-ਸ਼ਵਿੰਦਰ ਕੌਰ

ਮਨੁੱਖ ਸਾਰੀ ਉਮਰ ਪਰਿਵਾਰਕ ਅਤੇ ਸਮਾਜਿਕ ਰਿਸ਼ਤਿਆਂ ਨੂੰ ਨਿਭਾਉਂਦਾ ਹੈ। ਜਨਮ ਤੋਂ ਲੈ ਕੇ ਮੌਤ ਤਕ ਰਿਸ਼ਤੇ ਸਾਡੇ ਅੰਗ-ਸੰਗ ਵਿਚਰਦੇ ਹਨ। ਇਹ ਜੀਵਨ ਵਿਚ ਖ਼ੁਸ਼ੀਆਂ ਤੇ ਖੇੜੇ ਭਰਦੇ ਹਨ। ਹਰੀਆਂ ਕਚੂਰ ਫ਼ਸਲਾਂ 'ਚੋਂ ਨਿਕਲਦੇ ਹਵਾ ਦੇ ਬੁੱਲਿਆਂ ਵਰਗੇ, ਮੀਂਹ ਦੀ ਰਿਮਝਿਮ ਵਰਗੇ, ਫੁੱਲ-ਪੱਤੀਆਂ 'ਤੇ ਪਈ ਤ੍ਰੇਲ ਦੇ ਤੁਪਕਿਆਂ ਵਰਗੇ, ਬਹਾਰ 'ਚ ਖਿੜਦੇ ਫੁੱਲਾਂ ਵਰਗੇ ਇਹ ਰਿਸ਼ਤੇ ਆਪਣੀ ਮਿਠਾਸ ਨਾਲ ਸਾਡੀ ਜ਼ਿੰਦਗੀ ਨੂੰ ਜਿਊਣ ਜੋਗਾ ਬਣਾਉਂਦੇ ਹਨ।

ਰਿਸ਼ਤਿਆਂ ਦਾ ਨਿੱਘ ਬਦਲਦੇ ਸਮੇਂ ਨਾਲ ਤਿੜਕੇ ਘੜੇ 'ਚੋਂ ਕਿਰਦੇ ਪਾਣੀ ਵਾਂਗ ਕਿਰਦਾ ਜਾ ਰਿਹਾ ਹੈ। ਪਦਾਰਥਵਾਦੀ ਰੁਚੀਆਂ ਨੇ ਇਨ੍ਹਾਂ ਉੱਚੇ-ਸੁੱਚੇ ਪਾਕ ਰਿਸ਼ਤਿਆਂ 'ਤੇ ਨਿੱਜ ਅਤੇ ਸਵਾਰਥ ਨੂੰ ਭਾਰੂ ਕਰ ਦਿੱਤਾ ਹੈ। ਇਸ ਨਾਬਰਾਬਰੀ ਵਾਲੇ ਪ੍ਰਬੰਧ ਵਿਚ ਡਿੱਗ ਰਹੀਆਂ ਕਦਰਾਂ-ਕੀਮਤਾਂ, ਰਿਸ਼ਤਿਆਂ 'ਚੋਂ ਨਿੱਘ, ਪਿਆਰ ਵਰਗੇ ਸੂਖਮ ਜਜ਼ਬਿਆਂ ਨੂੰ ਖ਼ਤਮ ਕਰ ਰਹੀਆਂ ਹਨ। ਲਾਲਚੀ ਮਾਨਸਿਕਤਾ ਨੇ ਰਿਸ਼ਤਿਆਂ ਨੂੰ ਸੌਦੇ ਵਿਚ ਬਦਲ ਦਿੱਤਾ ਹੈ।

ਸਾਡੇ ਪਿੰਡ ਦੇ ਬਾਹਰਵਾਰ ਕੋਈ ਡੇਢ ਕੁ ਕਿਲੋਮੀਟਰ ਦੀ ਵਿੱਥ 'ਤੇ ਇਕ ਨੀਵੀਂ ਥਾਂ 'ਤੇ ਕਾਫੀ ਵੱਡਾ ਟੋਆ ਹੁੰਦਾ ਸੀ ਜਿਸ 'ਚ ਹਮੇਸ਼ਾ ਪਾਣੀ ਖੜ੍ਹਾ ਰਹਿੰਦਾ ਸੀ। ਦੀਵਾਲੀ ਤੋਂ ਪਹਿਲਾਂ ਘਰਾਂ ਦੀ ਸਫ਼ਾਈ ਕਰਨ ਸਮੇਂ ਔਰਤਾਂ ਸਿਰ 'ਤੇ ਬੱਠਲ ਚੁੱਕੀ ਇਸ ਟੋਏ 'ਚੋਂ ਚੀਕਣੀ ਕਾਲੀ ਮਿੱਟੀ ਕੱਢ ਕੇ ਲਿਆਉਂਦੀਆਂ। ਜਦੋਂ ਉਸ ਨੂੰ ਪਾਣੀ 'ਚ ਘੋਲ ਕੇ ਕੰਧਾਂ 'ਤੇ ਪਰੋਲਾ ਮਾਰਦੀਆਂ ਤਾਂ ਉਸ 'ਚੋਂ ਆਉਂਦੀ ਮਹਿਕ ਮਨ ਨੂੰ ਨਸ਼ਿਆ ਜਿਹਾ ਦਿੰਦੀ। ਇਕ ਦਿਨ ਇਕ ਤੁਰਦਾ-ਫਿਰਦਾ ਸਾਧ ਉੱਥੇ ਆਣ ਕੇ ਬੈਠ ਗਿਆ। ਦੋ-ਚਾਰ ਵਿਹਲੜ ਉਸ ਕੋਲ ਬੈਠਣ ਲੱਗ ਪਏ। ਉਨ੍ਹਾਂ ਨੇ ਉਸ ਨੂੰ ਉੱਥੇ ਝੁੱਗੀ ਪਾ ਦਿੱਤੀ। ਉਸ ਨੇ ਉਸ ਨੀਵੀਂ ਜਗ੍ਹਾ ਨਾਲ ਸਬੰਧਤ ਮਨਘੜਤ ਕਹਾਣੀਆਂ ਜੋੜ-ਜੋੜ ਕੇ ਸੁਣਾਈਆਂ ਤੇ ਉਸ ਥਾਂ ਨੂੰ ਪੂਜਣਯੋਗ ਜਗ੍ਹਾ ਦਾ ਰੁਤਬਾ ਦੇ ਦਿੱਤਾ। ਉਸ ਕੋਲ ਬੈਠਣ ਵਾਲਿਆਂ ਨੇ ਉਸ ਦੀ ਮਹਿਮਾ ਦੇ ਨਾਲ-ਨਾਲ ਉਸ ਟੋਏ 'ਚੋਂ ਪਾਣੀ ਨਾ ਸੁੱਕਣ ਸਬੰਧੀ ਸਾਧ ਵੱਲੋਂ ਦੱਸੀਆਂ ਮਨਘੜਤ ਕਹਾਣੀਆਂ ਦਾ ਪੂਰਾ ਪ੍ਰਚਾਰ ਕੀਤਾ। ਬਸ ਇਹ ਪ੍ਰਚਾਰ ਆਪਣਾ ਕੰਮ ਕਰ ਗਿਆ। ਝੁੱਗੀ ਦੀ ਥਾਂ ਸੁੰਦਰ ਇਮਾਰਤ ਬਣਨੀ ਸ਼ੁਰੂ ਹੋ ਗਈ। ਇਮਾਰਤ ਬਣ ਜਾਣ 'ਤੇ ਵੀ ਉਸ ਨੂੰ ਲੋਕ ਝੁੱਗੀ ਵਾਲਾ ਬਾਬਾ ਹੀ ਕਹਿੰਦੇ ਸਨ। ਸੇਵਾ ਕਰਨ ਵਾਲਿਆਂ ਅਤੇ ਮਾਇਆ ਦਾਨ ਕਰਨ ਵਾਲਿਆਂ ਦੀਆਂ ਕਤਾਰਾਂ ਲੱਗ ਗਈਆਂ। ਸਾਡੇ ਲੋਕ ਸੱਚ-ਝੂਠ ਦਾ ਨਿਤਾਰਾ ਕੀਤੇ ਬਿਨਾਂ ਸਾਧਾਂ ਮਗਰ ਝੱਟ ਲੱਗ ਜਾਂਦੇ ਹਨ। ਸਾਡੇ ਪਿੰਡ ਦਾ ਇਕ ਸਾਊ ਜਿਹਾ ਬੰਦਾ ਉਸ ਬਾਬੇ ਦਾ ਸ਼ਰਧਾਲੂ ਸੀ ਅਤੇ ਹਰ ਰੋਜ਼ ਉੱਥੇ ਸੇਵਾ ਕਰਨ ਜਾਂਦਾ ਸੀ। ਉਸ ਦਾ ਜਵਾਨ ਮੁੰਡਾ ਪੜ੍ਹ-ਲਿਖ ਕੇ ਘਰੇ ਵਿਹਲਾ ਬੈਠਾ ਸੀ। ਉਸ ਨੇ ਬਾਬੇ ਕੋਲ ਬੇਨਤੀ ਕੀਤੀ ਕਿ ਬਾਬਾ, ਜੇ ਕੋਈ ਬਾਹਰੋਂ ਆਪਣੀ ਕੁੜੀ ਦਾ ਇੱਧਰ ਵਿਆਹ ਕਰਨ ਆਇਆ ਪਰਿਵਾਰ ਤੁਹਾਡੀ ਨਿਗ੍ਹਾ 'ਚ ਆਵੇ ਤਾਂ ਆਪਣੇ ਮੁੰਡੇ ਦਾ ਖ਼ਿਆਲ ਰੱਖਿਓ।

