-ਨੇਤਰ ਸਿੰਘ ਮੁੱਤੋ

ਕਈ ਦਹਾਕੇ ਪਹਿਲਾਂ ਮਨੁੱਖ ਕੁਦਰਤ ਨਾਲ ਜੁੜਿਆ ਹੋਇਆ ਸੀ। ਲੋੜ ਅਨੁਸਾਰ ਹੀ ਜ਼ਿੰਦਗੀ ਜਿਊਣ ਲਈ ਸੀਮਤ ਲੋੜਾਂ ਰੱਖਦਾ ਸੀ। ਪਸ਼ੂ, ਪੰਛੀ, ਜਾਨਵਰ ਤੇ ਰੁੱਖ ਮਨੁੱਖ ਨਾਲ ਜੁੜੇ ਹੋਏ ਸਨ। ਮਨੁੱਖ ਨੂੰ ਉਨ੍ਹਾਂ ਦੀ ਲੋੜ ਪੈਂਦੀ ਤੇ ਉਨ੍ਹਾਂ ਨੂੰ ਮਨੁੱਖ ਦੀ। ਅੱਜ ਲਾਲਚ ਦਾ ਮਾਰਿਆ ਮਨੁੱਖ ਸਭ ਨਾਲੋਂ ਟੁੱਟ ਕੇ ਬਹਿ ਗਿਆ ਹੈ। ਸਿਰਫ ਸੁਆਰਥ ਲਈ ਵਰਤ- ਵਰਤਾਰਾ ਰੱਖਦਾ ਹੈ।

ਬਹੁਤ ਸਮਾਂ ਪਹਿਲਾ ਸਾਡੇ ਪਿੰਡ ਕਿਸੇ ਦੇ ਝੋਟਾ ਤੇ ਸਾਨ੍ਹ ਛੱਡੇ ਹੋਏ ਸਨ, ਜੋ ਮੱਝਾਂ- ਗਾਵਾਂ ਨੂੰ ਆਸ ਲਵਾਉਣ (ਨਵੇਂ ਦੁੱਧ ਕਰਨ) ਲਈ ਜ਼ਰੂਰੀ ਸਨ। ਮੈਂ ਉਦੋਂ ਛੋਟਾ ਸੀ। ਸਾਨ੍ਹ ਪਿੰਡ ਦੀਆਂ ਗਲੀਆਂ 'ਚ ਪੇੜਾ ਜਾਂ ਬਾਸੀ ਰੋਟੀ ਲੈਣ ਲਈ ਹਰੇਕ ਘਰ ਦੇ ਮੂਹਰੇ ਜਾ ਖੜ੍ਹਦਾ। ਹਰੇਕ ਘਰ ਉਸ ਨੂੰ ਪੇੜਾ ਜਾਂ ਬਾਸੀ ਰੋਟੀ ਖਾਣ ਨੂੰ ਦਿੰਦਾ ਸੀ। ਉਸ ਵਿਚ ਵੀ ਸਬਰ ਸੰਤੋਖ ਸੀ।

ਉਦੋਂ ਪਿੰਡਾਂ 'ਚ ਮੱਝਾਂ-ਗਾਵਾਂ ਚਾਰਨ ਲਈ ਵੱਗ ਛੱਡੇ ਜਾਂਦੇ ਸਨ। ਝੋਟਾ ਵੀ ਮੱਝਾਂ ਦੇ ਨਾਲ ਚਰਦਾ ਰਹਿੰਦਾ ਸੀ। ਸਕੂਲ ਸਮੇਂ ਤੋਂ ਬਾਅਦ ਮੈਂ ਵੀ ਮੱਝਾਂ ਚਾਰਨ ਜਾਂਦਾ ਸੀ। ਸਾਡੀ ਗੁਆਂਢਣ ਸੂਬੇਦਾਰਨੀ ਵੀ ਆਪਣੀਆਂ ਮੱਝਾਂ ਸਾਡੀਆਂ ਮੱਝਾਂ ਦੇ ਨਾਲ ਭੇਜ ਦਿੰਦੀ। ਇਕ ਦਿਨ ਉਨ੍ਹਾਂ ਦੀ ਮੱਝ ਚਾਰਦੇ ਸਮੇਂ ਹੀ ਆਸ ਲੱਗ ਗਈ। ਮੈਂ ਘਰੇ ਆ ਕੇ ਦੱਸਿਆ ਕਿ ਤਾਈ ਜੀ! ਅੱਜ ਤੁਹਾਡੀ ਆਹ ਮੱਝ ਆਸ ਲੱਗ ਗਈ। ਉਹ ਬੜਾ ਖ਼ੁਸ਼ ਹੋਈ ਤੇ ਕਾਫੀ ਸਾਰਾ ਗੁੜ ਲਿਆ ਕੇ ਮੈਨੂੰ ਕਹਿੰਦੀ, ''ਆਹ ਤੂੰ ਖਾ ਲੈ ਤੇ ਆਹ ਕਿਤੇ ਝੋਟਾ ਬੈਠਾ ਹੋਣੈ, ਉਸ ਨੂੰ ਪਾ ਆ।''

ਸਮਾਂ ਬਦਲਿਆ। ਸਾਡੇ ਪਿੰਡ ਦਾ ਲਾਲਚੀ ਬੰਦਾ ਉਸ ਝੋਟੇ ਨੂੰ ਕਿਤੇ ਦੂਰ ਛੱਡ ਆਇਆ। ਉਸ ਨੇ ਘਰ ਇਕ ਵਧੀਆ ਕੱਟਾ ਪਾਲ ਲਿਆ ਸੀ। ਉਸ ਕੋਲ ਜ਼ਮੀਨ ਵੀ ਬਹੁਤ ਸੀ। ਉਹ ਪਿੰਡ ਦੇ ਬੰਦੇ ਤੋਂ ਮੱਝ ਆਸ ਲਵਾਈ ਦੇ ਪੰਜ ਰੁਪਏ ਲੈਣ ਲੱਗ ਪਿਆ। ਫੇਰ ਵਧਦਾ-ਵਧਦਾ ਦਸ, ਵੀਹ, ਪੱਚੀ ਤੇ ਪੰਜਾਹ ਰੁਪਏ ਤਕ ਆ ਗਿਆ ਸੀ। ਹੁਣ ਤਾਂ ਮੱਝਾਂ-ਗਾਵਾਂ ਦੇ ਟੀਕੇ ਹੀ ਲੱਗਦੇ ਹਨ।

ਝੋਟੇ ਸਾਨ੍ਹ ਬੱਸ ਸੀਮਨ ਤਿਆਰ ਕਰਨ ਲਈ ਪਾਲੇ ਜਾਂਦੇ ਹਨ ਪਰ ਕੁਦਰਤ ਦੇ ਨਿਯਮ ਨੂੰ ਮਨੁੱਖ ਨੇ ਮਲੀਆ ਮੇਟ ਕਰ ਦਿੱਤਾ ਹੈ। ਪਹਿਲਾਂ- ਪਹਿਲ ਲੋਕ ਮੱਝਾਂ -ਗਾਵਾਂ ਘੱਟ ਹੀ ਵੇਚਦੇ ਸਨ। ਹੌਲੀ- ਹੌਲੀ ਮੱਝਾਂ ਗਾਵਾਂ ਦਾ ਵਪਾਰ ਕਰਨ ਲੱਗ ਪਏ। ਹੁਣ ਵੱਡੀਆਂ -ਵੱਡੀਆਂ ਡੇਅਰੀਆਂ ਪਾਈਆਂ ਹੋਈਆਂ ਨੇ ਤੇ ਦੁੱਧ ਘਿਓ 'ਚ ਵੀ ਮਿਲਾਵਟ ਕਰਨ ਲੱਗ ਪਏ ਹਨ।

ਸਰਕਾਰੀ ਨੌਕਰੀ ਕਰਦੇ ਸਮੇਂ ਮੈਂ ਕਈ ਮੁਲਾਜ਼ਮਾਂ ਨੂੰ ਵੇਖਿਆ, ਜੋ ਤਨਖ਼ਾਹ ਲੈਣ ਦੇ ਨਾਲ- ਨਾਲ ਡਿਊਟੀ ਸਮੇਂ ਕਈ ਹੋਰ ਕੰਮ ਵੀ ਕਰਦੇ ਸਨ। ਇਕ ਮੁਲਾਜ਼ਮ ਨੇ ਟੈਂਟ ਦੀ ਦੁਕਾਨ ਪਾਈ ਹੋਈ ਸੀ। ਉਹ ਦਫ਼ਤਰੀ ਕੰਮ ਨਾਲੋਂ ਜ਼ਿਆਦਾ ਆਪਣੇ ਬਿਜ਼ਨਸ ਨੂੰ ਤਰਜੀਹ ਦਿੰਦਾ ਸੀ। ਇਕ ਮੁਲਾਜ਼ਮ ਤਨਖ਼ਾਹ ਲੈਣ ਦੇ ਬਾਵਜੂਦ ਅਖੰਡ ਪਾਠ ਦੀਆਂ ਰੋਲਾਂ ਲਾਉਦਾ ਸੀ।

