-ਉਜਾਗਰ ਸਿੰਘ

ਕਾਂਗਰਸ ਹਾਈ ਕਮਾਂਡ ਨੇ ਨਵਾਂ ਪੈਂਤੜਾ ਚੱਲਦਿਆਂ ਚਮਕੌਰ ਸਾਹਿਬ ਤੋਂ ਵਿਧਾਇਕ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਐਲਾਨ ਦਿੱਤਾ ਹੈ। ਕੋਈ ਵੀ ਸਿਆਸੀ ਪਾਰਟੀ ਹਮੇਸ਼ਾ ਹੀ ਵੋਟ ਬੈਂਕ ਨੂੰ ਮੁੱਖ ਰੱਖਦਿਆਂ ਜਾਤਾਂ, ਮਜ਼ਹਬਾਂ ਤੇ ਬਿਰਾਦਰੀਆਂ ਨੂੰ ਮੁੱਖ ਰੱਖ ਕੇ ਚੋਣਾਂ ਵਿਚ ਉਮੀਦਵਾਰਾਂ ਨੂੰ ਟਿਕਟਾਂ ਦੇ ਕੇ ਨਿਵਾਜ਼ਦੀ ਹੈ। ਬਿਲਕੁਲ ਉਸੇ ਤਰ੍ਹਾਂ ਹੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਤੋਂ ਬਾਅਦ ਦਲਿਤ ਆਗੂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਹੈ।

ਕਿਸੇ ਦਲਿਤ ਨੂੰ ਮੁੱਖ ਮੰਤਰੀ ਬਣਾ ਕੇ ਭਾਰਤੀ ਜਨਤਾ ਪਾਰਟੀ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਦਲਿਤ ਮੁੱਖ ਮੰਤਰੀ ਤੇ ਅਕਾਲੀ ਦਲ ਵੱਲੋਂ ਉਪ ਮੁੱਖ ਮੰਤਰੀ ਬਣਾਉਣ ਦੇ ਐਲਾਨ ਨੂੰ ਅਮਲੀ ਰੂਪ ਦਿੱਤੇ ਜਾਣ ਤੋਂ ਪਹਿਲਾਂ ਹੀ ਕਾਂਗਰਸ ਨੇ ਮਾਅਰਕਾ ਮਾਰ ਕੇ ਨਾਮਣਾ ਖੱਟ ਲਿਆ ਹੈ। ਸਾਰੀਆਂ ਸਿਆਸੀ ਪਾਰਟੀਆਂ ਦਲਿਤਾਂ ਦੇ ਨਾਂ ’ਤੇ ਵੋਟਾਂ ਬਟੋਰਨ ਦੇ ਚੱਕਰ ’ਚ ਲੱਗੀਆਂ ਹੋਈਆਂ ਹਨ ।

ਚਰਨਜੀਤ ਸਿੰਘ ਚੰਨੀ ਇਕ ਸਾਧਾਰਨ ਅਨੁਸੂਚਿਤ ਜਾਤੀ ਨਾਲ ਸਬੰਧਿਤ ਪਰਿਵਾਰ ਵਿੱਚੋਂ ਹਨ। ਸਾਦਾ ਜੀਵਨ ਬਸਰ ਕਰਦਿਆਂ ਉਹ ਨਿਮਰਤਾ ਵਾਲੇ ਇਨਸਾਨ ਹਨ। ਨਗਰ ਨਿਗਮ ਖਰੜ ਦੇ ਪ੍ਰਧਾਨ ਤੋਂ ਉਨ੍ਹਾਂ ਆਪਣਾ ਸਿਆਸੀ ਕਰੀਅਰ ਸ਼ੁਰੂ ਕੀਤਾ ਸੀ। ਉਹ ਪਹਿਲੀ ਵਾਰ ਰੋਪੜ ਜ਼ਿਲ੍ਹੇ ਦੇ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਵਿਰੁੱਧ ਆਜ਼ਾਦ ਚੋਣ ਲੜ ਕੇ ਵਿਧਾਇਕ ਬਣੇ ਸਨ। ਬਾਅਦ ਵਿਚ ਉਹ ਕਾਂਗਰਸ ਪਾਰਟੀ ’ਚ ਸ਼ਾਮਲ ਹੋ ਗਏ ਸਨ। ਉਹ ਇਕ ਵਾਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਉਪ ਪ੍ਰਧਾਨ ਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ ਹਨ ਪਰ ਉਨ੍ਹਾਂ ਨੂੰ ਕਾਂਗਰਸ ਪਾਰਟੀ ਦੇ ਉਥਲ- ਪੁਥਲ ਤੇ ਮਾੜੇ ਅਕਸ ਵਾਲੇ ਸਮੇਂ ’ਚ ਮੁੱਖ ਮੰਤਰੀ ਦੀ ਕੁਰਸੀ ਮਿਲੀ ਹੈ, ਜਿਹੜੀ ਕੰਡਿਆਂ ਦੀ ਸੇਜ ਹੈ।

