-ਸੁਮੀਤ ਸਿੰਘ

ਮੇਰੇ ਮਾਤਾ ਜੀ ਅਮਰਜੀਤ ਕੌਰ 88 ਸਾਲ ਦੀ ਉਮਰ ਹੰਢਾ ਕੇ ਪਿਛਲੇ ਦਿਨੀਂ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਉਹ ਪਿਛਲੇ ਕੁਝ ਸਾਲਾਂ ਤੋਂ ਪਾਰਕਿਨਸਨਜ਼ ਦੀ ਬਿਮਾਰੀ ਤੋਂ ਪੀੜਤ ਸਨ। ਕੁਝ ਸਾਲ ਪਹਿਲਾਂ ਉਨ੍ਹਾਂ ਨਾਲ ਵਾਪਰੇ ਸੜਕੀ ਹਾਦਸਿਆਂ ਅਤੇ ਗੰਭੀਰ ਬਿਮਾਰੀਆਂ ਦੇ ਬਾਵਜੂਦ ਉਹ ਹਸਪਤਾਲਾਂ ’ਚੋਂ ਸਿਹਤਯਾਬ ਹੋ ਕੇ ਘਰ ਵਾਪਸ ਆਉਂਦੇ ਰਹੇ। ਸਮੇਂ ਸਮੇਂ ’ਤੇ ਕਈ ਨਿਊਰੋ ਅਤੇ ਮੈਡੀਸਨ ਦੇ ਮਾਹਿਰ ਡਾਕਟਰਾਂ ਦੇ ਬਿਹਤਰ ਇਲਾਜ ਨੇ ਉਨ੍ਹਾਂ ਦੀ ਬਿਮਾਰੀ ਨੂੰ ਕੰਟਰੋਲ ਕਰਨ ਅਤੇ ਕਿਸੇ ਕਥਿਤ ਪਰਮਾਤਮਾ ਦੀ ਮਰਜ਼ੀ ਦੇ ਉਲਟ ਉਨ੍ਹਾਂ ਦੇ ਸਵਾਸ ਵਧਾਉਣ ਵਿਚ ਮਦਦ ਵੀ ਕੀਤੀ ਪਰ 13 ਜਨਵਰੀ 2019 ਨੂੰ ਮੇਰੇ ਸਭ ਤੋਂ ਵੱਡੇ ਭਰਾ ਨਵਤੇਜ ਸਿੰਘ ਦੀ ਅਚਨਚੇਤ ਮੌਤ ਦੇ ਗਹਿਰੇ ਸਦਮੇ ਨੇ ਉਨ੍ਹਾਂ ਦੇ ਦਿਲੋ-ਦਿਮਾਗ ’ਤੇ ਅਜਿਹਾ ਗੰਭੀਰ ਅਸਰ ਪਾਇਆ ਕਿ ਉਹ ਦਿਨੋ-ਦਿਨ ਕਮਜ਼ੋਰ ਹੁੰਦੇ ਗਏ। ਪਿਛਲੇ ਸਾਲ ਦੇ ਅਖ਼ੀਰ ਤੋਂ ਉਨ੍ਹਾਂ ਦੀ ਯਾਦਦਾਸ਼ਤ ਵੀ ਘਟਣ ਲੱਗ ਪਈ ਸੀ।

ਮਨੋਚਕਿਤਸਕਾਂ ਅਨੁਸਾਰ ਉਨ੍ਹਾਂ ਨੂੰ ਡਿਮੈਂਸ਼ੀਆ ਨਾਂ ਦਾ ਰੋਗ ਲੱਗ ਗਿਆ ਸੀ ਜਿਸ ਨੇ ਉਨ੍ਹਾਂ ਦੇ ਖਾਣ-ਪੀਣ, ਚੱਲਣ-ਫਿਰਨ ਅਤੇ ਬੋਲਣ ਦੀਆਂ ਕਿਰਿਆਵਾਂ ਨੂੰ ਸੀਮਤ ਕਰ ਕੇ ਸਰੀਰ ਨੂੰ ਹੋਰ ਵੀ ਕਮਜ਼ੋਰ ਕਰ ਦਿੱਤਾ ਸੀ ਅਤੇ ਕੁਝ ਮਹੀਨੇ ਬਿਸਤਰੇ ਉੱਤੇ ਰਹਿਣ ਤੋਂ ਬਾਅਦ ਅਖ਼ੀਰ 18 ਸਤੰਬਰ ਨੂੰ ਉਹ ਅਚਾਨਕ ਦਿਲ ਦੇ ਦੌਰੇ ਕਾਰਨ ਸਦੀਵੀ ਵਿਛੋੜਾ ਦੇ ਗਏ। ਅਜੇ ਕੁਝ ਦਿਨ ਪਹਿਲਾਂ 31 ਅਗਸਤ ਨੂੰ ਮੇਰੇ ਸੇਵਾ-ਮੁਕਤੀ ਸਮਾਗਮ ਮੌਕੇ ਉਨ੍ਹਾਂ ਨੇ ਆਪਣੀ ਕਮਜ਼ੋਰ ਸਿਹਤ ਦੇ ਬਾਵਜੂਦ ਮੈਨੂੰ ਅਤੇ ਸਮੂਹ ਪਰਿਵਾਰ ਨੂੰ ਆਪਣਾ ਆਸ਼ੀਰਵਾਦ ਦਿੱਤਾ ਸੀ।

ਮੇਰੇ ਪਿਤਾ ਜੋਗਿੰਦਰ ਸਿੰਘ ਜੀ ਦੀ 23 ਦਸੰਬਰ 1984 ਨੂੰ ਹੋਈ ਅਚਨਚੇਤ ਮੌਤ ਤੋਂ ਬਾਅਦ ਮਾਤਾ ਜੀ ਨੇ ਸਮੁੱਚੇ ਪਰਿਵਾਰ ਨੂੰ ਕਦੇ ਵੀ ਪਿਤਾ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਚਾਰ ਭਰਾਵਾਂ ’ਚੋਂ ਸਭ ਤੋਂ ਛੋਟਾ ਹੋਣ ਕਰਕੇ ਅਤੇ ਪਿਛਲੇ 37 ਸਾਲਾਂ ਤੋਂ ਮੇਰੇ ਨਾਲ ਰਹਿਣ ਕਰਕੇ ਮਾਤਾ ਜੀ ਨੇ ਮੇਰੇ ਨਾਲ ਬੇਤਹਾਸ਼ਾ ਮੋਹ ਕੀਤਾ। ਮੇਰੀ ਜ਼ਿੰਦਗੀ ਵਿਚ ਆਏ ਕਈ ਤਰ੍ਹਾਂ ਦੇ ਦੁੱਖ-ਸੁੱਖ ਅਤੇ ਸਮੱਸਿਆਵਾਂ ਦੌਰਾਨ ਉਨ੍ਹਾਂ ਨੇ ਮੈਨੂੰ ਹੌਸਲਾ ਦੇਣ ਦੇ ਨਾਲ-ਨਾਲ ਡਟ ਕੇ ਮੇਰਾ ਸਾਥ ਵੀ ਦਿੱਤਾ।

ਉਨ੍ਹਾਂ ਦੇ ਦੱਸਣ ਅਨੁਸਾਰ, ‘‘ਮੈਂ ਉਦੋਂ ਕੋਈ ਸਵਾ ਕੁ ਮਹੀਨੇ ਦਾ ਸੀ ਜਦੋਂ ਉਹ ਮੈਨੂੰ ਗੰਭੀਰ ਅਵਸਥਾ ਵਿਚ ਲੈ ਕੇ ਅੰਮ੍ਰਿਤਸਰ ਦੇ ਬੱਚਿਆਂ ਦੇ ਸਰਕਾਰੀ ਹਸਪਤਾਲ ਵਿਚ ਇਕ ਮਹੀਨਾ ਮੇਰਾ ਇਲਾਜ ਕਰਾਉਂਦੇ ਰਹੇ। ਜ਼ਾਹਿਰ ਹੈ ਕਿ ਜੇ ਅੱਜ ਮੈਂ ਜਿਊਂਦਾ ਹਾਂ ਤਾਂ ਉਹ ਮੇਰੀ ਮਾਤਾ ਜੀ ਦੀ ਕੁਰਬਾਨੀ ਸਦਕਾ ਹੀ ਹੈ। ਕਈ ਸਾਲਾਂ ਤੋਂ ਬਲੱਡ ਪ੍ਰੈਸ਼ਰ, ਸ਼ੂਗਰ, ਦਿਲ ਦੇ ਰੋਗ, ਜੋੜਾਂ ਦੇ ਦਰਦ ਅਤੇ ਹੁਣ ਪਾਰਕਿਨਸਨਜ਼ ਦੀਆਂ ਬਿਮਾਰੀਆਂ ਤੋਂ ਪੀੜਤ ਹੋਣ ਦੇ ਬਾਵਜੂਦ 88 ਸਾਲ ਦੀ ਉਮਰ ਵਿਚ ਵਾਕਰ ਦੇ ਆਸਰੇ ਚੱਲਦੇ ਹੋਏ ਦਵਾਈਆਂ ਖਾ ਕੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਰਹੇ। ਬਿਮਾਰੀ ਦੇ ਸਿਰਫ਼ ਆਖ਼ਰੀ ਕੁਝ ਮਹੀਨਿਆਂ ਨੂੰ ਛੱਡ ਕੇ ਉਹ ਸਾਰੀ ਉਮਰ ਬੜੀ ਖੁੱਦਾਰੀ ਨਾਲ ਆਪਣਾ-ਆਪ ਖ਼ੁਦ ਸੰਭਾਲਦੇ ਰਹੇ। ਪੁਰਾਣੇ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਨਾਲ ਮੇਲ-ਮਿਲਾਪ ਰੱਖਣਾ ਅਤੇ ਘਰ ਆਏ ਦੀ ਵਧੀਆ ਪ੍ਰਾਹੁਣਚਾਰੀ ਤੇ ਆਦਰ-ਮਾਣ ਕਰਨਾ ਉਨ੍ਹਾਂ ਦੇ ਕਿਰਦਾਰ ਦਾ ਇਕ ਜ਼ਿਕਰਯੋਗ ਅਤੇ ਅਨਿੱਖੜਵਾਂ ਸੁਭਾਅ ਸੀ।

ਸੰਨ 1947 ਵਿਚ ਹਿੰਦੁਸਤਾਨ ਦੀ ਵੰਡ ਵੇਲੇ ਧਰਮ ਦੇ ਨਾਂ ’ਤੇ ਹੋਏ ਫਿਰਕੂ ਕਤਲੇਆਮ ਦੇ ਅੱਖੀਂ ਵੇਖੇ ਖ਼ੌਫ਼ਨਾਕ ਦ੍ਰਿਸ਼ ਯਾਦ ਕਰਕੇ ਉਨ੍ਹਾਂ ਦਾ ਗੱਚ ਭਰ ਆਉਂਦਾ ਸੀ। ਉਹ ਲਾਹੌਰ ਵਿਚ ਆਪਣੇ ਭਰੇ-ਭਰਾਏ ਘਰਾਂ ਨੂੰ ਤਾਲੇ ਮਾਰ ਕੇ ਵੱਢ-ਟੁੱਕ ਦੌਰਾਨ ਜਾਨਾਂ ਬਚਾ ਕੇ ਪਰਿਵਾਰ ਸਮੇਤ ਅੰਮ੍ਰਿਤਸਰ ਆਏ ਸਨ ਪਰ ਸਾਡੇ ਦਾਦਾ ਜੀ ਨੂੰ ਇਸ ਕਤਲੇਆਮ ਵਿਚ ਆਪਣੀ ਜਾਨ ਗੁਆਉਣੀ ਪਈ ਸੀ। ਇਸੇ ਵਜ੍ਹਾ ਕਰਕੇ ਉਨ੍ਹਾਂ ਦਾ ਧਰਮ ਅਤੇ ਰੱਬ ਦੇ ਸੰਕਲਪ ਤੋਂ ਵਿਸ਼ਵਾਸ ਉੱਠ ਗਿਆ ਸੀ। ਘਰ ਵਿਚ ਆਉਂਦੇ ਪੰਜਾਬੀ ਅਖਬਾਰ, ਵਿਗਿਆਨਕ ਰਸਾਲਿਆਂ ਅਤੇ ਤਰਕਸ਼ੀਲ ਸਾਹਿਤ ਨੂੰ ਲਗਾਤਾਰ ਪੜ੍ਹਦਿਆਂ ਪਿਛਲੇ ਕੁਝ ਸਾਲਾਂ ਤੋਂ ਉਹ ਵਿਗਿਆਨਕ ਸੋਚ ਦੇ ਪੱਕੇ ਧਾਰਨੀ ਬਣ ਚੁੱਕੇ ਸਨ। ਉਨ੍ਹਾਂ ਨੇ ਸਾਨੂੰ ਹਮੇਸ਼ਾ ਮਿਹਨਤ, ਇਮਾਨਦਾਰੀ ਅਤੇ ਦ੍ਰਿੜ੍ਹ ਹੌਸਲੇ ਨਾਲ ਜਥੇਬੰਦਕ ਸੰਘਰਸ਼ ਦੇ ਰਸਤੇ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਉਹ ਸਾਨੂੰ ਜਿੱਥੇ ਪਿਤਾ ਜੀ ਦੀ ਉੱਘੇ ਕਮਿਊਨਿਸਟ ਆਗੂ ਸਤਪਾਲ ਡਾਂਗ ਅਤੇ ਗੁਰਬਖਸ਼ ਸਿੰਘ ਪ੍ਰੀਤਲੜੀ ਨਾਲ ਨੇੜਤਾ ਦੀਆਂ ਗੱਲਾਂ ਅਕਸਰ ਸੁਣਾਇਆ ਕਰਦੇ ਸਨ ਉੱਥੇ ਹੀ ਉਨ੍ਹਾਂ ਨੂੰ ਮੇਰੇ ਤਰਕਸ਼ੀਲ ਲਹਿਰ ਅਤੇ ਸਾਹਿਤਕ ਖੇਤਰ ਵਿਚ ਸਰਗਰਮ ਹੋਣ ਦੀ ਖ਼ੁਸ਼ੀ ਵੀ ਸੀ। ਉਨ੍ਹਾਂ ਨੂੰ ਇਸ ਤੱਥ ਦਾ ਅਹਿਸਾਸ ਸੀ ਕਿ ਸਮਾਜ ਵਿਚਲੀਆਂ ਬਦਤਰ ਹਾਲਤਾਂ ਲਈ ਕੋਈ ਪਰਮਾਤਮਾ, ਕਿਸਮਤ ਜਾਂ ਪਿਛਲੇ ਜਨਮ ਦੇ ਕਰਮ ਨਹੀਂ ਬਲਕਿ ਮੌਜੂਦਾ ਪੂੰਜੀਵਾਦੀ, ਲੁਟੇਰਾ ਅਤੇ ਭ੍ਰਿਸ਼ਟ ਨਿਜ਼ਾਮ ਜ਼ਿੰਮੇਵਾਰ ਹੈ ਜਿਸ ਨੂੰ ਜਥੇਬੰਦਕ ਸੰਘਰਸ਼ਾਂ ਰਾਹੀਂ ਬਦਲਿਆ ਜਾ ਸਕਦਾ ਹੈ।

ਪਿਤਾ ਜੀ ਦੀ ਬੇਵਕਤ ਮੌਤ ਤੋਂ ਬਾਅਦ ਮਾਤਾ ਜੀ ਦਾ ਅਚਾਨਕ ਸਦੀਵੀ ਵਿਛੋੜਾ ਮੇਰੇ ਅਤੇ ਮੇਰੇ ਸਮੂਹ ਪਰਿਵਾਰ ਲਈ ਅਸਹਿ ਸਦਮਾ ਹੈ ਪਰ ਇਸ ਨੂੰ ਕਿਸੇ ਪਰਮਾਤਮਾ ਦਾ ਮਿੱਠਾ ਭਾਣਾ’ ਨਹੀਂ ਮੰਨਿਆ ਜਾ ਸਕਦਾ। ਅਸਲ ਵਿਚ ਬਿਮਾਰੀਆਂ ਅਤੇ ਗ਼ੈਰ-ਕੁਦਰਤੀ ਮੌਤਾਂ ਲਈ ਮੌਜੂਦਾ ਸਾਮਰਾਜਪੱਖੀ, ਮਨੁੱਖ ਵਿਰੋਧੀ ਅਤੇ ਭ੍ਰਿਸ਼ਟ ਰਾਜ ਪ੍ਰਬੰਧ ਹੀ ਜ਼ਿੰਮੇਵਾਰ ਹੈ। ਮੈਨੂੰ ਬਹੁਤ ਉਮੀਦ ਸੀ ਕਿ ਸੇਵਾ-ਮੁਕਤੀ ਤੋਂ ਬਾਅਦ ਵਿਹਲੇ ਸਮੇਂ ਵਿਚ ਮੈਂ ਆਪਣੇ ਮਾਤਾ ਜੀ ਦੀ ਸਿਹਤ ਦਾ ਹੋਰ ਵੱਧ ਖ਼ਿਆਲ ਰੱਖਣ ਦੇ ਨਾਲ-ਨਾਲ ਉਨ੍ਹਾਂ ਦੇ ਨਿੱਘੇ ਸਾਥ ਅਤੇ ਸੰਘਣੀ ਛਾਂ ਦਾ ਨਿੱਘ ਹੋਰ ਵੀ ਵੱਧ ਸਮੇਂ ਲਈ ਮਾਣ ਸਕਾਂਗਾ ਪਰ ਉਨ੍ਹਾਂ ਦਾ ਸਰੀਰ ਕਮਜ਼ੋਰ ਹੋ ਰਿਹਾ ਸੀ।

