-ਦਲਜੀਤ ਕੌਰ ਦਾਊਂ

ਜਦੋਂ ਕੋਰੋਨਾ ਮਹਾਮਾਰੀ ਦਾ ਬੰਬ ਫਟਿਆ ਤਾਂ ਇਸ ਦੀ ਲਾਗ ਅੱਖ ਦੇ ਫੋਰ ਵਿਚ ਅੱਗ ਵਾਂਗੂ ਸਾਰੇ ਸੰਸਾਰ ਵਿਚ ਫੈਲ ਗਈ। ਪਲਾਂ-ਛਿਣਾਂ ਵਿਚ ਮਨੁੱਖ ਨੇ ਆਪਣੇ-ਆਪ ਨੂੰ ਇਸ ਮਹਾਮਾਰੀ ਵਿਚ ਜਕੜਿਆ ਹੋਇਆ ਮਹਿਸੂਸ ਕੀਤਾ। ਇਹ ਖੋਟੀ ਬਿਮਾਰੀ, ਜਿਊਂ ਚੀਨ ਤੋਂ ਛਿੜੀ ਦੇਖਦਿਆਂ-ਦੇਖਦਿਆਂ ਹੀ ਅਮਰੀਕਾ ਅਤੇ ਯੂਰਪ ਮਹਾਦੀਪ ਵਿਚ ਫੈਲ ਗਈ। ਫਿਰ ਇਸ ਦਾ ਸੇਕ ਭਾਰਤ ਨੂੰ ਵੀ ਲੱਗਣ ਲੱਗਾ। ਸਾਰੇ ਸੰਸਾਰ ਵਿਚ ਉਦੋਂ ਲਾਕਡਾਊਨ ਹੋ ਗਿਆ ਜਦੋਂ ਇਕ-ਦੂਜੇ ਦੇਸ਼ ਤੋਂ ਪੀੜ ਯਾਤਰੀ ਇਕ-ਦੂਜੇ ਦੇਸ਼ ਵਿਚ ਪੁੱਜ ਗਏ। ਇਹ ਵਿਅਕਤੀ ਜਿੰਨਿਆਂ ਨੂੰ ਮਿਲਦੇ, ਉਨ੍ਹਾਂ ਨੂੰ ਵੀ ਪੀੜਤ ਕਰਦੇ ਗਏ। ਇਸ ਤਰ੍ਹਾਂ ਇਹ ਰੋਗ ਤੇਜ਼ੀ ਨਾਲ ਫੈਲਣ ਲੱਗਾ। ਇਸ ਦੀ ਰੋਕਥਾਮ ਲਈ ਸਾਰੇ ਦੇ ਸਾਰੇ ਹਵਾਈ ਜਹਾਜ਼, ਰੇਲਾਂ, ਬੱਸਾਂ-ਕਾਰਾਂ, ਕਾਰਖਾਨੇ, ਛੋਟੇ-ਵੱਡੇ ਵਪਾਰਕ ਅਦਾਰੇ, ਸਕੂਲ, ਕਾਲਜ ਬੰਦ ਹੋ ਗਏ। ਯੂਨੀਵਰਸਿਟੀਆਂ, ਬੋਰਡਾਂ ਵਿਚ ਪੇਪਰ ਅਤੇ ਇਮਤਿਹਾਨ ਅੱਗੇ ਪਾ ਦਿੱਤੇ। ਲੋਕ ਘਰਾਂ ਅੰਦਰ ਹੀ ਬੰਦ ਭਾਵ ਲਾਕਡਾਊਨ ਹੋ ਗਏ। ਸਾਰੇ ਸੰਸਾਰ ਵਿਚ ਸੁੰਨ ਵਰਤ ਗਈ। ਕੁਦਰਤ ਵਿਚ ਐਡੀ ਵੱਡੀ ਤਬਦੀਲੀ, ਮੇਰੀਆਂ ਅੱਖਾਂ ਨੇ ਜ਼ਿੰਦਗੀ ਵਿਚ ਪਹਿਲੀ ਵਾਰ ਦੇਖੀ ਜਦੋਂ ਪੰਦਰਾਂ-ਵੀਹ ਦਿਨਾਂ ਵਿਚ ਹੀ ਹਵਾ ਸਾਫ਼ ਹੋ ਗਈ, ਪ੍ਰਦੂਸ਼ਣ ਖ਼ਤਮ ਹੋ ਗਿਆ। ਨਦੀਆਂ, ਨਾਲਿਆਂ, ਸਤਲੁਜ ਅਤੇ ਗੰਗਾ ਵਰਗੇ ਵੱਡੇ-ਵੱਡੇ ਦਰਿਆਵਾਂ ਦਾ ਪਾਣੀ ਸਾਫ਼-ਨੀਲਾ ਨਜ਼ਰ ਆਉਣ ਲੱਗਾ, ਪਾਣੀ ਦੀ ਤਹਿ ਹੇਠਾਂ ਪਏ ਪੱਥਰ-ਗੀਟੇ ਸਾਫ਼ ਨਜ਼ਰ ਆਉਣ ਲੱਗੇ ਜਿਵੇਂ ਸ਼ੀਸ਼ੇ ਵਿਚੋਂ ਚੀਜ਼ਾਂ-ਵਸਤਾਂ ਸਾਫ਼-ਸਪਸ਼ਟ ਨਜ਼ਰ ਆਉਂਦੀਆਂ ਹਨ।

ਵੱਡੇ-ਵੱਡੇ ਡਾਕਟਰਾਂ ਨੇ ਲੋਕਾਂ ਨੂੰ ਮੇਲ-ਮਿਲਾਪ ਬੰਦ ਕਰਨ, ਵਿੱਥ ਰੱਖਣ ਅਤੇ ਮੂੰਹਾਂ 'ਤੇ ਮਾਸਕ ਪਾਉਣ ਦੀ ਸਲਾਹ ਦੇ ਦਿੱਤੀ। ਇਹ ਕਿਹੋ ਜਿਹਾ ਭਾਣਾ ਵਰਤ ਗਿਆ ਕਿ ਮਨੁੱਖ ਨੂੰ ਨਿੱਜ ਵੱਲ ਲੈ ਤੁਰਿਆ। ਲੋਕ ਆਪਣੇ ਸਕਿਆਂ ਤੋਂ ਹੀ ਭੈ-ਭੀਤ ਹੋ ਗਏ। ਆਪਣੇ ਖ਼ੂਨ ਦੇ ਰਿਸ਼ਤੇ ਵੀ ਆਪਣੇ ਸਕੇ-ਸਬੰਧੀਆਂ ਦੀ ਮੌਤ ਹੋਣ 'ਤੇ ਉਨ੍ਹਾਂ ਨੂੰ ਹੱਥ ਲਾਉਣੋਂ ਅਤੇ ਉਨ੍ਹਾਂ ਦੇ ਸਸਕਾਰ 'ਤੇ ਜਾਣ ਤੋਂ ਡਰਨ ਲੱਗੇ। ਸਫ਼ਾਈ-ਵਿੱਥ, ਛੂਹਣ ਤੋਂ ਪ੍ਰਹੇਜ਼, ਹੱਥ ਤਕ ਲਾਉਣ ਦੀ ਮਨਾਹੀ, ਅਜਿਹੇ ਮਾਹੌਲ ਵਿਚ ਲਾਸ਼ ਨੂੰ ਕਿਉਟਣ ਲਈ ਕੌਣ ਅੱਗੇ ਆਵੇ? ਬੋਲਣ ਤੋਂ ਗੁਰੇਜ਼ ਤੇ ਵਾਰ-ਵਾਰ ਸਾਬਣ ਜਾਂ ਸੈਨੇਟਾਈਜ਼ਰ ਨਾਲ ਹੱਥ ਧੋਣ ਅਤੇ ਸਾਫ਼ ਕਰਨ ਦੀਆਂ ਹਦਾਇਤਾਂ ਵੱਡੇ-ਵੱਡੇ ਡਾਕਟਰਾਂ ਵੱਲੋਂ ਜਾਰੀ ਹੋ ਗਈਆਂ।

