-ਰਵੀਸ਼ੰਕਰ ਪ੍ਰਸਾਦ

5 ਅਗਸਤ 2020 ਦਾ ਦਿਨ ਭਾਰਤ ਦੀ ਸੰਸਕ੍ਰਿਤੀ, ਸੰਸਕਾਰ ਅਤੇ ਅਧਿਆਤਮਕ ਵਿਰਾਸਤ ਦਾ ਇਕ ਬਹੁਤ ਹੀ ਪਵਿੱਤਰ ਅਤੇ ਇਤਿਹਾਸਕ ਪੜਾਅ ਹੈ। ਮਰਿਆਦਾ ਪੁਰਸ਼ੋਤਮ ਪ੍ਰਭੂ ਸ੍ਰੀਰਾਮ ਦੇ ਜਨਮ ਸਥਾਨ ਅਯੁੱਧਿਆ ਵਿਚ ਉਨ੍ਹਾਂ ਦੇ ਸ਼ਾਨਦਾਰ ਮੰਦਰ ਦੇ ਨਿਰਮਾਣ ਦਾ ਕਾਰਜ ਆਰੰਭ ਹੋ ਰਿਹਾ ਹੈ। ਪੰਜ ਸੌ ਸਾਲਾਂ ਬਾਅਦ ਇਹ ਪਾਵਨ ਦਿਨ ਆਇਆ ਹੈ। ਇਸ ਦੀ ਖ਼ੁਸ਼ੀ ਅਤੇ ਭਾਵੁਕਤਾ ਅਸੀਂ ਸਾਰੇ ਸਮਝ ਸਕਦੇ ਹਾਂ। ਪ੍ਰਭੂ ਸ੍ਰੀਰਾਮ ਪ੍ਰਤੀ ਆਸਥਾ ਅਤੇ ਉਨ੍ਹਾਂ ਦੇ ਜੀਵਨ ਦੀ ਲੀਲ੍ਹਾ ਭਾਰਤੀਆਂ ਦੇ ਮਾਨਸ ਵਿਚ ਸੁਭਾਵਿਕ ਤੌਰ 'ਤੇ ਵਸੀ ਹੋਈ ਹੈ। ਇਸ ਆਸਥਾ ਪ੍ਰਤੀ ਆਦਰ-ਸਤਿਕਾਰ ਅਤੇ ਉਨ੍ਹਾਂ ਦੇ ਜੀਵਨ ਦੀ ਅਲੋਕਿਕ ਲੀਲ੍ਹਾ ਦੱਸਣ ਵਾਸਤੇ ਨਾ ਕਿਸੇ ਸਿੱਖਿਅਕ ਦੀ ਜ਼ਰੂਰਤ ਹੈ ਅਤੇ ਨਾ ਕਿਸੇ ਉਪਦੇਸ਼ਕ ਦੀ।

ਇਹ ਸੁਭਾਵਿਕ ਤੌਰ 'ਤੇ ਆਮ ਭਾਰਤੀਆਂ ਦੇ ਮਾਨਸ ਵਿਚ ਸਮਾਈ ਹੋਈ ਹੈ। ਕਦੇ-ਕਦੇ ਘੋਰ ਹੈਰਾਨੀ ਹੁੰਦੀ ਹੈ ਕਿ ਪ੍ਰਭੂ ਰਾਮ ਦੇ ਜਨਮ ਸਥਾਨ 'ਤੇ ਉਨ੍ਹਾਂ ਦਾ ਇਕ ਸ਼ਾਨਦਾਰ ਮੰਦਰ ਬਣਾਉਣ ਵਿਚ ਆਜ਼ਾਦ ਭਾਰਤ ਨੂੰ ਸੱਤਰ ਸਾਲ ਲੱਗ ਗਏ। ਅਸੀਂ ਸਾਰੀਆਂ ਆਸਥਾਵਾਂ ਦਾ ਸਨਮਾਨ ਕਰਦੇ ਹਾਂ ਅਤੇ ਇਹੀ ਸਾਡੇ ਸੰਵਿਧਾਨ ਦਾ ਮੂਲ ਤੱਤ ਵੀ ਹੈ ਪਰ ਇਸ ਸੱਚਾਈ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ ਹੈ ਕਿ ਕਥਿਤ ਬਾਬਰੀ ਮਸਜਿਦ ਇਬਾਦਤ ਲਈ ਨਹੀਂ, ਬਲਕਿ ਇਕ ਹਮਲਾਵਰ ਦੇ ਨਿਰਦੇਸ਼ 'ਤੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਬਣਾਈ ਗਈ ਸੀ। ਅਜਿਹਾ ਕਈ ਸਥਾਨਾਂ 'ਤੇ ਹੋਇਆ ਸੀ। ਚੰਗਾ ਹੁੰਦਾ ਸੋਮਨਾਥ ਮੰਦਰ ਦੀ ਤਰਜ 'ਤੇ ਆਜ਼ਾਦੀ ਤੋਂ ਬਾਅਦ ਦੇ ਨੇਤਾਵਾਂ ਨੇ ਉਸੇ ਭਾਵ ਨਾਲ ਇਕ ਸ਼ਾਨਦਾਰ ਰਾਮ ਮੰਦਰ ਬਣਨ ਦਿੱਤਾ ਹੁੰਦਾ। ਸੱਤਰ ਸਾਲ ਦਾ ਲੰਬਾ ਸੰਘਰਸ਼ ਇਕ ਤ੍ਰਾਸਦੀ ਹੀ ਹੈ ਜਿਸ ਦੀ ਭਵਿੱਖ ਵਿਚ ਸਮੀਖਿਆ ਹੁੰਦੀ ਰਹੇਗੀ। ਇਹ ਪੀੜਦਾਇਕ ਹੈ ਕਿ ਦੇਸ਼ ਦੀ ਸਰਬ-ਵਿਆਪੀ ਰਾਮ ਭਗਤੀ ਦੇ ਉੱਤੇ ਕੁਝ ਸਿਆਸੀ ਪਾਰਟੀਆਂ ਅਤੇ ਨੇਤਾਵਾਂ ਦੀਆਂ ਵੋਟਾਂ ਦੀ ਰਾਜਨੀਤੀ ਭਾਰੂ ਹੋ ਗਈ। ਇਹ ਸਬਰ ਵਾਲੀ ਗੱਲ ਹੈ ਕਿ ਮਰਿਆਦਾ ਪੁਰਸ਼ੋਤਮ ਦੀ ਮਰਿਆਦਾ ਮੁਤਾਬਕ ਹੀ ਕਾਨੂੰਨ ਅਤੇ ਨਿਆਂ ਦੇ ਰਸਤੇ ਰਾਹੀਂ ਇਸ ਮੰਦਰ ਦੇ ਨਿਰਮਾਣ 'ਤੇ ਮੋਹਰ ਲੱਗੀ। ਇਸ ਦੇ ਲਈ ਜੋ ਸੰਘਰਸ਼ ਹੋਇਆ ਅਤੇ ਜਿਨ੍ਹਾਂ ਲੋਕਾਂ ਨੇ ਆਪਣਾ ਜੀਵਨ ਵਾਰ ਦਿੱਤਾ, ਅੱਜ ਉਨ੍ਹਾਂ ਸਾਰੇ ਲੋਕਾਂ ਨੂੰ ਨਮਨ ਕਰਨ ਦਾ ਦਿਨ ਹੈ। ਇਹ ਮੇਰੀ ਪਰਮ ਖ਼ੁਸ਼ਕਿਸਮਤੀ ਰਹੀ ਕਿ ਇਸ ਅੰਦੋਲਨ ਵਿਚ ਪਾਰਟੀ ਕਾਰਕੁਨ ਅਤੇ ਰਾਮ ਭਗਤ ਦੇ ਰੂਪ ਵਿਚ ਮੈਨੂੰ ਸਹਿਭਾਗੀ ਹੋਣ ਦਾ ਮੌਕਾ ਮਿਲਿਆ। ਰੱਥ ਯਾਤਰਾ ਦੌਰਾਨ ਜਦ ਲਾਲ ਕ੍ਰਿਸ਼ਨ ਅਡਵਾਨੀ ਨੂੰ ਲਾਲੂ ਪ੍ਰਸਾਦ ਸਰਕਾਰ ਦੁਆਰਾ ਬਿਹਾਰ ਵਿਚ ਗ੍ਰਿਫ਼ਤਾਰ ਕੀਤਾ ਗਿਆ ਉਦੋਂ ਵੀ ਮੈਂ ਪਟਨਾ ਹਾਈ ਕੋਰਟ ਵਿਚ ਉਨ੍ਹਾਂ ਦਾ ਵਕੀਲ ਸਾਂ।

