-ਅਦਵੈਤਾ ਕਾਲਾ

ਆਰਐੱਸਐੱਸ ਮੁਖੀ ਦੇ ਦੁਸਹਿਰੇ ਮੌਕੇ ਭਾਸ਼ਣ ਨੂੰ ਲੈ ਕੇ ਖ਼ਾਸ ਉਤਸੁਕਤਾ ਰਹਿੰਦੀ ਹੈ। ਸੁਭਾਵਿਕ ਹੈ ਕਿ ਇਸ ਵਾਰ ਵੀ ਇਹ ਕੋਈ ਅਪਵਾਦ ਨਹੀਂ ਸੀ। ਡਾ. ਮੋਹਨ ਭਾਗਵਤ ਦੇ ਦੁਸਹਿਰੇ ਵਾਲੇ ਭਾਸ਼ਣ ਤੋਂ ਬਾਅਦ ਤਮਾਮ ਤਰ੍ਹਾਂ ਦੀ ਚਰਚਾ ਦਾ ਦੌਰ ਸ਼ੁਰੂ ਹੋ ਗਿਆ। ਆਰਐੱਸਐੱਸ ਮੁਖੀ ਦੇ ਦੁਸਹਿਰੇ ਵਾਲੇ ਭਾਸ਼ਣ ਦੀ ਰਵਾਇਤ ਬਹੁਤ ਪੁਰਾਣੀ ਹੈ, ਜੋ ਪਹਿਲੇ ਮੁਖੀ ਡਾ. ਹੇਡਗੇਵਾਰ ਦੇ ਸਮੇਂ ਤੋਂ ਚੱਲੀ ਆ ਰਹੀ ਹੈ। ਪਹਿਲੇ ਸੰਬੋਧਨ 'ਚ ਤਕਰੀਬਨ 15 ਸਵੈ-ਸੇਵਕ ਸ਼ਾਮਲ ਹੋਏ ਸਨ, ਜਿਨ੍ਹਾਂ ਨੇ ਸਮਾਜ ਅੰਦਰ ਕੰਮ ਕਰਦਿਆਂ ਰਾਸ਼ਟਰ ਨਿਰਮਾਣ ਦੇ ਟੀਚੇ ਨਾਲ ਜੁੜਨ ਦਾ ਰਾਹ ਚੁਣਿਆ ਸੀ। ਆਰਐੱਸਐੱਸ ਮੁਖੀ ਸੰਘ ਪਰਿਵਾਰ ਦਾ ਸਰਪ੍ਰਸਤ ਤੇ ਮਾਰਗਦਰਸ਼ਕ ਹੁੰਦਾ ਹੈ। ਆਪਣੇ ਇਸ ਸਾਲਾਨਾ ਸੰਬੋਧਨ 'ਚ ਉਹ ਸਵੈ-ਸੇਵਕਾਂ ਲਈ ਤਰਜੀਹਾਂ ਦਾ ਖਾਕਾ ਖਿੱਚਦਾ ਹੈ। ਸਾਲ ਦਰ ਸਾਲ ਇਸ ਦੇ ਪਹਿਲੂ ਭਾਵੇਂ ਬਦਲ ਜਾਂਦੇ ਹਨ ਪਰ ਮੂਲ ਭਾਵਨਾ ਉਹੋ ਰਹਿੰਦੀ ਹੈ। ਇਹ ਮੂਲ ਭਾਵਨਾ ਹੈ ਸੰਤੁਲਨ। ਇਸ ਸਾਲ ਸੰਘ ਦੇ 94ਵੇਂ ਸਥਾਪਨਾ ਦਿਵਸ ਮੌਕੇ ਆਰਐੱਸਐੱਸ ਮੁਖੀ ਨੇ ਅਜਿਹੇ ਇਕਜੁਟ ਰਾਸ਼ਟਰ ਦਾ ਸੱਦਾ ਦਿੱਤਾ, ਜੋ ਵਿਭਿੰਨਤਾ ਭਰਿਆ ਹੋਵੇ ਤੇ ਜਿਸ 'ਚ ਹਰ ਤਰ੍ਹਾਂ ਦੀ ਪਛਾਣ ਸ਼ਾਮਲ ਹੋਵੇ। ਇਕ ਵਿਅਕਤੀ ਵਜੋਂ ਵੀ ਸਾਡੀ ਸਾਰੀ ਪਛਾਣ ਹੁੰਦੀ ਹੈ, ਜੋ ਭਾਸ਼ਾ, ਸੰਸਕ੍ਰਿਤੀ, ਲਿੰਗ ਤੇ ਧਾਰਮਿਕ ਆਧਾਰ 'ਤੇ ਤੈਅ ਹੁੰਦੀ ਹੈ ਪਰ ਜਿਵੇਂ ਸਾਰੀਆਂ ਨਦੀਆਂ ਵੱਖੋ-ਵੱਖ ਵਹਿ ਕੇ ਸਮੁੰਦਰ 'ਚ ਇਕ ਹੋ ਜਾਂਦੀਆਂ ਹਨ, ਉਸੇ ਤਰ੍ਹਾਂ ਹੀ ਇਨ੍ਹਾਂ ਸਾਰੀਆਂ ਪਛਾਣਾਂ ਨੂੰ ਰਾਸ਼ਟਰਵਾਦ ਦੀ ਇਕ ਧਾਰਾ 'ਚ ਜ਼ਰੂਰ ਮਿਲਣਾ ਚਾਹੀਦਾ ਹੈ।

ਪਿਛਲੇ ਕੁਝ ਸਾਲਾਂ 'ਚ ਖ਼ਾਸ ਕਰਕੇ 2014 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਪੂਰਨ ਲੋਕ ਫ਼ਤਵੇ ਤੋਂ ਬਾਅਦ ਇਨ੍ਹਾਂ ਪਛਾਣਾਂ ਨੂੰ ਨੁਮਾਇਆ ਕਰਨਾ ਤੇ ਵੱਖ-ਵੱਖ ਸਮਾਜਿਕ ਵਰਗਾਂ 'ਚ ਸੰਘਰਸ਼ ਨੂੰ ਤੂਲ ਦੇਣ ਦੀਆਂ ਤਮਾਮ ਕੋਸ਼ਿਸ਼ਾਂ ਹੋਈਆਂ ਹਨ। ਡਾ. ਮੋਹਨ ਭਾਗਵਤ ਨੇ ਇਸ ਗੰਭੀਰ ਮਸਲੇ 'ਤੇ ਸਪੱਸ਼ਟ ਲਹਿਜ਼ੇ 'ਚ ਗੱਲ ਰੱਖੀ। ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਮੌਬ ਲਿਚਿੰਗ ਯਾਨੀ ਹਜ਼ੂਮੀ ਹਿੰਸਾ 'ਤੇ ਚਰਚਾ ਕੀਤੀ, ਜਿਸ ਨੂੰ ਕੁਝ ਸਵਾਰਥੀ ਲੋਕ ਭਾਰਤ ਨੂੰ ਬਦਨਾਮ ਕਰਨ ਲਈ ਘੜ ਰਹੇ ਹਨ। ਸਮਾਜਿਕ ਤਣਾਅ ਤੇ ਹਿੰਸਾ ਬਦਕਿਸਮਤੀ ਨਾਲ ਭਾਰਤੀ ਸਮਾਜ ਦਾ ਹਿੱਸਾ ਰਹੇ ਹਨ। ਹਾਲਾਂਕਿ ਪਿਛਲੇ ਛੇ ਸਾਲਾਂ 'ਚ ਦੇਸ਼ 'ਚ ਅਜਿਹਾ ਕੋਈ ਭਿਆਨਕ ਦੰਗਾ ਨਹੀਂ ਹੋਇਆ, ਜਿਸ 'ਚ ਕੋਈ ਵੱਡਾ ਜਾਨੀ-ਮਾਲੀ ਨੁਕਸਾਨ ਹੋਇਆ ਹੋਵੇ। ਇਹ ਮੋਦੀ ਸਰਕਾਰ ਦੀ ਖ਼ਾਸ ਪ੍ਰਾਪਤੀ ਹੈ ਕਿ ਦੇਸ਼ 'ਚ ਸ਼ਾਂਤੀ ਦਾ ਮਾਹੌਲ ਕਾਇਮ ਰਿਹਾ ਤੇ ਫਿਰਕੂ ਸੰਘਰਸ਼ ਦੀ ਕੋਈ ਚੰਗਿਆੜੀ ਨਹੀਂ ਭੜਕੀ। ਹਾਲਾਂਕਿ ਹਿੰਸਾ ਦੇ ਇੱਕਾ-ਦੁੱਕਾ ਮਾਮਲੇ ਜ਼ਰੂਰ ਸਾਹਮਣੇ ਆਏ, ਜਿਨ੍ਹਾਂ ਨੂੰ ਸਵਾਰਥੀ ਅਨਸਰਾਂ ਨੇ ਹਜ਼ੂਮੀ ਹਿੰਸਾ ਦਾ ਨਾਂ ਦਿੱਤਾ। ਆਰਐੱਸਐੱਸ ਮੁਖੀ ਮੋਹਨ ਭਾਗਵਤ ਨੇ ਮੌਬ ਲਿਚਿੰਗ ਨੂੰ ਪੱਛਮੀ ਧਾਰਨਾ ਦੱਸਿਆ ਤੇ ਇਹ ਗ਼ਲ਼ਤ ਵੀ ਨਹੀਂ ਹੈ। ਲਿਚਿੰਗ ਦਾ ਸਬੰਧ ਪੱਛਮ ਖ਼ਾਸ ਕਰਕੇ ਅਮਰੀਕਾ ਨਾਲ ਹੈ, ਜਿੱਥੇ ਅਮਰੀਕੀ ਗ੍ਰਹਿ ਯੁੱਧ ਦੇ ਆਸ-ਪਾਸ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ। ਉਦੋਂ ਦਾਸ ਪ੍ਰਥਾ ਦੇ ਸਮਰਥਕ ਕਾਲਿਆਂ ਨੂੰ ਨਿਸ਼ਾਨਾ ਬਣਾ ਕੇ ਨਸਲੀ ਸ੍ਰੇਸ਼ਠਤਾ ਸਥਾਪਤ ਕਰਨ ਦੀ ਕੋਸ਼ਿਸ਼ ਕਰਦੇ। ਅਜਿਹੇ ਮਾਹੌਲ 'ਚ ਹੀ ਇਸ ਤਰ੍ਹਾਂ ਦੇ ਘੋਰ ਅਪਰਾਧਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ। ਹਾਲਾਂਕਿ ਭਾਰਤ 'ਚ ਜਿੱਥੇ ਸਾਡਾ ਸਾਰਿਆਂ ਦਾ ਮੂਲ ਇਕ ਹੀ ਹੈ ਤਾਂ ਅਜਿਹਾ ਸੰਦਰਭ ਅਣਉੱਚਿਤ ਹੈ।

ਲਿਚਿੰਗ ਇਕ ਅਜਿਹਾ ਅੱਤਿਆਚਾਰ ਹੈ, ਜਿੱਥੇ ਪੀੜਤਾਂ ਨੂੰ ਵੱਖੋ-ਵੱਖਰੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਇਸ ਦੀਆਂ ਕਈ ਉਦਾਹਰਣਾਂ ਵੀ ਹਨ। ਇਸ ਸਾਲ ਮਈ ਤੋਂ ਹੀ ਅਜਿਹੇ 37 ਮਾਮਲੇ ਸਾਹਮਣੇ ਆਏ, ਜਿੱਥੇ ਮੁਸਲਮਾਨਾਂ ਨੇ ਹਿੰਦੂਆਂ 'ਤੇ ਹਮਲਾ ਕੀਤਾ ਪਰ ਉਹ ਸੁਰਖ਼ੀਆਂ 'ਚ ਨਹੀਂ ਛਾਏ। ਅਜਿਹਾ ਮੀਡੀਆ ਦੇ ਪੱਖਪਾਤੀ ਰੁਖ਼ ਤੇ ਕੁਝ ਲੁਕਵੇਂ ਸ਼ਰਾਰਤੀ ਅਨਸਰਾਂ ਕਾਰਨ ਹੁੰਦਾ ਹੈ, ਜੋ ਆਪਣੇ ਏਜੰਡੇ 'ਤੇ ਚੱਲਦਿਆਂ ਆਲਮੀ ਮੀਡੀਆ 'ਚ ਇਨ੍ਹਾਂ ਅਪਰਾਧਾਂ ਨੂੰ ਉਸ ਲਹਿਜ਼ੇ 'ਚ ਪਰੋਸਦੇ ਹਨ, ਜਿਸ ਨੂੰ ਪੱਛਮ 'ਚ ਆਸਾਨੀ ਨਾਲ ਸਮਝਿਆ ਜਾ ਸਕੇ। ਇਸ ਤਰ੍ਹਾਂ ਉਹ ਲਿਚਿੰਗ ਦਾ ਤਾਣਾ-ਬਾਣਾ ਬੁਣਦੇ ਹਨ, ਜਿਸ 'ਚ ਪੀੜਤ ਤੇ ਹਮਲਾਵਰ ਦੀ ਪਛਾਣ ਹਮੇਸ਼ਾ ਮਾਅਨੇ ਰੱਖਦੀ ਹੈ।

ਲਿਚਿੰਗ ਇਕ ਭਾਰੀ-ਭਰਕਮ ਸ਼ਬਦ ਹੈ, ਜਿਸ ਦਾ ਅਰਥ ਇਕ ਖ਼ਾਸ ਤਬਕੇ ਦੇ ਲੋਕਾਂ ਦੇ ਯੋਜਨਾਬੱਧ 'ਸਫ਼ਾਏ' ਤੋਂ ਹੈ ਜਦਕਿ ਤੱਥ ਇਹ ਹੈ ਕਿ ਦੇਸ਼ 'ਚ ਅਜਿਹੇ ਅਪਰਾਧ 2014 ਤੋਂ ਪਹਿਲਾਂ ਵੀ ਹੁੰਦੇ ਆਏ ਹਨ ਤੇ ਇੱਥੋਂ ਤਕ ਕਿ ਭਾਰਤ ਦੀ ਵੰਡ ਵੀ ਅਜਿਹੀਆਂ ਘਟਨਾਵਾਂ ਦਾ ਨਤੀਜਾ ਸੀ। ਉਦੋਂ ਮੁਸਲਮਾਨ ਆਪਣੇ ਲਈ ਵੱਖਰੇ ਮੁਲਕ ਪਾਕਿਸਤਾਨ ਦੀ ਮੰਗ ਕਰ ਰਹੇ ਸਨ। ਇਹ ਸਵਾਲ ਜ਼ਰੂਰ ਉੱਠਣਾ ਚਾਹੀਦਾ ਹੈ ਕਿ ਅਜਿਹੇ ਲੋਕਾਂ ਦਾ ਕੀ ਏਜੰਡਾ ਹੈ, ਜੋ ਬੜੇ ਢੀਠ ਤਰੀਕੇ ਨਾਲ ਆਪਣੀ ਸਹੂਲਤ ਅਨੁਸਾਰ ਇਕ ਤਬਕੇ ਦਾ ਗ਼ਲ਼ਤ ਅਕਸ ਪੇਸ਼ ਕਰਦੇ ਹਨ? ਅਜਿਹੇ ਲੋਕ ਉਦੋਂ ਮੂੰਹ ਫੇਰ ਲੈਂਦੇ ਹਨ, ਜਦੋਂ ਉਹੋ ਤਬਕਾ ਪੀੜਤ ਹੁੰਦਾ ਹੈ। ਜੇ ਅਸੀਂ ਅਜਿਹੀਆਂ ਲੜਾਈਆਂ ਨੂੰ ਬੰਦ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਦੂਸ਼ਣ ਲਾਉਣ ਦੀ ਕਵਾਇਦ ਤੋਂ ਉੱਪਰ ਉੱਠ ਕੇ ਸਮੱਸਿਆ ਦੇ ਮੂਲ 'ਚ ਜਾਣਾ ਪਵੇਗਾ। ਅਸਲ 'ਚ ਸਮੱਸਿਆ ਲੋਕਾਂ ਦੀ ਉਸ ਮਾਨਸਿਕਤਾ 'ਚ ਹੈ, ਜੋ ਇਹ ਸੋਚਦੇ ਹਨ ਕਿ ਉਹ ਕਾਨੂੰਨ ਆਪਣੇ ਹੱਥ 'ਚ ਲੈ ਕੇ ਆਪਣੇ ਹਿਸਾਬ ਨਾਲ ਇਨਸਾਫ਼ ਕਰ ਸਕਦੇ ਹਨ। ਹਿੰਸਕ ਭੀੜ ਦੇ ਅਜਿਹੇ ਵਾਕਿਆ ਅਸੀਂ ਹਸਪਤਾਲਾਂ 'ਚ ਵੀ ਦੇਖੇ ਹਨ। ਹਾਲ ਹੀ 'ਚ ਆਪਣੇ ਇਕ ਨਜ਼ਦੀਕੀ ਦੀ ਦੇਖਭਾਲ ਲਈ ਮੈਂ ਹਸਪਤਾਲ ਗਈ ਤਾਂ ਉੱਥੇ ਅਜਿਹੇ ਬੋਰਡ ਦੇਖੇ, ਜਿਸ 'ਚ ਲੋਕਾਂ ਨੂੰ ਹਸਪਤਾਲ ਸਟਾਫ ਨਾਲ ਹਿੰਸਕ ਤਰੀਕੇ ਨਾਲ ਪੇਸ਼ ਆਉਣ ਨੂੰ ਲੈ ਕੇ ਹਦਾਇਤ ਦਿੱਤੀ ਗਈ ਸੀ। ਇਹ ਸੁਭਾਵਿਕ ਤੌਰ 'ਤੇ ਉਸ ਦੀ ਪ੍ਰਤੀਕਿਰਿਆ ਸੀ, ਜਿਸ 'ਚ ਲੋਕਾਂ ਨੇ ਆਪਣੇ ਪਿਆਰਿਆਂ ਦੀ ਮੌਤ ਤੋਂ ਬਾਅਦ ਡਾਕਟਰਾਂ ਤੇ ਨਰਸਾਂ 'ਤੇ ਹਮਲੇ ਕੀਤੇ ਸਨ। ਹਿੰਸਕ ਭੀੜ ਦੀ ਉਸ ਘਟਨਾ ਦੀ ਵੀ ਉਦਾਹਰਣ ਲਓ, ਜਿਸ 'ਚ ਆਸਾਮ 'ਚ ਬੱਚਾ ਚੋਰੀ ਦੀ ਅਫ਼ਵਾਹ 'ਚ ਦੋ ਜਣਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।

ਅਜਿਹੀਆਂ ਘਟਨਾਵਾਂ ਦੀ ਜਿੰਨੀ ਨਿੰਦਾ ਕੀਤੀ ਜਾਵੇ, ਓਨੀ ਘੱਟ ਹੈ। ਇਹ ਮਾਮਲੇ ਚਿੰਤਤ ਕਰਦੇ ਹਨ ਪਰ ਹਿੰਸਕ ਭੀੜ ਦੇ ਇਨ੍ਹਾਂ ਮਾਮਲਿਆਂ ਨੂੰ ਲਿਚਿੰਗ ਨਹੀਂ ਕਿਹਾ ਗਿਆ। ਇਸ ਤਰ੍ਹਾਂ ਤੁਸੀਂ ਦੇਖੋਗੇ ਤਾਂ ਉਨ੍ਹਾਂ ਹੀ ਮਾਮਲਿਆਂ ਨੂੰ ਲਿਚਿੰਗ ਕਰਾਰ ਦਿੱਤਾ ਗਿਆ, ਜਿੱਥੇ ਪੀੜਤ ਮੁਸਲਮਾਨ ਹੋਣ। ਜਦੋਂ ਕੋਈ ਪੀੜਤ ਹਿੰਦੂ ਹੁੰਦਾ ਹੈ ਤਾਂ ਆਖ਼ਰ ਉਸ ਨੂੰ ਲਿਚਿੰਗ ਕਿਉਂ ਨਹੀਂ ਕਿਹਾ ਜਾਂਦਾ? ਸਾਰੇ ਭਾਰਤੀਆਂ ਨੂੰ ਇਹ ਸਵਾਲ ਜ਼ਰੂਰ ਕਰਨਾ ਚਾਹੀਦਾ ਹੈ, ਭਾਵੇਂ ਹੀ ਉਨ੍ਹਾਂ ਦਾ ਧਰਮ ਕੋਈ ਵੀ ਹੋਵੇ। ਇਸ ਦਾ ਜਵਾਬ ਇਸ ਪਿੱਛੇ ਲੁਕੇ ਹੋਏ ਉਸ ਏਜੰਡੇ ਨੂੰ ਉਜਾਗਰ ਕਰੇਗਾ, ਜਿਸ ਦਾ ਮਕਸਦ ਦੋ ਵਰਗਾਂ 'ਚ ਵੈਰ ਪੈਦਾ ਕਰਨਾ ਹੈ ਤੇ ਇਸ ਸਭ ਪਿੱਛੇ ਸਿਰਫ਼ ਤੇ ਸਿਰਫ਼ ਰਾਜਨੀਤੀ ਹੈ।

ਇਸ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਿਆ ਲੋਕ ਫ਼ਤਵਾ ਬੇਹੱਦ ਨਿਰਣਾਇਕ ਹੈ। ਆਰਐੱਸਐੱਸ ਮੁਖੀ ਮੋਹਨ ਭਾਗਵਤ ਨੇ ਇਕਦਮ ਸਹੀ ਕਿਹਾ ਕਿ ਜੇ 2014 ਦੀ ਜਿੱਤ ਪਹਿਲਾਂ ਵਾਲੀ ਸਰਕਾਰ ਤੋਂ ਜਨਤਾ ਦੇ ਮੋਹ ਭੰਗ ਹੋਣ ਦਾ ਨਤੀਜਾ ਸੀ ਤਾਂ ਇਹ ਲੋਕ ਫ਼ਤਵਾ ਮੌਜੂਦਾ ਸਰਕਾਰ ਦੇ ਪ੍ਰਦਰਸ਼ਨ 'ਤੇ ਮੋਹਰ ਲਾਉਂਦਾ ਹੈ। ਵਧੀਆਂ ਸੀਟਾਂ ਇਹੋ ਦਰਸਾਉਂਦੀਆਂ ਹਨ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਲਗਾਤਾਰ ਹੋਣ ਵਾਲੇ ਕੂੜ ਪ੍ਰਚਾਰ ਨੂੰ ਦੇਖ ਰਹੇ ਹਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਸ ਦਿਸ਼ਾ 'ਚ ਦੇਸ਼ ਨੂੰ ਲਿਜਾ ਰਹੇ ਹਨ, ਉਹ ਉਸ 'ਚ ਭਰੋਸਾ ਪ੍ਰਗਟਾ ਰਹੇ ਹਨ। ਸੰਖੇਪ 'ਚ ਕਹੀਏ ਤਾਂ ਇਹ ਕੂੜ ਪ੍ਰਚਾਰ ਕਾਰਗਰ ਨਹੀਂ ਰਿਹਾ। ਦੋ ਵਰਗਾਂ ਨੂੰ ਵੰਡਣ ਦੀ ਇਸ ਖ਼ਤਰਨਾਕ ਖੇਡ ਨਾਲ ਫਿਰਕੂ ਹਿੰਸਾ ਨਹੀਂ ਭੜਕੀ। ਮੁਸਲਮਾਨ ਭਰਾ ਵੀ ਇਸ ਉਕਸਾਵੇ 'ਚ ਨਹੀਂ ਆਏ। ਇਸ ਸੂਰਤ 'ਚ ਕੂੜ ਪ੍ਰਚਾਰ ਕਰਨ ਵਾਲਿਆਂ ਦਾ ਏਜੰਡਾ ਨਾਕਾਮ ਹੋਇਆ ਤੇ ਇਨ੍ਹਾਂ ਦਾ ਅੱਗੇ ਵੀ ਅਜਿਹਾ ਹੀ ਹਾਲ ਹੋਵੇਗਾ। ਹਾਲਾਂਕਿ ਇਸ ਤਰ੍ਹਾਂ ਦੇ ਖ਼ਤਰਨਾਕ ਹਾਲਾਤ ਦਰਮਿਆਨ ਕੁਝ ਸਵਾਰਥੀ ਤੇ ਸਿਆਸੀ ਹਿਤਾਂ ਵਾਲੇ ਲੋਕ ਭਾਰਤ ਦੀ ਵਿਕਾਸ ਗਾਥਾ ਨੂੰ ਲੀਹੋਂ ਲਾਹੁਣਾ ਚਾਹੁੰਦੇ ਹਨ। ਇਕ ਆਮ ਭਾਰਤੀ ਹੋਣ ਦੇ ਨਾਤੇ ਇਸ ਸਮੇਂ ਸਾਨੂੰ ਭਾਈਚਾਰੇ ਤੇ ਸਹਿਯੋਗ ਦੀ ਭਾਵਨਾ ਯਕੀਨੀ ਬਣਾਉਣੀ ਹੋਵੇਗੀ।

ਦੁਸਹਿਰੇ ਮੌਕੇ ਆਰਐੱਸਐੱਸ ਮੁਖੀ ਡਾ. ਮੋਹਨ ਭਾਗਵਤ ਨੇ ਆਪਣੇ ਸੰਬੋਧਨ 'ਚ ਇਹੋ ਸੰਦੇਸ਼ ਦਿੱਤਾ ਕਿ ਸਾਨੂੰ ਸੰਤੁਲਨ ਤੇ ਭਾਈਚਾਰੇ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਤਿਹਾਸਕ ਰੂਪ 'ਚ ਉਨ੍ਹਾਂ ਦੇ ਸੰਬੋਧਨ ਦੀ ਮਨਸ਼ਾ ਭਾਵੇਂ ਹੀ ਸਵੈ-ਸੇਵਕਾਂ ਨੂੰ ਪ੍ਰੇਰਿਤ ਕਰਨ ਦੀ ਹੋਵੇ ਪਰ ਇਸ 'ਚ ਸਾਡੇ ਸਾਰਿਆਂ ਲਈ ਸਿੱਖਿਆ ਤੇ ਸੰਦੇਸ਼ ਲੁਕਿਆ ਹੋਇਆ ਹੈ।

-(ਲੇਖਿਕਾ ਮੰਨੀ-ਪ੍ਰਮੰਨੀ ਪਟਕਥਾ ਲੇਖਿਕਾ ਹੈ)

Posted By: Jagjit Singh