ਸਾਰੇ ਸੰਸਾਰ ਵਿਚ ਕੰਮ-ਕਾਰ ਠੱਪ ਹੋ ਗਿਆ। ਕਾਰਖਾਨੇ ਤੇ ਹੋਰ ਅਦਾਰੇ ਬੰਦ ਹੋ ਜਾਣ ਕਾਰਨ ਸਭ ਤੋਂ ਵੱਧ ਮਾਰ ਮਜ਼ਦੂਰਾਂ ਤੇ ਕਾਮਿਆਂ 'ਤੇ ਆਣ ਪਈ। ਲੱਖਾਂ ਦੀ ਗਿਣਤੀ ਵਿਚ ਮਜ਼ਦੂਰ ਵਿਹਲੇ ਹੋ ਗਏ। ਭਾਰਤ ਵਿਚ ਖ਼ਾਸ ਤੌਰ 'ਤੇ ਪੰਜਾਬ ਵਿਚ ਇਹ ਹਾਲਤ ਹੋ ਗਈ ਕਿ ਮਜ਼ਦੂਰ ਖ਼ਾਸ ਤੌਰ 'ਤੇ ਦਿਹਾੜੀਦਾਰ ਕਾਮਿਆਂ ਦੇ ਪਰਿਵਾਰ, ਬੱਚੇ ਭੁੱਖੇ ਰਹਿਣ ਲੱਗੇ। ਇਹ ਖ਼ਤਰਾ ਹੋਣ ਲੱਗਾ ਕਿ ਓਨੇ ਲੋਕ ਕੋਰੋਨਾ ਮਹਾਮਾਰੀ ਨਾਲ ਸ਼ਾਇਦ ਨਾ ਮਰਨ ਜਿੰਨੇ ਭੁੱਖ ਨਾਲ ਮਰ ਜਾਣਗੇ। ਧਾਰਮਿਕ ਜਥੇਬੰਦੀਆਂ, ਸਮਾਜ ਸੇਵੀ ਸੰਸਥਾਵਾਂ ਨੇ ਬਹੁਤ ਲੰਗਰ ਲਗਾਏ। ਰਾਸ਼ਨ ਵੰਡੇ, ਸਰਕਾਰ ਨੇ ਵੀ ਬਥੇਰਾ ਰਾਸ਼ਨ ਭੇਜਿਆ ਪਰ ਜੋ ਆਪਣੀ ਕਮਾਈ ਕਰ ਕੇ ਰੱਜ ਕੇ ਖਾਣ 'ਤੇ ਜੋ ਮਜ਼ਾ ਆਉਂਦਾ ਹੈ, ਉਹ ਪਰਾਏ ਲੰਗਰਾਂ 'ਚ ਨਹੀਂ ਆਉਂਦਾ ਤੇ ਨਾ ਹੀ ਢਿੱਡ ਭਰਦਾ ਹੈ।

ਅੰਤ ਨੂੰ ਸਾਰੇ ਪਰਵਾਸੀ ਮਜ਼ਦੂਰਾਂ ਨੂੰ ਆਪਣੀ ਜੰਮਣ ਭੋਂਇ ਯਾਦ ਆਉਣ ਲੱਗੀ। ਆਪਣੀ ਮਿੱਟੀ ਦੀ ਖੁਸ਼ਬੋਈ ਨੇ ਖਿੱਚ ਪਾਈ ਤਾਂ ਉਹ ਬਹੁਤੇ ਤਾਂ ਪੈਦਲ ਹੀ ਆਪਣੀਆਂ ਜੜ੍ਹਾਂ ਵੱਲ ਨੂੰ ਤੁਰ ਪਏ। ਕਹਿੰਦੇ ਨੇ ਆਪਣੇ ਪਿੰਡ ਦੀ ਮਿੱਟੀ ਤਾਂ ਮਰਿਆਂ ਹੋਇਆਂ ਨੂੰ ਵੀ ਆਪਣੇ ਵਿਚ ਸਮਾਅ ਲੈਂਦੀ ਹੈ। ਫਿਰ ਜਿਊਂਦਿਆਂ ਨੂੰ ਤਾਂ ਸਾਂਭਣਾ ਈ ਏ। ਆਪਣਾ ਦੇਸ, ਆਪਣਾ ਪਿੰਡ, ਆਪਣਾ ਘਰ ਭਾਵੇਂ ਕੱਚਾ-ਪੱਕਾ-ਢਾਰਾ ਹੀ ਕਿਉਂ ਨਾ ਹੋਵੇ, ਆਪਣੀ ਜੂਹ 'ਚ ਜੰਮਿਆਂ ਨੂੰ ਵਾਸਾ ਤੇ ਢਾਰਸ ਦਿੰਦਾ ਹੈ।

