-ਬਲਵਿੰਦਰ ਝਬਾਲ

ਮੈਂ ਜਦ ਸਕੂਲ ਜਾਂਦਾ ਤਾਂ ਦੁਪਹਿਰ ਦੀ ਰੋਟੀ ਕਾਗਜ਼ ਵਿਚ ਲਪੇਟ ਕੇ ਲੈ ਜਾਇਆ ਕਰਦਾ ਸਾਂ। ਮੇਰੀ ਮਾਤਾ ਕਹਿੰਦੀ ਰਹਿੰਦੀ ‘‘ਵੇ ਕਾਕਾ, ਰੋਟੀ ਬਹੂ ਕੋਲੋਂ ਡੱਬੇ ਵਿਚ ਬੰਨ੍ਹਾ ਕੇ ਲਿਜਾਇਆ ਕਰ। ...ਦੇਖ ਨਾ ਪੁੱਤਰ, ਡੱਬਾ ਹੋਵੇ ਤਾਂ ਤੂੰ ਕੋਈ ਤਰੀ ਵਾਲੀ ਸਬਜ਼ੀ ਵੀ ਨਾਲ ਲੈ ਕੇ ਜਾ ਸਕਦਾ ਏਂ। ਇਸ ਤਰ੍ਹਾਂ ਪੁੱਤਰ ਰੋਟੀ ਵੀ ਸੁੱਕ ਜਾਂਦੀ ਹੋਊਗੀ।’’ ਇਹ ਗੱਲ ਮਾਂ ਮੈਨੂੰ ਅਕਸਰ ਆਖ ਛੱਡਦੀ। ‘‘ਨਹੀਂ ਮਾਤਾ ਜੀ, ਡੱਬਾ ਕੌਣ ਬੱਸ ਵਿਚ ਸਾਂਭਦਾ ਫਿਰੇ।’’ ਮੈਂ ਆਪਣੀ ਮਾਤਾ ਨੂੰ ਅਕਸਰ ਮੋੜਵਾਂ ਜਵਾਬ ਦੇ ਦਿੰਦਾ ਪਰ ਇਕ ਦਿਨ ਮੈਂ ਉਸ ਦੀ ਗੱਲ ਮੰਨ ਲਈ ਸੀ।

ਮਾਤਾ ਤੇ ਮੇਰੀ ਪਤਨੀ ਅੱਡੇ ’ਤੇ ਖ਼ਰੀਦੋ-ਫਰੋਖਤ ਕਰਨ ਗਈਆਂ। ਉਹ ਮੇਰੇ ਲਈ ਠਠਿਆਰਾਂ ਦੀ ਦੁਕਾਨ ਤੋਂ ਇਕ ਡੱਬਾ ਲੈ ਆਈਆਂ ਸਨ। ਬਸ, ਫਿਰ ਕੀ ਸੀ। ਮੈਂ ਅਗਲੇ ਦਿਨ ਤੋਂ ਰੋਟੀ ਡੱਬੇ ਵਿਚ ਲੈ ਕੇ ਜਾਣ ਲੱਗ ਪਿਆ ਸਾਂ। ਬੱਸ ਵਿਚ ਭੀੜ ਹੁੰਦੀ ਸੀ। ਜੇ ਕਿਸੇ ਵੇਲੇ ਸੀਟ ਨਾ ਮਿਲਦੀ ਤਾਂ ਮੈਨੂੰ ਖੜ੍ਹ ਕੇ ਜਾਣਾ ਪੈਂਦਾ ਸੀ। ਇਕ ਹੱਥ ਨਾਲ ਮੈਂ ਉੱਪਰ ਰਾਡ ਫੜੀ ਹੁੰਦੀ ਤੇ ਦੂਜੇ ਹੱਥ ਰੋਟੀ ਵਾਲਾ ਡੱਬਾ ਹੁੰਦਾ। ਜਦੋਂ ਪਿੱਛੋਂ ਧੱਕਾ ਵੱਜਦਾ ਤਾਂ ਮੈਂ ਅੱsਗੇ ਸਵਾਰੀਆਂ ਵਿਚ ਜਾ ਵੱਜਦਾ ਸਾਂ। ਪਰ ਮੈਨੂੰ ਡੱਬੇ ਨੂੰ ਬੜੇ ਧਿਆਨ ਨਾਲ ਫੜਨਾ ਪੈਂਦਾ ਸੀ।

