-ਗੁਰਪ੍ਰੀਤ ਖੋਖਰ

ਸਿਰਜਣਹਾਰ ਨੇ ਇਹ ਦੁਨੀਆ ਰੰਗ-ਬਰੰਗੀ ਬਣਾਈ ਹੈ ਪਰ ਕਈਆਂ ਲਈ ਇਹ ਦੁਨੀਆ ਬੇਰੰਗ ਹੈ । ਅਸੀਂ ਆਪਣੀਆਂ ਅੱਖਾਂ ਨਾਲ ਦੁਨੀਆ ਦਾ ਰੰਗ ਤਮਾਸ਼ਾ ਦੇਖ ਸਕਦੇ ਹਾਂ ਪਰ ਕੁਝ ਇਨਸਾਨ ਅਜਿਹੇ ਹੁੰਦੇ ਹਨ, ਜੋ ਦੇਖਣ ਦੀ ਸਮਰੱਥਾ ਨਹੀਂ ਰੱਖਦੇ ਪਰ ਦੁਨੀਆ 'ਚ ਕੁਝ ਅਜਿਹਾ ਕਰ ਜਾਂਦੇ ਹਨ ਕਿ ਪੂਰਾ ਆਲਮ ਦੰਦਾਂ ਥੱਲੇ ਉਂਗਲੀ ਦਬਾਉਣ ਲਈ ਮਜਬੂਰ ਹੋ ਜਾਂਦਾ ਹੈ। ਅਜਿਹੇ ਇਨਸਾਨ ਦ੍ਰਿਸ਼ਟੀ ਨਾਲ ਨਹੀਂ ਸਗੋਂ ਦ੍ਰਿਸ਼ਟੀਕੋਣ ਨਾਲ ਜਿਉਂਦੇ ਹਨ। ਅੰਗਰੇਜ਼ੀ ਸਾਹਿਤ 'ਚ ਜਾਨ ਮਿਲਟਨ ਦਾ ਨਾਂ ਬੜੇ ਅਦਬ ਨਾਲ ਲਿਆ ਜਾਂਦਾ ਹੈ, ਜਿਸ ਦੀ ਕਿਤਾਬ 'ਪੈਰਾਡਾਈਜ਼ ਲੋਸਟ' ਨੂੰ ਦੁਨੀਆ ਦੀਆਂ ਸਰਵੋਤਮ ਸਾਹਿਤਕ ਕਿਰਤਾਂ 'ਚ ਸ਼ੁਮਾਰ ਕੀਤਾ ਜਾਂਦਾ ਹੈ। ਇਹ ਗੱਲ ਸਿਰਫ਼ ਪੱਛਮੀ ਸਾਹਿਤ ਤਕ ਮਹਿਦੂਦ ਨਹੀਂ ਹੈ। ਪੰਜਾਬੀ ਸਾਹਿਤ 'ਚ ਵੀ ਅਜਿਹੇ ਦੋ 'ਕਲਮੀ ਯੋਧੇ' ਹੋਏ ਹਨ, ਜੋ ਮਿਲਟਨ ਨਾਲੋਂ ਵੀ ਕਿਤੇ ਵਧ ਕੇ ਸਿਰਜਣਾਤਮਿਕ ਪ੍ਰਤਿਭਾ ਦੇ ਧਾਰਨੀ ਕਹੇ ਜਾ ਸਕਦੇ ਹਨ। ਇਹ ਅਜੀਬ ਇਤਫ਼ਾਕ ਹੈ ਕਿ ਦੋਵੇਂ ਅਦਬੀ ਹਸਤੀਆਂ ਮਹੀਨੇ ਕੁ ਦੇ ਵਕਫ਼ੇ ਨਾਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈਆਂ।

ਜਿੱਥੇ ਡਾ. ਐੱਸ ਤਰਸੇਮ ਨੇ ਪੰਜਾਬੀ ਗ਼ਜ਼ਲ ਨੂੰ ਤਕਨੀਕ ਤੇ ਅਰੂਜ਼ ਪੱਖੋਂ ਮਹੱਤਵਪੂਰਨ ਦੇਣ ਦਿੱਤੀ, ਉੱਥੇ ਹੀ ਪ੍ਰੋ. ਕਿਰਪਾਲ ਸਿੰਘ ਕਸੇਲ ਨੇ ਪੰਜਾਬੀ ਸਾਹਿਤ ਨੂੰ ਇਤਿਹਾਸਕਾਰੀ ਤੇ ਤਰਜਮਾਕਾਰੀ ਪੱਖੋਂ ਅਮੀਰੀ ਬਖ਼ਸ਼ੀ। ਪ੍ਰੋ. ਕਸੇਲ ਦਾ ਜਨਮ 19 ਮਾਰਚ 