ਕੁਦਰਤ ਮਨੁੱਖ ਦੀ ਸਭ ਤੋਂ ਪਹਿਲੀ ਮਿੱਤਰ ਹੈ ਜਾਂ ਕਹਿ ਲਓ ਕਿ ਉਸ ਦੀ ਗੋਦ ਵਿਚ ਪਲ ਕੇ ਹੀ ਮਨੁੱਖ ਨੇ ਪੱਥਰ ਯੁੱਗ ਤੋਂ ਲੈ ਕੇ ਹੁਣ ਤਕ ਦਾ ਸਫ਼ਰ ਤੈਅ ਕੀਤਾ ਹੈ। ਪਿਛਲੇ ਲੰਬੇ ਸਮੇਂ ਤੋਂ ਪਲੀਤ ਹੋ ਰਹੇ ਵਾਤਾਵਰਨ ਬਾਰੇ ਵਾਤਾਵਰਨ ਮਾਹਿਰ, ਵਾਤਾਵਰਨ ਪ੍ਰੇਮੀ ਤੇ ਅਨੇਕਾਂ ਹੀ ਸੰਸਥਾਵਾਂ ਦੁਨੀਆ ਭਰ ਵਿਚ ਜਾਗਰੂਕਤਾ ਮੁਹਿੰਮਾਂ ਚਲਾ ਰਹੀਆਂ ਹਨ। ਯੂਰਪ, ਕੈਨੇਡਾ, ਅਮਰੀਕਾ ਸਮੇਤ ਕਈ ਦੇਸ਼ਾਂ ’ਚ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦਾ ਮੁੱਦਾ ਚੋਣ ਮੈਨੀਫੈਸਟੋ ਦਾ ਹਿੱਸਾ ਵੀ ਬਣ ਗਿਆ ਹੈ। ਇਕ ਵਾਤਾਵਰਨ ਪ੍ਰੇਮੀ, ਲੇਖਕ, ਕੁਦਰਤ ਦੇ ਹਸੀਨ ਤੇ ਅਨੋਖੇ ਦ੍ਰਿਸ਼ਾਂ ਨੂੰ ਆਪਣੀ ਫੋਟੋਗ੍ਰਾਫੀ ਨਾਲ ਕੈਦ ਕਰਨ ਵਾਲੇ ਰਣਜੋਧ ਸਿੰਘ ਵੀ ਵਾਤਾਵਰਨ ਨੂੰ ਬਚਾਉਣ ਲਈ ਹੋ ਰਹੇ ਉਪਰਾਲਿਆਂ ’ਚ ਆਪਣਾ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਕਹਿੰਦੇ ਸਨ ਕਿ ਹਰ ਮਨੁੱਖ ਲਾਵੇ ਇਕ ਰੁੱਖ ਪਰ ਹੁਣ ਇਸ ਤੋਂ ਵੀ ਅੱਗੇ ਹੋ ਕੇ ਸੋਚਣਾ ਪਵੇਗਾ। ਰੁੱਖ ਲਗਾਉਣ ਦੇ ਨਾਲ-ਨਾਲ ਹਰ ਮਨੁੱਖ ਨੂੰ ਰੁੱਖ ਬਚਾਉਣ ਵੱਲ ਵੀ ਤੁਰਨਾ ਪਵੇਗਾ। ਹਰ ਸਾਲ 40 ਕੁ ਲੱਖ ਰੁੱਖ ਬਚਾਏ ਜਾ ਸਕਦੇ ਹਨ।