ਜੇ ਕਿਧਰੇ ਡੱਬੇ ਦੀ ਕੁੰਡੀ ਖੁੱਲ੍ਹ ਜਾਂਦੀ ਤਾਂ ਕਿਸੇ ਦੇ ਕੱਪੜੇ ਖ਼ਰਾਬ ਜ਼ਰੂਰ ਹੋਣੇ ਸਨ। ਇਹ ਰੋਟੀ ਵਾਲਾ ਡੱਬਾ ਮੇਰੇ ਲਈ ਬੜੀ ਮੁਸ਼ਕਲ ਬਣਿਆ ਹੋਇਆ ਸੀ। ਇਕ ਦਿਨ ਅਜੀਬ ਘਟਨਾ ਵਾਪਰ ਹੀ ਗਈ। ਉਸ ਦਿਨ ਮੈਂ ਬੱਸ ਵਿਚ ਖੜ੍ਹਾ ਸਾਂ ਕਿ ਪਿੱਛੋਂ ਧੱਕਾ ਵੱਜਣ ਕਾਰਨ ਡੱਬੇ ਦੀ ਕੁੰਡੀ ਖੁੱਲ੍ਹ ਗਈ। ਬਸ ਫਿਰ ਕੀ ਸੀ, ਡੱਬੇ ਵਿਚਲੀ ਸਬਜ਼ੀ ਨਾਲ ਕੋਲ ਬੈਠੀ ਸਵਾਰੀ ਦੇ ਕੱਪੜੇ ਖ਼ਰਾਬ ਹੋ ਗਏ ਸਨ। ਇਸ ਤੋਂ ਪਹਿਲਾਂ ਕਿ ਉਹ ਸਵਾਰੀ ਖਿਝ ਕੇ ਬੋਲਦੀ, ਮੈਂ ਕਿਹਾ, ‘‘ਭੈਣ ਜੀ, ਮੈਨੂੰ ਬਹੁਤ ਅਫ਼ਸੋਸ ਹੈ ਕਿ ਤੁਹਾਡੇ ਕੱਪੜੇ ਖ਼ਰਾਬ ਹੋ ਗਏ ਹਨ ਪਰ ਮੇਰੇ ’ਚ ਧੱਕਾ ਵੱਜਣ ਕਰਕੇ ਡੱਬੇ ਦੀ ਕੁੰਡੀ ਖੁੱਲ੍ਹ ਗਈ ਸੀ।’’

‘‘ਵੀਰ ਜੀ ਤੁਹਾਨੂੰ ਜੇਕਰ ਸੀਟ ਨਹੀਂ ਮਿਲਦੀ ਤਾਂ ਡੱਬਾ ਕਿਸੇ ਸਵਾਰੀ ਨੂੰ ਫੜਾ ਦਿਆ ਕਰੋ। ਉਹ ਆਪੇ ਅੱਗੇ ਆਪਣੇ ਪੈਰਾਂ ਵਿਚ ਰੱਖ ਛੱਡੇਗੀ।’’ ਉਸ ਸਵਾਰੀ ਨੇ ਰੁਮਾਲ ਨਾਲ ਆਪਣੇ ਕੱਪੜੇ ਸਾਫ਼ ਕਰਦੀ ਹੋਈ ਨੇ ਆਖਿਆ ਸੀ। ‘‘ਠੀਕ ਏ ਭੈਣ ਜੀ। ਮੈਂ ਅੱਗੇ ਤੋਂ ਇੰਜ ਹੀ ਕਰਿਆ ਕਰਾਂਗਾ ਜੀ।’’ ਮੈਂ ਉਸ ਦੀ ਹਾਂ ਵਿਚ ਹਾਂ ਮਿਲਾਈ।

ਉਸ ਦੀ ਸਲਾਹ ਮੈਨੂੰ ਵਜ਼ਨਦਾਰ ਲੱਗੀ ਸੀ। ਅੱਗੇ ਤੋਂ ਮੈਨੂੰ ਜਦ ਸੀਟ ਨਾ ਮਿਲਦੀ ਤਾਂ ਮੈਂ ਰੋਟੀ ਵਾਲਾ ਡੱਬਾ ਬੈਠੀ ਸਵਾਰੀ ਨੂੰ ਬੇਨਤੀ ਕਰ ਕੇ ਉਸ ਨੂੰ ਫੜਾ ਛੱਡਦਾ। ਪੰਜਾਬ ਦੇ ਹਾਲਾਤ ਬਹੁਤ ਖ਼ਰਾਬ ਸਨ। ਲੋਕ ਤਾਂ ਸ਼ਾਮਾਂ ਪੈਂਦਿਆਂ ਹੀ ਘਰਾਂ ਦੇ ਬੂਹੇ ਬੰਦ ਕਰ ਲੈਂਦੇ ਸਨ। ਪ੍ਰਸ਼ਾਸਨ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਕਿਧਰੇ ਕੋਈ ਲਾਵਾਰਸ ਚੀਜ਼ ਪਈ ਹੋਵੇ ਤਾਂ ਉਸ ਨੂੰ ਨਾ ਛੇੜਿਆ ਜਾਵੇ। ਹੋ ਸਕਦਾ ਹੈ ਕਿ ਉਹ ਕਿਸੇ ਵੇਲੇ ਬੰਬ ਵੀ ਹੋ ਸਕਦਾ ਹੈ। ਮੈਂ ਰੋਜ਼ ਵਾਂਗ ਤਿਆਰ ਹੋ ਕੇ ਸਕੂਲ ਜਾ ਰਿਹਾ ਸਾਂ। ਮੈਂ ਆਪਣੇ ਪਿੰਡ ਦੇ ਅੱਡੇ ਤੋਂ ਕੈਰੋਂਵਾਲ ਦੀ ਬੱਸ ਫੜ ਲਈ ਸੀ। ਮੈਂ ਅਕਸਰ ਕਾਫ਼ੀ ਸਾਲਾਂ ਤੋਂ ਉਸ ਪਿੰਡ ਦੇ ਸਕੂਲ ਵਿਚ ਪੜ੍ਹਾਉਂਦਾ ਆ ਰਿਹਾ ਸਾਂ।

ਉਸ ਦਿਨ ਮੈਂ ਪਿੰਡ ਦੇ ਬੱਸ ਅੱਡੇ ਤੋਂ ਬੱਸ ਵਿਚ ਸਵਾਰ ਹੋ ਕੇ ਆਪਣੇ ਸਕੂਲ ਗਿਆ ਹੀ ਸਾਂ ਕਿ ਮੇਰੇ ਨਾਲ ਪੜ੍ਹਾਉਂਦੀ ਭੈਣ ਜੀ ਊਸ਼ਾ ਰਾਣੀ ਕਹਿਣ ਲੱਗੀ, ‘‘ਭਾਅ ਜੀ, ਮੈਨੂੰ ਆਹ ਡਾਕ ਮੈਡਮ ਗੁਰਦੀਪ ਕੌਰ ਨੇ ਫੜਾਈ ਏ। ਉਹ ਕਹਿੰਦੀ ਸੀ ਕਿ ਇਹ ਅੱਜ ਹੀ ਬਣਾ ਕੇ ਬਾਅਦ ਦੁਪਹਿਰ ਦਫ਼ਤਰ ਦੇ ਕੇ ਆਉਣੀ ਹੈ।’’ ‘‘ਠੀਕ ਹੈ ਭੈਣ ਜੀ, ਮੈਂ ਇਹ ਡਾਕ ਤਿਆਰ ਕਰ ਕੇ ਦਫ਼ਤਰ ਦੇ ਆਵਾਂਗਾ।’’

