-ਡਾ. ਪਰਮਿੰਦਰ ਸਿੰਘ।


ਡਾ. ਅਵੂਲ ਪਾਕਿਰ ਜੈਨੂਲਬਦੀਨ ਅਬਦੁਲ ਕਲਾਮ ਦਾ ਜਨਮ 15 ਅਕਤੂਬਰ 1931 ਨੂੰ ਰਾਮੇਸ਼ਵਰਮ ਦੇ ਤਾਮਿਲ ਮੁਸਲਿਮ ਪਰਿਵਾਰ ਵਿਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਜੈਨੂਲਬਦੀਨ ਸੀ। ਡਾ. ਕਲਾਮ ਦੀ ਮਾਂ ਦਾ ਨਾਂ ਆਸ਼ੀਅੰਮਾ ਸੀ ਜੋ ਸੁਆਣੀ ਸੀ। ਕਲਾਮ ਸਾਹਿਬ ਆਪਣੇ ਪਰਿਵਾਰ ਵਿਚ ਚਾਰ ਭਰਾਵਾਂ ਅਤੇ ਇਕ ਭੈਣ 'ਚੋਂ ਸਭ ਤੋਂ ਛੋਟੇ ਸਨ। ਸਕੂਲ ਜਾਣ ਤੋਂ ਪਹਿਲਾਂ ਉਹ ਆਪਣੇ ਚਾਚੇ ਦੇ ਮੁੰਡੇ ਸ਼ਮਸਦੀਨ ਨਾਲ ਅਖ਼ਬਾਰਾਂ ਵੰਡਣ ਦਾ ਕੰਮ ਕਰਦੇ ਸਨ। ਸੰਨ 1954 ਵਿਚ ਉਨ੍ਹਾਂ ਨੇ ਸੇਂਟ ਜੋਸੇਫਜ਼ ਕਾਲਜ ਤਿਰੂਚਿਰਾਪੱਲੀ ਤੋਂ ਭੌਤਿਕ ਵਿਗਿਆਨ ਵਿਚ ਗ੍ਰੈਜੂਏਸ਼ਨ ਕੀਤੀ।

ਉਹ ਬੀਐੱਸਸੀ ਪੂਰੀ ਕਰਨ ਤੋਂ ਬਾਅਦ ਅੱਗੇ ਪੜ੍ਹਾਈ ਜਾਰੀ ਰੱਖਣਾ ਚਾਹੁੰਦੇ ਸਨ ਪਰ ਇਕ ਵਾਰ ਫਿਰ ਗ਼ਰੀਬੀ ਨੇ ਰਾਹ ਵਿਚ ਅੜਿੱਕਾ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਵਾਰ ਉਨ੍ਹਾਂ ਦੀ ਭੈਣ ਜ਼ੋਹਰਾ ਨੇ ਆਪਣੇ ਗਹਿਣੇ ਵੇਚ ਕੇ ਸਾਰੀ ਪੜ੍ਹਾਈ ਲਈ ਪੈਸੇ ਦਿੱਤੇ। ਸੰਨ 1955 ਵਿਚ ਕਲਾਮ ਸਾਹਿਬ ਮਦਰਾਸ ਇੰਸਟੀਚਿਊਟ ਆਫ ਟੈਕਨਾਲੋਜੀ ਵਿਚ ਏਅਰੋਸਪੇਸ ਇੰਜੀਨੀਅਰਿੰਗ ਦੀ ਪੜ੍ਹਾਈ ਲਈ ਮਦਰਾਸ ਚਲੇ ਗਏ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਭਾਰਤੀ ਹਵਾਈ ਸੈਨਾ ਵਿਚ ਪਾਇਲਟ ਬਣਨਾ ਚਾਹੁੰਦੇ ਸਨ ਪਰ ਟੈਸਟ ਕੁਆਲੀਫਾਈ ਨਾ ਕਰ ਸਕੇ। ਸੋ 1957 ਵਿਚ ਉਨ੍ਹਾਂ ਨੇ ਹਿੰਦੁਸਤਾਨ ਏਅਰੋਨਾਟਿਕਸ ਬੰਗਲੌਰ ਵਿਚ ਨੌਕਰੀ ਸ਼ੁਰੂ ਕੀਤੀ। ਕਲਾਮ ਸਾਹਿਬ ਦੀ ਮਿਹਨਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਇੰਡੀਅਨ ਕਮੇਟੀ ਫਾਰ ਸਪੇਸ ਰਿਸਰਚ ਵਿਚ ਸ਼ਾਮਲ ਕਰ ਲਿਆ ਗਿਆ। ਇਸ ਕਮੇਟੀ ਦੇ ਮੁਖੀ ਡਾ. ਵਿਕਰਮ ਸਾਰਾਭਾਈ ਸਨ। ਉਨ੍ਹਾਂ ਨੇ ਡਾ. ਕਲਾਮ ਨੂੰ ਪੁਲਾੜ ਸੰਸਥਾ ਨਾਸਾ ਵਿਖੇ ਟ੍ਰੇਨਿੰਗ ਲਈ ਭੇਜਿਆ।