ਦਫ਼ਤਰੀ ਟਾਈਮ ਸਮੇਂ ਉਹ ਦੋ ਘੰਟੇ ਦੀ ਛੁੱਟੀ ਰੱਖ ਕੇ ਚਲੇ ਜਾਂਦਾ ਤੇ ਆ ਕੇ ਛੁੱਟੀ ਪਾੜ ਦਿੰਦਾ ਸੀ। ਇਕ ਮੁਲਾਜ਼ਮ ਨੇ ਆਟੋ ਰਿਕਸ਼ਾ ਪਾਇਆ ਹੋਇਆ ਸੀ। ਮੈਂ ਉਸ ਨੂੰ ਪੁੱਛ ਲਿਆ ਕਿ ਜਦੋਂ ਤੈਨੂੰ ਤਨਖ਼ਾਹ ਮਿਲਦੀ ਹੈ ਤਾਂ ਤੂੰ ਆਟੋ ਕਿਉਂ ਚਲਾਉਂਦਾ ਹੈਂ ? ਉਹ ਬੁੱਲਾਂ 'ਚ ਹੱਸਦਾ ਕਹਿਣ ਲੱਗਾ, ''ਕਈ ਵਾਰੀ ਸ਼ੁਗਲ ਮੇਲਾ ਕਰਨ ਲਈ ਸ਼ਰਾਬ, ਮਾਸ ਤੇ ਸ਼ਬਾਬ ਦੀ ਲੋੜ ਪੈਦੀ ਹੈ। ਤਨਖ਼ਾਹ ਨਾਲ ਤਾਂ ਬੱਚੇ ਹੀ ਪਾਲ ਹੁੰਦੇ ਨੇ।''

ਮੈਂ ਹੈਰਾਨ ਹੋਇਆ ਸੋਚਦਾਂ ਕਿ ਕਰਮ ਬੰਦੇ ਦਾ ਧਰਮ ਹੁੰਦਾ ਹੈ ਪਰ ਇੱਥੇ ਕਈ ਲੋਕ ਧਰਮ ਨੂੰ ਕਰਮ ਸਮਝੀ ਜਾਂਦੇ ਹਨ। ਕਈ ਵੱਡੇ- ਵੱਡੇ ਅਹੁਦੇ ਵਾਲੇ ਅਫ਼ਸਰ ਮੋਟੀਆਂ ਤਨਖ਼ਾਹਾਂ ਦੇ ਨਾਲ- ਨਾਲ ਰਿਸ਼ਵਤ ਲੈਂਦੇ ਹਨ। ਬਹੁਤੇ ਅਧਿਆਪਕ ਬੱਚਿਆਂ ਨੂੰ ਸਕੂਲ ਘੱਟ ਤੇ ਆਪਣੇ ਘਰ ਟਿਊਸ਼ਨਾਂ ਵੱਧ ਪੜ੍ਹਾਉਂਦੇ ਹਨ। ਮੇਰਾ ਇਕ ਮਿੱਤਰ ਹੈ, ਜੋ ਸਰਕਾਰੀ ਨੌਕਰੀ ਤੋਂ ਸੇਵਾਮੁਕਤ ਹੋ ਕੇ ਵਧੀਆ ਪੈਨਸ਼ਨ ਲੈਂਦਾ ਹੈ। ਉਸ ਨੇ ਪ੍ਰਾਪਰਟੀ ਡੀਲਰ ਦਾ ਕੰਮ ਸ਼ੁਰੂ ਕਰ ਲਿਆ।

ਮੋਟਰਸਾਈਕਲ 'ਤੇ ਤੇਲ ਫੂਕਦਾ ਜ਼ਮੀਨ-ਜਾਇਦਾਦ ਵੇਚਣ ਤੇ ਲੈਣ ਵਾਲਿਆਂ ਦੀਆਂ ਮਿੰਨਤਾਂ ਕਰਦਾ ਰਹਿੰਦਾ ਹੈ। ਇਕ ਦਿਨ ਮੈਨੂੰ ਉਸ ਦਾ ਫੋਨ ਆਇਆ ਕਿ ਮੈਂ ਮੈਰਿਜ ਬਿਊਰੋ ਦਾ ਦਫ਼ਤਰ ਵੀ ਖੋਲ੍ਹਣ ਲੱਗਿਆ ਹਾਂ। ਕੋਈ ਰਿਸ਼ਤੇ ਵਾਲਾ ਹੋਵੇ ਤਾਂ ਮੇਰੇ ਕੋਲ ਭੇਜਿਆ ਕਰ। ਜਦ ਮੈਂ ਉਸ ਨੂੰ ਫੀਸ ਪੁੱਛੀ ਤਾਂ ਕਹਿੰਦਾ ਪਾਰਟੀ ਵੇਖ ਕੇ ਲੈ ਲਈਦੀ ਹੈ। ਕਿਸੇ ਤੋਂ ਪੰਜ, ਕਿਸੇ ਤੋਂ ਦਸ ਹਜ਼ਾਰ, ਇੱਕੀ ਜਾਂ ਇਕਵੰਜਾ ਹਜ਼ਾਰ ਵੀ ਲੈ ਲਈਦਾ। ਮੈਂ ਕਿਹਾ ਫੇਰ ਰੱਜ ਆ ਜਾਊ। ਕਹਿੰਦਾ ਮੇਰੇ ਖ਼ਰਚੇ ਬਹੁਤ ਨੇ , ਤੂੰ ਤਾਂ ਦਸ ਰੁਪਏ ਵੀ ਸੋਚ ਸਮਝ ਕੇ ਖ਼ਰਚਦਾ ਹੈਂ।

ਕਿੰਨਾ ਸਤਿਕਾਰਯੋਗ ਵਿਚੋਲੇ ਵਾਲਾ ਕੰਮ ਵੀ ਮਨੁੱਖ ਨੇ ਦਾਗ਼ੀ ਤੇ ਬੇਸਬਰਾ ਬਣਾ ਲਿਆ ਹੈ, ਜੋ ਪਹਿਲਾਂ ਕੰਬਲ, ਸੂਟ ਜਾਂ ਥੋੜ੍ਹੇ -ਬਹੁਤੇ ਰੁਪਏ ਤਕ ਸੀਮਤ ਸੀ। ਅੱਜ ਦਾ ਮਨੁੱਖ ਕਿਹੋ ਜਿਹੀ ਜ਼ਿੰਦਗੀ ਜਿਉੂਣ ਲੱਗ ਪਿਆ ਹੈ। ਲਾਹਨਤ ਹੈ ਮਨੁੱਖੀ ਜਾਮੇ ਨੂੰ। ਕੀ ਮਨੁੱਖ ਲਾਲਚ ਲਈ ਹੀ ਜਨਮ ਲੈਂਦਾ ਹੈ?

ਜਿਹੜੇ ਕਿਰਤੀ ਕਿਸਾਨ ਨੂੰ ਰੱਬ ਦਾ ਰੂਪ ਸਮਝਿਆ ਜਾਂਦਾ ਸੀ, ਉਹ ਪਹਿਲਾਂ ਕੁਦਰਤ ਨਾਲ ਜੁੜਿਆ ਖੇਤੀ ਕਰਦਾ ਸੀ। ਪੰਜ- ਛੇ ਬੱਚੇ ਹੋਣ 'ਤੇ ਵੀ ਵਧੀਆ ਗੁਜ਼ਾਰਾ ਕਰਦਾ ਸੀ। ਬਲਦਾਂ ਨਾਲ ਖੇਤੀ ਕਰਦਾ। ਖੂਹ 'ਚੋਂ ਪਾਣੀ ਲੈਂਦਾ।

