ਭਾਵੇਂ ਆਧੁਨਿਕ ਕਾਢਾਂ ਸਦਕਾ ਹਰ ਰੁੱਤ ’ਚ ਹਰ ਚੀਜ਼ ਮਿਲ ਜਾਂਦੀ ਹੈ ਪਰ ਜੋ ਆਨੰਦ ਕਿਸੇ ਵੀ ਕੁਦਰਤੀ ਚੀਜ਼ ਦਾ ਉਸ ਦੇ ਆਪਣੇ ਸਮੇਂ ਅਨੁਸਾਰ ਮਿਲਣ ਦਾ ਹੁੰਦਾ ਹੈ, ਉਹ ਹੋਰ ਸਮੇਂ ਨਹੀਂ ਮਿਲਦਾ। ਅਜੋਕਾ ਮਨੁੱਖ ਕਾਹਲ ਭਰੀ ਜ਼ਿੰਦਗੀ ਜਿਊਣ ’ਚ ਗਲਤਾਨ ਹੈ। ਇਸ ਕਰਕੇ ਉਹ ਹਰ ਚੀਜ਼ ਹਰ ਸਮੇਂ ਲੱਭਦਾ ਹੈ ਪਰ ਬੇਰੁੱਤੀਆਂ ਚੀਜ਼ਾਂ ਨਾਲ ਉਹ ਲੱਜਤ ਨਹੀਂ ਮਿਲਦੀ ਜੋ ਕੁਦਰਤ ਵੱਲੋਂ ਨਿਰਧਾਰਤ ਕੀਤੇ ਸਮੇਂ ’ਤੇ ਮਿਲਦੀ ਹੈ। ਅਜੋਕੇ ਦੌਰ ’ਚ ਖਾਣ-ਪੀਣ ਦੀਆਂ ਵਸਤਾਂ ਨਾਲ ਸਬੰਧਤ ਕਾਰੋਬਾਰ ਇੰਨਾ ਵਧ ਚੁੱਕਿਆ ਹੈ ਕਿ ਰਵਾਇਤੀ ਪਕਵਾਨ ਵੀ ਹਰ ਰੁੱਤ ’ਚ ਮਿਲ ਜਾਂਦੇ ਹਨ। ਮਿਸਾਲ ਵਜੋਂ ਅੱਜ-ਕੱਲ੍ਹ ਬਾਰਿਸ਼ਾਂ ਦਾ ਮੌਸਮ ਚੱਲ ਰਿਹਾ ਹੈ। ਇਸ ਰੁੱਤ ’ਚ ਮਾਲ-ਪੂੜੇ ਤੇ ਗੁਲਗੁਲੇ ਖਾਣ ਦਾ ਵੱਖਰਾ ਹੀ ਆਨੰਦ ਹੁੰਦਾ ਹੈ। ਜੋ ਲੱਜਤ ਬਾਰਿਸ਼ ਦੇ ਦਿਨਾਂ ’ਚ ਮਾਲ-ਪੂੜਿਆਂ ਤੇ ਗੁਲਗਲਿਆਂ ਦੇ ਖਾਣ ਦੀ ਆਉਂਦੀ ਹੈ ਹੋਰ ਰੁੱਤ ’ਚ ਨਹੀਂ ਆਉਂਦੀ। ਇਸੇ ਤਰ੍ਹਾਂ ਹੀ ਗਰਮੀ ਦੀ ਰੁੱਤ ’ਚ ਹੀ ਕੁਲਫੀਆਂ-ਆਈਸ ਕਰੀਮ ਖਾਣ ਦਾ ਮਜ਼ਾ ਵੱਖਰਾ ਹੁੰਦਾ ਹੈ। ਭਾਵੇਂ ਅਜਿਹੇ ਖਾਣ-ਪੀਣ ਵਾਲੇ ਪਦਾਰਥ ਅਜੋਕੇ ਦੌਰ ’ਚ 12 ਮਹੀਨੇ ਹੀ ਮਿਲ ਜਾਂਦੇ ਹਨ ਪਰ ਅਜਿਹੀਆਂ ਚੀਜ਼ਾਂ ਦਾ ਜੋ ਸੁਆਦ ਗਰਮੀਆਂ ਨਾਲ ਜੁੜਿਆ ਹੁੰਦਾ ਹੈ ਉਹ ਹੋਰ ਰੁੱਤ ’ਚ ਨਹੀਂ ਆਉਂਦਾ। ਇਸੇ ਤਰ੍ਹਾਂ ਗਰਮੀਆਂ ’ਚ ਬਾਰਿਸ਼ ਤੋਂ ਪਹਿਲਾਂ ਖਰਬੂਜ਼ਿਆਂ ਤੇ ਤਰਬੂਜ਼ਾਂ ਦੀ ਆਮਦ ਹੁੰਦੀ ਹੈ। ਇਹ ਦੋ ਰਵਾਇਤੀ ਫ਼ਲ ਖਾਣ ਦਾ ਆਪਣਾ ਹੀ ਮਜ਼ਾ ਹੁੰਦਾ ਹੈ। ਗਰਮੀਆਂ ’ਚ ਅੰਬਾਂ ਦੀਆਂ ਵੱਖ-ਵੱਖ ਕਿਸਮਾਂ ਦਾ ਵੱਖੋ-ਵੱਖਰਾ ਸੁਆਦ ਹੁੰਦਾ ਹੈ। ਪਹਿਲਾਂ ਕੱਟ ਕੇ ਖਾਣ ਵਾਲੇ ਕਲਮੀ ਅੰਬ ਆਉਂਦੇ ਹਨ, ਫਿਰ ਚੂਸ ਕੇ ਖਾਣ ਵਾਲੇ ਛੋਟੇ-ਛੋਟੇ ਅੰਬਾਂ ਦਾ ਲੋਕ ਸੁਆਦ ਮਾਣਦੇ ਹਨ ਤੇ ਗਰਮੀ ਦੇ ਆਖਰੀ ਪੜਾਅ ’ਚ ਫਿਰ ਕੱਟ ਕੇ ਖਾਣ ਵਾਲੇ ਅੰਬ ਆਉਂਦੇ ਹਨ। ਇਸੇ ਤਰ੍ਹਾਂ ਬਾਰਿਸ਼ਾਂ ਸ਼ੁਰੂ ਹੋਣ ਦੇ ਨਾਲ ਹੀ ਜਾਮਣਾਂ ਦਾ ਹੜ੍ਹ ਆ ਜਾਂਦਾ ਹੈ। ਰੁੱਖਾਂ ਹੇਠਾਂ ਡਿੱਗੀਆਂ ਜਾਮਣਾਂ ਚੁਗ ਕੇ ਖਾਣ ਦਾ ਸੁਆਦ ਵੱਖਰਾ ਹੀ ਹੁੰਦਾ ਹੈ। ਇਸੇ ਤਰ੍ਹਾਂ ਹੀ ਛੱਲੀਆਂ, ਬੇਰਾਂ ਆਦਿ ਦੀ ਰੁੱਤ ਵੀ ਆਉਂਦੀ ਹੈ ਅਤੇ ਸਾਰੀਆਂ ਸਬਜ਼ੀਆਂ ਵੀ ਆਪੋ-ਆਪਣੇ ਸਮੇਂ ਅਨੁਸਾਰ ਵੱਖ-ਵੱਖ ਰੁੱਤਾਂ ’ਚ ਆਪਣੇ ਜਲਵੇ ਬਿਖੇਰਦੀਆਂ ਹਨ। ਵਿਗਿਆਨਕ ਖੋਜਾਂ ਸਦਕਾ ਭਾਵੇਂ ਬਹੁਤ ਸਾਰੀਆਂ ਸਬਜ਼ੀਆਂ ਤਾਂ ਲਗਪਗ ਹਰ ਰੁੱਤ ’ਚ ਪੈਦਾ ਕੀਤੀਆਂ ਜਾ ਰਹੀਆਂ ਹਨ ਪਰ ਫ਼ਲਾਂ ਦਾ ਆਪਣਾ ਸਮਾਂ ਨਿਰਧਾਰਤ ਹੈ। ਸਟੋਰ ਕੀਤੇ ਫ਼ਲ ਵੀ ਭਾਵੇਂ ਸਾਰਾ ਸਾਲ ਮਿਲੀ ਜਾਂਦੇ ਹਨ ਪਰ ਉਹ ਆਪਣੇ ਅਸਲੀ ਸੁਆਦ ਤੋਂ ਵਾਂਝੇ ਹੁੰਦੇ ਹਨ। ਮਨੁੱਖ ਕੁਦਰਤ ਦੇ ਨਿਯਮਾਂ ਦੇ ਉਲਟ ਬੇਰੁੱਤੇ ਤੇ ਮਹਿੰਗੇ ਪਦਾਰਥ ਖਾਣ ਨੂੰ ਤਰਜੀਹ ਦਿੰਦਾ ਹੈ ਭਾਵੇਂ ਉਹ ਬਿਮਾਰ ਹੀ ਕਿਉਂ ਨਾ ਹੋ ਜਾਵੇ। ਉਕਤ ਚਰਚਾ ਤੋਂ ਸਿੱਟਾ ਇਹ ਨਿਕਲਦਾ ਹੈ ਕਿ ਇਨਸਾਨ ਨੂੰ ਕੁਦਰਤ ਵੱਲੋਂ ਨਿਰਧਾਰਤ ਰੁੱਤਾਂ ਦੇ ਸਮਾਂਤਰ ਹੀ ਚੱਲਣਾ ਚਾਹੀਦਾ ਹੈ। ਕੁਦਰਤ ਨਾਲ ਅਜਿਹੇ ਟਕਰਾਅ ਕਾਰਨ ਹੀ ਅਜੋਕਾ ਮਨੁੱਖ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ।

-ਡਾ. ਸੁਖਦਰਸ਼ਨ ਸਿੰਘ ਚਹਿਲ,

ਪਟਿਆਲਾ ।

ਮੋਬਾਈਲ : 97795-90575

Posted By: Jagjit Singh