ਪੰਜਾਬ ਕਾਂਗਰਸ ਧੜੇਬੰਦੀ ਦਾ ਸ਼ਿਕਾਰ ਹੈ। ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਨਾਲ ਧੜੇਬੰਦੀ ਹੋਰ ਤੇਜ਼ ਹੋ ਗਈ ਸੀ। ਇਸ ਕਰਕੇ ਪਿਛਲੇ 6 ਮਹੀਨੇ ਤੋਂ ਸਰਕਾਰ ਸੁਚੱਜੇ ਢੰਗ ਨਾਲ ਕੰਮ ਨਹੀਂ ਕਰ ਸਕੀ ਕਿਉਂਕਿ ਕਾਂਗਰਸੀ ਇਕ ਦੂਜੇ ਦੀਆਂ ਪੱਗਾਂ ਨੂੰ ਹੱਥ ਪਾਈ ਬੈਠੇ ਸਨ। ਧੜੇਬੰਦੀ ਬੜੀ ਜ਼ਬਰਦਸਤ ਹੋ ਗਈ ਸੀ। ਕਾਂਗਰਸ ਦੇ ਵਿਧਾਨਕਾਰ ਪਾਰਟੀ ’ਚ ਧੜੇਬੰਦੀ ਨੂੰ ਨੱਥ ਪਾਉਣ ਵਿਚ ਕਿੰਨੇ ਸਫਲ ਹੋਣਗੇ, ਇਹ ਆਉਣ ਵਾਲਾ ਸਮਾਂ ਦੱਸੇਗਾ। ਚਰਨਜੀਤ ਸਿੰਘ ਚੰਨੀ ਉਨ੍ਹਾਂ ਮੰਤਰੀਆਂ ’ਚ ਸ਼ਾਮਲ ਸਨ, ਜਿਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਨਵਜੋਤ ਸਿੰਘ ਸਿੱਧੂ ਨਾਲ ਰਲ ਕੇ ਬਗ਼ਾਵਤ ਦਾ ਝੰਡਾ ਚੁੱਕਿਆ ਸੀ।

ਹਾਲਾਂਕਿ ਕਾਂਗਰਸ ਨੂੰ ਪਤਾ ਹੈ ਕਿ ਬਗ਼ਾਵਤ ਕਰਨ ਨਾਲ ਪਾਰਟੀ ਦਾ ਅਕਸ ਖ਼ਰਾਬ ਹੁੰਦਾ ਹੈ ਪਰ ਫਿਰ ਵੀ ਇਹ ਪਾਰਟੀ ਅਜਿਹੀਆਂ ਹਰਕਤਾਂ ਕਰਨ ਤੋਂ ਬਾਜ਼ ਨਹੀਂ ਆਉਂਦੀ। ਸਿੱਧੂ ਦੀ ਕੈਪਟਨ ਵਿਰੁੱਧ ਸ਼ੁਰੂ ਕੀਤੀ ਬਗ਼ਾਵਤ ਨੂੰ ਲਾਮਬੰਦ ਕਰਨ ’ਚ ਚੰਨੀ ਦਾ ਅਹਿਮ ਯੋਗਦਾਨ ਰਿਹਾ ਹੈ। ਪੰਜਾਬ ਕਾਂਗਰਸ ਦੇ ਲੰਬੇ ਕਾਟੋ ਕਲੇਸ਼ ਤੋਂ ਬਾਅਦ ਊਠ ਦਾ ਬੁੱਲ੍ਹ ਡਿੱਗ ਗਿਆ ਹੈ ਪਰ ਚਰਨਜੀਤ ਸਿੰਘ ਚੰਨੀ ਦੀ ਚੋਣ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਕੱਦ ਦੇ ਬਰਾਬਰ ਨਹੀਂ ਹੈ।

ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤਖ਼ਤੇ ਤਾਊਸ ’ਤੇ ਬੈਠਣ ਲਈ ਤਤਪਰ ਹਨ ਪਰ ਉਨ੍ਹਾਂ ਲਈ ਇਹ ਕੁਰਸੀ ਆਰਾਮਦਾਇਕ ਸਾਬਤ ਹੁੰਦੀ ਨਜ਼ਰ ਨਹੀਂ ਆਉਂਦੀ। ਅਨੇਕਾਂ ਚੁਣੌਤੀਆਂ ਪਹਾੜ ਦੀ ਤਰ੍ਹਾਂ ਰਾਹ ਰੋਕਣ ਲਈ ਅੱਡੀਆਂ ਚੁੱਕੀ ਖੜ੍ਹੀਆਂ ਹਨ। ਇਸ ਕੁਰਸੀ ਦਾ ਆਧਾਰ ਆਸਾਂ, ਉਮੀਦਾਂ, ਵਾਅਦਿਆਂ ਅਤੇ ਨਿਸ਼ਾਨਿਆਂ ਦੀ ਪੂਰਤੀ ’ਤੇ

ਟਿਕਿਆ ਹੋਇਆ ਹੈ।

ਸਿਰਫ ਸਾਢੇ ਤਿੰਨ ਮਹੀਨੇ ਦਾ ਸਮਾਂ ਬਾਕੀ ਹੈ। ਨਵੰਬਰ ’ਚ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ। ਇਕ ਮਹੀਨਾ ਪਹਿਲਾਂ ਅਧਿਕਾਰੀ ਕੰਮ ਕਰਨ ’ਚ ਟਾਲ-ਮਟੋਲ ਕਰਨ ਲੱਗ ਜਾਂਦੇ ਹਨ। ਬਚਿਆ ਸਿਰਫ਼ ਇਕ ਮਹੀਨਾ । ਇਕ ਮਹੀਨੇ ਵਿਚ ਤਾਂ ਸਰਕਾਰ ਦਾ ਕੰਮ ਸਮਝਣ ’ਚ ਹੀ ਲੱਗ ਜਾਂਦਾ ਹੈ। ਏਨੇ ਥੋੜ੍ਹੇ ਸਮੇਂ ’ਚ ਇਹ ਵਾਅਦੇ ਤੇ ਉਮੀਦਾਂ ਪੂਰੀਆਂ ਕਰਨੀਆਂ ਮੁਸ਼ਕਲ ਹੀ ਨਹੀਂ ਸਗੋਂ ਅਸੰਭਵ ਹਨ। ਵਾਅਦੇ ਤੇ ਉਮੀਦਾਂ ਜ਼ਿਆਦਾ ਹਨ ਪਰ ਸਮਾਂ ਸੀਮਤ ਹੈ। ਮੁੱਖ ਮੰਤਰੀ ਲਈ ਸਾਰੇ ਵਿਧਾਨਕਾਰਾਂ ਦੇ ਵਾਅਦੇ ਪੂਰੇ ਕਰਨ ਅਸੰਭਵ ਹਨ ਕਿਉਂਕਿ ਸਮਾਂ ਬਹੁਤ ਹੀ ਘੱਟ ਹੈ। ਉਨ੍ਹਾਂ ਸਾਰਿਆਂ ਦਾ ਮਾਣ ਰੱਖਣਾ ਅਸੰਭਵ ਹੋਵੇਗਾ। ਕੁਦਰਤੀ ਹੈ ਕਿ ਨਵੇਂ ਮੁੱਖ ਮੰਤਰੀ ’ਤੇ ਉਮੀਦਾਂ ਵੀ ਲੋੜ ਤੋਂ ਜ਼ਿਆਦਾ ਹੀ ਹੋਣਗੀਆਂ।

