ਧਨੀ ਕਿਸਾਨ ਪਰਿਵਾਰ ਵਿਚ ਸ਼੍ਰੀਮਤੀ ਇਕਬਾਲ ਕੌਰ ਦੀ ਕੁੱਖੋਂ 25 ਦਸੰਬਰ 1930 ਨੂੰ ਪੈਦਾ ਹੋਏ ਕਾਮਰੇਡ ਕੁਲਵੰਤ ਸਿੰਘ ਨੂੰ ਇਮਾਨਦਾਰੀ ਅਤੇ ਲੋਕ ਸੇਵਾ ਦੀ ਲਗਨ ਵਿਰਾਸਤ ਵਿੱਚੋਂ ਮਿਲੀ ਸੀ। ਉਨ੍ਹਾਂ ਦੇ ਪਿਤਾ ਗਿਆਨੀ ਗੁਰਦੀਪ ਸਿੰਘ ਨੇ ਆਜ਼ਾਦੀ ਅੰਦੋਲਨ ਵਿਚ ਹਿੱਸਾ ਪਾਇਆ ਸੀ ਅਤੇ 25 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵਜੋਂ ਵੀ ਸੇਵਾ ਕੀਤੀ ਪ੍ਰੰਤੂ ਕੁਲਵੰਤ ਸਿੰਘ ਨੇ ਨਵੀਂ ਰਾਜਸੀ ਲੀਹ ਵਜੋਂ ਭਾਰਤੀ ਕਮਿਊਨਿਸਟ ਪਾਰਟੀ ਦਾ ਝੰਡਾ ਚੁੱਕਿਆ ਤੇ ਪਾਰਟੀ ਅਨੁਸ਼ਾਸਨ ਵਿਚ ਰਹਿ ਕੇ ਸਾਰਾ ਜੀਵਨ ਕਿਸਾਨਾਂ ਅਤੇ ਮਜ਼ਦੂਰਾਂ ਦੀ ਸੇਵਾ ਵਿਚ ਬਤੀਤ ਕੀਤਾ।

ਫੱਕਰ ਸੁਭਾਅ ਦੇ ਕੁਲਵੰਤ ਸਿੰਘ ਨੇ ਘਰ ਵਿਚ ਪ੍ਰਾਪਤ ਸਾਰੀਆਂ ਸੁੱਖ-ਸਹੂਲਤਾਂ ਦਾ ਤਿਆਗ ਕਰ ਕੇ ਸਾਦਗੀ ਦਾ ਜੀਵਨ ਬਤੀਤ ਕੀਤਾ ਅਤੇ ਸਾਰੀ ਉਮਰ ਦੇਸੀ ਬੱਸਾਂ ਅਤੇ ਦੋ-ਪਹੀਆ ਵਾਹਨ ਉੱਪਰ ਸਫ਼ਰ ਕਰ ਕੇ ਲੋਕਾਂ ਦੀ ਨਿਸ਼ਕਾਮ ਸੇਵਾ ਕੀਤੀ। ਉਹ ਜਲੰਧਰ ਤੋਂ ਜਦੋਂ ਵੀ ਚੰਡੀਗੜ੍ਹ ਪਾਰਟੀ ਜਾਂ ਲੋਕਾਂ ਦੇ ਕੰਮ ਲਈ ਜਾਂਦੇ ਤਾਂ ਨਾਲ ਦੇ ਵਿਅਕਤੀ ਦੇ ਚਾਹ-ਪਾਣੀ ਤੋਂ ਲੈ ਕੇ ਕਿਰਾਇਆ ਤਕ ਵੀ ਆਪਣੇ ਪੱਲਿਓਂ ਖ਼ਰਚ ਕਰਦੇ। ਰਹਿਣ ਲਈ ਹਮੇਸ਼ਾ ਐੱਮਐੱਲਏ ਹੋਸਟਲ ਜਾਂ ਪਾਰਟੀ ਦਫ਼ਤਰ ਨੂੰ ਪਹਿਲ ਦਿੰਦੇ ਸਨ।

