-ਨਰਿੰਦਰ ਮਾਹੀ

31 ਜੁਲਾਈ 1987 ਦਾ ਦਿਨ ਸੀ। ਉਸ ਦਿਨ ਜਲੰਧਰ ਦੇ ਨਰਿੰਦਰ ਸਿਨੇਮਾ 'ਚ ਬੰਬ ਕਾਂਡ ਹੋਇਆ ਸੀ। ਮੈਂ ਰੋਜ਼ ਦੀ ਤਰ੍ਹਾਂ ਆਪਣੇ ਪਿੰਡ ਜੰਡਿਆਲਾ ਜ਼ਿਲ੍ਹਾ ਜਲੰਧਰ, ਹੁਣ ਨਵਾਂਸ਼ਹਿਰ ਤੋਂ ਸਾਈਕਲ 'ਤੇ ਬੰਗਾ ਅਤੇ ਬੰਗਾ ਤੋਂ ਬੱਸ ਰਾਹੀਂ ਜਲੰਧਰ ਦੇ ਲਾਇਲਪੁਰ ਖ਼ਾਲਸਾ ਕਾਲਜ ਪਹੁੰਚਿਆ। ਉਸ ਦਿਨ ਮੇਰਾ ਐੱਮਏ ਫਾਈਨਲ ਪੰਜਾਬੀ ਲੋਕਧਾਰਾ (ਫੋਕਲੋਰ) ਵਿਸ਼ੇ ਦਾ ਪੇਪਰ ਸੀ। ਪੇਪਰ ਸ਼ਾਮ ਨੂੰ 5 ਵਜੇ ਖ਼ਤਮ ਹੋਇਆ। ਪੇਪਰ ਖ਼ਤਮ ਹੋਣ ਤੋਂ ਬਾਅਦ ਮੈਂ ਕਮਰੇ 'ਚੋਂ ਨਿਕਲਿਆ ਤਾਂ ਮੇਰੇ ਨਾਲ ਹੀ ਮੇਰੇ ਸਾਥੀ ਤੇਗਾ ਸਿੰਘ ਸੰਧੂ ਬਸ਼ੇਸ਼ਰਪੁਰ ਅਤੇ ਮਨਜੀਤ ਸਿੰਘ ਘੋੜਾਵਾਹਾ ਨਿਕਲੇ। ਸਾਡੀ ਤਿੰਨਾਂ ਦੀ ਬੜੀ ਗੂੜ੍ਹੀ ਮਿੱਤਰਤਾ ਸੀ। ਅਸੀਂ ਤਿੰਨੋਂ ਹੀ ਲਾਇਲਪੁਰ ਖ਼ਾਲਸਾ ਕਾਲਜ ਤੋਂ ਬੱਸ ਸਟੈਂਡ ਤਕ ਪੈਦਲ ਹੀ ਜਾਂਦੇ ਹੁੰਦੇ ਸਾਂ ਅਤੇ ਆਪੋ-ਆਪਣੇ ਟਿਕਾਣੇ ਪਹੁੰਚਣ ਲਈ ਬੱਸਾਂ ਵਿਚ ਸਵਾਰ ਹੋ ਜਾਂਦੇ ਪਰ ਉਸ ਦਿਨ ਮਨਜੀਤ ਸਿੰਘ ਘੋੜਾਵਾਹਾ ਕਾਲਜ ਦੇ ਸਕੂਟਰ ਸਟੈਂਡ ਵੱਲ੍ਹ ਨੂੰ ਮੁੜਨ ਲੱਗਿਆ ਸਾਨੂੰ ਕਹਿਣ ਲੱਗਾ, 'ਇਕ ਮਿੰਟ ਰੁਕੋ, ਮੈਂ ਹੁਣੇ ਆਉਂਦਾ ਹਾਂ।' ਅਸੀਂ ਉਸ ਦਾ ਉੱਥੇ ਹੀ ਇੰਤਜ਼ਾਰ ਕਰਨ ਲੱਗ ਪਏ।

