ਨਹੁੰ-ਮਾਸ ਦਾ ਰਿਸ਼ਤਾ ਟੁੱਟਣਾ ਬੇਹੱਦ ਤਕਲੀਫ਼ਦੇਹ ਹੁੰਦਾ ਹੈ। ਰਿਸ਼ਤਿਆਂ 'ਚ ਪਈਆਂ ਤਰੇੜਾਂ ਸਮੇਂ ਸਿਰ ਨਾ ਭਰੀਆਂ ਜਾਣ ਤਾਂ ਪਾੜ ਪੈ ਜਾਂਦੇ ਹਨ ਜਿਨ੍ਹਾਂ ਨੂੰ ਪੂਰਨਾ ਮੁਸ਼ਕਲ ਕਾਰਜ ਹੁੰਦਾ ਹੈ। ਹਰਿਆਣਾ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ 'ਤੜੱਕ' ਕਰ ਕੇ ਟੁੱਟ ਗਿਆ ਹੈ , ਜਿਸ ਦਾ ਅਸਰ ਪੰਜਾਬ 'ਚ ਹੋਣ ਵਾਲੀਆਂ ਚਾਰ ਜ਼ਿਮਨੀ ਚੋਣਾਂ 'ਤੇ ਵੀ ਪੈ ਸਕਦਾ ਹੈ। ਕੇਂਦਰ ਅਤੇ ਪੰਜਾਬ ਵਿਚ ਸਿਆਸੀ ਭਾਈਵਾਲ ਪਾਰਟੀਆਂ ਦਰਮਿਆਨ ਆਈ ਕਸ਼ੀਦਗੀ ਦੀ ਵਜ੍ਹਾ ਹਰਿਆਣਾ (ਕਾਲਿਆਂਵਾਲੀ) 'ਚੋਂ ਅਕਾਲੀ ਦਲ ਦੇ ਇਕਲੌਤੇ ਵਿਧਾਇਕ ਬਲਕੌਰ ਸਿੰਘ ਦਾ ਭਾਜਪਾ ਵਿਚ ਸ਼ਾਮਲ ਹੋਣਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਇਸ ਨੂੰ ਗੱਠਜੋੜ ਧਰਮ ਦੀ ਉਲੰਘਣਾ ਅਤੇ ਵਿਸ਼ਵਾਸਘਾਤ ਦੱਸਿਆ ਹੈ। ਭਾਜਪਾ ਨਾਲ ਨਹੁੰ-ਮਾਸ ਦੇ ਰਿਸ਼ਤੇ ਦੀ ਰਟ ਲਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੀ ਨੂੰਹ ਹਰਸਿਮਰਤ ਕੌਰ ਬਾਦਲ ਨੇ ਇਸ ਮੁੱਦੇ 'ਤੇ ਫ਼ਿਲਹਾਲ ਚੁੱਪ ਧਾਰੀ ਹੋਈ ਹੈ ਪਰ ਅਕਾਲੀ ਦਲ ਦੀ ਕੋਰ ਕਮੇਟੀ ਨੇ ਹਰਿਆਣਾ ਦੀਆਂ ਸਾਰੀਆਂ 90 ਸੀਟਾਂ 'ਤੇ ਇਕੱਲੇ ਚੋਣ ਲੜਨ ਦਾ ਐਲਾਨ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਸ੍ਰੀ ਹਰਿਮੰਦਰ ਸਾਹਿਬ ਵਿਚ ਨਤਮਸਤਕ ਹੋਣ ਆਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਪਸ਼ਟ ਕਿਹਾ ਕਿ ਅਕਾਲੀ ਦਲ ਦੇ ਵਿਧਾਇਕ ਨੂੰ ਤੋੜ ਕੇ ਭਾਜਪਾ ਨੇ ਗੱਠਜੋੜ ਦੀ ਮਰਿਆਦਾ ਨੂੰ ਤਾਰ-ਤਾਰ ਕੀਤਾ ਹੈ, ਜਿਸ ਦੀ ਕਿਸੇ ਨੂੰ ਆਸ ਨਹੀਂ ਸੀ। ਪਹਿਲਾਂ ਦਿੱਤੇ ਜਾਣ ਵਾਲੇ ਬਿਆਨਾਂ ਦੇ ਉਲਟ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਾਜਪਾ ਨਾਲ ਉਨ੍ਹਾਂ ਦਾ ਕੋਈ ਸਥਾਈ ਗੱਠਜੋੜ ਨਹੀਂ ਸੀ ਬਲਕਿ ਇਕ ਸਮਝੌਤਾ ਸੀ, ਜੋ ਕਈ ਸਾਲਾਂ ਤੋਂ ਚੱਲਿਆ ਆ ਰਿਹਾ ਸੀ। ਇਸ ਵੇਲੇ ਹਰਸਿਮਰਤ ਕੌਰ ਬਾਦਲ ਦੀ ਚੁੱਪ ਸਮਝ ਆਉਂਦੀ ਹੈ ਕਿਉਂਕਿ ਉਹ ਕੇਂਦਰ ਵਿਚ ਮੰਤਰੀ ਹਨ। ਸ਼ਾਇਦ ਇਸੇ ਕਾਰਨ ਅਕਾਲੀ ਦਲ ਨੂੰ ਕਹਿਣਾ ਪੈ ਰਿਹਾ ਹੈ ਕਿ ਗੱਠਜੋੜ ਕੇਵਲ ਹਰਿਆਣੇ 'ਚ ਟੁੱਟਿਆ ਹੈ, ਪੰਜਾਬ ਅਤੇ ਦਿੱਲੀ ਵਿਚ ਨਹੀਂ। ਅਜਿਹੀ ਹਾਸੋਹੀਣੀ ਸਥਿਤੀ ਪੰਜਾਬੀ ਦੇ ਅਖਾਣ 'ਸੱਪ ਦੇ ਮੂੰਹ 'ਚ ਕੋਹੜ ਕਿਰਲੀ' ਵਰਗੀ ਜਾਪਦੀ ਹੈ। ਭਾਵੇਂ ਸਿਆਸਤ ਵਿਚ ਕੋਈ ਵੀ ਪੱਕਾ ਮਿੱਤਰ ਜਾਂ ਦੁਸ਼ਮਣ ਨਹੀਂ ਹੁੰਦਾ, ਫਿਰ ਵੀ ਹਰਿਆਣੇ ਦੀ ਮਿੱਟੀ ਦਾ ਖਮੀਰ ਦੂਜੇ ਸੂਬਿਆਂ ਨਾਲੋਂ ਵੱਖਰਾ ਹੈ ਜਿੱਥੇ ਬਹੁਤੇ ਸਿਆਸਤਦਾਨ ਗਿਰਗਿਟ ਨਾਲੋਂ ਵੀ ਪਹਿਲਾਂ ਰੰਗ ਬਦਲ ਲੈਂਦੇ ਹਨ। ਘੋੜਿਆਂ ਦੀ ਖ਼ਰੀਦੋ-ਫਰੋਖ਼ਤ ਵਾਂਗ ਇੱਥੇ ਚੁਣੇ ਹੋਏ ਲੋਕ ਨੁਮਾਇੰਦਿਆਂ ਦੀ ਖੁੱਲ੍ਹੀ ਬੋਲੀ ਲੱਗਦੀ ਆਈ ਹੈ। ਰਾਤੋ-ਰਾਤ ਈਮਾਨ ਬਦਲੇ ਜਾਂਦੇ ਵੇਖੇ ਗਏ। ਇਸੇ ਧਰਤੀ 'ਤੇ ਅਕਾਲੀ ਦਲ ਦੇ ਇਕਲੌਤੇ ਵਿਧਾਇਕ ਦਾ ਚੜ੍ਹਦੇ ਸੂਰਜ ਨੂੰ ਸਲਾਮ ਕਹਿਣਾ ਕੋਈ ਅੱਲੋਕਾਰੀ ਘਟਨਾ ਨਹੀਂ ਹੈ। 