1928 ਨੂੰ ਜ਼ਿਲ੍ਹਾ ਅੰਮ੍ਰਿਤਸਰ (ਹੁਣ ਤਰਨਤਾਰਨ) ਦੇ ਪਿੰਡ ਕਸੇਲ 'ਚ ਪਿਤਾ ਸ. ਗੰਗਾ ਸਿੰਘ ਦੇ ਘਰ ਮਾਤਾ ਮਹਿੰਦਰ ਕੌਰ ਦੀ ਕੁੱਖੋਂ ਹੋਇਆ। ਹਾਲੇ ਇਹ ਤਿੰਨ ਮਹੀਨਿਆਂ ਦੇ ਹੀ ਸਨ ਕਿ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ ਤੇ ਮਾਤਾ ਨੇ ਪਾਲਣ-ਪੋਸ਼ਣ ਕੀਤਾ। ਇਨ੍ਹਾਂ ਦੇ ਤਾਇਆ ਹਰਨਾਮ ਸਿੰਘ ਕਸੇਲ ਗ਼ਦਰ ਲਹਿਰ 'ਚ ਸਰਗਰਮ ਸਨ ਤੇ ਇਨ੍ਹਾਂ ਦੇ ਪ੍ਰਭਾਵ ਨਾਲ ਹੀ ਉਹ ਗ਼ਦਰ ਪਾਰਟੀ ਦੇ ਮੈਂਬਰ ਬਣ ਗਏ। ਗੋਲਡ ਮੈਡਲ ਨਾਲ ਪੰਜਾਬੀ ਦੀ ਐੱਮਏ ਕਰਨ ਤੋਂ ਬਾਅਦ ਉਨ੍ਹਾਂ ਨੇ ਅਧਿਆਪਨ ਦਾ ਕਾਰਜ ਸ਼ੁਰੂ ਕੀਤਾ। ਇਨ੍ਹਾਂ ਨੇ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ, ਰਾਮਗੜ੍ਹੀਆ ਕਾਲਜ ਫਗਵਾੜਾ, ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ, ਸਰਕਾਰੀ ਕਾਲਜ ਗੁਰਦਾਸਪੁਰ ਤੇ ਸਰਕਾਰੀ ਕਾਲਜ ਲੁਧਿਆਣਾ 'ਚ ਲੈਕਚਰਾਰ ਵਜੋਂ ਸੇਵਾਵਾਂ ਨਿਭਾਈਆਂ। ਇਸ ਤਰ੍ਹਾਂ ਇਨ੍ਹਾਂ ਨੇ ਮਾਝਾ, ਦੋਆਬਾ ਤੇ ਮਾਲਵਾ 'ਚ ਵਿਦਿਆਰਥੀਆਂ ਨੂੰ ਵਿੱਦਿਆ ਦਾ ਗਿਆਨ ਬਖ਼ਸ਼ਿਆ। ਪੜ੍ਹਾਉਣ ਦੌਰਾਨ ਹੀ 1964 'ਚ 36 ਸਾਲ ਦੀ ਉਮਰ 'ਚ ਇਨ੍ਹਾਂ ਦੀ ਨਜ਼ਰ ਚਲੀ ਗਈ। ਫਿਰ ਵੀ ਇਨ੍ਹਾਂ ਨੇ ਹਿੰਮਤ ਦਾ ਪੱਲਾ ਨਾ ਛੱਡਿਆ। 1968 ਤੋਂ 1975 ਤਕ ਇਨ੍ਹਾਂ ਨੇ ਭਾਸ਼ਾ ਵਿਭਾਗ ਪੰਜਾਬ 'ਚ ਖੋਜਕਾਰ ਵਜੋਂ ਕੰਮ ਕੀਤਾ। 