾਣੇ ਸਮੇਂ ਵਿਚ ਤਾਂ ਬਜ਼ੁਰਗ ਆਪਣੇ ਘਰ ਮੰਜੇ 'ਤੇ ਬੈਠ ਕੇ ਗੰਢੇ, ਪਦੀਨੇ ਤੇ ਲੂਣ ਨਾਲ ਹੀ ਰੋਟੀ ਖਾ ਲੈਂਦੇ ਸਨ। ਹੁਣ ਤਾਂ ਸਰਕਾਰ ਨੇ ਹੋਟਲ ਵੀ ਬੰਦ ਕਰ ਦਿੱਤੇ ਹਨ। ਘਰਾਂ ਦੇ ਖਾਣੇ ਦੀ ਮਹੱਤਤਾ ਬਾਰੇ ਮਾਹਿਰਾਂ ਨੇ ਜਾਣੂ ਕਰਵਾਇਆ ਹੈ ਕਿ ਉਹ ਖਾਣਾ ਪੌਸ਼ਟਿਕ ਹੁੰਦਾ ਹੈ। ਅੱਜ ਕਚਹਿਰੀਆਂ ਤੇ ਥਾਣਿਆਂ 'ਚ ਵੀ ਚੁੱਪ ਪੱਸਰੀ ਹੋਈ ਹੈ। ਆਏ ਦਿਨ ਸੜਕ ਹਾਦਸਿਆਂ 'ਚ ਕਿੰਨੀਆਂ ਹੀ ਮਾਸੂਮ ਜਾਨਾਂ ਜਾਂਦੀਆਂ ਸਨ, ਜੋ ਹੁਣ ਰੁਕ ਗਈਆਂ ਹਨ। ਸਾਰੇ ਪਾਸੇ ਸ਼ਾਂਤੀ ਦਾ ਮਾਹੌਲ ਹੈ। ਕੁਦਰਤ ਨੇ ਅਜਿਹੀ ਖੇਡ ਖੇਡੀ ਹੈ ਕਿ ਜੀਵ- ਜੰਤੂ ਆਜ਼ਾਦ ਹੋ ਚੁੱਕੇ ਹਨ। ਕੁਦਰਤ ਸ਼ਿੰਗਾਰ ਕਰ ਕੇ ਦੁਬਾਰਾ ਆਈ ਹੈ। ਪ੍ਰਦੂਸ਼ਣ ਦੀ ਸਮੱਸਿਆ ਵੀ ਘਟ ਰਹੀ ਹੈ। ਕੁਦਰਤ ਨਿੱਖਰ ਗਈ ਹੈ। ਸਵੇਰੇ-ਸਵੇਰੇ ਪੰਛੀਆਂ ਦੀਆਂ ਆਵਾਜ਼ਾਂ ਸਾਨੂੰ ਸੁਣਨ ਨੂੰ ਮਿਲਦੀਆਂ ਹਨ। ਕੁਦਰਤ ਖਿੜ ਗਈ ਹੈ। ਪਸ਼ੂ-ਪੰਛੀ ਆਜ਼ਾਦ ਘੁੰਮ ਰਹੇ ਹਨ। ਮੋਰ ਪੈਲਾਂ ਪਾ ਰਹੇ ਹਨ। ਦਰੱਖ਼ਤਾਂ 'ਤੇ ਹਰਿਆਲੀ ਆ ਚੁੱਕੀ ਹੈ। ਕੋਰੋਨਾ ਕਾਰਨ ਲਾਗੂ ਹੋਏ ਲਾਕਡਾਊਨ ਦੌਰਾਨ ਸਾਨੂੰ ਘਰ ਦੇ ਬਜ਼ੁਰਗਾਂ ਕੋਲ ਬੈਠਣ ਦਾ ਮੌਕਾ ਤਾਂ ਮਿਲੇਗਾ। ਵਾਹ ਕੋਰੋਨਾ ਵਾਇਰਸ! ਤੂੰ ਤਾਂ ਇਕ ਤਰ੍ਹਾਂ ਬੰਦੇ ਦੀ ਜ਼ਿੰਦਗੀ ਹੀ ਤਬਦੀਲ ਕਰ ਦਿੱਤੀ ਹੈ ਤੇ ਉਸ ਨੂੰ ਜ਼ਿੰਦਗੀ ਜਿਊਣ ਦਾ ਸਲੀਕਾ ਸਿਖਾ ਦਿੱਤਾ ਹੈ। ਜਦੋਂ ਵੀ ਮਨੁੱਖ ਨੇ ਕੁਦਰਤ ਨਾਲ ਛੇੜਛਾੜ ਕੀਤੀ ਹੈ ਤਾਂ ਉਸ ਨੂੰ ਹਮੇਸ਼ਾ ਖਮਿਆਜ਼ਾ ਭੁਗਤਣਾ ਪਿਆ ਹੈ ਕਿਉਂਕਿ ਰੱਬ ਦੇ ਅੱਗੇ ਤਾਂ ਕਿਸੇ ਦੀ ਨਹੀਂ ਚੱਲਦੀ। ਸਾਨੂੰ ਕੁਦਰਤ ਦੇ ਨਿਯਮਾਂ ਮੁਤਾਬਕ ਆਪਣੀ ਜ਼ਿੰਦਗੀ ਗੁਜ਼ਾਰਨੀ ਚਾਹੀਦੀ ਹੈ ਕਿਉਂਕਿ ਕੁਦਰਤ ਤੇ ਮਨੁੱਖ ਦਾ ਬਹੁਤ ਡੂੰਘਾ ਰਿਸ਼ਤਾ ਹੈ। ਇਸ ਨੂੰ ਬਰਕਰਾਰ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ।

-ਸੰਜੀਵ ਸਿੰਘ ਸੈਣੀ 78889-66168

Posted By: Jagjit Singh