ਕੋਰਟ ਦੇ ਹੁਕਮ 'ਤੇ ਹੀ ਉਨ੍ਹਾਂ ਨੂੰ ਸੰਸਦ ਦੀ ਕਾਰਵਾਈ ਵਿਚ ਹਿੱਸਾ ਲੈਣਾ ਦਾ ਅਵਸਰ ਮਿਲਿਆ। ਇਕ ਵਕੀਲ ਦੇ ਰੂਪ ਵਿਚ ਮੈਨੂੰ ਇਲਾਹਾਬਾਦ ਹਾਈ ਕੋਰਟ 'ਚ ਜਨਮ ਸਥਾਨ ਦੇ ਸਬੰਧ ਵਿਚ ਹਿੰਦੂਆਂ ਤੇ ਰਾਮਲੱਲਾ ਦੀ ਧਿਰ ਵੱਲੋਂ ਪੱਖ ਪੇਸ਼ ਕਰਨ ਦਾ ਮਾਣ ਵੀ ਪ੍ਰਾਪਤ ਹੋਇਆ। ਇਲਾਹਾਬਾਦ ਹਾਈ ਕੋਰਟ ਨੇ ਰਾਮ ਜਨਮ ਭੂਮੀ ਦੇ ਸਬੰਧ ਵਿਚ ਹਿੰਦੂਆਂ ਦੀ ਪ੍ਰਾਰਥਨਾ ਨੂੰ ਸਵੀਕਾਰ ਕੀਤਾ ਅਤੇ ਉਹ ਸਥਾਨ ਹਿੰਦੂਆਂ ਨੂੰ ਦਿੱਤਾ ਅਤੇ ਬਾਕੀ ਇਕ ਤਿਹਾਈ ਨਿਰਮੋਹੀ ਅਖਾੜੇ ਨੂੰ ਅਤੇ ਇਕ ਤਿਹਾਈ ਮੁਸਲਿਮ ਧਿਰ ਨੂੰ। ਇਸ ਮਾਮਲੇ ਦੀ ਸੁਣਵਾਈ ਵਿਚ ਕੁਝ ਦਿਲਚਸਪ ਘਟਨਾਵਾਂ ਵੀ ਹੋਈਆਂ। ਸ਼ੁਰੂਆਤੀ ਸੁਣਵਾਈ ਦੌਰਾਨ ਹੀ ਕੋਰਟ ਨੇ ਨਿਰਦੇਸ਼ ਦਿੱਤਾ ਕਿ ਜਿੱਥੇ ਰਾਮਲੱਲਾ ਬਿਰਾਜਮਾਨ ਹਨ, ਉਸ ਦੇ ਲਗਪਗ 50 ਫੁੱਟ ਦੇ ਘੇਰੇ ਨੂੰ ਛੱਡ ਕੇ ਬਾਕੀ ਹਿੱਸੇ ਦੀ ਪੁਰਾਤੱਤਵ ਵਿਭਾਗ ਦੁਆਰਾ ਖੁਦਾਈ ਕਰਵਾਈ ਜਾਵੇ। ਦੋਵੇਂ ਧਿਰਾਂ ਇਸ ਨੂੰ ਲੈ ਕੇ ਖ਼ਦਸ਼ੇ ਜ਼ਾਹਰ ਕਰ ਰਹੀਆਂ ਸਨ ਕਿ ਖੁਦਾਈ ਵਿਚ ਪਤਾ ਨਹੀਂ ਕੀ ਨਿਕਲੇਗਾ? ਖੁਦਾਈ ਤੋਂ ਬਾਅਦ ਗਰਭ ਗ੍ਰਹਿ ਦੇ ਆਲੇ-ਦੁਆਲੇ ਸੱਤਵੀਂ ਸਦੀ ਦੇ ਮੰਦਰ ਦੇ ਅਵਸ਼ੇਸ਼ ਨਿਕਲੇ। ਇਲਾਹਾਬਾਦ ਹਾਈ ਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਗਈ ਅਤੇ ਤਮਾਮ ਵਿਰੋਧ ਅਤੇ ਅੜਿੱਕਿਆਂ ਦੇ ਕਾਰਨ ਲਗਪਗ 12 ਸਾਲ ਬਾਅਦ ਸੁਪਰੀਮ ਕੋਰਟ ਦੀ ਪੰਜ ਜੱਜਾਂ ਦੀ ਸੰਵਿਧਾਨਕ ਬੈਂਚ ਨੇ ਸਬੂਤਾਂ ਦੀ ਵਿਆਪਕ ਛਾਣਬੀਨ ਤੋਂ ਬਾਅਦ ਸਰਬਸੰਮਤੀ ਨਾਲ ਫ਼ੈਸਲਾ ਦਿੱਤਾ। ਇਸ ਫ਼ੈਸਲੇ ਦੇ ਚਾਰ ਬਿੰਦੂ ਜ਼ਿਕਰਯੋਗ ਹਨ।

1. ਸੈਂਕੜੇ ਸਾਲਾਂ ਤੋਂ ਹਿੰਦੂਆਂ ਦਾ ਵਿਸ਼ਵਾਸ ਰਾਮ ਜਨਮ ਭੂਮੀ ਦੀ ਅਧਿਆਤਮਕ ਪਛਾਣ ਵਿਚ ਨਿਰੰਤਰ ਤੌਰ 'ਤੇ ਬਣਿਆ ਰਿਹਾ ਅਤੇ ਉਹ ਉਸ ਦੀ ਪੂਜਾ ਵੀ ਕਰਦੇ ਰਹੇ। 2. ਮੁਸਲਿਮ ਧਿਰ ਦੁਆਰਾ ਮਸਜਿਦ ਨਿਰਮਾਣ ਦੇ ਸਵਾ ਤਿੰਨ ਸੌ ਸਾਲ ਤਕ ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ ਕਿ ਉਨ੍ਹਾਂ ਦਾ ਇਸ 'ਤੇ ਇੱਕੋ-ਇੱਕ ਅਧਿਕਾਰ ਸੀ। 3. ਮਸਜਿਦ ਬਣਨ ਦੇ ਬਾਵਜੂਦ ਹਿੰਦੂਆਂ ਦਾ ਇਹ ਭਰੋਸਾ ਕਦੇ ਨਹੀਂ ਹਿੱਲਿਆ ਕਿ ਇਹ ਪ੍ਰਭੂ ਰਾਮ ਦਾ ਜਨਮ ਸਥਾਨ ਹੈ ਅਤੇ ਉਹ ਇਸ ਦੀ ਪੂਜਾ ਕਰਦੇ ਰਹੇ। 4. ਪੁਰਾਤੱਤਵ ਵਿਭਾਗ ਦੀ ਖੁਦਾਈ ਅਤੇ ਰਿਪੋਰਟ ਨੂੰ ਦੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਮਸਜਿਦ ਦੀ ਦੀਵਾਰ ਇਕ ਮੰਦਰ ਦੇ ਅਵਸ਼ੇਸ਼ 'ਤੇ ਬਣਾਈ ਗਈ ਸੀ। ਉਪਰੋਕਤ ਬਿੰਦੂਆਂ ਦੇ ਆਧਾਰ 'ਤੇ ਸੁਪਰੀਮ ਕੋਰਟ ਨੇ ਪੂਰਾ ਸਥਾਨ ਹਿੰਦੂ ਧਿਰ ਨੂੰ ਦਿੱਤਾ ਅਤੇ ਸਰਕਾਰ ਨੂੰ ਮੰਦਰ ਨਿਰਮਾਣ ਲਈ ਇਕ ਟਰੱਸਟ ਬਣਾਉਣ ਦਾ ਨਿਰਦੇਸ਼ ਦਿੱਤਾ। ਮੁਸਲਿਮ ਧਿਰ ਨੂੰ ਪੰਜ ਏਕੜ ਜ਼ਮੀਨ ਅਲੱਗ ਤੋਂ ਦੇਣ ਦਾ ਵੀ ਨਿਰਦੇਸ਼ ਦਿੱਤਾ ਗਿਆ। ਦੇਸ਼ ਵਾਸੀਆਂ ਦੇ ਮਰਿਆਦਾਪੂਰਨ ਆਚਰਨ ਦੀ ਇਕ ਸ਼ਾਨਦਾਰ ਮਿਸਾਲ ਸਾਨੂੰ ਇਹ ਵੀ ਦਿਖਾਈ ਦਿੱਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਸਾਲਾਂ ਤੋਂ ਉਡੀਕੇ ਜਾ ਰਹੇ ਇਸ ਫ਼ੈਸਲੇ ਦੇ ਬਾਵਜੂਦ ਦੇਸ਼ ਦੇ ਸਾਰੇ ਵਰਗਾਂ ਨੇ ਨਿਮਰਤਾ ਸਹਿਤ ਇਸ ਨੂੰ ਸਵੀਕਾਰ ਕੀਤਾ। ਇਹ ਵੀ ਤਾਂ ਪ੍ਰਭੂ ਰਾਮ ਦੀ ਮਰਿਆਦਾ ਦੇ ਆਸ਼ੀਰਵਾਦ ਨਾਲ ਹੀ ਹੋਇਆ।

ਰਾਮ ਜਨਮ ਭੂਮੀ 'ਤੇ ਸ਼ਾਨਦਾਰ ਮੰਦਰ ਰਾਸ਼ਟਰ ਦਾ ਵੀ ਮੰਦਰ ਹੈ। ਭਾਰਤ ਦੇ ਸਵੈਮਾਣ, ਆਤਮ-ਸਨਮਾਨ ਅਤੇ ਭਾਰਤ ਦੀ ਅਧਿਆਤਮਕ ਵਿਰਾਸਤ-'ਏਕੰ ਸਦ ਵਿਪਰਾ ਬਹੂਧਾ ਵਦੰਤਿ' ਦਾ ਵੀ ਜੈਗਾਨ ਹੈ। ਆਖ਼ਰ ਇਹ ਕੌਮੀ ਆਤਮ-ਸਨਮਾਨ ਦਾ ਵਿਸ਼ਾ ਕਿਉਂ ਹੈ? ਆਜ਼ਾਦੀ ਤੋਂ ਬਾਅਦ ਬ੍ਰਿਟਿਸ਼ ਸਮਰਾਟਾਂ ਦੀਆਂ ਦਿੱਲੀ ਅਤੇ ਦੇਸ਼ ਦੇ ਵੱਖ-ਵੱਖ ਇਲਾਕਿਆਂ ਵਿਚ ਜੋ ਵੱਡੀਆਂ-ਵੱਡੀਆਂ ਮੂਰਤੀਆਂ ਲੱਗੀਆਂ ਹੋਈਆਂ ਸਨ, ਉਨ੍ਹਾਂ ਨੂੰ ਹਟਾ ਕੇ ਅਜਾਇਬਘਰਾਂ ਵਿਚ ਤਬਦੀਲ ਕਰ ਦਿੱਤਾ ਗਿਆ, ਉਹ ਵੀ ਬਿਨਾਂ ਕਿਸੇ ਵਿਰੋਧ ਦੇ। ਇਹ ਸਭ ਇਸ ਲਈ ਹੋਇਆ ਕਿਉਂਕਿ ਇਹ ਮੂਰਤੀਆਂ ਕਲਾ ਦੀਆਂ ਨਹੀਂ ਬਲਕਿ ਬਸਤੀਵਾਦ ਦੀਆਂ ਪ੍ਰਤੀਕ ਸਨ ਪਰ ਇਹੀ ਸੋਚ ਰਾਮ ਮੰਦਰ ਬਾਰੇ ਕਿਉਂ ਨਹੀਂ ਅਪਣਾਈ ਗਈ? ਇਸ ਲਈ ਅੱਜ ਦਾ ਦਿਨ ਰਾਸ਼ਟਰ ਦੇ ਆਤਮ-ਸਨਮਾਨ ਅਤੇ ਸਵੈਮਾਣ ਲਈ ਵੀ ਅਹਿਮ ਹੈ। ਸ਼ਾਨਦਾਰ ਰਾਮ ਮੰਦਰ ਤੋਂ ਬਾਅਦ ਅਯੁੱਧਿਆ ਨਵੇਂ ਰੰਗ ਵਿਚ ਦਿਖਾਈ ਦੇਵੇਗੀ ਅਤੇ ਹੋਰ ਨਿਖਰੇਗੀ। ਇਹ ਵਿਸ਼ਵ ਦੀ ਧਰੋਹਰ ਬਣੇਗੀ। ਲੱਖਾਂ ਦੀ ਗਿਣਤੀ ਵਿਚ ਭਗਤ ਅਤੇ ਸੈਲਾਨੀ ਆਉਣਗੇ ਅਤੇ ਇਲਾਕੇ ਦੇ ਵਿਕਾਸ ਨੂੰ ਚਾਰ ਚੰਨ ਲਾਉਣਗੇ। ਇਹੀ ਮੋਦੀ ਸਰਕਾਰ ਅਤੇ ਉੱਤਰ ਪ੍ਰਦੇਸ਼ ਸਰਕਾਰ ਦਾ ਸੁਪਨਾ ਵੀ ਹੈ। ਜਿੱਥੇ ਅੱਜ ਅਸੀਂ ਭਗਤੀ ਨਾਲ ਸਰਾਬੋਰ ਹਾਂ ਅਤੇ ਆਪਣੀ ਵਿਰਾਸਤ ਦੇ ਆਤਮ-ਸਨਮਾਨ ਨੂੰ ਲੈ ਕੇ ਮਾਣਮੱਤੇ ਮਹਿਸੂਸ ਕਰ ਰਹੇ ਹਾਂ, ਓਥੇ ਹੀ ਪ੍ਰਭੂ ਰਾਮ ਦੀ ਮਰਿਆਦਾ ਦਾ ਧਿਆਨ ਰੱਖਦੇ ਹੋਏ ਸਾਨੂੰ ਸੰਜਮ, ਸਦਾਚਾਰ, ਭਾਰਤੀਅਤਾ ਦੀ ਭਾਵਨਾ ਅਤੇ ਸੰਵਿਧਾਨ ਦੀ ਸਹਿ-ਹੋਂਦ ਦੀਆਂ ਕਦਰਾਂ-ਕੀਮਤਾਂ ਦਾ ਵੀ ਸਨਮਾਨ ਕਰਨਾ ਚਾਹੀਦਾ ਹੈ।

ਇਹ ਭਾਵ ਸਾਨੂੰ ਹੋਰ ਮਜ਼ਬੂਤ ਕਰੇਗਾ। ਜਿੱਥੇ ਭਾਰਤ ਅਤੇ ਦੁਨੀਆ ਭਰ ਵਿਚ ਫੈਲੇ ਹੋਏ ਕਰੋੜਾਂ ਹਿੰਦੂ ਅੱਜ ਖ਼ੁਦ ਨੂੰ ਮਾਣਮੱਤੇ ਮਹਿਸੂਸ ਕਰ ਰਹੇ ਹਨ ਓਥੇ ਹੀ ਮੇਰਾ ਵਿਸ਼ਵਾਸ ਹੈ ਕਿ ਸਾਰੀਆਂ ਆਸਥਾਵਾਂ ਵਾਲੇ ਜ਼ਿਆਦਾਤਰ ਭਾਰਤੀ ਵੀ ਪ੍ਰਸੰਨ ਹਨ। ਕਬੀਰ, ਰਹੀਮ ਅਤੇ ਰਸਖਾਨ ਦੀ ਸੋਚ ਨੂੰ ਅੱਜ ਇਕ ਨਵੀਂ ਮਜ਼ਬੂਤੀ ਮਿਲ ਰਹੀ ਹੈ। ਇਹੀ ਤਾਂ ਹੈ ਭਾਰਤ ਦੀ ਅਧਿਆਤਮਕ ਵਿਰਾਸਤ ਜੋ ਸਾਰਿਆਂ ਨੂੰ ਸਹੀ ਮਾਰਗ ਦਿਖਾ ਰਹੀ ਹੈ। ਇਹੀ ਤਾਂ ਮਰਿਆਦਾ ਪੁਰਸ਼ੋਤਮ ਦੇ ਜੀਵਨ ਦਾ ਉਪਦੇਸ਼ ਵੀ ਹੈ। ਵੈਸੇ ਵੀ ਕੋਈ ਵੀ ਧਰਮ ਕੱਟੜਤਾ ਨਹੀਂ ਸਿਖਾਉਂਦਾ। ਉਹ ਮਨੁੱਖਤਾ ਦੇ ਭਲੇ ਦਾ ਉਪਦੇਸ਼ ਦਿੰਦਾ ਹੈ।

ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਕੁਝ ਦਾਨਵੀ ਬਿਰਤੀ ਵਾਲੇ ਲੋਕ ਜਾਂ ਸ਼ਾਸਕ ਧਰਮ ਦੀ ਆੜ ਵਿਚ ਦੂਜੇ ਧਰਮਾਂ ਨੂੰ ਦਬਾਉਣ ਦੀ ਹਿਮਾਕਤ ਸਦੀਆਂ ਤੋਂ ਕਰਦੇ ਰਹੇ ਹਨ। ਇਸ ਚੀਜ਼ ਦਾ ਦਰਦ ਭਾਰਤ ਨੇ ਸਭ ਤੋਂ ਵੱਧ ਭੋਗਿਆ ਹੈ। ਇੱਥੇ ਹਮਲਾਵਰ ਆਉਂਦੇ ਤੇ ਮਨਮਰਜ਼ੀ ਨਾਲ ਲੁੱਟਮਾਰ ਕਰਦੇ ਹੋਏ ਆਰਾਮ ਨਾਲ ਚਲੇ ਜਾਂਦੇ। ਅਜਿਹਾ ਭਾਰਤੀਆਂ ਵਿਚ ਏਕਤਾ ਦੀ ਘਾਟ ਕਾਰਨ ਵਾਪਰਦਾ ਸੀ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਅਸੀਂ ਇਕਜੁੱਟ ਨਹੀਂ ਹੋ ਸਕੇ। ਮੌਜੂਦਾ ਸਮੇਂ ਵੀ ਇਹੀ ਕਮੀ ਸਾਡੇ ਮੁਲਕ ਨੂੰ ਘੁਣ ਵਾਂਗ ਖਾਈ ਜਾ ਰਹੀ ਹੈ। ਕਿੰਨਾ ਚੰਗਾ ਹੋਵੇ ਜੇ ਅਸੀਂ ਸਾਰੇ ਭਾਰਤੀ ਅੱਜ ਦੇ ਸ਼ੁਭ ਅਵਸਰ 'ਤੇ ਸ੍ਰੀਰਾਮ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਸੇਧ ਲੈਂਦੇ ਹੋਏ ਆਪਣੇ ਜੀਵਨ ਨੂੰ ਸਾਰਥਕ ਬਣਾਈਏ।

-(ਲੇਖਕ ਕੇਂਦਰੀ ਕਾਨੂੰਨ ਤੇ ਨਿਆਂ, ਸੰਚਾਰ ਅਤੇ ਸੂਚਨਾ ਤਕਨਾਲੋਜੀ ਮੰਤਰੀ ਹੈ)।

Posted By: Jagjit Singh