1975 'ਤੋਂ 1988 ਤਕ ਇਨ੍ਹਾਂ ਨੇ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ 'ਚ ਪੜ੍ਹਾਇਆ। ਇਨ੍ਹਾਂ ਦਾ ਪਹਿਲਾ ਵਿਆਹ ਸਵਿੰਦਰ ਕੌਰ ਨਾਲ ਹੋਇਆ। ਬਾਅਦ 'ਚ ਇਨ੍ਹਾਂ ਨੇ ਮਹਿੰਦਰਜੀਤ ਕੌਰ ਸੇਖੋਂ ਨਾਲ ਵਿਆਹ ਕਰਵਾਇਆ, ਜੋ ਕਿਸੇ ਸਮੇਂ ਲੋਕ ਗਾਇਕ ਯਮਲਾ ਜੱਟ ਨਾਲ ਦੋਗਾਣੇ ਗਾਇਆ ਕਰਦੀ ਸੀ।

ਅੱਖਾਂ ਦੀ ਰੋਸ਼ਨੀ ਜਾਣ ਦੇ ਬਾਵਜੂਦ ਪ੍ਰੋ. ਕਸੇਲ ਦਾ ਉਤਸ਼ਾਹ ਤੇ ਜਨੂੰਨ ਮੱਠਾ ਨਹੀਂ ਪਿਆ। ਇਨ੍ਹਾਂ ਨੇ ਪੰਜਾਬੀ ਕਵਿਤਾ, ਨਾਵਲ, ਆਲੋਚਨਾ, ਵਾਰਤਕ,ਜੀਵਨੀ, ਬਾਲ ਸਾਹਿਤ, ਸੰਪਾਦਨ ਤੇ ਸਾਹਿਤ ਦੀ ਇਤਿਹਾਸਕਾਰੀ 'ਚ ਬਹੁਪੱਖੀ ਯੋਗਦਾਨ ਪਾਇਆ। ਨਜ਼ਰ ਜਾਣ ਤੋਂ ਬਾਅਦ ਉਨ੍ਹਾਂ ਨੇ 100 ਤੋਂ ਜ਼ਿਆਦਾ ਕਿਤਾਬਾਂ ਲਿਖ ਦਿੱਤੀਆਂ। ਇਨ੍ਹਾਂ ਨੇ ਪੰਜਾਬੀ ਸਾਹਿਤ ਦੇ ਖੇਤਰ 'ਚ ਉਹ ਕੰਮ ਕੀਤਾ, ਜੋ ਇਕ ਆਮ ਇਨਸਾਨ ਲਈ ਬੜੇ ਜ਼ਫਰ ਜ਼ਾਲਣ ਵਾਲਾ ਕੰਮ ਹੈ। ਉਨ੍ਹਾਂ ਦਾ ਪਹਿਲਾ ਨਾਵਲ 'ਵਾਰਡ ਨੰਬਰ 10' ਤਕਰੀਬਨ ਸਾਢੇ ਸੱਤ ਸੌ ਸਫ਼ਿਆਂ ਦਾ ਹੈ। ਏਨਾ ਵੱਡ ਆਕਾਰੀ ਨਾਵਲ ਲਿਖਣਾ ਤੇ ਉਹ ਵੀ ਕਿਸੇ ਅੱਖੋਂ ਵਿਹੂਣੇ ਲਈ, ਆਪਣੇ ਆਪ 'ਚ ਇਕ ਅਜੂਬਾ ਹੈ। ਡਾ. ਪਰਮਿੰਦਰ ਸਿੰਘ ਹੋਰਾਂ ਨਾਲ ਰਲ ਕੇ ਉਨ੍ਹਾਂ ਦੀ ਲਿਖੀ ਕਿਤਾਬ 'ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ' ਪੰਜਾਬੀ ਸਾਹਿਤ ਦੀ ਇਤਿਹਾਸਕਾਰੀ 'ਚ ਇਕ ਮੀਲ ਪੱਥਰ ਸਾਬਤ ਹੋਈ। ਪ੍ਰੋ. ਕਸੇਲ ਉਹ ਪਹਿਲੀ ਹਸਤੀ ਹਨ, ਜਿਨ੍ਹਾਂ ਨੇ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਨੂੰ ਵਿਗਿਆਨਕ ਤੇ ਅਕਾਦਮਿਕ ਤਰਤੀਬ ਦਿੱਤੀ। ਅੱਜ ਵੀ ਇਹ ਕਿਤਾਬ ਪੰਜਾਬੀ ਸਾਹਿਤ ਦੇ ਖੇਤਰ 'ਚ ਖੋਜਾਰਥੀਆਂ ਲਈ ਰਾਹ ਦਸੇਰਾ ਹੈ। ਇਸ ਤੋਂ ਇਲਾਵਾ ਸਾਹਿਤ ਪ੍ਰਤੀ ਜਾਣਨ ਦੀ ਚਿਣਗ ਰੱਖਣ ਵਾਲਿਆਂ ਲਈ ਉਨ੍ਹਾਂ ਨੇ 'ਸਾਹਿਤ ਦੇ ਰੂਪ' ਨਾਂ ਦੀ ਕਿਤਾਬ ਲਿਖੀ, ਜੋ ਸਾਹਿਤ ਦੀਆਂ ਬਾਰੀਕੀਆਂ ਸਮਝਣ ਲਈ ਹਰ ਕਿਸੇ ਨੂੰ ਪੜ੍ਹਨੀ ਜ਼ਰੂਰੀ ਹੈ। ਪ੍ਰੋ. ਕਸੇਲ ਦੀਆਂ ਕਈ ਕਿਤਾਬਾਂ ਦਾ ਭਾਰਤ ਦੀਆਂ ਹੋਰਨਾਂ ਭਾਸ਼ਾਵਾਂ 'ਚ ਵੀ ਤਰਜਮਾ ਹੋ ਚੁੱਕਾ ਹੈ। ਵੱਡੀ ਗੱਲ ਇਹ ਵੀ ਹੈ ਕਿ ਉਹ ਪੰਜਾਬੀ ਸਾਹਿਤ ਦੇ 'ਬਾਬਾ ਬੋਹੜ' ਕਹੇ ਜਾਣ ਵਾਲੇ ਸੰਤ ਸਿੰਘ ਸੇਖੋਂ ਦੇ ਵਿਦਿਆਰਥੀ ਰਹੇ। ਅਜਿਹੀ ਨਾਮਚੀਨ ਹਸਤੀ ਦਾ ਵਿਦਿਆਰਥੀ ਹੋਣ 'ਤੇ ਉਨ੍ਹਾਂ ਅੰਦਰ ਸਿਰਜਣਾਤਮਿਕ ਪ੍ਰਤਿਭਾ ਹੋਣੀ ਕੁਦਰਤੀ ਸੀ।

ਪ੍ਰੋ. ਪੂਰਨ ਸਿੰਘ ਇਨ੍ਹਾਂ ਲਈ ਆਦਰਸ਼ ਕਵੀ ਸਨ। ਇਸ ਦਾ ਪਤਾ ਇੱਥੋਂ ਹੀ ਲੱਗ ਜਾਂਦਾ ਹੈ ਕਿ ਉਨ੍ਹਾਂ ਨੇ ਤਕਰੀਬਨ 20 ਕਿਤਾਬਾਂ ਸਿਰਫ਼ ਪ੍ਰੋ. ਪੂਰਨ ਸਿੰਘ 'ਤੇ ਹੀ ਲਿਖੀਆਂ। ਉਨ੍ਹਾਂ ਜਿੱਥੇ 'ਰਾਜਹੰਸ' ਨਾਂ ਦੀ ਪ੍ਰੋ. ਪੂਰਨ ਸਿੰਘ ਦੀ ਜੀਵਨੀ ਲਿਖੀ, ਉੱਥੇ ਹੀ ਉਨ੍ਹਾਂ ਵੱਲੋਂ ਅੰਗਰੇਜ਼ੀ 'ਚ ਲਿਖੀਆਂ ਕਵਿਤਾਵਾਂ ਦਾ ਪੰਜਾਬੀ ਅਨੁਵਾਦ ਵੀ ਕੀਤਾ। ਉਨ੍ਹਾਂ ਦੀ ਸਾਹਿਤਕ ਪ੍ਰਤਿਭਾ ਨੂੰ ਪਛਾਣਦਿਆਂ ਉਨ੍ਹਾਂ ਨੂੰ ਕਈ ਵੱਕਾਰੀ ਮਾਣ-ਸਨਮਾਨ ਵੀ ਪ੍ਰਾਪਤ ਹੋਏ ਹਨ। ਉਨ੍ਹਾਂ ਨੂੰ ਮਿਲੇ ਮਾਣ-ਸਨਮਾਨਾਂ ਦੀ ਗੱਲ ਕਰੀਏ ਤਾਂ ਬੜੀ ਲੰਮੀ ਸੂਚੀ ਹੈ ਪਰ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਸਾਹਿਤ ਰਤਨ, ਪੰਜਾਬ ਦੇ ਰਾਜਪਾਲ ਵੱਲੋਂ ਪੰਜਾਬ ਗੌਰਵ ਪੁਰਸਕਾਰ ਉਨ੍ਹਾਂ ਨੂੰ ਮਿਲੇ ਵੱਡੇ ਸਨਮਾਨ ਹਨ। ਭਾਸ਼ਾ ਵਿਭਾਗ ਨੇ ਉਨ੍ਹਾਂ ਨੂੰ 'ਪੰਜਾਬੀ ਦਾ ਮਿਲਟਨ' ਕਹਿ ਕੇ ਮਾਣ ਬਖ਼ਸ਼ਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਉਨ੍ਹਾਂ ਨੂੰ ਡੀ. ਲਿਟ ਦੀ ਆਨਰੇਰੀ ਡਿਗਰੀ ਨਾਲ ਨਵਾਜਿਆ। ਨਾਮਧਾਰੀ ਸੰਪਰਦਾ ਦੇ ਸਤਿਗੁਰੂ ਜਗਜੀਤ ਸਿੰਘ ਦੀ ਉਪਮਾ 'ਚ ਉਨ੍ਹਾਂ 'ਚਾਲੀਸਾ ਸਤਿਗੁਰੂ ਜਗਜੀਤ ਸਿੰਘ' ਲਿਖਿਆ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਉਹ ਮੋਢੀ ਮੈਂਬਰਾਂ 'ਚੋਂ ਇਕ ਸਨ। ਅਜੋਕੀ ਪੀੜ੍ਹੀ ਦੇ ਸਾਹਿਤ ਤੋਂ ਦੂਰ ਹੋਣ 'ਤੇ ਉਹ ਬੜੀ ਫ਼ਿਕਰਮੰਦੀ ਜ਼ਾਹਿਰ ਕਰਦੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਭਾਵੇਂ ਪਹਿਲਾਂ ਕੈਸੇਟ ਕਲਚਰ ਤੇ ਬਾਅਦ 'ਚ ਟੀਵੀ ਕਲਚਰ ਭਾਰੂ ਹੋ ਗਿਆ ਪਰ ਬੁੱਕ ਕਲਚਰ ਦੀ ਰੀਸ ਹੀ ਕੋਈ ਨਹੀਂ ਕਿਉਂਕਿ ਜ਼ਿੰਦਗੀ ਦਾ ਜੋ ਸੁਹਜ ਸੁਆਦ ਕਿਤਾਬਾਂ ਦੇ ਸਕਦੀਆਂ ਹਨ, ਉਹ ਹੋਰ ਕੋਈ ਚੀਜ਼ ਨਹੀਂ ਦੇ ਸਕਦੀ। 'ਸ਼ਾਹੀ ਸ਼ਹਿਰ' ਪਟਿਆਲਾ ਦੇ ਸੂਈਗਰਾਂ ਮੁਹੱਲਾ ਵਿਚਲਾ ਉਨ੍ਹਾਂ ਦਾ ਘਰ ਪੂਰੇ ਪੰਜਾਬ ਦੇ ਬੁੱਧੀਜੀਵੀਆਂ ਤੇ ਚਿੰਤਕਾਂ ਲਈ ਵਿਚਾਰ ਕਰਨ ਦਾ ਕੇਂਦਰ ਸੀ। 91 ਸਾਲ ਦੀ ਅਉਧ ਹੰਢਾ ਕੇ ਉਹ ਵਿਸਾਖੀ ਦੀ ਰਾਤ ਇਸ ਜਹਾਨ ਨੂੰ ਅਲਵਿਦਾ ਆਖ ਗਏ। ਭਾਵੇਂ ਉਹ ਸਾਡੇ ਦਰਮਿਆਨ ਨਹੀਂ ਰਹੇ ਪਰ ਉਨ੍ਹਾਂ ਵੱਲੋਂ ਦਿਖਾਈ ਗਿਆਨ ਦੀ ਰੋਸ਼ਨੀ ਹਮੇਸ਼ਾ ਪੰਜਾਬੀ ਸਾਹਿਤ ਦੇ ਪ੍ਰੇਮੀਆਂ ਦਾ ਰਾਹ ਰੁਸ਼ਨਾਉਂਦੀ ਰਹੇਗੀ।

-ਮੋਬਾਈਲ ਨੰ. : 75289-06680

Posted By: Sukhdev Singh