ਕੈਪਟਨ ਅਮਰਿੰਦਰ ਸਿੰਘ ਵਰਗਾ ਘਾਗ ਤੇ ਤਜਰਬੇਕਾਰ ਸਿਆਸਤਦਾਨ ਵੀ ਵਿਧਾਨਕਾਰਾਂ ਦੀਆਂ ਉਮੀਦਾਂ ’ਤੇ ਖਰਾ ਨਹੀਂ ਉਤਰ ਸਕਿਆ ਹਾਲਾਂਕਿ ਉਨ੍ਹਾਂ ਕੋਲ ਸਮਾਂ ਵੀ ਕਾਫ਼ੀ ਸੀ। ਵਿਧਾਨਕਾਰਾਂ ਦੀ ਗੱਲ ਤਾਂ ਚਲੋ ਬਾਅਦ ’ਚ ਆਉਂਦੀ ਹੈ ਕਿਉਂਕਿ ਹੁਣ ਦੁਬਾਰਾ ਮੁੱਖ ਮੰਤਰੀ ਨੂੰ ਬਦਲਣ ਲਈ ਹਾਈ ਕਮਾਂਡ ਦੇ ਦਰਵਾਜ਼ੇ ’ਤੇ ਨਹੀਂ ਜਾ ਸਕਣਗੇ ਕਿਉਂਕਿ ਮੁੱਖ ਮੰਤਰੀ ਉਨ੍ਹਾਂ ਦੀਆਂ ਆਸਾਂ ਅਨੁਸਾਰ ਬਣਾਏ ਗਏ ਹਨ ਪਰ ਜਿਹੜੇ ਵੱਡੇ ਮੁੱਦੇ ਪੰਜਾਬ ਦੇ ਸਾਹਮਣੇ ਹਨ, ਜਿਨ੍ਹਾਂ ਦੀ ਅਣਦੇਖੀ ਦਾ ਇਲਜ਼ਾਮ ਕੈਪਟਨ ’ਤੇ ਲਾਇਆ ਗਿਆ ਸੀ, ਹੁਣ ਉਹ ਮੁੱਦੇ ਕਿਸੇ ਖੂਹ ਖਾਤੇ ਤਾਂ ਨਹੀਂ ਪੈ ਜਾਣਗੇ। ਮੁੱਖ ਮੰਤਰੀ ਲਈ ਵੱਡੀ ਵੰਗਾਰ ਇਹ ਵੀ ਹੈ ਕਿ ਜੇ ਉਹ ਆਪਣੀ ਕਾਰਗੁਜ਼ਾਰੀ ਵਿਖਾਉਣਗੇ ਤਾਂ ਹੀ 2022 ਦੀਆਂ ਚੋਣਾਂ ਜਿੱਤੀਆਂ ਜਾ ਸਕਦੀਆਂ ਹਨ ਤੇ ਉਨ੍ਹਾਂ ਦਾ ਦੂਜੀ ਵਾਰੀ ਮੁੱਖ ਮੰਤਰੀ ਬਣਨਾ ਸੰਭਵ ਹੋ ਸਕੇਗਾ। ਕਿਤੇ ਇਹ ਨਾ ਹੋਵੇ ਕਿ ਸਾਬਕਾ ਮੁੱਖ ਮੰਤਰੀ ਦਾ ਬਿੱਲਾ ਲਾ ਕੇ ਹੀ ਬਾਕੀ ਰਹਿੰਦੀ ਸਿਆਸਤ ਕਰਨੀ ਪਵੇ।

