-ਪਰਮਜੀਤ ਢੀਂਗਰਾ

ਗੱਲ 1975-76 ਦੀ ਹੈ। ਨਵੀਂ-ਨਵੀਂ ਸਾਹਿਤਕ ਚੇਟਕ ਲੱਗੀ ਸੀ। ਇਸ ਭੁੱਖ ਨੂੰ ਮਿਟਾਉਣ ਲਈ ਕਿਤਾਬਾਂ ਪੜ੍ਹਨ ਦਾ ਸ਼ੌਕ ਸੀ ਪਰ ਇਹ ਪਤਾ ਨਹੀਂ ਸੀ ਕਿ ਕਿਤਾਬਾਂ ਮਿਲਦੀਆਂ ਕਿੱਥੋਂ ਹਨ? ਸਕੂਲ 'ਚੋਂ ਲੈ ਕੇ ਕਾਫ਼ੀ ਕਿਤਾਬਾਂ ਪੜ੍ਹ ਲਈਆਂ ਸਨ। ਬਾਜ਼ਾਰ ਮਾਈ ਸੇਵਾਂ ਦੇ ਕੋਲ ਹੀ ਮੇਰੇ ਨਾਨਕੇ ਸਨ। ਉਸ ਬਾਜ਼ਾਰ ਵਿਚਲੀਆਂ ਕਿਤਾਬਾਂ ਮਨ ਨੂੰ ਖਿੱਚ ਪਾਉਂਦੀਆਂ ਪਰ ਖ਼ਰੀਦਣ ਜੋਗੇ ਪੈਸੇ ਨਹੀਂ ਸਨ ਹੁੰਦੇ। ਬਾਜ਼ਾਰ 'ਚ ਖੜੋ ਕੇ ਕਿਤਾਬਾਂ ਦੇ ਟਾਈਟਲ ਪੜ੍ਹਨੇ। ਸਭ ਤੋਂ ਵੱਧ ਖਿੱਚ ਪਾਊ ਕਿਤਾਬ ਹੁੰਦੀ ਸੀ ਅਸਲੀ ਤੇ ਵੱਡੀ ਹੀਰ। ਹੋਰ ਵੀ ਕਿੱਸੇ, ਜੰਤਰੀਆਂ, ਪੰਚਾਂਗ, ਜੋਤਿਸ਼, ਮਕੈਨਕੀ ਤੇ ਇਹੀ ਜਿਹੀਆਂ ਕਿਤਾਬਾਂ ਹੁੰਦੀਆਂ ਸਨ। ਇਸੇ ਸਮੇਂ ਦੱਸ ਪਈ ਕਿ ਹਾਲ ਬਾਜ਼ਾਰ ਵਿਚ ਇਕ ਗਲੀ ਹੈ ਜੋ ਬੰਬੇ ਵਾਚ ਕੰਪਨੀ ਦੇ ਨਾਂ ਹੇਠ ਮਸ਼ਹੂਰ ਹੈ ਤੇ ਉੱਥੇ ਕਿਤਾਬਾਂ ਦੀ ਦੁਕਾਨ ਖੁੱਲ੍ਹੀ ਹੈ ਜਿਸ ਵਿਚ ਸਾਹਿਤਕ ਕਿਤਾਬਾਂ ਦਾ ਵੱਡਾ ਭੰਡਾਰ ਹੈ। ਵਾਗਾਂ ਉਸ ਗਲੀ ਵੱਲ ਮੋੜ ਦਿੱਤੀਆਂ। ਹਾਲ ਬਾਜ਼ਾਰ ਵਿਚਲੀਆਂ ਸਾਰੀਆਂ ਗਲੀਆਂ ਅਤੇ ਉਨ੍ਹਾਂ 'ਤੇ ਲੱਗੇ ਵੱਡੇ-ਵੱਡੇ ਬੋਰਡ ਪੜ੍ਹੇ ਤੇ ਅਖ਼ੀਰ ਨਜ਼ਰੀਂ ਪਿਆ ਬੰਬੇ ਵਾਚ ਕੰਪਨੀ ਵਾਲਾ ਨਿੱਕਾ ਜਿਹਾ ਬੋਰਡ। ਅੱਧ ਹਨੇਰੀ ਚਾਣਨੀ ਗਲੀ ਵਿਚ ਜੋ ਅੱਗੇ ਜਾ ਕੇ ਬੰਦ ਹੋ ਜਾਂਦੀ ਸੀ, ਤੋਂ ਦੋ ਘਰ ਉਰਾਂ ਖੱਬੇ ਹੱਥ ਨਿੱਕਾ ਜਿਹਾ ਬੋਰਡ ਲੱਗਿਆ ਸੀ-ਰਵੀ ਸਾਹਿਤ ਪ੍ਰਕਾਸ਼ਨ ਦਾ।

ਅੰਦਰ ਛੋਟੇ ਜਿਹੇ ਕਾਊਂਟਰ ਕੋਲ ਸੱਜੇ ਹੱਥ ਸਟੂਲ 'ਤੇ ਰਾਹੀ ਸਾਹਿਬ ਬੈਠੇ ਸਨ। ਇਹ ਪਹਿਲੀ ਮੁਲਾਕਾਤ ਸੀ ਜੋ ਅੱਜ ਵੀ ਚੇਤਿਆਂ ਵਿਚ ਖੁਣੀ ਪਈ ਹੈ। ਛੋਟੀ ਜਿਹੀ ਦੁਕਾਨ ਵਿਚ ਖੱਬੇ ਪਾਸੇ ਇਕ ਬੈਂਚ ਪਿਆ ਸੀ। ਚਾਰੇ ਪਾਸੇ ਕਿਤਾਬਾਂ ਹੇਠਾਂ ਤੋਂ ਲੈ ਕੇ ਉੱਪਰ ਤਕ ਚਿਣੀਆਂ ਪਈਆਂ ਸਨ। ਦੁਕਾਨ ਤੋਂ ਬਾਹਰ ਗਲੀ ਵਿਚ ਵੀ ਕਿਤਾਬਾਂ ਦੇ ਬੰਡਲ ਪਏ ਸਨ। ਥੋੜ੍ਹੀ ਦੇਰ ਬਾਅਦ ਉੱਥੇ ਇੱਕਾ-ਦੁੱਕਾ ਲੇਖਕ ਆਉਂਦੇ। ਦੁਆ-ਸਲਾਮ ਕਰਦੇ। ਕਿਤਾਬਾਂ ਬਾਰੇ ਪੁੱਛਦੇ। ਛੋਟੇ ਬੈਂਚ 'ਤੇ ਥਾਂ ਥੋੜ੍ਹੀ ਹੋ ਜਾਂਦੀ ਤਾਂ ਰਾਹੀ ਸਾਹਿਬ ਕਹਿੰਦੇ, ਕੋਈ ਨੀ, ਬਾਹਰ ਬੰਡਲ 'ਤੇ ਬਹਿ ਜਾਵੋ। ਉੱਥੇ ਗੱਲਾਂ ਤੁਰਦੀਆਂ ਸਾਹਿਤ ਦੀਆਂ, ਕਿਤਾਬਾਂ ਦੀਆਂ, ਲੇਖਕਾਂ ਦੀਆਂ ਅਤੇ ਫਿਰ ਚਾਹ ਆ ਜਾਂਦੀ। ਚਾਹ ਪੀ ਕੇ ਕਾਹਲੇ ਤੁਰ ਜਾਂਦੇ ਪਰ ਸਾਡੇ ਵਰਗਿਆਂ ਕੋਲ ਖੁੱਲ੍ਹਾ ਸਮਾਂ ਹੁੰਦਾ। ਰਾਹੀ ਸਾਹਿਬ ਨਾਲ ਗੱਲਾਂ ਵਿਚ ਜੁਟੇ ਰਹਿੰਦੇ। ਉਨ੍ਹਾਂ ਕੋਲ ਜ਼ਿੰਦਗੀ ਦਾ ਵੱਡਾ ਤਜਰਬਾ ਸੀ। ਉਹ ਲੇਖਕਾਂ ਦੀਆਂ ਨਿੱਜੀ ਗੱਲਾਂ ਬਾਰੇ ਬਹੁਤ ਕੁਝ ਜਾਣਦੇ ਸਨ। ਪ੍ਰਕਾਸ਼ਨਾ ਦਾ ਉਨ੍ਹਾਂ ਕੋਲ ਹੇਠੋਂ ਲੈ ਕੇ ਉੱਪਰ ਤਕ ਗਿਆਨ ਸੀ। ਉਨ੍ਹਾਂ ਨੇ ਜ਼ਿੰਦਗੀ ਵਿਚ ਬਹੁਤ ਸੰਘਰਸ਼ ਕੀਤਾ। ਉਨ੍ਹਾਂ ਦੇ ਸੰਘਰਸ਼ ਦੀ ਗਾਥਾ ਉਸ ਇਨਸਾਨ ਦੀ ਗਾਥਾ ਹੈ ਜੋ ਕਦੇ ਹਿੰਮਤ ਨਹੀਂ ਹਾਰਦਾ ਅਤੇ ਅਖ਼ੀਰ ਆਪਣੀ ਮੰਜ਼ਿਲ 'ਤੇ ਪੁੱਜ ਜਾਂਦਾ ਹੈ। ਉਨ੍ਹਾਂ ਦਾ ਜਨਮ 1930 ਵਿਚ ਹੋਇਆ। ਉਨ੍ਹਾਂ ਦੇ ਪਿਤਾ ਜੀ ਦਰਜੀ ਦਾ ਪਿਤਾ-ਪੁਰਖੀ ਕੰਮ ਕਰਦੇ ਸਨ ਪਰ ਰਾਹੀ ਸਾਹਿਬ ਅਜੇ ਦੂਜੀ ਜਮਾਤ ਵਿਚ ਹੀ ਪੜ੍ਹਦੇ ਸਨ ਜਦੋਂ ਉਨ੍ਹਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ। ਇਸ ਸਮੇਂ ਉਨ੍ਹਾਂ 'ਤੇ ਵੱਡੀ ਜ਼ਿੰਮੇਵਾਰੀ ਆਣ ਪਈ ਕਿ ਘਰ ਦਾ ਨਿਰਬਾਹ ਕਿਵੇਂ ਕੀਤਾ ਜਾਵੇ। ਉਨ੍ਹਾਂ ਨੇ ਪ੍ਰਾਇਮਰੀ ਤਕ ਸਿੱਖਿਆ ਪ੍ਰਾਪਤ ਕੀਤੀ ਤੇ ਫਿਰ ਗਿਆਨੀ ਪਾਸ ਕੀਤੀ। ਛੋਟੀ ਉਮਰੇ ਉਨ੍ਹਾਂ ਨੂੰ ਪੜ੍ਹਨ ਦੀ ਲਲਕ ਲੱਗ ਗਈ। ਸਭ ਤੋਂ ਪਹਿਲੀ ਕਿਤਾਬ ਮੋਹਨ ਸਿੰਘ ਦੀ 'ਸਾਵੇ ਪੱਤਰ' ਪੜ੍ਹੀ ਹੀ ਨਹੀਂ ਸਗੋਂ ਉਹਦੀਆਂ ਕਈ ਕਵਿਤਾਵਾਂ ਵੀ ਯਾਦ ਕਰ ਲਈਆਂ। ਨਿੱਕੀ ਉਮਰੇ ਹੀ ਉਨ੍ਹਾਂ ਨੇ ਕਾਪੀ ਹੋਲਡਰ ਦੀ ਨੌਕਰੀ ਕਰ ਲਈ। ਕੰਪੋਜ਼ਿੰਗ, ਲਿਖਣ ਦਾ ਕੰਮ ਕਰ ਲਿਆ।

