ਮਾਂ-ਬੋਲੀ ਹੀ ਹਰ ਇਨਸਾਨ ਦੀਆਂ ਭਾਵਨਾਵਾਂ ਨੂੰ ਪ੍ਰਗਟਾਉਣ ਦਾ ਸਭ ਤੋਂ ਉੱਤਮ ਵਸੀਲਾ ਹੁੰਦੀ ਹੈ। ਮਨੁੱਖ ਜਨਮ ਤੋਂ ਬਾਅਦ ਆਪਣੀ ਮਾਂ ਤੋਂ ਜਿਹੜੀ ਭਾਸ਼ਾ ’ਚ ਲੋਰੀਆਂ ਸੁਣਦਾ ਹੈ, ਉਸ ਤੋਂ ਬਾਅਦ ਆਪਣੇ ਜੀਵਨ ਦੇ ਅਲੱਗ-ਅਲੱਗ ਪੜਾਵਾਂ ’ਤੇ ਆਪਣੇ ਸਮਾਜ ਵਿਚ ਵਿਚਰਦਿਆਂ ਬਾਤਾਂ, ਕਹਾਣੀਆਂ, ਗੀਤ, ਘੋੜੀਆਂ, ਸੁਹਾਗ ਤੇ ਹਰ ਖ਼ੁਸ਼ੀ-ਗ਼ਮੀ ਵਿਚ ਜੋ ਬੋਲਦਾ ਸੁਣਦਾ ਹੈ, ਉਹ ਮਾਂ- ਬੋਲੀ ਅਖਵਾਉਂਦੀ ਹੈ। ਮਾਂ ਕੇਵਲ ਬੱਚੇ ਨੂੰ ਜਨਮ ਦੇਣ ਵਾਲੀ ਹੀ ਨਹੀਂ ਹੁੰਦੀ ਸਗੋਂ ਉਸ ਦੀ ਪਹਿਲੀ ਅਧਿਆਪਕ ਵੀ ਹੁੰਦੀ ਹੈ। ਭਾਸ਼ਾ ਨਾਲ ਸਭ ਤੋਂ ਪਹਿਲਾਂ ਮਾਂ ਹੀ ਬੱਚੇ ਦੀ ਸਾਂਝ ਪੁਆਉਂਦੀ ਹੈ ਤਾਂ ਹੀ ਤਾਂ ‘ਮਾਂ- ਬੋਲੀ’ ਸ਼ਬਦ ਆਇਆ। ਸਾਨੂੰ ਫ਼ਖ਼ਰ ਹੋਣਾ ਚਾਹੀਦਾ ਹੈ ਕਿ ਇਹ ਮਾਖਿਓਂ ਮਿੱਠੀ ਸਾਡੀ ਮਾਂ- ਬੋਲੀ ਪੰਜਾਬੀ ਹੈ, ਜੋ ਹੁਣ ਦੇਸ਼-ਵਿਦੇਸ਼ ’ਚ ਵੀ ਬੋਲੀ, ਸੁਣੀ ਤੇ ਲਿਖੀ ਜਾ ਰਹੀ ਹੈ ਪਰ ਉਦੋਂ ਬਹੁਤ ਦਿਲ ਦੁਖਦਾ ਹੈ ਜਦੋ ਆਪਣੇ ਹੀ ਸੂਬੇ ਤੇ ਆਪਣੇ ਘਰ ਮਾਂ-ਬੋਲੀ ਰੋਜ਼ਮੱਰ੍ਹਾ ਦੀ ਬੋਲ-ਚਾਲ ’ਚੋਂ ਘਟਦੀ ਜਾ ਰਹੀ ਹੈ। ਸਮਾਜ ਵਿਚ ਵਿਚਰਦਿਆਂ ਸਾਨੂੰ ਪੰਜਾਬੀ ਬੋਲਣ ’ਚ ਕਦੇ ਵੀ ਸ਼ਰਮਿੰਦਗੀ ਮਹਿਸੂਸ ਨਹੀਂ ਕਰਨੀ ਚਾਹੀਦੀ।

ਅਸੀਂ ਦੁਨੀਆ ਦੀਆ ਹੋਰ ਭਾਸ਼ਾਵਾਂ ਸਿੱਖੀਏ ਤੇ ਬੋਲੀਏ, ਪੜ੍ਹੀਏ ਤੇ ਲਿਖੀਏ ਕਿਉਂਕਿ ਸਾਰੀਆਂ ਬਹੁਤ ਵਧੀਆ ਹਨ ਪਰ ਸਾਨੂੰ ਆਪਣੀ ਮਾਂ-ਬੋਲੀ ਪੰਜਾਬੀ ਨਾਲੋਂ ਨਾਤਾ ਕਦੀ ਵੀ ਨਹੀਂ ਤੋੜਨਾ ਚਾਹੀਦਾ। ਮੈਂ ਅਕਸਰ ਸੋਚਦਾਂ ਹਾਂ ਕਿ ਮਾਂ-ਬੋਲੀ ਤੋਂ ਰੁੱਸਿਆਂ ਤੇ ਟੁੱਟਿਆਂ ਨੂੰ ਸਾਂਭੇਗਾ ਕੌਣ ? ਸਾਨੂੰ ਇਕ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਆਪਣੀ ਮਾਂ-ਬੋਲੀ ਪੰਜਾਬੀ ਨੂੰ ਭੁਲਾਉਣਾ ਨਹੀਂ ਕਿਉਂਕਿ ਇਹੀ ਸਾਨੂੰ ਸਾਡੇ ਵਿਰਸੇ, ਸੱਭਿਆਚਾਰ ਤੇ ਇਤਿਹਾਸ ਨਾਲ ਜੋੜਨ ਦਾ ਕੰਮ ਕਰਦੀ ਹੈ। ਜੇ ਕਿਸੇ ਨੂੰ ਉਸ ਦੇ ਆਪਣੇ ਵਿਰਸੇ, ਉਸ ਦੀਆਂ ਜੜ੍ਹਾਂ ਨਾਲੋਂ ਤੋੜਨਾ ਹੋਵੇ ਤਾਂ ਉਸ ਕੋਲੋਂ ਉਸ ਦੀ ਮਾਂ-ਬੋਲੀ ਖੋਹ ਲਵੋ, ਉਹ ਹੌਲੀ- ਹੌਲੀ ਆਪੇ ਹੀ ਆਪਣੀ ਪਛਾਣ ਭੁੱਲ ਜਾਵੇਗਾ। ਮੌਜੂਦਾ ਸਮੇਂ ਕਈ ਪੜ੍ਹੇ-ਲਿਖੇ ਪੰਜਾਬੀ ਕਹਿੰਦੇ ਹਨ ਕਿ ਪੰਜਾਬੀ ਤਾਂ ਅਨਪੜ੍ਹਾਂ ਦੀ ਬੋਲੀ ਹੈ, ਝੂਠੀ ਸ਼ਾਨ ਤੇ ਗ਼ਲਤਫ਼ਹਿਮੀ ਦਾ ਸ਼ਿਕਾਰ ਹੋ ਕੇ ਉਹ ਆਪਣੇ ਘਰ- ਪਰਿਵਾਰ ’ਚ ਵੀ ਪੰਜਾਬੀ ਬੋਲਣ ਤੋਂ ਗੁਰੇਜ਼ ਕਰਦੇ ਹਨ। ਉਹ ਪੰਜਾਬੀ ’ਚ ਗੱਲ-ਬਾਤ ਕਰਨ ਨੂੰ ਆਪਣੀ ਹੱਤਕ ਸਮਝਦੇ ਹਨ। ਇਸ ਤਰ੍ਹਾਂ ਸਕੂਲਾਂ-ਕਾਲਜਾਂ ਵਿਚ ਵੀ ਪੰਜਾਬੀ ਨਾਲ ਵਿਤਕਰਾ ਕੀਤਾ ਜਾਂਦਾ ਹੈ। ਸਾਨੂੰ ਇਹ ਕਦੀ ਨਹੀਂ ਭੁੱਲਣਾ ਚਾਹੀਦਾ ਕਿ ਇਹ ਸਾਡੇ ਗੁਰੂਆਂ-ਪੀਰਾਂ ਦੀ ਭਾਸ਼ਾ ਹੈ।

ਇਸ ਬੋਲੀ ਰਾਹੀਂ ਹੀ ਤਾਂ ਸ਼ੇਖ਼ ਫ਼ਰੀਦ ਜੀ, ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ ਆਦਿ ਅਨੇਕਾਂ ਹੀ ਸੂਫ਼ੀ ਫ਼ਕੀਰਾਂ ਨੇ ਆਪਣੀਆਂ ਰਚਨਾਵਾਂ ਰਚੀਆਂ। ਅਨੇਕਾਂ ਹੀ ਕਵੀ, ਕਵੀਸ਼ਰਾਂ, ਲੇਖਕਾਂ ਨੇ ਪੰਜਾਬੀ ’ਚ ਰਚਨਾਵਾਂ ਰਚ ਕੇ ਇਸ ਭਾਸ਼ਾ ਨੂੰ ਅਮੀਰੀ ਬਖ਼ਸ਼ੀ ਹੈ। ਸਾਨੂੰ ਚਾਹੀਦਾ ਹੈ ਕਿ ਮਾਂ- ਬੋਲੀ ਵਿਚ ਸਿਰਜਿਆ ਇਹ ਸ਼ਬਦ ਰੂਪੀ ਖ਼ਜ਼ਾਨਾ ਅਸੀਂ ਸਾਂਭੀਏ। ਆਓ ! ਆਪਣੇ ਆਪ ਨਾਲ ਵਾਅਦਾ ਕਰੀਏ ਕਿ ਆਪਣੀ ਮਾਂ- ਬੋਲੀ ਦੇ ਸਨਮਾਨ ਤੇ ਪਿਆਰ ਪ੍ਰਤੀ ਅਸੀਂ ਆਪ ਅਤੇ ਆਪਣੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਾਂਗੇ।

Posted By: Sunil Thapa