ਜੰਮੂ-ਕਸ਼ਮੀਰ ਹਾਈਵੇ 'ਤੇ ਪੈਂਦੇ ਨਗਰੋਟਾ ਦੇ ਬਨ ਟੋਲ ਪਲਾਜ਼ਾ 'ਤੇ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਦੇ ਹਮਲੇ ਨੂੰ ਸੁਰੱਖਿਆ ਕਰਮੀਆਂ ਨੇ ਮੁਸਤੈਦੀ ਨਾਲ ਨਾ ਸਿਰਫ਼ ਨਾਕਾਮ ਬਣਾਇਆ ਬਲਕਿ ਉਨ੍ਹਾਂ ਨੂੰ ਢੇਰ ਵੀ ਕਰ ਦਿੱਤਾ। ਸੁਰੱਖਿਆ ਏਜੰਸੀਆਂ ਦੀ ਕਾਬਿਲੇਤਾਰੀਫ਼ ਚੌਕਸੀ ਨੇ ਕਿਸੇ ਵੱਡੇ ਸੰਭਾਵੀ ਨੁਕਸਾਨ ਤੋਂ ਬਚਾਅ ਕਰ ਦਿੱਤਾ। ਏਜੰਸੀਆਂ ਮੁਤਾਬਕ ਮਾਰੇ ਗਏ ਅੱਤਵਾਦੀ ਕਸ਼ਮੀਰ ਵਿਚ ਪੁਲਵਾਮਾ ਵਰਗੇ ਇਕ ਹੋਰ ਹਮਲੇ ਨੂੰ ਅੰਜਾਮ ਦੇਣਾ ਚਾਹੁੰਦੇ ਸਨ। ਦਰਅਸਲ, ਧਾਰਾ-370 ਦੇ ਖ਼ਾਤਮੇ ਤੋਂ ਬਾਅਦ ਜੰਮੂ-ਕਸ਼ਮੀਰ ਵਿਚ ਅੱਤਵਾਦੀ ਘਟਨਾਵਾਂ ਦੀ ਗਿਣਤੀ ਬਹੁਤ ਵੱਧ ਚੁੱਕੀ ਹੈ। ਪਾਕਿਸਤਾਨ ਹਰ ਹਰਬਾ ਵਰਤ ਕੇ ਕਸ਼ਮੀਰ ਦੇ ਹਾਲਾਤ ਠੀਕ ਨਹੀਂ ਹੋਣ ਦੇਣੇ ਚਾਹੁੰਦਾ। ਕੌਮਾਂਤਰੀ ਮੰਚਾਂ 'ਤੇ ਉਹ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਧਾਰਾ-370 ਦੇ ਖ਼ਾਤਮੇ ਤੋਂ ਬਾਅਦ ਕਸ਼ਮੀਰੀ ਹਰ ਤਰੀਕੇ ਨਾਲ ਭਾਰਤ ਵਿਰੁੱਧ ਗੁੱਸੇ ਦਾ ਪ੍ਰਗਟਾਵਾ ਕਰ ਰਹੇ ਹਨ। ਬਿਨਾਂ ਕਿਸੇ ਉਕਸਾਵੇ ਦੇ ਭਾਰਤੀ ਆਬਾਦੀ ਵਾਲੇ ਖੇਤਰਾਂ ਵਿਚ ਨਾ ਸਿਰਫ਼ ਗੋਲ਼ੀਬਾਰੀ ਕੀਤੀ ਜਾਂਦੀ ਹੈ ਬਲਕਿ ਮੋਰਟਾਰਾਂ ਤੇ ਹੋਰ ਵੱਡੇ ਹਥਿਆਰਾਂ ਦਾ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ। ਬਿਨਾਂ ਸ਼ੱਕ ਭਾਰਤ ਵੱਲੋਂ ਇਸ ਦਾ ਠੋਕਵਾਂ ਜਵਾਬ ਦਿੱਤਾ ਜਾ ਰਿਹਾ ਹੈ ਪਰ ਪਾਕਿ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਜੰਮੂ-ਕਸ਼ਮੀਰ 'ਚ ਸਰਦੀਆਂ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਪੀਓਕੇ ਸਥਿਤ ਲਾਂਚਿੰਗ ਪੈਡਜ਼ ਤੋਂ ਅੱਤਵਾਦੀਆਂ ਨੂੰ ਭਾਰਤ ਵਾਲੇ ਪਾਸੇ ਭੇਜਣ ਦੀਆਂ ਕੋਸ਼ਿਸ਼ਾਂ 'ਚ ਵੀ ਇਜ਼ਾਫਾ ਹੋ ਜਾਂਦਾ ਹੈ। ਇਸ ਵਾਸਤੇ ਪਾਕਿ ਆਰਮੀ ਵੱਲੋਂ ਸਰਹੱਦ 'ਤੇ ਗੋਲ਼ਾਬਾਰੀ ਕੀਤੀ ਜਾਂਦੀ ਹੈ ਤਾਂ ਕਿ ਭਾਰਤੀ ਫ਼ੌਜ ਦਾ ਧਿਆਨ ਦੂਜੇ ਪਾਸੇ ਲਾ ਕੇ ਅੱਤਵਾਦੀਆਂ ਨੂੰ ਭਾਰਤ ਵਾਲੇ ਪਾਸੇ ਭੇਜਿਆ ਜਾਵੇ। ਬਰਫ਼ਬਾਰੀ ਅਤੇ ਸਰਦ ਮੌਸਮ ਦੀ ਆੜ 'ਚ ਘੁਸਪੈਠ ਕਰਵਾਈ ਜਾਂਦੀ ਹੈ। ਨਗਰੋਟਾ 'ਚ ਮਾਰੇ ਗਏ ਅੱਤਵਾਦੀ ਵੀ ਪਿਛਲੇ ਤਿੰਨ ਹਫ਼ਤਿਆਂ ਤੋਂ ਘੁਸਪੈਠ ਦੀ ਕੋਸ਼ਿਸ਼ ਵਿਚ ਸਨ। ਉਨ੍ਹਾਂ ਨੂੰ ਹੀਰਾਨਗਰ ਸੈਕਟਰ 'ਚ ਪਾਕਿਸਤਾਨ ਦੀਆਂ ਅਗਾਊਂ ਪੋਸਟਾਂ 'ਤੇ ਦੇਖਿਆ ਗਿਆ ਸੀ। ਮੌਕਾ ਪਾ ਕੇ ਉਨ੍ਹਾਂ ਨੇ ਸਾਂਬਾ ਦੇ ਚੱਕ ਦਿਆਲਾ ਖੇਤਰ ਨਾਲ ਲੱਗਦੀ ਸਰਹੱਦ ਤੋਂ ਘੁਸਪੈਠ ਕੀਤੀ ਅਤੇ ਫਿਰ ਬਸੰਤਰ ਨਦੀ ਰਾਹੀਂ ਹਾਈਵੇ ਤਕ ਪੁੱਜੇ ਅਤੇ ਫਿਰ ਟਰੱਕ 'ਚ ਬੈਠ ਕੇ ਨਗਰੋਟਾ ਤਕ ਪੁੱਜੇ ਜਿੱਥੇ ਮੁਕਾਬਲੇ ਵਿਚ ਇਹ ਮਾਰੇ ਗਏ। ਭਾਵੇਂ ਅੱਤਵਾਦ ਦੇ ਮੁੱਦੇ 'ਤੇ ਭਾਰਤ ਕੌਮਾਂਤਰੀ ਮੰਚਾਂ 'ਤੇ ਪਾਕਿਸਤਾਨ ਨੂੰ ਘੇਰਨ ਦੀਆਂ ਕੋਸ਼ਿਸ਼ਾਂ ਵਿਚ ਲੱਗਾ ਰਹਿੰਦਾ ਹੈ ਪਰ ਇਸ ਸਭ ਦੇ ਬਾਵਜੂਦ ਉਹ ਆਪਣੀਆਂ ਚਾਲਾਂ ਤੋਂ ਬਾਜ਼ ਨਹੀਂ ਆ ਰਿਹਾ। ਨਾ ਸਿਰਫ਼ ਜੰਮੂ-ਕਸ਼ਮੀਰ ਬਲਕਿ ਪੰਜਾਬ ਦੀ ਲੰਬੀ ਚੌੜੀ ਕੌਮਾਂਤਰੀ ਸਰਹੱਦ ਵੀ ਪਾਕਿਸਤਾਨ ਨਾਲ ਲੱਗਦੀ ਹੈ ਜਿੱਥੋਂ ਅੱਤਵਾਦੀਆਂ ਦੀ ਘੁਸਪੈਠ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹਿੰਦੀਆਂ ਹਨ। ਪਠਾਨਕੋਟ ਏਅਰਬੇਸ ਅਤੇ ਦੀਨਾਨਗਰ 'ਚ ਹੋਏ ਹਮਲਿਆਂ ਵਿਚ ਸ਼ਾਮਲ ਅੱਤਵਾਦੀ ਪੰਜਾਬ ਸਰਹੱਦ ਰਾਹੀਂ ਹੀ ਦਾਖ਼ਲ ਹੋਏ ਸਨ। ਸੁਰੱਖਿਆ ਏਜੰਸੀਆਂ ਇਸ ਮੌਸਮ 'ਚ ਪਹਿਲਾਂ ਦੇ ਮੁਕਾਬਲੇ ਵਧੇਰੇ ਚੌਕਸ ਹੋ ਜਾਂਦੀਆਂ ਹਨ। ਸੰਵੇਦਨਸ਼ੀਲ ਥਾਵਾਂ ਜਿਵੇਂ ਕਿ ਰਾਵੀ ਦਰਿਆ ਵਿਚ ਬੋਟ ਨਾਕੇ ਆਦਿ ਵੀ ਲਾ ਦਿੱਤੇ ਜਾਂਦੇ ਹਨ। ਇਸ ਦੇ ਬਾਵਜੂਦ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪਾਕਿਸਤਾਨ, ਪੰਜਾਬ ਦੇ ਮੌਜੂਦਾ ਕਿਸਾਨ ਸੰਘਰਸ਼ ਦੇ ਹਾਲਾਤ ਦਾ ਕੋਈ ਗ਼ਲਤ ਫ਼ਾਇਦਾ ਨਹੀਂ ਚੁੱਕੇਗਾ। ਇਸ ਲਈ ਲਾਜ਼ਮੀ ਹੋ ਜਾਂਦਾ ਹੈ ਕਿ ਪਾਕਿ ਨਾਲ ਲੱਗਦੀ ਜੰਮੂ-ਕਸ਼ਮੀਰ ਤੋਂ ਲੈ ਕੇ ਪੰਜਾਬ ਤੇ ਰਾਜਸਥਾਨ ਦੀ ਸਰਹੱਦ 'ਤੇ ਚੌਕਸੀ ਵਧਾਈ ਜਾਵੇ ਤਾਂ ਕਿ ਪਾਕਿਸਤਾਨ ਨੂੰ ਕਿਸੇ ਤਰ੍ਹਾਂ ਦੀ ਗ਼ਲਤ ਕਾਰਵਾਈ ਕਰਨ ਦਾ ਮੌਕਾ ਨਾ ਮਿਲੇ।

Posted By: Jagjit Singh