ਮੈਨੂੰ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਮੇਰੇ ਪਰਿਵਾਰ ਨੇ ਕਿਸੇ ਧਾਰਮਿਕ ਅਸਥਾਨ ਵਿਚ ਨੱਕ-ਮੱਥੇ ਰਗੜਨ ਤੇ ਪਾਠ-ਪੂਜਾ ਕਰਨ ਦੀ ਥਾਂ ਆਪਣੇ ਮਾਤਾ ਜੀ ਦੇ ਆਧੁਨਿਕ ਡਾਕਟਰੀ ਇਲਾਜ ਅਤੇ ਸੇਵਾ-ਭਾਵ ਨਾਲ ਵੱਧ ਤੋਂ ਵੱਧ ਸਾਂਭ-ਸੰਭਾਲ ਕੀਤੀ ਹੈ। ਇਸ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਮੇਰੇ ਪਰਿਵਾਰ ਨੇ ਮਾਂ ਦੇ ਸਭ ਤੋਂ ਅਹਿਮ ਰਿਸ਼ਤੇ ਦੇ ਮਹੱਤਵ ਅਤੇ ਇਸ ਦੀ ਕਮੀ ਦੇ ਅਹਿਸਾਸ ਨੂੰ ਉਨ੍ਹਾਂ ਦੇ ਜਿਊਂਦੇ ਜੀਅ ਹਮੇਸ਼ਾ ਆਪਣੇ ਦਿਲੋ-ਦਿਮਾਗ ਵਿਚ ਜੀਵਤ ਰੱਖਿਆ ਹੈ। ਉਨ੍ਹਾਂ ਦੀ ਇੱਛਾ ਸੀ ਕਿ ਸਸਕਾਰ ਅਤੇ ਸੋਗ ਸਮਾਗਮ ਮੌਕੇ ਕੋਈ ਧਾਰਮਿਕ ਤੇ ਰੂੜੀਵਾਦੀ ਰਸਮਾਂ ਨਾ ਕੀਤੀਆਂ ਜਾਣ। ਇਸੇ ਲਈ ਉਨ੍ਹਾਂ ਦਾ ਸਸਕਾਰ ਕਿਸੇ ਧਾਰਮਿਕ ਅਤੇ ਰੂੜੀਵਾਦੀ ਰਸਮਾਂ ਦੇ ਬਗੈਰ ਲੱਕੜਾਂ ਦੀ ਥਾਂ ਐੱਲਪੀਜੀ ਰਾਹੀਂ ਕੀਤਾ ਗਿਆ ਅਤੇ 29 ਸਤੰਬਰ ਨੂੰ ਉਨ੍ਹਾਂ ਦਾ ਸੋਗ ਸਮਾਗਮ ਵੀ ਗ਼ੈਰ ਧਾਰਮਿਕ ਕੀਤਾ ਜਾ ਰਿਹਾ ਹੈ।

-ਮੋਬਾਈਲ : 76960-30173

Posted By: Jatinder Singh