ਮੈਂ ਭੈਣ ਜੀ ਊਸ਼ਾ ਰਾਣੀ ਨੂੰ ਜਵਾਬ ਦੇ ਕੇ ਆਪਣੀ ਰਜਿਸਟਰ ’ਤੇ ਹਾਜ਼ਰੀ ਲਾਉਣ ਲੱਗ ਪਿਆ ਸਾਂ। ਸਕੂਲ ਵਿਚ ਮੋਰਨਿੰਗ ਅਸੈਂਬਲੀ ਤੋ ਬਾਅਦ ਬੱਚਿਆਂ ਦੀ ਹਾਜ਼ਰੀ ਲਾ ਕੇ ਉਨ੍ਹਾਂ ਨੂੰ ਸਕੂਲ ਦਾ ਕੰਮ ਦੇ ਕੇ ਮੈਂ ਡਾਕ ਤਿਆਰ ਕਰਨ ਲੱਗ ਪਿਆ ਸਾਂ। ਡਾਕ ਤਿਆਰ ਕਰ ਕੇ ਮੈਂ ਉਸ ਉੱਪਰ ਹਸਤਾਖਰ ਕੀਤੇ ਤੇ ਮੋਹਰ ਲਾ ਕੇ ਮੈਂ ਕਾਗਜ਼ ਜੇਬ ਵਿਚ ਪਾ ਲਿਆ ਸੀ। ਅੱਧੀ ਛੁੱਟੀ ਤੋਂ ਬਅਦ ਮੈਂ ਰੋਟੀ ਖਾ ਕੇ ਊਸ਼ਾ ਰਾਣੀ ਨੂੰ ਪ੍ਰਬੰਧਕ ਬਣਾ ਕੇ ਦਫ਼ਤਰ ਨੂੰ ਚੱਲ ਪਿਆ ਸਾਂ। ਉਸ ਪਿੰਡ ਦੇ ਬੱਸ ਅੱਡੇ ਤੋਂ ਤਰਨਤਾਰਨ ਵਾਲੀ ਬੱਸ ’ਚ ਸਵਾਰ ਹੋ ਗਿਆ ਸਾਂ। ਬੱਸ ਭਾਵੇਂ ਇੰਨੀ ਭਰੀ ਹੋਈ ਨਹੀਂ ਸੀ ਪਰ ਮੈਂ ਜਲਦੀ ਉੱਤਰਨ ਦੀ ਕਾਹਲੀ ਕਾਰਨ ਪਿਛਲੀ ਸੀਟ ਤੇ ਬਾਰੀ ਦੇ ਕੋਲ ਬੈਠ ਗਿਆ ਸਾਂ। ਰੋਡਵੇਜ਼ ਦੀ ਬੱਸ ਜੋ ਕਿ ਪੁਰਾਣੀ ਸੀ, ਉਸ ਦੀ ਪਿਛਲੀ ਬਾਰੀ ਨੂੰ ਖਿੜਕੀ ਹੈ ਹੀ ਨਹੀਂ ਸੀ। ਮੈਂ ਉਸ ਬਾਰੀ ਕੋਲ ਬੈਠਾ ਸਾਂ।

ਰੋਟੀ ਵਾਲਾ ਡੱਬਾ ਮੈਂ ਆਪਣੇ ਪੈਰਾਂ ਵਿਚ ਰੱਖ ਕੇ ਡਾਕ ਨੂੰ ਮੁੜ ਘੋਖਣ ਲੱਗ ਪਿਆ ਸਾਂ ਕਿ ਕਿਤੇ ਕੋਈ ਗ਼ਲਤੀ ਨਾ ਰਹਿ ਗਈ ਹੋਵੇ। ਸੂਏ ਦਾ ਪੁਲ ਲੰਘ ਕੇ ਬੱਸ ਨੇ ਰਫ਼ਤਾਰ ਫੜ ਲਈ ਸੀ। ਸੜਕ ਟੁੱਟੀ ਹੋਣ ਕਾਰਨ ਬੱਸ ਨੇ ਝਟਕਾ ਜਿਹਾ ਮਾਰਿਆ ਸੀ। ਇਸ ਕਾਰਨ ਮੇਰਾ ਰੋਟੀ ਵਾਲਾ ਡੱਬਾ ਬਾਰੀ ’ਚੋਂ ਹੇਠਾਂ ਡਿੱਗ ਪਿਆ ਸੀ। ਮੈਂ ਆਪਣੇ ਪੈਰਾਂ ਨੂੰ ਅੜਾ ਕੇ ਬਾਰੀ ਵਿਚੋਂ ਉਸ ਨੂੰ ਡਿੱਗਣੋਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਡਿੱਗ ਕੇ ਹੇਠਾਂ ਨੀਵੇਂ ਥਾਂ ਵੱਲ ਰਿੜ੍ਹ ਗਿਆ ਸੀ।