ਕੁਦਰਤੀ ਬਾਬੇ ਦੇ ਸ਼ਰਧਾਲੂਆਂ ਦਾ ਰਿਸ਼ਤੇਦਾਰ ਪਰਿਵਾਰ ਅਮਰੀਕਾ ਤੋਂ ਆਪਣੀ ਲੜਕੀ ਦਾ ਵਿਆਹ ਕਰਨ ਪੰਜਾਬ ਆਇਆ ਤਾਂ ਰਿਸ਼ਤੇਦਾਰਾਂ ਨੇ ਬਾਬੇ ਨੂੰ ਕਿਸੇ ਚੰਗੇ ਮੁੰਡੇ ਦੀ ਦੱਸ ਪਾਉਣ ਬਾਰੇ ਪੁੱਛ ਲਿਆ। ਬਾਬੇ ਨੂੰ ਝੱਟ ਆਪਣਾ ਸੇਵਾਦਾਰ ਯਾਦ ਆ ਗਿਆ। ਉਸ ਨੇ ਉਸ ਨੂੰ ਸੱਦ ਕੇ ਕਿਹਾ, “ਲੈ ਬਈ ਭਗਤਾ! ਤੇਰਾ ਕੰਮ ਬਣ ਜਾਵੇਗਾ ਪਰ ਤੈਨੂੰ ਛੇ ਲੱਖ ਰੁਪਏ ਡੇਰੇ ਲਈ ਦਾਨ ਦੇਣੇ ਪੈਣਗੇ।''

''ਠੀਕ ਹੈ ਬਾਬਾ, ਘਰੇ ਰਾਇ ਕਰ ਕੇ ਤੁਹਾਨੂੰ ਕੱਲ੍ਹ ਤਕ ਦੱਸ ਦੇਵਾਂਗਾ।'' ਇਹ ਕਹਿੰਦਾ ਉਹ ਘਰ ਨੂੰ ਤੁਰ ਪਿਆ। ਘਰੇ ਆ ਕੇ ਉਸ ਨੇ ਆਪਣੀ ਘਰਵਾਲੀ ਨਾਲ ਬੱਚਿਆਂ ਤੋਂ ਪਰਦੇ ਨਾਲ ਗੱਲ ਕੀਤੀ। ਪਹਿਲਾਂ ਤਾਂ ਉਨ੍ਹਾਂ ਨੂੰ ਲੱਗਿਆ ਕਿ ਧੀ ਵਾਲਿਆਂ ਨੇ ਆਪਣੀ ਧੀ ਵਿਆਹੁਣੀ ਹੈ। ਇਹ ਸੰਤ ਵਿਚਾਲਿਓਂ ਹੀ ਛੇ ਲੱਖ ਮਾਂਜਣ ਨੂੰ ਫਿਰਦਾ ਹੈ।

ਪਰ ਜਦੋਂ ਦੋਵਾਂ ਜੀਆਂ ਨੇ ਸੋਚ-ਵਿਚਾਰ ਕੀਤੀ ਤਾਂ ਉਨ੍ਹਾਂ ਨੂੰ ਲੱਗਿਆ ਕਿ ਲੋਕ ਤਾਂ ਬਾਹਰ ਰਹਿੰਦੀਆਂ ਕੁੜੀਆਂ ਦੇ ਰਿਸ਼ਤੇ ਲਈ ਚਾਲੀ-ਚਾਲੀ ਲੱਖ ਚੁੱਕੀ ਫਿਰਦੇ ਹਨ। ਇਸ ਹਿਸਾਬ ਨਾਲ ਤਾਂ ਇਹ ਸੌਦਾ ਕੋਈ ਮਾੜਾ ਨੀ। ਦੂਜੇ ਦਿਨ ਜਾ ਕੇ ਉਸ ਨੇ ਹਾਂ ਕਰ ਦਿੱਤੀ। ਬਾਬੇ ਨੇ ਕੁੜੀ ਵਾਲਿਆਂ ਨੂੰ ਮੁੰਡੇ ਅਤੇ ਉਸ ਦੇ ਪਰਿਵਾਰ ਬਾਰੇ ਆਪਣੇ ਵੱਲੋਂ ਪੂਰੀ ਤਸੱਲੀ ਕਰਾ ਦਿੱਤੀ। ਮੁੰਡੇ ਨੂੰ ਡੇਰੇ ਸੱਦ ਕੇ ਵਿਖਾ ਦਿੱਤਾ। ਗੱਲ ਬਣ ਗਈ। ਬਾਬੇ 'ਤੇ ਵਿਸ਼ਵਾਸ ਹੀ ਐਨਾ ਜ਼ਿਆਦਾ ਸੀ ਕਿ ਪੁੱਛ-ਪੜਤਾਲ ਕਰਨ ਦੀ ਉਨ੍ਹਾਂ ਨੇ ਲੋੜ ਨਾ ਸਮਝੀ। ਸ਼ਗਨ ਦਾ ਦਿਨ ਰੱਖ ਲਿਆ।