ਉਦੋਂ ਇਹ ਬੜਾ ਟੇਢਾ ਕੰਮ ਹੁੰਦਾ ਸੀ। ਇਕ-ਇਕ ਅੱਖਰ ਨੂੰ ਚਿਮਟੀ ਨਾਲ ਚੁੱਕਣਾ ਤੇ ਫਿਰ ਫਰਮੇ ਵਿਚ ਬੀੜ-ਬੀੜ ਕੇ ਸਫਾ ਤਿਆਰ ਕਰਨਾ। ਉਨ੍ਹਾਂ ਦੇ ਹੈੱਡਮਾਸਟਰ ਸਾਹਿਬ ਨੇ ਉਨ੍ਹਾਂ ਨੂੰ ਇਕ ਚੰਗੀ ਪ੍ਰੈੱਸ ਵਿਚ ਨੌਕਰੀ ਦਿਵਾ ਦਿੱਤੀ ਪਰ ਛੋਟੀ ਉਮਰ ਕਾਰਨ ਸਰਕਾਰ ਨੇ ਇਸ ਨੂੰ ਮਨਜ਼ੂਰ ਨਾ ਕੀਤਾ। ਪ੍ਰੈੱਸ ਵਿਚ ਹੀ ਉਨ੍ਹਾਂ ਨੇ ਪ੍ਰਸਿੱਧ ਪੰਜਾਬੀ ਲੇਖਕ ਚਰਨ ਸਿੰਘ ਸ਼ਹੀਦ ਦੀ ਕਿਤਾਬ 'ਬਾਦਸ਼ਾਹੀਆਂ' ਕੰਪੋਜ਼ ਕੀਤੀ ਅਤੇ ਇਸੇ ਬਹਾਨੇ ਪੜ੍ਹ ਵੀ ਲਈ ਪਰ ਥੋੜ੍ਹੇ ਜਿਹੇ ਪੈਸਿਆਂ ਨਾਲ ਘਰ ਦਾ ਗੁਜ਼ਾਰਾ ਨਹੀਂ ਸੀ ਹੁੰਦੇ ਤੇ ਹਰ ਵੇਲੇ ਇਕ ਦਬਾਅ ਰਹਿੰਦਾ ਸੀ। ਸੰਨ 1947 ਦੀ ਵੰਡ ਤੇ ਫਸਾਦਾਂ ਵੇਲੇ ਉਨ੍ਹਾਂ ਨੇ ਸੋਟੀ 'ਤੇ ਬੰਨ੍ਹ ਕੇ ਗੈਸੀ ਭੁਕਾਨੇ ਵੀ ਵੇਚੇ ਤੇ ਤਿੱਥ-ਤਿਉਹਾਰਾਂ ਦੇ ਮੌਕੇ ਰੱਖੜੀਆਂ ਵੀ ਵੇਚੀਆਂ ਇਕ ਦੁਕਾਨਦਾਰ ਕੋਲੋਂ ਗੋਟੇ-ਕਿਨਾਰੀਆਂ ਲਾਉਣ ਦਾ ਕੰਮ ਵੀ ਸਿੱਖਿਆ। ਉਨ੍ਹਾਂ ਨੇ ਪਾਵਰਾਂ ਵਿਚ ਬੁਣਾਈ ਦਾ ਕੰਮ ਸਿੱਖਿਆ। ਇੱਥੇ ਉਹ ਟੈਕਸਟਾਈਲ ਵਰਕਰ ਬਣ ਕੇ ਕਮਿਊਨਿਸਟ ਪਾਰਟੀਆਂ ਦੇ ਨੇੜੇ ਆ ਗਏ। ਪਾਰਟੀ ਲਈ ਕੰਮ ਵੀ ਕੀਤੇ। ਹੜਤਾਲਾਂ ਵਿਚ ਹਿੱਸਾ ਵੀ ਲਿਆ ਤੇ 'ਦੁਨੀਆ ਭਰ ਦੇ ਮਜ਼ਦੂਰੋ ਇਕ ਹੋ ਜਾਓ' ਦੇ ਨਾਅਰੇ ਵੀ ਲਾਏ। ਪ੍ਰਸਿੱਧ ਮਾਰਕਸੀ ਨੇਤਾ ਹਰਕ੍ਰਿਸ਼ਨ ਸਿੰਘ ਸੁਰਜੀਤ ਹੋਰਾਂ ਨਾਲ ਵੀ ਉਨ੍ਹਾਂ ਦੀ ਨੇੜਤਾ ਰਹੀ ਪਰ ਬਾਅਦ ਵਿਚ ਘਰ ਦੀਆਂ ਜ਼ਿੰਮੇਵਾਰੀਆਂ ਤੇ ਰੁਜ਼ਗਾਰ ਕਰਕੇ ਉਹ ਪਾਰਟੀਆਂ ਤੋਂ ਦੂਰ ਹੋ ਗਏ ਪਰ ਸਾਰੀ ਉਮਰ ਮਾਰਕਸਵਾਦੀ ਸੋਚ ਨਾਲ ਜੁੜੇ ਰਹੇ। ਇਸ ਸੰਘਰਸ਼ ਵਿਚੋਂ ਦਿੱਲੀ ਨਵਯੁੱਗ ਪ੍ਰੈੱਸ 'ਤੇ ਪਹੁੰਚ ਕੇ ਭਾਪਾ ਪ੍ਰੀਤਮ ਸਿੰਘ ਦੇ ਲੜ ਜਾ ਲੱਗੇ।

ਪ੍ਰਕਾਸ਼ਨਾ ਦੀ ਤਕਨੀਕ, ਸੁਹਜ-ਸਵਾਦ ਤੇ ਮਿਆਰੀ ਪੁਸਤਕਾਂ ਬਾਰੇ ਉਨ੍ਹਾਂ ਦੀ ਸੂਝ-ਸਮਝ ਇੱਥੇ ਹੀ ਪ੍ਰਵਾਨ ਚੜ੍ਹੀ। ਪੰਜ ਵਰ੍ਹੇ ਉਨ੍ਹਾਂ ਨੇ ਉੱਥੇ ਨੌਕਰੀ ਕੀਤੀ ਤੇ ਫਿਰ ਦਿੱਲੀ ਨੂੰ ਅਲਵਿਦਾ ਕਹਿ ਕੇ ਅੰਮ੍ਰਿਤਸਰ ਆ ਗਏ। ਰਾਹੀ ਸਾਹਿਬ ਦੀ ਪ੍ਰਕਾਸ਼ਨਾ ਦੇ ਸਬੰਧ 'ਚ ਇਕ ਬੜੀ ਵੱਡੀ ਖ਼ੂਬੀ ਸੀ ਕਿ ਉਹ ਮਾੜੀ ਕਿਤਾਬ ਨੂੰ ਛਾਪਣ ਤੋਂ ਗੁਰੇਜ਼ ਕਰਦੇ । ਚੰਗੀਆਂ ਕਿਤਾਬਾਂ ਦੀ ਮੁਕਤ ਕੰਠ ਨਾਲ ਸਿਫ਼ਤ-ਸਲਾਹ ਕਰਦੇ। ਹਰ ਕਿਤਾਬ ਦੇ ਪਹਿਲੇ ਪਰੂਫ ਉਹ ਆਪ ਪੜ੍ਹਦੇ। ਉਹ ਅਕਸਰ ਕਹਿੰਦੇ ਕਿ ਲੇਖਕ ਸ਼ਬਦ-ਜੋੜ ਵਰਤਣ ਵੇਲੇ ਬੜੀ ਬੇਧਿਆਨੀ ਕਰਦੇ ਹਨ। ਪਰੂਫ ਰੀਡਿੰਗ ਵੇਲੇ ਉਨ੍ਹਾਂ ਦੀ ਪਾਰਖੂ ਨਜ਼ਰ ਜੌਹਰੀ ਦੀ ਨਜ਼ਰ ਵਾਂਗ ਸਫੈਦ ਕਾਗਜ਼ 'ਤੇ ਅੱਖਰਾਂ 'ਤੇ ਫਿਰਦੀ। ਕਈ ਵਾਰ ਉਹ ਵਿਸ਼ੇ ਦੇ ਸਬੰਧ ਵਿਚ ਗ਼ਲਤੀਆਂ ਦਰੁਸਤ ਕਰ ਦਿੰਦੇ, ਵਾਕ ਬਣਤਾਂ ਠੀਕ ਕਰ ਦਿੰਦੇ। ਅਸਲ ਵਿਚ ਉਹ ਇਕੱਲੀ ਪਰੂਫ ਰੀਡਿੰਗ ਹੀ ਨਹੀਂ ਸਨ ਕਰਦੇ ਸਗੋਂ ਕਿਤਾਬ ਦੀ ਐਡੀਟਿੰਗ ਵੀ ਕਰ ਦਿੰਦੇ। ਸੋਮਵਾਰ ਸਵੇਰੇ ਸੋਸ਼ਲ ਮੀਡੀਆ ਤੋਂ ਮਨਹੂਸ ਖ਼ਬਰ ਆਈ ਕਿ ਰਾਹੀ ਸਾਹਿਬ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਨੂੰ ਜਾਣਨ ਵਾਲਿਆਂ ਦਾ ਘੇਰਾ ਬੜਾ ਵੱਡਾ ਹੈ। ਉਨ੍ਹਾਂ ਦਾ ਮਿੱਠ ਬੋਲੜਾ ਸੁਭਾਅ, ਨਿੰਦਾ-ਚੁਗਲੀ ਤੋਂ ਪਰਹੇਜ਼ ਤੇ ਜ਼ਿੰਦਗੀ ਦਾ ਵਿਸ਼ਾਲ ਤਜਰਬਾ ਹਰੇਕ ਦਾ ਮਨ ਮੋਹ ਲੈਂਦਾ ਹੈ। ਉਨ੍ਹਾਂ ਨੇ ਜ਼ਿੰਦਗੀ 'ਚ ਲੰਬਾ ਸੰਘਰਸ਼ ਕਰ ਕੇ ਪ੍ਰਕਾਸ਼ਨਾ ਦੇ ਖੇਤਰ 'ਚ ਵੱਡਾ ਨਾਂ ਕਮਾਇਆ ਹੈ। ਪੜ੍ਹਨ ਦੀ ਉਨ੍ਹਾਂ ਨੂੰ ਬਹੁਤ ਖਬਤ ਸੀ। ਮੰਜੇ 'ਤੇ ਪਏ ਵੀ ਉਹ ਪੜ੍ਹਦੇ ਰਹਿੰਦੇ ਸਨ। ਇਹੋ ਜਿਹੇ ਜਿਊੜੇ ਦਾ ਤੁਰ ਜਾਣਾ ਵੱਡਾ ਖਲਾਅ ਪੈਦਾ ਕਰਦਾ ਹੈ ਪਰ ਉਨ੍ਹਾਂ ਦੀਆਂ ਯਾਦਾਂ ਸਦਾ ਸਾਡੇ ਅੰਗ-ਸੰਗ ਰਹਿਣਗੀਆਂ। ਇਸ ਸੰਘਰਸ਼ੀ ਯੋਧੇ ਨੂੰ ਆਖ਼ਰੀ ਅਲਵਿਦਾ।

-ਸੰਪਰਕ : 94173-58120

Posted By: Jagjit Singh