ਡਾ. ਕਲਾਮ ਨੇ ਕਈ ਮਿਜ਼ਾਈਲਾਂ ਬਣਾਈਆਂ ਜਿਸ ਕਾਰਨ ਉਨ੍ਹਾਂ ਨੂੰ ਭਾਰਤ ਦਾ ਮਿਜ਼ਾਈਲਮੈਨ ਕਿਹਾ ਜਾਂਦਾ ਹੈ। ਸੰਨ 2002 'ਚ ਕੇ. ਆਰ. ਨਾਰਾਇਣਨ ਤੋਂ ਬਾਅਦ ਉਹ ਭਾਰਤ ਦੇ 11ਵੇਂ ਰਾਸ਼ਟਰਪਤੀ ਚੁਣੇ ਗਏ। ਰਾਸ਼ਟਰਪਤੀ ਦੀ ਚੋਣ 'ਚ ਸ਼੍ਰੀਮਤੀ ਲਕਸ਼ਮੀ ਸਹਿਗਲ ਨੂੰ 107366 ਵੋਟਾਂ ਅਤੇ ਡਾ. ਕਲਾਮ ਨੂੰ 922884 ਵੋਟਾਂ ਹਾਸਲ ਹੋਈਆਂ। ਉਨ੍ਹਾਂ ਦਾ ਕਾਰਜਕਾਲ 25 ਜੁਲਾਈ 2002 ਤੋਂ 25 ਜੁਲਾਈ 2007 ਤਕ ਰਿਹਾ। ਡਾ. ਕਲਾਮ ਭਾਰਤ ਦੇ ਤੀਜੇ ਰਾਸ਼ਟਰਪਤੀ ਸਨ ਜਿਨ੍ਹਾਂ ਨੂੰ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਭਾਰਤ ਦਾ ਸਭ ਤੋਂ ਉੱਚਾ ਨਾਗਰਿਕ ਸਨਮਾਨ 'ਭਾਰਤ ਰਤਨ' ਮਿਲ ਚੁੱਕਾ ਸੀ। ਉਨ੍ਹਾਂ ਨੂੰ ਹੋਰ ਵੀ ਅਣਗਿਣਤ ਸਨਮਾਨ ਮਿਲੇ ਸਨ। ਡਾ. ਕਲਾਮ ਨੇ 25 ਤੋਂ ਵੱਧ ਕਿਤਾਬਾਂ ਲਿਖੀਆਂ। ਰਾਸ਼ਟਰਪਤੀ ਕਾਲ ਤੋਂ ਬਾਅਦ ਉਹ ਕਈ ਜਗ੍ਹਾ ਗੈਸਟ ਪ੍ਰੋਫੈਸਰ ਬਣ ਕੇ ਪੜ੍ਹਾਉਂਦੇ ਰਹੇ। ਸਤਾਈ ਜੁਲਾਈ 2015 ਨੂੰ ਆਈਆਈਐੱਮ ਸ਼ਿਲਾਂਗ ਦੇ ਸੈਮੀਨਾਰ 'ਚ ਡਾ. ਕਲਾਮ ਮੁੱਖ ਬੁਲਾਰੇ ਸਨ। ਭਾਸ਼ਣ ਦਿੰਦਿਆਂ ਉਹ ਸਟੇਜ 'ਤੇ ਡਿੱਗ ਪਏ। ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਡਾ. ਕਲਾਮ ਨੂੰ 30 ਜੁਲਾਈ 2015 ਨੂੰ ਰਾਮੇਸ਼ਵਰਮ ਦੇ ਪੇਈ ਕਰੁੰਬ ਗਰਾਊਂਡ 'ਚ ਸਪੁਰਦ-ਏ-ਖਾਕ ਕੀਤਾ ਗਿਆ।

ਮੋਬਾਈਲ ਨੰ. : 98722-49074

Posted By: Sunil Thapa