ਬਾਬੇ ਦਾ ਇਕ ਵਿਸ਼ਵਾਸਪਾਤਰ ਜੋ ਸਾਰੀ ਗੱਲਬਾਤ ਦੌਰਾਨ ਕੋਲੇ ਸੀ, ਬਾਬੇ ਨੂੰ ਕਹਿਣ ਲੱਗਾ, ''ਬਾਬਾ ਜੀ! ਛੇ ਲੱਖ ਵਾਲੀ ਗੱਲ ਜਦੋਂ ਲੋਕਾਂ ਨੂੰ ਪਤਾ ਲੱਗੀ ਤਾਂ ਕਿਤੇ ਆਪਣੀ ਬਦਨਾਮੀ ਨਾ ਹੋ ਜਾਵੇ। ਵੈਸੇ ਉਹ ਬੰਦਾ ਤਾਂ ਨ੍ਹੀਂ ਗੱਲ ਬਾਹਰ ਕੱਢਣ ਵਾਲਾ ਪਰ ਉਸ ਦਿਨ ਘੋਚੀ ਅਮਲੀ ਭਾਵੇਂ ਵਿਹੜੇ 'ਚ ਬੈਠਾ ਸੀ ਪਰ ਉਸ ਦਾ ਕੰਨ ਆਪਣੀਆਂ ਗੱਲਾਂ ਵੱਲ ਹੀ ਸੀ। “ਕਮਲਿਆ! ਮੇਰੇ ਨਾਲ ਰਹਿ ਕੇ ਵੀ ਤੂੰ ਮੇਰੀ ਫਿਤਰਤ ਨੂੰ ਸਮਝ ਨਹੀਂ ਸਕਿਆ। ਜਿਹੜਾ ਬੰਦਾ ਇਕ ਟੋਏ ਤੋਂ ਐਡਾ ਵੱਡਾ ਡੇਰਾ ਬਣਾ ਸਕਦਾ ਹੈ, ਉਹ ਇਸ ਛੋਟੇ-ਮੋਟੇ ਮਾਮਲੇ ਵਿਚ ਬਦਨਾਮੀ ਕਿਵੇਂ ਕਰਾ ਲਊ? ਦੇਖੀ ਜਾਈਂ ਬਾਬੇ ਦੀ ਜੈ-ਜੈ ਕਾਰ ਹੁੰਦੀ।

ਸ਼ਗਨ ਵਾਲੇ ਦਿਨ ਜਿਉਂ ਹੀ ਲੜਕੀ ਵਾਲਿਆਂ ਨੇ ਸ਼ਗਨ ਪਾਉਣ ਦੀ ਰਸਮ ਅਦਾ ਕੀਤੀ ਤਾਂ ਬਾਬਾ ਖੜ੍ਹਾ ਹੋ ਕੇ ਕਹਿੰਦਾ, “ਅੱਜ ਇਸ ਖ਼ੁਸ਼ੀ ਦੇ ਮੁਬਾਰਕ ਮੌਕੇ 'ਤੇ ਇਹ ਗੁਰਮੁਖ ਆਪਣੀ ਗੁਰਦੁਆਰੇ ਦੇ ਨਾਲ ਲੱਗਦੀ ਦੋ ਕਨਾਲਾਂ ਜ਼ਮੀਨ ਤੁਹਾਡੇ ਪਿੰਡ ਦੇ ਗੁਰਦੁਆਰੇ 'ਚ ਲੰਗਰ ਹਾਲ ਬਣਾਉਣ ਲਈ ਦਾਨ ਕਰਦਾ ਹੈ। ਤੁਸੀਂ ਹਿੰਮਤ ਕਰ ਕੇ ਲੰਗਰ ਹਾਲ ਬਣਾ ਦੇਣਾ। ਕਾਰਜ ਸਮੇਂ ਲੰਗਰ ਹਾਲ ਨਾ ਹੋਣ ਕਰ ਕੇ ਬਹੁਤ ਦਿੱਕਤ ਆਉਂਦੀ ਹੈ।''ਗੁਰਮੁਖ ਨੂੰ ਸਮਝ ਨਾ ਆਵੇ ਕਿ ਬਾਬੇ ਨੇ ਇਹ ਨਵਾਂ ਸ਼ੋਸ਼ਾ ਕਿੱਥੋਂ ਕੱਢ ਮਾਰਿਆ ਪਰ ਮਰਦਾ ਕੀ ਨਾ ਕਰਦਾ। ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਹਾਂ ਕਹਿਣੀ ਪਈ। ਭਗਤ ਦਾ ਮੁੰਡਾ ਵਿਦੇਸ਼ ਵਿਆਹਿਆ ਗਿਆ ਅਤੇ ਬਾਬੇ ਦੇ ਭਗਤਾਂ ਵਿਚ ਚੋਖਾ ਵਾਧਾ ਹੋ ਗਿਆ। ਬੱਚਿਆਂ ਨੂੰ ਵਿਦੇਸ਼ ਘੱਲਣ ਦੇ ਚਾਹਵਾਨ ਮਾਪਿਆਂ ਦੇ ਗੇੜੇ ਡੇਰੇ ਵਧਣ ਲੱਗ ਪਏ।