ਖ਼ਰਚੇ ਘੱਟ ਹੋਣ ਕਰ ਕੇ ਖੁਸ਼ਹਾਲ ਜ਼ਿੰਦਗੀ ਬਤੀਤ ਕਰਦਾ ਸੀ। ਬਲਦਾਂ ਦੇ ਨਾਲ -ਨਾਲ ਖੇਤਾਂ 'ਚ ਖੜ੍ਹੇ ਟਾਹਲੀ, ਨਿੰਮ, ਤੂਤ ਤੇ ਕਿੱਕਰਾਂ ਨੂੰ ਮੋਹ ਨਾਲ ਪਾਲਦਾ ਸੀ ਪਰ ਹੁਣ ਬਲਦਾਂ ਨਾਲ ਖੇਤੀ ਕਰਨੀ ਛੱਡ ਕੇ ਟਰੈਕਟਰ ਤੇ ਹੋਰ ਮਸ਼ੀਨਰੀ ਆਪਣੇ ਸੁੱਖਾਂ ਲਈ ਵਰਤਣ ਲੱਗ ਗਿਆ ਹੈ ਤੇ ਤਿੰਨ- ਤਿੰਨ ਫ਼ਸਲਾਂ 'ਤੇ ਵੀ ਕਰਜ਼ਾਈ ਹੋਇਆ ਪਿਐ। ਲਾਲਚ ਵੱਸ ਟਾਹਲੀ, ਤੂਤ, ਕਿੱਕਰਾਂ, ਨਿੰਮ ਆਦਿ ਵੱਢ ਕੇ ਸਿਰਫ ਸਫੈਦਾ, ਪਾਪੂਲਰ ਲਾ ਕੇ ਜਲਦੀ ਅਮੀਰ ਹੋਣ ਦਾ ਭਰਮ ਪਾਲੀ ਬੈਠਾ ਹੈ।

ਨੇਤਾ ਜੀ ਦੀ ਪਦਵੀ ਬਹੁਤ ਇੱਜ਼ਤ- ਮਾਣ ਵਾਲੀ ਹੁੰਦੀ ਸੀ। ਲੋਕ ਆਪਣੇ ਨੇਤਾਵਾਂ ਨੂੰ ਸਾਧਾਂ- ਸੰਤਾਂ ਵਾਲਾ ਸਤਿਕਾਰ ਦਿੰਦੇ ਸਨ। ਸਾਡੇ ਸੰਵਿਧਾਨ ਅਨੁਸਾਰ ਸਰਕਾਰੀ ਸਰਵਿਸ ਤੋਂ ਇਲਾਵਾ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੀ ਪੂਰਤੀ ਲਈ ਬੱਸਾਂ, ਪੈਟਰੋਲ ਪੰਪਾਂ ਤੇ ਹੋਰ ਕਾਰੋਬਾਰੀ ਦੇ ਵਸੀਲੇ ਪੈਦਾ ਕਰ ਕੇ ਪਰਮਿਟ ਦਿੱਤੇ ਜਾਂਦੇ ਸਨ ਪਰ ਅੱਜ ਸਾਰੇ ਵੱਡੇ-ਵੱਡੇ ਕਾਰੋਬਾਰ ਸਾਡੇ ਨੇਤਾ ਸਾਂਭੀ ਬੈਠੇ ਹਨ।

ਬੱਸਾਂ ਤੇ ਪੈਟਰੋਲ ਪੰਪਾਂ ਦੇ ਲੋੜ ਤੋਂ ਵੱਧ ਪਰਮਿਟ ਲੈ ਕੇ ਨਿਗੂਣੀਆਂ ਜਿਹੀਆਂ ਤਨਖ਼ਾਹਾਂ 'ਤੇ ਕਰਿੰਦੇ ਰੱਖੇ ਹੋਏ ਹਨ। ਬੱਸਾਂ ਠੇਕੇ 'ਤੇ ਦੇ ਕੇ ਆਪ ਏਸੀ ਕੋਠੀਆਂ ਕਾਰਾਂ ਤੇ ਦਫ਼ਤਰਾਂ 'ਚ ਆਰਾਮ ਦੀ ਜ਼ਿੰਦਗੀ ਬਤੀਤ ਕਰਦੇ ਹਨ। ਬੜਾ ਦੁੱਖ ਹੁੰਦਾ ਸੀ, ਜਦ ਨੌਕਰੀ ਕਰਦੇ ਸਮੇਂ ਸਫ਼ਰ ਕਰਦਿਆਂ ਕੰਡਕਟਰ ਕਹਿੰਦਾ ਹੁੰਦਾ ਸੀ, ਬਾਈ ਜੀ ਤੇਲ ਪਵਾਉਣ ਲਈ ਰੁਪਏ ਦਿਓ, ਕੱਲ੍ਹ ਨੂੰ ਮੋੜ ਦੇਵਾਂਗਾ। ਅੱਜ ਸਵਾਰੀ ਘੱਟ ਗਈ ਹੈ।