ਹਰ ਸਾਲ ਵਾਤਾਵਰਨ ਪ੍ਰੇਮੀ ਪੌਦੇ ਲਗਾਉਣ ਹਿਤ ਆਮ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਮੁਹਿੰਮ ਚਲਾਉਂਦੇ ਹਨ ਪਰ ਸਮਾਜਿਕ ਜਾਗਰੂਕਤਾ ਨਾਲ ਸਾਲ ਵਿਚ ਲੱਖਾਂ ਰੁੱਖ ਬਚਾਏ ਜਾ ਸਕਦੇ ਹਨ। ਉਸ ਮੁਤਾਬਕ ਭਾਰਤ ਵਿਚ ਹਰ ਸਾਲ 80 ਤੋਂ 85 ਲੱਖ ਲੋਕ ਮਰਦੇ ਹਨ ਜਿਨ੍ਹਾਂ ’ਚੋਂ ਲਗਪਗ 70 ਲੱਖ ਦਾ ਸਸਕਾਰ ਲੱਕੜਾਂ ਨਾਲ ਕੀਤਾ ਜਾਂਦਾ ਹੈ। ਇਕ ਸਰੀਰ ਦੇ ਸਸਕਾਰ ਲਈ 400 ਕਿੱਲੋ ਲੱਕੜ ਦਾ ਇਸਤੇਮਾਲ ਹੁੰਦਾ ਹੈ। ਇਸ ਤਰ੍ਹਾਂ 300 ਕਰੋੜ ਕਿੱਲੋ ਜਾਂ ਕਹਿ ਲਓ 3 ਕਰੋੜ ਟਨ ਲੱਕੜ ਹਰ ਸਾਲ ਸਸਕਾਰ ਲਈ ਵਰਤੀ ਜਾਂਦੀ ਹੈ ਜੋ ਇਕ ਅੰਦਾਜ਼ੇ ਮੁਤਾਬਕ 40 ਲੱਖ ਰੁੱਖਾਂ ਤੋਂ ਪ੍ਰਾਪਤ ਹੁੰਦੀ ਹੈ। ਸਸਕਾਰ ਲੱਕੜ ਨਾਲ ਨਾ ਕਰ ਕੇ ਜੇਕਰ ਗੈਸ ਜਾਂ ਇਲੈਕਟ੍ਰਿਕ ਭੱਠੀਆਂ ਰਾਹੀਂ ਕੀਤੇ ਜਾਣ ਤਾਂ ਅਸੀਂ ਲੱਖਾਂ ਰੁੱਖ ਬਚਾਉਣ ਦੇ ਨਾਲ-ਨਾਲ ਵਾਤਾਵਰਨ ਨੂੰ ਪਲੀਤ ਹੋਣ ਤੋਂ ਵੀ ਬਚਾ ਸਕਦੇ ਹਾਂ, ਕਿਉਂਕਿ ਇਸ ਨਾਲ ਧੂੰਆਂ ਵੀ ਨਾਮਾਤਰ ਹੁੰਦਾ ਹੈ। ਅਸਥੀਆਂ ਦੀ ਸਾਂਭ-ਸੰਭਾਲ ਵੀ ਸੌਖੀ ਹੋ ਜਾਂਦੀ ਹੈ। ਅਸਥੀਆਂ ਜਲ ਪ੍ਰਵਾਹ ਕਰਨ ਵੇਲੇ ਲੱਕੜ ਦੀ ਰਾਖ ਨਾਲ ਹੋਣ ਵਾਲੇ ਪਾਣੀ ਦੇ ਗੰਧਲੇਪਣ ਨੂੰ ਵੀ ਬਚਾਇਆ ਜਾ ਸਕਦਾ ਹੈ।

ਇਸ ਉਪਰਾਲੇ ਤਹਿਤ ਦੁੱਖ ਭੰਜਨ ਸੇਵਾ ਸੁਸਾਇਟੀ ਵੱਲੋਂ ਰਾਮਗੜ੍ਹੀਆ ਸ਼ਮਸ਼ਾਨਘਾਟ, ਢੋਲੋਵਾਲ ਵਿਖੇ ਬੀਤੇ ਸਾਲ ਕੋਰੋਨਾ ਦੌਰਾਨ ਗੈਸ ਵਾਲੀਆਂ 3 ਭੱਠੀਆਂ ਇੱਟਾਂ ਲਗਾ ਕੇ ਗੈਸ ਦੇ ਬਰਨਰ ਫਿਟ ਕਰ ਕੇ ਤਿਆਰ ਕੀਤੀਆਂ ਸਨ ਜਿਸ ਨਾਲ 700 ਤੋਂ ਵੱਧ ਸਸਕਾਰ ਕੀਤੇ ਗਏ ਸਨ। ਇਸ ਸਾਲ ਰਣਜੋਧ ਸਿੰਘ ਦੀ ਅਗਵਾਈ ’ਚ ਸਟੇਨਲੈਸ ਸਟੀਲ ਦੀ ਬਣੀ ਹੋਈ ਆਧੁਨਿਕ ਗੈਸ ਭੱਠੀ ਤਿਆਰ ਕੀਤੀ ਗਈ ਹੈ ਜੋ ਬਾਹਰੋਂ ਗਲਾਸ ਵੂਲ ਨਾਲ ਇੰਸੂਲੇਸ਼ਨ ਕੀਤੀ ਗਈ ਹੈ। ਜੇ ਇਸੇ ਤਰ੍ਹਾਂ ਦੇ ਉਪਰਾਲੇ ਪੂਰੇ ਦੇਸ਼ ’ਚ ਕੀਤੇ ਜਾਣ ਤਾਂ ਵੱਡੀ ਗਿਣਤੀ ’ਚ ਰੁੱਖਾਂ ਨੂੰ ਬਚਾ ਕੇ ਵਾਤਾਵਰਨ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ।

-ਭੁਪਿੰਦਰ ਸਿੰਘ ਬਸਰਾ।

(98152-56006)

Posted By: Sunil Thapa