ਸਭ ਤੋਂ ਵੱਡੀ ਵੰਗਾਰ ਲਗਪਗ 3 ਲੱਖ ਹਜ਼ਾਰ ਕਰੋੜ ਰੁਪਏ ਪੰਜਾਬ ਦੇ ਸਿਰ ਚੜ੍ਹੇ ਕਰਜ਼ੇ ਦਾ ਭਾਰ ਹੋਵੇਗਾ, ਜਿਹੜਾ ਕਾਰਗੁਜ਼ਾਰੀ ਵਿਖਾਉਣ ਦਾ ਰਾਹ ਰੋਕੇਗਾ। ਵਿੱਤ ਮੰਤਰੀ ਭਾਵੇਂ ਜਿਹੜਾ ਮਰਜ਼ੀ ਹੋਵੇ , 20 ਹਜ਼ਾਰ ਕਰੋੜ ਰੁਪਏ ਕਰਜ਼ੇ ਦਾ ਵਿਆਜ ਹਰ ਮਹੀਨੇ ਦੇਣਾ ਹੋਵੇਗਾ। ਪੰਜਾਬ ਦੇ ਮੁਲਾਜ਼ਮਾਂ, ਬੇਰੁਜ਼ਗਾਰ ਅਧਿਆਪਕਾਂ, ਕੱਚੇ ਮੁਲਾਜ਼ਮਾਂ ਤੇ ਹੋਰ ਅੰਦੋਲਨਕਾਰੀਆਂ ਦੇ ਮਸਲੇ ਹੱਲ ਕਰਨ ਲਈ ਪੈਸੇ ਦੀ ਲੋੜ ਹੋਵੇਗੀ। ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਕਿਹੜੀ ਮਾਂ ਨੂੰ ਮਾਸੀ ਕਿਹਾ ਜਾਵੇਗਾ?

ਕਿਸਾਨੀ ਅੰਦੋਲਨ ਕਰਕੇ ਪੰਜਾਬ ਦੀ ਆਰਥਿਕਤਾ ਲੀਹੋਂ ਲੱਥੀ ਪਈ ਹੈ। ਕੇਂਦਰ ਸਰਕਾਰ ਪਹਿਲਾਂ ਹੀ ਹੱਥ ਖਿੱਚੀ ਰੱਖਦੀ ਹੈ। ਬਰਗਾੜੀ ਗੋਲੀ ਕਾਂਡ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ’ਚ ਇਨਸਾਫ਼ ਦੇਣਾ ਸਭ ਤੋਂ ਵੱਡੀ ਚੁਣੌਤੀ ਹੋਵੇਗੀ ਕਿਉਂਕਿ ਹਾਈ ਕੋਰਟ ਨੇ ਨਵੀਂ ਸਿਟ ਨੂੰ ਆਪਣੀ ਪੜਤਾਲ ਸਬੰਧੀ ਸਰਕਾਰ ਨਾਲ ਤਾਲਮੇਲ ਕਰਨ ਤੋਂ ਰੋਕਿਆ ਹੋਇਆ ਹੈ। ਨਸ਼ਿਆਂ ਦੀ ਤਸਕਰੀ ਸਬੰਧੀ ਕੇਸ ਦੀ ਰਿਪੋਰਟ ਸਿਟ ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਨੇ ਹਾਈ ਕੋਰਟ ’ਚ ਪੇਸ਼ ਕੀਤੀ ਹੋਈ ਹੈ, ਉਸ ਰਿਪੋਰਟ ਨੂੰ ਖੁਲ੍ਹਵਾਉਣਾ ਬੜਾ ਜ਼ਰੂਰੀ ਤੇ ਔਖਾ ਕੰਮ ਹੈ। ਹਾਈ ਕੋਰਟ ਨਾਲ ਸਬੰਧਿਤ ਦੋਵੇਂ ਕੇਸ ਮੁੱਖ ਮੰਤਰੀ ਦੇ ਅਧਿਕਾਰ ਖੇਤਰ ’ਚੋਂ ਕੱਢੇ ਹੋਏ ਹਨ।