ਘਰ ਤੇ ਬਾਹਰ ਵੀ ਆਪਣੇ ਕੱਪੜੇ ਤਕ ਖ਼ੁਦ ਧੋਂਦੇ ਰਹੇ। ਜਦੋਂ ਕਦੇ ਮੋਹਾਲੀ ਮੇਰੇ ਕੋਲ ਰਹੇ ਤਾਂ ਬੇਨਤੀ ਕਰਨ ’ਤੇ ਵੀ ਕਦੇ ਕੁੜਤਾ-ਪਜਾਮਾ ਤਕ ਧੋਣ ਦਾ ਮੌਕਾ ਨਹੀਂ ਦਿੱਤਾ। ਅਜਿਹੇ ਦਰਵੇਸ਼ ਸੁਭਾਅ ਦੇ ਵਿਧਾਇਕ ਹੋਣਾ ਬੀਤੇ ਦੀ ਬਾਤ ਲੱਗਦੀ ਹੈ। ਇਹ ਉਹ ਸਮਾਂ ਸੀ ਜਦੋਂ ਸਿਆਸਤ ਨੂੰ ਲੋਕ ਸੇਵਾ ਸਮਝਿਆ ਜਾਂਦਾ ਸੀ।

ਸਮੇਂ ਦੇ ਨਾਲ ਕੁਝ ਸਿਆਸੀ ਪਾਰਟੀਆਂ ਭਾਵੇਂ ‘ਰਾਜ ਨਹੀਂ, ਸੇਵਾ’ ਵਰਗੇ ਨਾਅਰਿਆਂ ਨਾਲ ਵੋਟਰਾਂ ਨੂੰ ਭਰਮਾ ਕੇ ਸੱਤਾ ਹਾਸਲ ਕਰਦੀਆਂ ਰਹੀਆਂ। ਸੱਤਾ ’ਤੇ ਕਾਬਜ਼ ਹੋਣ ਤੋਂ ਬਾਅਦ ਉਹ ਸੇਵਾ ਦਾ ਰਾਹ ਭੁੱਲ ਕੇ ਬਸ ਰਾਜ ਹੀ ਕਰਦੀਆਂ ਰਹੀਆਂ। ਇਸ ਦੇ ਉਲਟ ਕੁਲਵੰਤ ਸਿੰਘ ਵਿਧਾਇਕ ਬਣਨ ਤੋਂ ਬਾਅਦ ਵੀ ਆਮ ਆਦਮੀ ਹੀ ਰਹੇ ਅਤੇ ਸੇਵਾ ਦੇ ਗਾਡੀ ਰਾਹ ਤੋਂ ਕਦੇ ਨਹੀਂ ਭਟਕੇ। ਉਹ ਦਲੇਰੀ, ਤਿਆਗ ਅਤੇ ਸਾਦਗੀ ਦਾ ਅਜੀਬ ਸੁਮੇਲ ਸਨ।