ਪਰਵਾਸੀ ਮਜ਼ਦੂਰਾਂ ਨੇ ਅਜਿਹਾ ਪੈਦਲ ਚਾਲਾ ਪਾਇਆ ਜਿਸ ਨੇ ਮੈਨੂੰ 1941-42 ਤੋਂ 1945 ਤਕ ਚੱਲੀ ਦੂਜੀ ਵਿਸ਼ਵ ਜੰਗ ਚੇਤੇ ਕਰਵਾ ਦਿੱਤੀ ਜਿਸ ਵਿਚ ਬਰਮਾ, ਚੀਨ, ਮਲਾਇਆ ਤੋਂ ਲੋਕ ਆਪੋ-ਆਪਣੇ ਦੇਸ਼ਾਂ ਵੱਲ ਪੈਦਲ ਹੀ ਹਿਜਰਤ ਕਰਦੇ, ਨਜ਼ਰ ਆਏ। ਅਸੀਂ 1941-42 ਦੇ ਜੰਮਿਆਂ ਨੇ ਤਾਂ ਹੋਸ਼ ਆਉਂਦੇ ਸਾਰ ਹੀ ਆਪਣੇ ਮਾਂ-ਪਿਉ ਤੇ ਦਾਦੇ ਨਾਨਿਆਂ ਤੋਂ ਇਹੋ ਜਿਹੀਆਂ ਦਰਦ ਭਰੀਆਂ ਦਿਲ-ਹਿਲਾਊ ਕਹਾਣੀਆਂ ਸੁਣੀਆਂ ਸਨ। ਉਨ੍ਹਾਂ ਦੇ ਦੱਸਣ ਅਨੁਸਾਰ ਉਨ੍ਹਾਂ ਦੇ ਪੈਦਲ ਤੁਰਦਿਆਂ ਦੇ ਪੈਰਾਂ ਹੇਠ ਛਾਲੇ ਪੈ ਗਏ। ਮੇਰੇ ਨਾਨਾ ਜੀ ਭੁੱਖੇ-ਪਿਆਸੇ ਛੱਪੜੀਆਂ ਦਾ ਪਾਣੀ ਪੀਂਦੇ ਹੋਏ ਪੈਦਲ ਚੱਲ ਕੇ ਬਰਮਾ ਤੋਂ ਆਪਣੇ ਪਿੰਡ ਕਲਾਲ ਮਾਜਰਾ (ਰੋਪੜ) ਪਹੁੰਚੇ ਅਤੇ ਘਰ ਆ ਕੇ ਸੁੱਖ ਦਾ ਸਾਹ ਲਿਆ। ਉਹ ਕਈ ਕਹਾਣੀਆਂ ਐਸੀਆਂ ਦਿਲ ਕੰਬਾਊ ਸੁਣਾਉਂਦੇ ਕਿ ਕਈ ਮਾਵਾਂ ਨੇ ਆਪਣੇ ਬੱਚੇ ਵੀ ਰੁੱਖਾਂ ਹੇਠਾਂ ਬੈਠਾ ਕੇ ਰੋਂਦਿਆਂ-ਕੁਰਲਾਉਂਦਿਆਂ ਨੂੰ ਛੱਡ ਕੇ ਅੱਗੇ ਚਾਲੇ ਪਾ ਦਿੱਤੇ। ਕਿਉਂਕਿ ਨਾ ਤਾਂ ਉਹ ਬੱਚੇ ਤੁਰ ਸਕਦੇ ਸਨ, ਨਾ ਹੀ ਉਨ੍ਹਾਂ ਨੂੰ ਚੁੱਕ ਕੇ ਤੁਰਿਆ ਜਾਂਦਾ ਸੀ। ਫਿਰ ਕਈ ਰਹਿਮ-ਦਿਲ ਇਨਸਾਨ ਉਨ੍ਹਾਂ ਬੱਚਿਆਂ ਨੂੰ ਚੁੱਕ ਵੀ ਲਿਆਏ। ਉਨ੍ਹਾਂ ਨੇ ਬੱਚਿਆਂ ਦੀਆਂ ਮਾਵਾਂ ਨੂੰ ਮੰਗਣ 'ਤੇ ਵੀ ਬੱਚੇ ਨਹੀਂ ਫੜਾਏ। ਇਹ ਮੁਹਾਵਰਾ ਵੀ ਸੱਚ ਹੋ ਗਿਆ ''ਨਾ ਜਾਹ ਬਰਮਾ ਨੂੰ, ਲੇਖ ਜਾਣਗੇ ਨਾਲੇ''। ਇਸ ਤੋਂ ਬਾਅਦ 1947 ਦੀ ਭਾਰਤ-ਪਾਕਿ ਵੰਡ ਸਮੇਂ ਵੀ ਇਸ ਤਰ੍ਹਾਂ ਹੋਇਆ। ਬਾਰ ਆਬਾਦ ਕਰਨ ਗਏ ਲੋਕ ਤਾਂ ਕੁਝ ਗੱਡਿਆਂ 'ਤੇ ਸਾਮਾਨ ਲੱਦ ਕੇ ਤੁਰ ਪਏ ਆਪਣੇ ਪਿੰਡਾਂ ਵੱਲ ਨੂੰ ਪਰ ਕੁਝ ਤਾਂ ਪੈਦਲ ਹੀ ਚੱਲ ਪਏ। ਉਹ ਤਾਂ ਭਾਵੇਂ ਗੱਲ ਹੋਰ ਸੀ ਪਰ ਇਸ ਤਰ੍ਹਾਂ ਵੀ ਕਦੇ ਨਹੀਂ ਦੇਖਿਆ ਸੀ ਕਿ ਦੇਸ਼ ਦੀ ਵੰਡ ਦੇ ਨਾਲ ਹੀ ਆਬਾਦੀ ਭਾਵ ਪਰਜਾ ਦੀ ਵੀ ਵੰਡ ਹੋ ਜਾਵੇ, ਉਹ ਵੀ ਧਰਮ ਦੇ ਆਧਾਰ 'ਤੇ। ਰਸਤੇ ਵਿਚ ਲੋਕ ਬਿਮਾਰ ਵੀ ਹੋਏ, ਲੁੱਟਾਂ-ਖੋਹਾਂ ਵੀ ਹੋਈਆਂ। ਗਰਭਵਤੀ ਔਰਤਾਂ ਔਖੀਆਂ ਵੀ ਬੜੀਆਂ ਹੋਈਆਂ। ਕਈਆਂ ਦੇ ਰਸਤੇ ਵਿਚ ਹੀ ਜੰਮਣ ਪੀੜਾਂ ਉੱਠੀਆਂ ਤਾਂ ਉਨ੍ਹਾਂ ਨੂੰ ਰਸਤੇ ਵਿਚ ਹੀ ਬੱਚਿਆਂ ਨੂੰ ਜਨਮ ਦੇਣਾ ਪਿਆ। ਕੈਂਪ ਲੱਗੇ। ਉਨ੍ਹਾਂ ਵਿਚ ਵੀ ਬਿਮਾਰੀ ਕਾਰਨ ਬੁਰਾ ਹਾਲ ਸੀ।

ਉਸੇ ਤਰ੍ਹਾਂ ਹੁਣ ਕੋਰੋਨਾ-ਮਹਾਮਾਰੀ ਕਾਰਨ ਹੋ ਰਿਹਾ ਹੈ। ਕੰਮ-ਕਾਰ ਲਾਕਡਾਊਨ ਹੋਣ ਕਾਰਨ ਠੱਪ ਹੋ ਗਿਆ ਹੈ। ਲੋਕ ਆਪੋ-ਆਪਣੇ ਘਰਾਂ, ਆਪਣੀਆਂ ਜੜ੍ਹਾਂ ਵੱਲ ਨੂੰ ਤੁਰ ਪਏ। ਇਨ੍ਹਾਂ ਦੀਆਂ ਹਰ ਰੋਜ਼ ਨਵੀਆਂ-ਨਵੀਆਂ ਦੁਸ਼ਵਾਰੀਆਂ ਦੀਆਂ ਕਹਾਣੀਆਂ ਪੜ੍ਹਨ-ਸੁਣਨ ਨੂੰ ਮਿਲ ਰਹੀਆਂ ਹਨ। ਭਾਵੇਂ ਸਰਕਾਰਾਂ ਨੇ ਗੱਡੀਆਂ, ਰੇਲਾਂ, ਬੱਸਾਂ ਹੀ ਚਲਾ ਦਿੱਤੀਆਂ ਪਰ ਕਈ ਲੋਕਾਂ ਦੀਆਂ ਆਪਣੀਆਂ ਮਜਬੂਰੀਆਂ ਹੁੰਦੀਆਂ ਹਨ। ਜਦੋਂ ਮਨੁੱਖ ਦਾ ਖੀਸਾ ਵੀ ਖ਼ਾਲੀ ਹੋਵੇ ਅਤੇ ਢਿੱਡੋਂ ਵੀ ਭੁੱਖਾ ਹੋਵੇ ਅਤੇ ਉਸ ਕੋਲ ਵੇਚਣ ਲਈ ਵੀ ਕੁਝ ਨਾ ਹੋਵੇ ਤਾਂ ਉਹ ਕੀ ਕਰੇ... ਫਿਰ ਰੱਬ ਦੇ ਦਿੱਤੇ ਦੋ ਪੈਰਾਂ 'ਤੇ ਤਾਂ ਤੁਰਨਾ ਹੀ ਹੈ। ਤੁਰਨ ਤੋਂ ਤਾਂ ਕੋਈ ਨਹੀਂ ਰੋਕ ਸਕਦਾ। ਕਈ ਵਾਰ ਜੰਗਾਂ-ਯੁੱਧਾਂ ਜਾਂ ਕੁਦਰਤ ਦੀ ਹੋਰ ਕਰੋਪੀ ਕਾਰਨ ਲੋਕਾਂ ਨੂੰ ਇਕ ਥਾਂ ਤੋਂ ਉੱਠ ਕੇ ਕਿਸੇ ਸੁਰੱਖਿਅਤ ਥਾਂ ਜਾ ਕੇ ਵਸਣਾ ਪੈਂਦਾ ਹੈ। ਕਈ ਵਾਰ ਪਹਿਲਾਂ ਵੀ ਮਹਾਮਾਰੀਆਂ ਆਈਆਂ। ਦੋ ਵਾਰ ਤਾਂ ਪਲੇਗ ਦੀ ਮਹਾਮਾਰੀ, ਫਿਰ ਸੀਤਲਾ ਮਾਤਾ ਦੀ ਮਹਾਮਾਰੀ ਕਾਰਨ ਲੱਖਾਂ ਲੋਕ ਮਾਰੇ ਗਏ। ਬਥੇਰੇ ਜਿੱਥੇ ਕਿਤੇ ਜਾ ਕੇ ਬਚ ਸਕੇ, ਬਚੇ ਵੀ। ਪਰ ਕੋਵਿਡ-19 ਵਰਗੀ ਵਿਸ਼ਵ-ਵਿਆਪੀ ਮਹਾਮਾਰੀ ਕਦੇ ਨਹੀਂ ਦੇਖੀ-ਸੁਣੀ ਜਿਸ ਦੇ ਇੰਨੇ ਭਿਆਨਕ ਆਰਥਿਕ, ਸਮਾਜਿਕ ਤੇ ਮਾਨਸਿਕ ਪ੍ਰਭਾਵ ਹੋਣ। ਇਹ ਕਾਮੇ ਜੋ ਰੋਕਿਆ ਵੀ ਨਹੀਂ ਰੁਕੇ, ਸਿਰਫ਼ ਆਪਣੇ ਘਰ, ਆਪਣੇ ਮਾਂ-ਬਾਪ ਕੋਲ ਪੁੱਜਣ ਦੀ ਤਾਂਘ ਰੱਖਦੇ ਸਨ। ਬਸ ਇਕ ਅੰਤਰੀਵ ਤੀਬਰ ਇੱਛਾ ਹੈ ਆਪਣੀਆਂ ਜੜ੍ਹਾਂ ਵੱਲ ਜਾਣ ਦੀ, ਉਸ ਜੰਮਣ ਭੋਇੰ ਦੀ ਮਿੱਟੀ 'ਚ ਮਿੱਟੀ ਹੋਣ ਦੀ। ਰੱਬ ਖ਼ੈਰ ਕਰੇ!!-ਸੰਪਰਕ : 99155-60280

Posted By: Jagjit Singh