ਇਸ ਤੋਂ ਬਾਅਦ ਅਕਾਲੀ ਦਲ-ਭਾਜਪਾ ਗਠਜੋੜ ਸਰਕਾਰ ਵੱਲੋਂ ਕੀਤੇ ਗਏ ਬਿਜਲੀ ਸਮਝੌਤਿਆਂ ਨੂੰ ਰੱਦ ਕਰਨ ਦਾ ਮਸਲਾ ਹੋਵੇਗਾ ਜਿਨ੍ਹਾਂ ਬਾਰੇ ਨਵਜੋਤ ਸਿੰਘ ਸਿੱਧੂ ਬੜੇ ਜ਼ੋਰ- ਸ਼ੋਰ ਨਾਲ ਬੋਲਦੇ ਰਹੇ ਹਨ। ਇਹ ਕੋਈ ਇਕ ਸਮਝੌਤਾ ਨਹੀਂ ਸਗੋਂ 125 ਸਮਝੌਤੇ ਹਨ। ਆਮ ਤੌਰ ’ਤੇ ਤਿੰਨ ਸਮਝੌਤਿਆਂ ਦਾ ਹੀ ਬਹੁਤਾ ਰੌਲਾ ਪੈਂਦਾ ਹੈ। ਸੋਲਰ ਸਮਝੌਤੇ ਵੀ ਚਰਚਾ ਦਾ ਵਿਸ਼ਾ ਰਹੇ ਹਨ।

ਜਾਅਲੀ ਸ਼ਰਾਬ ਦੀਆਂ ਫੈਕਟਰੀਆਂ ਜਿਹੜੀਆਂ ਕੈਪਟਨ ਸਰਕਾਰਮੌਕੇ ਫੜੀਆਂ ਗਈਆਂ ਸਨ, ਉਨ੍ਹਾਂ ਵਿਚ ਕਈ ਕਾਂਗਰਸੀ ਵਿਧਾਨਕਾਰਾਂ ਦੇ ਨਾਂ ਲਏ ਜਾ ਰਹੇ ਸਨ। ਕਾਂਗਰਸੀ ਵਿਧਾਨਕਾਰਾਂ ਵਿਰੁੱਧ ਕੀ ਨਵੇਂ ਮੁੱਖ ਮੰਤਰੀ ਕਾਰਵਾਈ ਕਰ ਸਕਦੇ ਹਨ? ਇਹ ਕੰਮ ਵੀ ਭਰਿੰਡਾਂ ਦੇ ਖੱਖਰ ’ਚ ਹੱਥ ਪਾਉਣ ਦੇ ਬਰਾਬਰ ਹਨ। ਬਿਲਕੁਲ ਇਸੇ ਤਰ੍ਹਾਂ ਮਸਲਾ ਰੇਤ ਤੇ ਬੱਜਰੀ ਮਾਫ਼ੀਏ ਵਿਰੁੱਧ ਕਾਰਵਾਈ ਕਰਨ ਦਾ ਹੈ। ਕਿਹਾ ਜਾ ਰਿਹਾ ਹੈ ਕਿ ਨਾਜਾਇਜ਼ ਸਟੋਨ ਕਰੈਸ਼ਰ ਕਾਂਗਰਸੀ ਤੇ ਅਕਾਲੀ ਵਿਧਾਨਕਾਰਾਂ ਦੇ ਹਨ। ਕੀ ਉਨ੍ਹਾਂ ਨੂੰ ਬੰਦ ਕੀਤਾ ਜਾਵੇਗਾ? ਨਵਜੋਤ ਸਿੰਘ ਸਿੱਧੂ ਦਾ ਆਬਕਾਰੀ ਤੇ ਕਰ ਦੀ ਨੀਤੀ ਬਾਰੇ ਸਰਕਾਰ ਵੱਲੋਂ ਤਾਮਿਲਨਾਡੂ ਦੀ ਤਰ੍ਹਾਂ ਠੇਕੇ ਆਪ ਚਲਾਉਣ ਦਾ ਮਸਲਾ ਹੈ। ਤੇਲ ਵੇਖੋ ਤੇਲ ਦੀ ਧਾਰ ਵੇਖੋ ਕੀ ਨਤੀਜਾ ਨਿਕਲਦਾ ਹੈ ? ਹਾਲ ਦੀ ਘੜੀ ਨਵੇਂ ਮੁੱਖ ਮੰਤਰੀ ਨੂੰ ਕਈ ਚੁਣੌਤੀਆਂ ਨਾਲ ਦੋ-ਚਾਰ ਹੋਣਾ ਪਵੇਗਾ।

ਸੰਪਰਕ ਨੰਬਰ : 94178- 13072

Posted By: Jagjit Singh