ਉਨ੍ਹਾਂ ਨੇ ਘਰ ਦੀਆਂ ਸਾਰੀਆਂ ਸੁੱਖ-ਸਹੂਲਤਾਂ, ਕਾਰਾਂ, ਧਨ, ਦੌਲਤ, ਜ਼ਮੀਨ, ਜਾਇਦਾਦ ਆਦਿ ਦੇ ਮੋਹ ਦਾ ਮੁਕੰਮਲ ਤਿਆਗ ਕੀਤਾ ਅਤੇ ਸਾਰਾ ਕੁਝ ਆਪਣੇ ਛੋਟੇ ਭਰਾ ਦੇ ਹੱਥ ਦੇ ਰੱਖਿਆ ਸੀ। ਉਹ ਲੜਕੀਆਂ ਦੀ ਪੜ੍ਹਾਈ, ਔਰਤਾਂ ਦੀ ਸੁਰੱਖਿਆ ਅਤੇ ਆਜ਼ਾਦੀ ਪ੍ਰਤੀ ਬਹੁਤ ਹੀ ਤਰਕਸ਼ੀਲ ਅਤੇ ਉਸਾਰੂ ਪਹੁੰਚ ਰੱਖਦੇ ਸਨ। ਪੜ੍ਹੇ ਲਿਖੇ ਬੱਚਿਆਂ ਅਤੇ ਬੇਟੀਆਂ ਨੂੰ ਉੱਚ ਸਿੱਖਿਆ ਲਈ ਬਹੁਤ ਉਤਸ਼ਾਹਿਤ ਕਰਦੇ ਸਨ। ਇਸ ਉਸਾਰੂ ਪਹੁੰਚ ਕਾਰਨ ਹੀ ਉਨ੍ਹਾਂ ਦੀ ਬੇਟੀ ਡਾ. ਧਰਮਬੀਰ ਕੌਰ ਸੰਘੇੜਾ ਉੱਚ ਸਿੱਖਿਆ ਪ੍ਰਾਪਤੀ ਉਪਰੰਤ ਅੱਜ ਪ੍ਰੋਫੈਸਰ ਹੈ ਅਤੇ ਦੁਨੀਆ ਪੱਧਰ ਦੀ ਉੱਚ ਕੋਟੀ ਦੀ ਸਾਇੰਟਿਸਟ ਬਣਨ ਵਿਚ ਕਾਮਯਾਬ ਹੋਈ ਹੈ। ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਦੀ ਖੋਜ ਦੇ ਖੇਤਰ ਵਿਚ ਡਾ. ਸੰਘੇੜਾ ਦੀ ਦੁਨੀਆ ਭਰ ਵਿਚ ਕੁਲੈਬੋਰੇਸ਼ਨਜ਼ ਹਨ। ਘਰ ਦੇ ਵਿਅਕਤੀ ਦੀ ਸਿਫ਼ਾਰਸ਼ ਕਰਨਾ ਕੁਲਵੰਤ ਸਿੰਘ ਦੇ ਸ਼ਬਦ-ਕੋਸ਼ ਦਾ ਹਿੱਸਾ ਨਹੀਂ ਸੀ।

ਜਦੋਂ ਪੰਜਾਬ ਮੰਡੀ ਬੋਰਡ ਦਾ ਭ੍ਰਿਸ਼ਟ ਚੇਅਰਮੈਨ ਤੇ ਅਕਾਲੀ ਦਲ ਦਾ ਸੀਨੀਅਰ ਆਗੂ ਬਦਲਾਖੋਰੀ ਨਾਲ ਹੱਥ ਧੋ ਕੇ ਮੇਰੇ ਪਿੱਛੇ ਪੈ ਗਿਆ, ਹਮਲਾ ਕਰਨ ਦਾ ਮੇਰੇ ਵਿਰੁੱਧ ਝੂਠਾ ਮੁਕੱਦਮਾ ਦਰਜ ਕਰਾਉਣ ਤੋਂ ਲੈ ਕੇ ਹਰ ਨੁਕਸਾਨ ਕਰਨ ਤਕ ਗਿਆ ਸੀ ਤਾਂ ਉਸ ਸਮੇਂ ਵੀ ਉਨ੍ਹਾਂ ਨੇ ਅਸੂਲਾਂ ’ਤੇ ਪਹਿਰਾ ਦੇਣ ਅਤੇ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈਆਂ ਕਰਦੇ ਰਹਿਣ ਨੂੰ ਉਤਸ਼ਾਹਿਤ ਕੀਤਾ ਸੀ। ਉਨ੍ਹਾਂ ਸਾਫ਼ ਕਿਹਾ ਸੀ ਕਿ ਅਸੂਲਾਂ ’ਤੇ ਪਹਿਰਾ ਦੇਣਾ ਹੈ, ਜੇ ਨੌਕਰੀ ਨਾ ਵੀ ਰਹੀ ਤਾਂ ਵੀ ਕੋਈ ਗੱਲ ਨਹੀਂ, ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਜਥੇਬੰਦੀਆਂ ਵਿਚ ਤੇਰੇ ਵਰਗਿਆਂ ਦੀ ਬਹੁਤ ਲੋੜ ਹੈ। ਉਹ ਪਾਰਟੀ ਪ੍ਰਤੀ ਪੂਰੀ ਤਰ੍ਹਾਂ ਸਮਰਪਤ ਸਨ। ਮੈਂ ਜਦੋਂ ਉਨ੍ਹਾਂ ਉੱਪਰ ਵਾਰ-ਵਾਰ ਸੈਰ ਕਰਨ ਲਈ ਮੇਰੇ ਨਾਲ ਅਮਰੀਕਾ ਜਾਣ ਲਈ ਦਬਾਅ ਪਾਇਆ ਤਾਂ ਉਹ ਮੇਰੇ ਨਾਲ ਸਹਿਮਤ ਹੋ ਗਏ। ਨਾਲ ਹੀ ਉਨ੍ਹਾਂ ਕਿਹਾ ਕਿ ਡਾਕਟਰ ਜੋਗਿੰਦਰ ਦਿਆਲ ਜੋ ਪਾਰਟੀ ਦੇ ਸੀਨੀਅਰ ਆਗੂ ਅਤੇ ਉਨ੍ਹਾਂ ਦੇ ਸਾਥੀ ਸਨ, ਬਾਰੇ ਕਿਹਾ ਕਿ ਉਹ ਵੀ ਮੇਰੇ ਨਾਲ ਜਾਣਗੇ। ਇਸ ਲਈ ਉਨ੍ਹਾਂ ਦੇ ਪਾਸਪੋਰਟ ਅਤੇ ਵੀਜ਼ਾ ਵਗੈਰਾ ਦਾ ਪ੍ਰਬੰਧ ਵੀ ਨਾਲ ਹੀ ਕਰ ਲਓ।

ਉਸ ਉਪਰੰਤ ਜਦੋਂ ਵੀ ਮੈਂ ਸਰਕਾਰ ਤੋਂ ਛੁੱਟੀ ਲੈਂਦਾ ਤਾਂ ਉਹ ਪਾਰਟੀ ਦੇ ਕਿਸੇ ਜ਼ਰੂਰੀ ਕੰਮ ਕਾਰਨ ਦੌਰਾ ਰੱਦ ਕਰਦੇ ਰਹੇ। ਇੰਜ ਸਾਡਾ ਉਨ੍ਹਾਂ ਨੂੰ ਅਮਰੀਕਾ ਦੀ ਸੈਰ ਕਰਾਉਣ ਦਾ ਸੁਪਨਾ ਵੀ ਪੂਰਾ ਨਾ ਹੋ ਸਕਿਆ। ਉਹ ਕਿਸਾਨਾਂ, ਮਜ਼ਦੂਰਾਂ ਅਤੇ ਲੋਕਾਂ ਦੇ ਮਸਲੇ ਦਲੇਰੀ ਅਤੇ ਦ੍ਰਿੜ੍ਹਤਾ ਨਾਲ ਲੜਦੇ ਸਨ। ਚਾਹੇ ਸਰਕਾਰਾਂ ਦਾ ਵਿਰੋਧ ਹੋਵੇ, ਭਾਵੇਂ ਪੁਲਿਸ ਜਾਂ ਅਫ਼ਸਰਸ਼ਾਹੀ ਨਾਲ ਮਸਲਾ ਹੋਵੇ, ਚਾਹੇ ਧਰਨੇ ਦੇਣੇ ਹੋਣ ਜਾਂ ਜੇਲ੍ਹ ਯਾਤਰਾ ਕਰਨੀ ਪਵੇ, ਲੋਕ ਹਿੱਤਾਂ ਖ਼ਾਤਰ ਕੁਲਵੰਤ ਸਿੰਘ ਜੀ ਆਪਣਾ ਕਾਫ਼ਲਾ ਲੈ ਕੇ ਸਭ ਤੋਂ ਅੱਗੇ ਹੋ ਤੁਰਦੇ ਸਨ।

