-ਪਵਨ ਪਰਵਾਸੀ

ਮਾਂ ਉਹ ਸਕੂਲ ਹੈ ਜਿੱਥੋਂ ਬੱਚਾ ਜ਼ਿੰਦਗੀ ਦੇ ਹਰ ਨੁਕਤੇ ਨੂੰ ਬਿਲਕੁਲ ਮੁਫ਼ਤ ਸਿੱਖਦਾ ਅਤੇ ਮੰਜ਼ਿਲਾਂ ਸਰ ਕਰਦਾ ਹੋਇਆ ਅੱਗੇ ਵੱਧਦਾ ਜਾਂਦਾ ਹੈ। ਮਾਂ ਸ਼ਬਦ ਆਪਣੇ-ਆਪ ਵਿਚ ਇਕ ਵਿਸ਼ਾਲ ਬ੍ਰਹਿਮੰਡ ਵਾਂਗ ਹੈ ਜਿਸ ਦਾ ਮੁਕਾਬਲਾ ਕਰਨਾ ਕੋਈ ਸੌਖੀ ਗੱਲ ਨਹੀਂ। ਮਾਂ ਸਬਰ-ਸੰਤੋਖ, ਦ੍ਰਿੜ੍ਹਤਾ, ਪਿਆਰ ਅਤੇ ਨਿਮਰਤਾ ਦੀ ਮੂਰਤ ਤਾਂ ਹੈ ਹੀ, ਨਾਲੋ-ਨਾਲ ਉਹ ਇਕ ਚੰਗੀ ਇਸਤਰੀ ਦੀ ਭੂਮਿਕਾ ਵੀ ਨਿਭਾਉਂਦੀ ਹੈ। ਔਰਤ ਪਹਿਲਾਂ ਧੀ ਹੁੰਦੀ ਹੈ, ਫਿਰ ਭੈਣ ਬਣ ਜਾਂਦੀ ਹੈ, ਫਿਰ ਪਤਨੀ ਤੇ ਅੱਗੇ ਜਾ ਕੇ ਮਾਂ ਬਣ ਜਾਂਦੀ ਹੈ। ਫਿਰ ਉਹ ਸੱਸ ਤੇ ਥੋੜ੍ਹਾ ਹੋਰ ਅੱਗੇ ਜਾ ਕੇ ਦਾਦੀ ਜਾਂ ਨਾਨੀ ਬਣਦੀ ਹੈ ਪਰ ਸਫ਼ਰ ਇੱਥੇ ਹੀ ਨਹੀਂ ਮੁੱਕਦਾ। ਸਮਾਂ ਪਾ ਕੇ ਉਹ ਪੜਦਾਦੀ ਬਣਦੀ ਹੈ ਅਤੇ ਆਪਣਾ ਉਹ ਮਣਾਂ ਮੂੰਹੀ ਪਿਆਰ-ਦੁਲਾਰ ਅੱਜ ਵੀ ਉਸੇ ਤਰ੍ਹਾਂ ਬਰਕਰਾਰ ਰੱਖਦੀ ਹੈ ਜਿਵੇਂ ਅੱਜ ਤੋਂ ਚਾਲੀ-ਪੰਜਾਹ ਸਾਲ ਪਹਿਲਾਂ ਸੀ। ਅੱਜ ਵੀ ਉਹ ਕਿਸੇ ਖੂੰਜੇ ਮੰਜੀ ਉੱਤੇ ਪਈ ਕਹਿ ਰਹੀ ਹੈ, ‘‘ਕੁੜੇ, ਮੁੰਡੇ ਨੂੰ ਸਾਗ ’ਚ ਘੇ ਪਾ ਦਈਂ ਜਾਂ ਮੁੰਡੇ ਨੂੰ ਦੁੱਧ ਦੇ ਦਈਂ, ਇਹਨੇ ਕੰਮ ’ਤੇ ਜਾਣਾ ਹੈ। ਕਹਿਣ ਦਾ ਮਤਲਬ ਹੈ ਕਿ ਇਕ ਮਾਂ ਬੁੱਢੀ ਹੋ ਚੁੱਕੀ ਹੈ ਪਰ ਉਸ ਦਾ ਉਹ ਪਿਆਰ ਤੇ ਉਹ ਫਿਕਰ ਅੱਜ ਵੀ ਉਵੇਂ ਹੀ ਬਰਕਰਾਰ ਹੈ। ਮਾਂ ਪਿਆਰ ਦੀ ਉਹ ਮੂਰਤ ਹੈ ਜੋ ਦੁਨੀਆ ਦੀਆਂ ਲੱਖ ਮੁਸ਼ਕਲਾਂ ਝੱਲ ਕੇ ਵੀ ਆਪਣੇ ਬੱਚਿਆਂ ਨੂੰ ਤੱਤੀ ਹਵਾ ਨਹੀਂ ਲੱਗਣ ਦਿੰਦੀ। ਇਸ ਦਾ ਮੁੱਖ ਕਾਰਨ ਹੈ ਕਿ ਉਸ ਨੇ ਜਿਸ ਬੱਚੇ ਨੂੰ ਜਨਮ ਦਿੱਤਾ ਹੁੰਦਾ ਹੈ, ਉਹ ਉਸ ਦੇ ਪੇਟ ’ਚ ਲਗਪਗ ਨੌਂ ਮਹੀਨੇ ਰਹਿ ਕੇ ਆਇਆ ਹੁੰਦਾ ਹੈ ਜਿਸ ਕਰਕੇ ਉਸ ਨੂੰ ਮਾਂ ਆਪਣੇ ਨਾਲੋਂ ਜ਼ਿਆਦਾ ਪਿਆਰ ਕਰਦੀ ਹੈ। ‘ਮਾਂ ਵਰਗਾ ਘਣਸ਼ਾਵਾ ਬੂਟਾ’, ‘ਮਾਂ ਹੁੰਦੀ ਹੈ ਮਾਂ’, ‘ਪੇਕੇ ਹੁੰਦੇ ਮਾਵਾਂ ਨਾਲ’ ਵਰਗੇ ਅਨੇਕਾਂ ਗੀਤ ਹਨ ਜੋ ਮਾਂ ਦੇ ਪਿਆਰ ਨੂੰ ਪ੍ਰਗਟ ਕਰਦੇ ਹਨ। ਜੇ ਅਸੀਂ ਮਾਂ ਤੇ ਧੀ ਦੇ ਰਿਸ਼ਤੇ ਦੀ ਗੱਲ ਕਰੀਏ ਤਾਂ ਉਹ ਵੀ ਆਪਣੇ-ਆਪ ’ਚ ਇਕ ਮਿਸਾਲੀ ਪਿਆਰ ਹੈ। ਜਦੋਂ ਤਕ ਮਾਂ ਜਿਊਂਦੀ ਰਹਿੰਦੀ ਹੈ, ਧੀ ਨੂੰ ਆਪਣੇ ਪੇਕਿਆਂ ’ਚੋਂ ਪਿਆਰ ਹਮੇਸ਼ਾ ਮਿਲਦਾ ਰਹਿੰਦਾ ਹੈ ਪਰ ਮਾਂ ਦੇ ਤੁਰ ਜਾਣ ਪਿੱਛੋਂ ਪਹਿਲਾਂ ਵਰਗਾ ਨਿੱਘ ਨਹੀਂ ਮਿਲਦਾ। ਇਸ ਦੇ ਕਈ ਕਾਰਨ ਹੋ ਸਕਦੇ ਹਨ ਪਰ ਮਾਂ ਦੇ ਪਿਆਰ ਦੀ ਜਗ੍ਹਾ ਦੁਨੀਆ ਦਾ ਕੋਈ ਵੀ ਰਿਸ਼ਤਾ ਨਹੀਂ ਲੈ ਸਕਦਾ ਕਿਉਂਕਿ ਉਸ ਨੇ ਕਦੇ ਵੀ ਆਪਣੇ ਬੱਚਿਆਂ ਤੋਂ ਕੋਈ ਖ਼ਾਹਿਸ਼ ਨਹੀਂ ਰੱਖੀ ਹੁੰਦੀ ਜਾਂ ਕਿਸੇ ਚੀਜ਼ ਦੀ ਮੰਗ ਨਹੀਂ ਕੀਤੀ ਹੁੰਦੀ। ਉਹ ਤਾਂ ਹਮੇਸ਼ਾ ਆਪਣੇ ਧੀਆਂ-ਪੁੱਤਾਂ ਲਈ ਦੁਆਵਾਂ ਹੀ ਮੰਗਦੀ ਹੈ। ਜੇ ਉਸ ਦਾ ਕੋਈ ਬੱਚਾ ਰੋਜ਼ੀ-ਰੋਟੀ ਲਈ ਵਿਦੇਸ਼ ਚਲਾ ਗਿਆ ਤਾਂ ਸਿਰਫ਼ ਉਹੀ ਉਸ ਦਾ ਫਿਕਰ ਕਰਦੀ ਪੁੱਛਦੀ ਹੈ ਕਿ ਰੋਟੀ ਖਾਧੀ ਕਿ ਨਹੀਂ? ਮਾਂ ਤੋਂ ਬਿਨਾਂ ਹਰ ਇਕ ਇਹ ਪੁੱਛਦਾ ਹੈ ਕਿ ਕਿੰਨੇ ਡਾਲਰ ਕਮਾਉਂਦਾ ਏਂ? ਸਿਰਫ਼ ਤੇ ਸਿਰਫ਼ ਮਾਂ ਦਾ ਹੀ ਰਿਸ਼ਤਾ ਮਤਲਬ ਤੋਂ ਰਹਿਤ ਹੁੰਦਾ ਹੈ। ਬਾਕੀ ਸਭ ਰਿਸ਼ਤੇ-ਨਾਤੇ, ਸਾਕ-ਸਬੰਧੀ ਮਤਲਬ ਦੇ ਹੁੰਦੇ ਹਨ। ਬੇਸ਼ੱਕ ਮਾਂ ਬੱਚਿਆਂ ਲਈ ਬਹੁਤ ਕੁਰਬਾਨੀਆਂ ਦਿੰਦੀ ਹੈ ਪਰ ਉਨ੍ਹਾਂ ਦੇ ਬਦਲੇ ਸਿਰਫ਼ ਪਿਆਰ ਹੀ ਮੰਗਦੀ ਹੈ। ਇਹੋ ਗੱਲ ਮਾਂ ਨੂੰ ਸਾਰੀ ਦੁਨੀਆ ਵਿਚ ਸਭ ਤੋਂ ਉੱਤਮ ਤੇ ਅਲੱਗ ਦਰਸਾਉਂਦੀ ਹੈ। ਅੱਜ ਮਾਂ ਦਿਵਸ ’ਤੇ ਪੂਰੀ ਲੋਕਾਈ ਅਤੇ ਸਾਰੀਆਂ ਮਾਵਾਂ ਨੂੰ ਦਿਲੋਂ ਸਤਿਕਾਰ ਤੇ ਲੱਖ-ਲੱਖ ਪ੍ਰਣਾਮ। ਮਾਂ ਜ਼ਿੰਦਾਬਾਦ।

Posted By: Susheel Khanna