'ਆਇਆ ਰਾਮ, ਗਿਆ ਰਾਮ' ਦੀ ਕਹਾਵਤ ਵੀ ਇਸੇ ਮਿੱਟੀ ਦੀ ਦੇਣ ਹੈ। ਸੰਨ 1967 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਗਿਆ ਲਾਲ (ਰਾਮ) ਨਾਮ ਦਾ ਵਿਅਕਤੀ ਪਟੌਦੀ ਵਿਧਾਨ ਸਭਾ ਹਲਕੇ ਤੋਂ ਬਤੌਰ ਆਜ਼ਾਦ ਉਮੀਦਵਾਰ ਚੋਣ ਜਿੱਤਿਆ ਸੀ , ਜਿਸ ਨੇ ਪੰਦਰਾਂ ਦਿਨਾਂ ਵਿਚ ਤਿੰਨ ਵਾਰ ਪਾਰਟੀ ਬਦਲ ਕੇ ਦਲਬਦਲੀ ਦਾ ਅਨੋਖਾ ਇਤਿਹਾਸ ਰਚਿਆ ਸੀ। ਬਲਕੌਰ ਸਿੰਘ ਦੇ ਮਾਮਲੇ ਵਿਚ ਅਜਿਹਾ ਨਹੀਂ ਲੱਗਦਾ ਕਿ ਉਹ 'ਗਿਆ ਲਾਲ' ਵਾਂਗ ਅਕਾਲੀ ਦਲ ਵਿਚ ਵਾਪਸ ਪਰਤਣਗੇ। ਦਰਅਸਲ, ਪਿਛਲੀਆਂ ਚੋਣਾਂ ਦੇ ਅੰਕੜਿਆਂ ਵੱਲ ਝਾਤੀ ਮਾਰੀ ਜਾਵੇ ਤਾਂ ਪਤਾ ਚੱਲਦਾ ਹੈ ਕਿ ਜ਼ਮੀਨੀ ਪੱਧਰ 'ਤੇ ਹਰਿਆਣਾ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਬਹੁਤਾ ਆਧਾਰ ਨਹੀਂ ਹੈ। ਬਦਲਦੇ ਸਮੀਕਰਨਾਂ ਨੂੰ ਵੇਖਦਿਆਂ ਭਾਜਪਾ ਨੇ ਇਕੱਲਿਆਂ ਹਰਿਆਣਾ ਵਿਚ ਚੋਣ ਲੜਨ ਦਾ ਐਲਾਨ ਕਰ ਕੇ ਅਕਾਲੀ ਦਲ ਨੂੰ ਕੱਖੋਂ ਹੌਲਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੇ ਅਕਾਲੀ ਦਲ ਹਰਿਆਣਾ ਵਿਚ ਚੋਣ ਸਮੀਕਰਨ ਬਦਲ ਦਿੰਦਾ ਹੈ ਤਾਂ ਕੁਦਰਤੀ ਗੱਲ ਹੈ ਕਿ ਪੰਜਾਬ ਅਤੇ ਦਿੱਲੀ 'ਚ ਦੋਵਾਂ ਪਾਰਟੀਆਂ ਦਾ ਗੱਠਜੋੜ ਹੋਰ ਮਜ਼ਬੂਤ ਹੋਵੇਗਾ। ਵੈਸੇ ਵੀ ਲੰਬੇ ਅਰਸੇ ਤਕ ਹਰਿਆਣਾ 'ਚ ਅਕਾਲੀ ਦਲ ਨੇ ਸਾਂਝੇ ਤੌਰ 'ਤੇ ਇਨੈਲੋ ਨਾਲ ਬਹੁਤੀਆਂ ਚੋਣਾਂ ਲੜੀਆਂ ਹਨ। ਪਿਛਲੀਆਂ ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਨੇ ਪਹਿਲੀ ਵਾਰ ਹਰਿਆਣਾ ਵਿਚ ਭਾਜਪਾ ਨਾਲ ਸਾਂਝ-ਭਿਆਲੀ ਪਾਈ ਸੀ। ਅਕਾਲੀ ਦਲ ਨੂੰ ਚਾਹੀਦਾ ਹੈ ਕਿ ਠੰਢੇ ਦਿਮਾਗ ਤੋਂ ਕੰਮ ਲੈ ਕੇ ਅਗਲੀ ਰਣਨੀਤੀ ਬਣਾਵੇ ਕਿਉਂਕਿ ਠੰਢਾ ਲੋਹਾ ਹੀ ਤੱਤੇ ਲੋਹੇ ਨੂੰ ਕੱਟ ਸਕਦਾ ਹੈ। ਭਾਜਪਾ ਨੇ ਦਰਅਸਲ ਹਰਿਆਣਾ ਵਿਚ ਗੱਠਜੋੜ ਤੋੜ ਕੇ ਪੰਜਾਬ ਦੀਆਂ 2022 'ਚ ਹੋਣ ਵਾਲੀਆਂ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਵਧੇਰੇ ਸੀਟਾਂ ਲੈਣ ਲਈ ਦਬਾਅ ਪਾਇਆ ਹੈ ਪਰ ਹਰਿਆਣਾ 'ਚ ਗੱਠਜੋੜ ਨੂੰ ਤੋੜ ਕੇ ਭਾਜਪਾ ਨੇ ਅਕਾਲੀਆਂ ਦੀਆਂ ਅੱਖਾਂ 'ਚੋਂ ਸੁਰਮਾ ਕੱਢਣ ਵਾਲਾ ਕੰਮ ਕੀਤਾ ਹੈ। ਝਨਾਂ ਦੀ ਕਾਂਗ ਵਾਂਗ ਲਹਿਣ-ਚੜ੍ਹਨ ਦੀ ਬਜਾਏ ਠੋਸ ਰਣਨੀਤੀ ਘੜਨੀ ਸਮੇਂ ਦੀ ਮੰਗ ਹੈ। ਦੂਜੇ ਪਾਸੇ ਹਰਜੀਤ ਸਿੰਘ ਗਰੇਵਾਲ ਵਰਗੇ ਸੀਨੀਅਰ ਭਾਜਪਾ ਨੇਤਾ ਦਾਅਵਾ ਕਰ ਰਹੇ ਹਨ ਕਿ ਬਲਕੌਰ ਸਿੰਘ ਵਾਂਗ ਕਈ ਹੋਰ ਸਿਆਸੀ ਪਾਰਟੀਆਂ ਦੇ ਨੇਤਾ ਭਾਜਪਾ 'ਚ ਸ਼ਾਮਲ ਹੋਣ ਲਈ ਤਰਲੋਮੱਛੀ ਹਨ। ਅਜਿਹੇ ਬਿਆਨਾਂ ਤੋਂ ਬਾਅਦ ਕਈਆਂ ਦੇ ਨੈਣ ਪਥਰਾਅ ਗਏ ਹਨ। ਦਲਬਦਲੂਆਂ ਦਾ ਕੋਈ ਧਰਮ ਜਾਂ ਈਮਾਨ ਨਹੀਂ ਹੁੰਦਾ। ਉਹ ਤੇਲ ਅਤੇ ਤੇਲ ਦੀ ਧਾਰ ਨੂੰ ਵੇਖ ਕੇ ਹੀ ਫ਼ੈਸਲਾ ਲੈਂਦੇ ਹਨ। ਪੰਜਾਬੀ ਦੀ ਲਕੋਕਤੀ ਹੈ, 'ਤੁੰਮੇ ਦਾ ਤਰਬੂਜ਼ ਨਹੀਂ ਬਣਦਾ, ਭਾਵੇਂ ਲੈ ਮੱਕੇ ਨੂੰ ਜਾਈਏ।' ਦਲਬਦਲੂਆਂ ਦੀ ਤਾਸੀਰ ਵੀ ਕੁਝ ਇਹੋ ਜਿਹੀ ਹੁੰਦੀ ਹੈ। ਬਲਕੌਰ ਸਿੰਘ ਦਾ ਕਹਿਣਾ ਹੈ ਕਿ ਸੱਤਾਧਾਰੀ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਦੇ ਹਲਕੇ ਦੀਆਂ ਮੰਗਾਂ ਪਹਿਲ ਦੇ ਆਧਾਰ 'ਤੇ ਮੰਨੀਆਂ ਜਾਣਗੀਆਂ। ਮਨ ਦੀਆਂ ਮੁਰਾਦਾਂ ਵੱਖਰੀਆਂ ਪੂਰੀਆਂ ਹੋਣਗੀਆਂ। ਵਿਚਾਰਧਾਰਾ ਤੋਂ ਭਲਾ ਕਿਸੇ ਕੀ ਲੈਣਾ! ਸ਼੍ਰੋਮਣੀ ਅਕਾਲੀ ਦਲ ਦਾ ਤਰਕ ਸਹੀ ਲੱਗਦਾ ਹੈ ਕਿ ਉਸ ਨੇ ਭਾਜਪਾ ਨਾਲ ਗੱਠਜੋੜ ਪੰਜਾਬੀ ਭਾਈਚਾਰੇ ਨੂੰ ਮਜ਼ਬੂਤ ਕਰਨ ਅਤੇ ਪੰਜਾਬ ਵਿਚ ਸਦੀਵੀ ਸ਼ਾਂਤੀ ਕਾਇਮ ਕਰਨ ਖ਼ਾਤਰ ਕੀਤਾ ਸੀ। ਜਦੋਂ ਦੇਸ਼ ਭਰ ਵਿਚ ਭਾਜਪਾ ਨੂੰ ਲੋਕ ਸਭਾ ਦੀਆਂ ਕੇਵਲ ਦੋ ਸੀਟਾਂ ਮਿਲੀਆਂ ਸਨ ਤਦ ਵੀ ਅਕਾਲੀ ਦਲ ਉਸ ਨਾਲ ਚੱਟਾਨ ਵਾਂਗ ਖੜ੍ਹਾ ਰਿਹਾ। ਅਡਵਾਨੀ, ਵਾਜਪਾਈ ਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਬੇਹੱਦ ਸੁਖਾਵੇਂ ਰਿਸ਼ਤੇ ਰਹੇ ਹਨ। ਪ੍ਰਧਾਨ ਮੰਤਰੀ ਸਤਿਕਾਰ ਵਜੋਂ ਉਨ੍ਹਾਂ ਦੇ ਪੈਰੀਂ ਹੱਥ ਵੀ ਲਾਉਂਦੇ ਹਨ। ਇਸ ਦੇ ਬਾਵਜੂਦ ਅਕਾਲੀ ਦਲ ਅੱਜ ਆਪਣੇ ਆਪ ਨੂੰ 'ਠੱਗਿਆ-ਠੱਗਿਆ' ਕਿਉਂ ਮਹਿਸੂਸ ਕਰ ਰਿਹਾ ਹੈ? ਇਹ ਨਿਸ਼ਚੇ ਹੀ ਵਿਚਾਰਨ ਵਾਲੀ ਗੱਲ ਹੈ। ਭਾਜਪਾ ਦੇ ਸੀਨੀਅਰ ਨੇਤਾ ਖ਼ੁਦ ਮੰਨਦੇ ਹਨ ਕਿ ਅਕਾਲੀ ਦਲ ਸ਼ਹੀਦਾਂ ਦੀ ਜਮਾਤ ਹੈ , ਜਿਸ ਨੇ ਦੇਸ਼ ਅਤੇ ਕੌਮ ਦੀ ਲੜਾਈ ਲੜੀ ਹੈ। ਹਰਿਆਣਾ 'ਚ ਅਕਾਲੀ -ਭਾਜਪਾ ਗੱਠਜੋੜ ਟੁੱਟਣਾ ਭਵਿੱਖ ਵਿਚ ਖ਼ਤਰੇ ਦੀ ਘੰਟੀ ਅਵੱਸ਼ ਹੈ। ਅਕਾਲੀ ਨੇਤਾ ਕੰਧ 'ਤੇ ਲਿਖਿਆ ਪੜ੍ਹ ਕੇ ਚਿੰਤਾਤੁਰ ਜ਼ਰੂਰ ਹਨ। ਇਸ ਲਈ ਅਕਾਲੀ ਦਲ ਨਫ਼ਾ-ਨੁਕਸਾਨ ਜੋਖ ਕੇ ਭਵਿੱਖ ਦੀ ਰਣਨੀਤੀ ਘੜਨ ਵਿਚ ਰੁੱਝਿਆ ਹੋਇਆ ਹੈ। ਅਕਾਲੀ ਦਲ ਨੂੰ ਖ਼ਦਸ਼ਾ ਹੈ ਕਿ ਬਲਕੌਰ ਸਿੰਘ ਵਾਂਗ ਪੰਜਾਬ ਵਿਚ ਜੇ ਦਲਬਦਲੀ ਦਾ ਖੋਰਾ ਲੱਗਿਆ ਤਾਂ ਫਿਰ ਬਹੁਤ ਦੇਰ ਹੋ ਜਾਵੇਗੀ!

Posted By: Jagjit Singh