ਵਿਦੇਸ਼ਾਂ ਵਿਚ ਵਸਣ ਦੀ ਭੁੱਖ ਐਨੀ ਹਾਵੀ ਹੋ ਗਈ ਹੈ ਕਿ ਅਸੀਂ ਜਹਾਜ਼ ਚੜ੍ਹਨ ਖ਼ਾਤਰ ਰਿਸ਼ਤਿਆਂ ਦੀਆਂ ਮਾਣਮੱਤੀਆਂ ਮਰਿਆਦਾਵਾਂ ਅਤੇ ਪਵਿੱਤਰਤਾ ਨੂੰ ਦਾਅ 'ਤੇ ਲਾ ਦਿੱਤਾ ਹੈ। ਆਈਲੈਟਸ 'ਚੋਂ ਛੇ-ਸੱਤ ਬੈਂਡ ਲੈਣ ਵਾਲਿਆਂ ਬੱਚਿਆਂ ਨੂੰ ਲੱਖਾਂ ਰੁਪਏ ਦੇ ਸੌਦੇ ਕਰ ਕੇ ਕਿਤੇ ਅਸਲੀ ਤੇ ਕਿਤੇ ਜਾਅਲੀ ਵਿਆਹ ਬੰਧਨਾਂ ਵਿਚ ਬੰਨ੍ਹਿਆ ਜਾ ਰਿਹਾ ਹੈ। ਇਹ ਜਾਣਦੇ ਹੋਏ ਵੀ ਕਿ ਅਸੀਂ ਜਾਅਲੀ ਵਿਆਹ ਕਰ ਰਹੇ ਹਾਂ। ਫਿਰ ਵੀ ਲਾਵਾਂ ਪੜ੍ਹ ਕੇ ਅਨੰਦ ਕਾਰਜ ਕੀਤੇ ਜਾ ਰਹੇ ਹਨ। ਜ਼ਿਆਦਾਤਰ ਪੰਜਾਬੀ ਹਰ ਹੀਲੇ-ਵਸੀਲੇ ਵਰਤ ਕੇ, ਰਿਸ਼ਤਿਆਂ ਦੀ ਪਾਕੀਜ਼ਗੀ ਨੂੰ ਖੋਰਾ ਲਾ ਕੇ, ਮਾਂ ਸਮਾਨ ਜ਼ਮੀਨ ਜਾਂ ਮਾਂ ਦੇ ਨੱਕ-ਕੰਨ ਦੇ ਗਹਿਣੇ ਸਭ ਵੇਚ-ਵੱਟ ਕੇ ਸਮੁੰਦਰਾਂ ਪਰਬਤਾਂ ਨੂੰ ਪਾਰ ਕਰ ਕੇ ਦੁਰਾਡੀਆਂ ਅਤੇ ਅਜਨਬੀ ਥਾਵਾਂ ਵੱਲ ਰੁਖ਼ ਕਰ ਰਹੇ ਹਨ।

ਕਾਸ਼! ਸਾਡੇ ਦੇਸ਼ ਵਿਚ ਅਜਿਹਾ ਸੁਖਾਵਾਂ ਮਾਹੌਲ ਹੁੰਦਾ ਜਿੱਥੇ ਹਰੇਕ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਹੁੰਦੀਆਂ। ਸਾਡੇ ਬੱਚੇ ਵਸਦੇ-ਰਸਦੇ ਘਰਾਂ 'ਚ ਚੁੱਪ ਪਸਾਰ ਕੇ ਪਰਾਏ ਦੇਸ਼ਾਂ ਦੇ ਖੇਤਾਂ ਅਤੇ ਕਾਰਖਾਨਿਆਂ ਵਿਚ ਆਪਣੀ ਕਿਰਤ ਨਾ ਲੁਟਾ ਰਹੇ ਹੁੰਦੇ।

-ਮੋਬਾਈਲ ਨੰ. : 76260-63596

Posted By: Jagjit Singh