ਸਾਡੇ ਨੇਤਾਵਾਂ ਨੇ ਲੋਕਾਂ ਦੀ ਕਿੰਨੀ ਮਾੜੀ ਹਾਲਤ ਕਰ ਦਿੱਤੀ ਹੈ। ਵੋਟਾਂ ਲੈ ਕੇ ਜਨਤਾ ਨਾਲ ਹੀ ਦਗ਼ਾ ਕਰਦੇ ਹਨ। ਸਾਨੂੰ ਜ਼ਿੰਦਗੀ 'ਚ ਕਈ ਉਦਾਹਰਨਾਂ ਸਬਕ ਸਿੱਖਣ ਨੂੰ ਮਿਲਦੀਆਂ ਹਨ ਪਰ ਅਸੀਂ ਅਣਗੌਲੀਆਂ ਕਰ ਦਿੰਦੇ ਹਾਂ। ਸਾਡੇ ਪੰਜਾਬ ਦੇ ਇਕ ਰਾਜਪਾਲ ਹੋਏ ਹਨ, ਜੋ ਅਹੁਦੇ ਤੋਂ ਹਟਣ ਪਿੱਛੋਂ ਨੋਟਾਂ ਦੇ ਬਕਸੇ ਭਰ ਕੇ ਜਹਾਜ਼ 'ਚ ਆਪਣੀ ਰਿਹਾਇਸ਼ 'ਤੇ ਲਿਜਾ ਜਾ ਰਿਹਾ ਸੀ।

ਅਚਾਨਕ ਜਹਾਜ਼ ਨੂੰ ਹਾਦਸਾ ਵਾਪਰ ਗਿਆ। ਨੋਟ ਪਹਾੜਾਂ 'ਤੇ ਪੰਛੀਆਂ ਦੇ ਖੰਭਾਂ ਵਾਂਗੂੰ ਖਿਲਰ ਗਏ। ਕੁਝ ਲੋਕਾਂ ਨੇ ਚੁੱਕ ਲਏ ਤੇ ਬਹੁਤੇ ਖੱਡਾਂ 'ਚ ਹੀ ਗਲ- ਸੜ ਗਏ। ਉਸ ਤੋਂ ਸਾਡੇ ਨੇਤਾਵਾਂ ਤੇ ਅਫ਼ਸਰਸ਼ਾਹੀ ਨੇ ਕੋਈ ਸਬਕ ਨਹੀਂ ਸਿੱਖਿਆ। ਜਦ ਮੈਂ ਸੇਵਾਮੁਕਤ ਹੋ ਕੇ ਘਰ ਆਇਆ ਤਾਂ ਮੈਨੂੰ ਕਈਆਂ ਨੇ ਰਾਏ ਦਿੱਤੀ ਕਿ ਵਿਹਲਾ ਰਹਿਣ ਨਾਲੋਂ ਕਿਤੇ ਪ੍ਰਾਈਵੇਟ ਨੌਕਰੀ ਕਰ ਲੈ, ਨਹੀਂ ਦੁਕਾਨ ਖੋਲ੍ਹ ਲੈ। ਮੇਰਾ ਇੱਕੋ ਜਵਾਬ ਹੁੰਦਾ, ''ਜੇ ਮੈਨੂੰ ਅਠੱਤੀ ਸਾਲ ਸਰਕਾਰੀ ਨੌਕਰੀ ਕਰ ਕੇ ਸਬਰ ਨਹੀਂ ਆਇਆ, ਫੇਰ ਤਾਂ ਰੱਬ ਹੀ ਰਾਖਾ ਹੈ। ਮੇਰਾ ਪੈਨਸ਼ਨ ਨਾਲ ਗੁਜ਼ਾਰਾ ਵਧੀਆ ਹੋਈ ਜਾਂਦਾ ਹੈ। ਬਾਬੇ ਨਾਨਕ ਦੀ ਬਾਣੀ ਸੱਚ ਕਹਿੰਦੀ ਹੈ, 'ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ'।

ਮੋ: 94636-56728

Posted By: Jagjit Singh