‘ਚੱਲ ਮਨਾ, ਡੱਬਾ ਹੋਰ ਲੈ ਲਵਾਂਗੇ।’ ਮੈਂ ਆਪਣੇ ਮਨ ਨੂੰ ਤਸੱਲੀ ਦੇਣ ਲੱਗਾ। ਡੱਬਾ ਰਿੜ੍ਹਦਾ ਹੋਇਆ ਕੋਲ ਬੈਠੀ ਸਵਾਰੀ ਨੇ ਦੇਖ ਲਿਆ ਸੀ। ਮੈਂ ਜਦੋਂ ਬਾਈਪਾਸ ’ਤੇ ਬੱਸ ਤੋਂ ਉਤਰਨ ਲੱਗਾ ਤਾਂ ਉਹ ਭਾਅ ਮੈਨੂੰ ਕਹਿਣ ਲੱਗ ਪਿਆ, ‘‘ਭਾਅ ਜੀ, ਡੱਬਾ ਤੁਹਾਡਾ ਕਿਸੇ ਨਹੀਂ ਚੁੱਕਣਾ, ਰਿਕਸ਼ੇ ’ਤੇ ਜਾ ਕੇ ਡੱਬਾ ਚੁੱਕ ਲਿਆਓ।’’ ਉਸ ਨੇ ਮੈਨੂੰ ਆਪਣੀ ਰਾਇ ਦਿੱਤੀ ਸੀ। ਮੈਨੂੰ ਉਸ ਦੀ ਰਾਇ ਬਹੁਤ ਚੰਗੀ ਲੱਗੀ ਸੀ।

ਮੈਨੂੰ ਜਨਤਕ ਥਾਵਾਂ ’ਤੇ ਲਿਖੀ ਇਬਾਰਤ ਯਾਦ ਆਈ, ‘ਲਾਵਾਰਸ ਚੀਜ਼ਾਂ ਨੂੰ ਹੱਥ ਨਾ ਲਾਓ, ਇਹ ਬੰਬ ਹੋ ਸਕਦੀਆਂ ਹਨ।’ ਉਨ੍ਹਾਂ ਦਿਨਾਂ ਵਿਚ ਬੱਚਿਆਂ ਸਮੇਤ ਕਈ ਲੋਕ ‘ਖਿਡੌਣੇ ਬੰਬਾਂ’ ਦਾ ਵੀ ਸ਼ਿਕਾਰ ਹੋਏ ਸਨ। ਸੋ ਮੈਂ ਇਕ ਰਿਕਸ਼ੇ ’ਤੇ ਬੈਠ ਕੇ ਮੁੜ ਉਸ ਥਾਂ ’ਤੇ ਪਹੁੰਚ ਗਿਆ ਸਾਂ। ਮੈਂ ਜਦ ਉਸ ਥਾਂ ਪੁੱਜਾ ਤਾਂ ਹੱਕਾ-ਬੱਕਾ ਰਹਿ ਗਿਆ ਸਾਂ। ਡੱਬੇ ਤੋਂ ਥੋੜ੍ਹੀ ਦੂਰ ਭੀੜ ਖੜ੍ਹੀ ਸੀ ਅਤੇ ਦੋ ਤਿੰਨ-ਪੁਲਿਸ ਵਾਲੇ ਵੀ ਸਨ।

ਮੈਂ ਰਿਕਸ਼ੇ ਤੋਂ ਉਤਰ ਕੇ ਆਪਣੇ ਡੱਬੇ ਵੱਲ ਜਾਣ ਲੱਗਾ ਤਾਂ ਇਕ ਆਦਮੀ ਮੈਨੂੰ ਕਹਿਣ ਲੱਗਾ, ‘‘ਭਾਅ ਜੀ, ਅੱਗੇ ਨਾ ਜਾਇਓ। ਕਿਸੇ ਨੇ ਡੱਬੇ ਵਿਚ ਬੰਬ ਪਾ ਕੇ ਰੱਖਿਆ ਹੋਇਆ ਹੈ।’’ ਮੈਂ ਕਿਹਾ ਨਹੀਂ ਵੀਰ ਜੀ, ਇਹ ਮੇਰਾ ਹੀ ਡੱਬਾ ਏ। ਇਹ ਬੱਸ ’ਚੋਂ ਡਿੱਗ ਪਿਆ ਸੀ। ਮੈਂ ਡੱਬਾ ਚੁੱਕ ਕੇ ਮੁੜ ਰਿਕਸ਼ੇ ’ਤੇ ਆ ਬੈਠਾ ਸਾਂ ਅਤੇ ਭੀੜ ਵੀ ਖਿਲਰਨੀ ਸ਼ੁਰੂ ਹੋ ਗਈ ਸੀ।

-ਮੋਬਾਈਲ : 95011-27396

Posted By: Jatinder Singh