ਇਸ ਦੌਰਾਨ ਉਨ੍ਹਾਂ ਨੇ ਕੋਈ 10 ਵਾਰ ਜੇਲ੍ਹ ਯਾਤਰਾ ਕੀਤੀ। ਸਾਲ 1969 ਦੀਆਂ ਅਸੈਂਬਲੀ ਚੋਣਾਂ ਵਿਚ ਪਹਿਲੀ ਵਾਰ ਅਤੇ 1980 ਦੀਆਂ ਚੋਣਾਂ ਵਿਚ ਦੂਜੀ ਵਾਰ ਵਿਧਾਨ ਸਭਾ ਹਲਕਾ ਆਦਮਪੁਰ ਤੋਂ ਵਿਧਾਇਕ ਚੁਣੇ ਗਏ ਸਨ। ਉਹ ਬਹੁ-ਪੱਖੀ ਤੇ ਗੁਣਾਤਮਕ ਸ਼ਖ਼ਸੀਅਤ ਸਨ ਅਤੇ ਰੋਜ਼ਾਨਾ ‘ਨਵਾਂ ਜ਼ਮਾਨਾ’ ਨੂੰ ਚਲਾਉਣ ਵਾਲੀ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਦੇ ਮੈਂਬਰ ਸਨ। ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ ਅਤੇ ਹੋਰ ਵੀ ਅਜਿਹੀਆਂ ਸੰਸਥਾਵਾਂ ਨਾਲ ਉਹ ਜੁੜੇ ਹੋਏ ਸਨ। ਸਵੇਰ ਵੇਲੇ ਸੈਰ ਕਰਦੇ ਸਮੇਂ 5 ਮਈ ਦੇ ਦਿਨ ਬਰੇਨ ਹੈਮਰੇਜ ਹੋਣ ਉਪਰੰਤ ਜ਼ਿੰਦਗੀ-ਮੌਤ ਦੀ ਲੜਾਈ ਲੜਦੇ ਹੋਏ ਉਹ 11 ਮਈ 2013 ਨੂੰ ਸਦਾ ਲਈ ਵਿਛੋੜਾ ਦੇ ਗਏ।

ਅੱਜ ਦੇ ਤਾਕਤ ਦੇ ਨਸ਼ੇ ਵਿਚ ਮਦਹੋਸ਼ ਹਾਕਮਾਂ ਨੂੰ ਕਾਮਰੇਡ ਕੁਲਵੰਤ ਸਿੰਘ ਦੇ ਜੀਵਨ ਤੋਂ ਸਿੱਖਿਆ ਲੈ ਕੇ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ, ਜ਼ਮੀਰ ਦੀ ਆਵਾਜ਼ ਸੁਣਨੀ ਚਾਹੀਦੀ ਹੈ ਅਤੇ ਸਹੀ ਅਰਥਾਂ ਵਿਚ ਲੋਕ ਸੇਵਕ ਬਣਨਾ ਚਾਹੀਦਾ। ਆਓ! ਅੱਜ ਦੇ ਦਿਨ ਦੁਨੀਆ ਭਰ ਵਿਚ ਜਿੱਥੇ ਵੀ ਹਾਂ, ਇਸ ਸ਼ਖ਼ਸੀਅਤ ਦੇ ਕੰਮਾਂ ਦੀ ਚਰਚਾ ਕਰੀਏ ਅਤੇ ਉਨ੍ਹਾਂ ਦੀ ਸੋਚ ਤੋਂ ਉਤਸ਼ਾਹ ਲੈਂਦੇ ਹੋਏ ਸਮੇਂ ਦੇ ਜਾਬਰ ਹਾਕਮਾਂ ਵਿਰੁੱਧ ਹੱਕ-ਸੱਚ ਦੀ ਲੜਾਈ ਵਿਚ ਹਿੱਸਾ ਪਾਈਏ। ਇਹੋ ਹੀ ਕਾਮਰੇਡ ਕੁਲਵੰਤ ਸਿੰਘ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

-ਪ੍ਰੋ. ਜਗਤਾਰ ਸਿੰਘ ਸੰਘੇੜਾ

-ਮੋਬਾਈਲ : 99881-77142

Posted By: Jagjit Singh