ਥੋੜ੍ਹੀ ਦੇਰ ਬਾਅਦ ਦੇਖਿਆ ਕਿ ਉਹ ਬਿਨਾਂ ਨੰਬਰੀ ਨਵਾਂ ਸਕੂਟਰ ਲੈ ਕੇ ਆ ਗਿਆ ਤੇ ਕਹਿੰਦਾ ਕਿ ਅਜੇ ਕੱਲ੍ਹ ਹੀ ਲਿਆ ਹੈ। ਅਸੀਂ ਕਿਹਾ ਕਿ ਫਿਰ ਤਾਂ ਤੈਨੂੰ ਪਾਰਟੀ ਕਰਨੀ ਪਵੇਗੀ। ਉਹ ਕਹਿੰਦਾ ਕਿ ਚਲੋ ਫਿਰ ਕਿਸੇ ਹੋਟਲ ਵਿਚ ਚੱਲਦੇ ਹਾਂ ਅਤੇ ਨਾਲੇ ਅੱਜ ਆਪਣਾ ਕਾਲਜ ਦਾ ਵੀ ਆਖ਼ਰੀ ਦਿਨ ਹੈ। ਫਿਰ ਕਦੇ ਮੁਲਾਕਾਤ ਹੋਵੇ, ਨਾ ਹੋਵੇ ਕੀ ਪਤਾ। ਇੰਨਾ ਕਹਿੰਦੇ ਹੋਏ ਉਸ ਨੇ ਸਾਨੂੰ ਦੋਹਾਂ ਨੂੰ ਵੀ ਸਕੂਟਰ 'ਤੇ ਬਿਠਾ ਲਿਆ ਤੇ ਕਾਲਜ ਤੋਂ ਬੱਸ ਸਟੈਂਡ ਵੱਲ ਨੂੰ ਚੱਲ ਪਏ। ਜਦੋਂ ਅਸੀਂ ਰੇਲਵੇ ਕਰਾਸਿੰਗ ਕੋਲ ਪੈਂਦੇ ਥਾਣੇ ਲਾਗੇ ਪੁੱਜੇ ਤਾਂ ਸਾਨੂੰ ਪੁਲਿਸ ਨੇ ਨਾਕੇ 'ਤੇ ਰੋਕ ਲਿਆ। ਤਿੰਨ-ਚਾਰ ਪੁਲਿਸ ਵਾਲੇ ਸਾਡੇ ਕੋਲ ਆਏ ਤੇ ਸਾਨੂੰ ਧੱਕਦੇ ਹੋਏ ਥਾਣੇ ਲੈ ਗਏ। ਅਸੀਂ ਉਨ੍ਹਾਂ ਨੂੰ ਕਿਹਾ ਕਿ ਸਾਡਾ ਕਸੂਰ ਕੀ ਹੈ? ਉਹ ਕਹਿਣ ਲੱਗੇ ਕਿ ਕੀ ਪਤਾ ਸਿਨੇਮੇ ਵਿਚ ਬੰਬ ਤੁਸੀਂ ਹੀ ਚਲਾਇਆ ਹੈ। ਇੰਨਾ ਸੁਣਦੇ ਸਾਰ ਸਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਕਿਹੜਾ ਸਿਨੇਮਾ, ਕਿਹੜਾ ਬੰਬ? ਉਹ ਸਾਨੂੰ ਕਹਿਣ ਲੱਗੇ, 'ਦੇਖੋ ਹੁਣ ਕਿੰਨਾ ਭੋਲੇ ਬਣਦੇ ਨੇ। ਉਨ੍ਹਾਂ ਸਾਨੂੰ ਥਾਣੇ ਅੰਦਰ ਲਿਜਾ ਕੇ ਸਾਡੀਆਂ ਗੁੱਟ ਘੜੀਆਂ ਉਤਰਾ ਕੇ ਸਾਡੀਆਂ ਜੇਬਾਂ 'ਚੋਂ ਸਾਰਾ ਕੁਝ ਕੱਢ ਲਿਆ ਅਤੇ ਸਾਨੂੰ ਕੱਪੜੇ ਉਤਾਰਨ ਲਈ ਕਿਹਾ। ਅਸੀਂ ਉਨ੍ਹਾਂ ਦਾ ਮਿੰਨਤ-ਤਰਲਾ ਕਰਨ ਲੱਗ ਪਏ। ਉਨ੍ਹਾਂ ਦੇ ਮਨ 'ਚ ਪਤਾ ਨਹੀਂ ਕੀ ਆਇਆ ਕਿ ਉਨ੍ਹਾਂ ਨੇ ਸਾਡੇ ਕੱਪੜੇ ਨਹੀਂ ਲਾਹੇ ਪਰ ਸਾਨੂੰ ਇਕ ਤੰਗ ਜਿਹੇ ਸੀਖਾਂ ਵਾਲੇ ਕਮਰੇ ਵਿਚ ਬੰਦ ਕਰ ਦਿੱਤਾ। ਗਰਮੀ ਦਾ ਮੌਸਮ ਹੋਣ ਕਾਰਨ ਸਾਡੇ ਪਸੀਨੇ ਛੁੱਟ ਰਹੇ ਸਨ, ਗਰਮੀ ਨਾਲ ਸਾਡੇ ਸਾਰੇ ਕੱਪੜੇ ਭਿੱਜ ਗਏ।

ਕਾਫ਼ੀ ਸਮਾਂ ਬੀਤ ਗਿਆ। ਸਾਡੀ ਕੋਈ ਵੀ ਸੁਣਵਾਈ ਨਹੀਂ ਸੀ ਹੋ ਰਹੀ। ਥੋੜ੍ਹੀ ਦੇਰ ਬਾਅਦ ਥਾਣੇ ਅੰਦਰ ਇਕ ਲੜਕਾ ਚਾਹ ਲੈ ਕੇ ਆਇਆ। ਉਹ ਕੁਝ ਕੈਦੀਆਂ ਨੂੰ ਚਾਹ ਦੇ ਕੱਪ ਫੜਾ ਕੇ ਮੁੜਨ ਹੀ ਲੱਗਾ ਸੀ ਕਿ ਅਸੀਂ ਉਸ ਨੂੰ ਹਾਕ ਮਾਰ ਲਈ। ਮਨਜੀਤ ਸਿੰਘ ਘੋੜਾਵਾਹਾ ਨੇ ਆਪਣੀ ਜੇਬ 'ਚੋਂ ਸੌ ਰੁਪਏ ਕੱਢ ਕੇ ਉਸ ਲੜਕੇ ਨੂੰ ਦਿੱਤੇ ਅਤੇ ਕਿਹਾ ਕਿ ਸਾਡੇ ਲਈ ਤਿੰਨ ਠੰਢੇ ਦੀਆਂ ਬੋਤਲਾਂ ਲੈ ਕੇ ਆ। ਥਾਣੇ ਦੇ ਨਾਲ ਹੀ ਪਿਛਲੇ ਪਾਸੇ ਲਾਇਲਪੁਰ ਖ਼ਾਲਸਾ ਕਾਲਜ ਦੇ ਪ੍ਰੋਫੈਸਰਾਂ ਦੀ ਰਿਹਾਇਸ਼ ਸੀ। ਉਨ੍ਹਾਂ ਹੀ ਰਿਹਾਇਸ਼ਾਂ ਵਿਚ ਸਾਡੇ ਵਿਭਾਗ ਦੇ ਮੁਖੀ ਪ੍ਰੋ. ਨਰੰਜਣ ਸਿੰਘ ਢੇਸੀ ਰਹਿੰਦੇ ਸਨ। ਉਹ ਨਿੱਜ ਰਹਿਤ ਇਨਸਾਨ ਸਨ। ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਚ ਲਗਵਾਏ ਰੁੱਖ ਬੜੀ ਲੰਮੀ ਦੇਰ ਤਕ ਉਨ੍ਹਾਂ ਦੀ ਯਾਦ ਦਿਵਾਉਂਦੇ ਰਹਿਣਗੇ। ਸਾਡੇ ਤਿੰਨਾਂ ਨਾਲ ਉਨ੍ਹਾਂ ਦਾ ਬੜਾ ਮੋਹ ਸੀ। ਅਸੀਂ ਮੋਹਰਲੀਆਂ ਬੈਚਾਂ 'ਤੇ ਬੈਠਣ ਵਾਲੇ ਵਿਦਿਆਰਥੀ ਸਾਂ। ਮੈਨੂੰ ਇਕ ਵਾਰ ਉਨ੍ਹਾਂ ਦੇ ਘਰ ਜਾਣ ਦਾ ਮੌਕਾ ਮਿਲਿਆ ਸੀ। ਇਸੇ ਲਈ ਮੈਨੂੰ ਪਤਾ ਸੀ ਕਿ ਉਹ ਇੱਥੇ ਹੀ ਰਹਿੰਦੇ ਹਨ। ਮੈਂ ਇਕ ਪੇਪਰ 'ਤੇ ਉਨ੍ਹਾਂ ਦਾ ਐਡਰੈੱਸ ਅਤੇ ਆਪਣੇ ਤਿੰਨਾਂ ਦੇ ਨਾਂ ਲਿਖ ਕੇ ਉਸ ਚਾਹ ਵਾਲੇ ਨੂੰ ਦਿੱਤੇ ਕਿ ਇਹ ਪੇਪਰ ਇਸ ਐਡਰੈੱਸ 'ਤੇ ਦੇ ਕੇ ਆਵੀਂ ਅਤੇ ਬਾਕੀ ਪੈਸੇ ਤੂੰ ਹੀ ਰੱਖ ਲਈਂ। ਉਸ ਨੇ ਸਾਡੇ ਤੋਂ 100 ਰੁਪਏ ਲਏ ਅਤੇ ਚਲਾ ਗਿਆ। ਮੈਨੂੰ ਯਕੀਨ ਸੀ ਕਿ ਜਦੋਂ ਇਹ ਖ਼ਤ ਉਨ੍ਹਾਂ ਤਕ ਪੁੱਜੇਗਾ ਤਾਂ ਉਹ ਤੁਰੰਤ ਸਾਨੂੰ ਰਿਹਾਅ ਕਰਵਾਉਣ ਥਾਣੇ ਆ ਜਾਣਗੇ।

ਬੜੀ ਦੇਰ ਉਸ ਚਾਹ ਵਾਲੇ ਦਾ ਇੰਤਜ਼ਾਰ ਕਰਦੇ ਰਹੇ ਪਰ ਨਾ ਹੀ ਉਹ ਆਇਆ ਨਾ ਹੀ ਉਸ ਦੇ ਠੰਢੇ ਆਏ ਅਤੇ ਨਾ ਹੀ ਪ੍ਰੋਫੈਸਰ ਸਾਹਿਬ ਸਾਨੂੰ ਛੁਡਾਉਣ ਆਏ। ਹਨੇਰਾ ਹੋ ਰਿਹਾ ਸੀ। ਅਸੀਂ ਇਕ ਪੁਲਿਸ ਵਾਲੇ ਨੂੰ ਪੁੱਛਿਆ ਕਿ ਚਾਹ ਵਾਲੇ ਨੂੰ ਮਿਲਣਾ ਹੈ ਤਾਂ ਉਸ ਨੇ ਦੱਸਿਆ ਕਿ ਉਹ ਚਾਹ ਵਾਲਾ ਖੋਖਾ ਬੰਦ ਕਰ ਕੇ ਕਦੋਂ ਦਾ ਚਲੇ ਗਿਆ ਹੈ। ਸਾਡੀ ਆਸ ਦਾ ਦੀਵਾ ਹੁਣ ਬੁਝ ਚੁੱਕਾ ਸੀ। ਮੈਨੂੰ ਸੀਖਾਂ ਵਾਲੀ ਤੰਗ ਕੋਠੜੀ ਵਿਚ ਬੈਠਿਆਂ 1984 ਦੀ ਯਾਦ ਆਉਣ ਲੱਗੀ ਜਦੋਂ ਫਰਜ਼ੀ ਮੁਕਾਬਲਿਆਂ ਵਿਚ ਨੌਜਵਾਨਾਂ ਨੂੰ ਅੱਤਵਾਦੀ ਐਲਾਨ ਕੇ ਮਾਰਿਆ ਜਾਂਦਾ ਸੀ। ਮੇਰਾ ਡਰਦੇ ਦਾ ਪਸੀਨੇ ਨਾਲ ਹੋਰ ਵੀ ਬੁਰਾ ਹਾਲ ਸੀ। ਇੰਨੀ ਦੇਰ ਨੂੰ ਇਕ ਸਿਪਾਹੀ ਨੇ ਆਵਾਜ਼ ਮਾਰੀ ਕਿ ਬਾਹਰ ਆ ਕੇ ਲਾਈਨ ਵਿਚ ਲੱਗ ਜਾਓ। ਅਸੀਂ ਤਿੰਨੇ ਜਣੇ ਵੀ ਲਾਈਨ ਵਿਚ ਲੱਗ ਗਏ। ਉਸੇ ਵਕਤ ਥਾਣੇ ਅੰਦਰ ਇਕ ਪੁਲਿਸ ਅਫ਼ਸਰ ਚਾਰ-ਪੰਜ ਮਲਾਜ਼ਮਾਂ ਨਾਲ ਬੜੀ ਤੇਜ਼ ਗਤੀ ਨਾਲ ਦਾਖ਼ਲ ਹੋਇਆ। ਉਸ ਦੇ ਸਕਿਉਰਿਟੀ ਵਾਲੇ ਬਾਹਰ ਖੜ੍ਹੇ ਹੋ ਗਏ। ਉਨਾਂ 'ਚੋਂ ਇਕ ਦੀ ਨਜ਼ਰ ਲਾਈਨ ਵਿਚ ਖੜ੍ਹੇ ਮਨਜੀਤ ਸਿੰਘ ਘੋੜਾਬਾਹਾ 'ਤੇ ਪੈ ਗਈ। ਉਹ ਸਾਡੇ ਕੋਲ ਆ ਕੇ ਕਹਿੰਦਾ ਕਿ ਮਨਜੀਤ ਸਿੰਘ ਤੂੰ ਇੱਥੇ ਕਿਸ ਤਰ੍ਹਾਂ ਖੜ੍ਹਾ ਏਂ? ਅਸੀਂ ਤਿੰਨਾਂ ਨੇ ਸਾਰੀ ਕਹਾਣੀ ਉਸ ਨੂੰ ਦੱਸੀ। ਉਸ ਨੇ ਸਾਨੂੰ ਹੌਸਲਾ ਦਿੰਦਿਆਂ ਕਿਹਾ ਕਿ ਕੋਈ ਫ਼ਿਕਰ ਨਾ ਕਰੋ। ਉਸ ਨੇ ਆਪਣੀ ਜੇਬ 'ਚੋਂ ਇਕ ਪੇਪਰ ਕੱਢਿਆ ਤੇ ਆਪਣਾ ਪੁਲਿਸ ਲਾਈਨ ਦਾ ਪਤਾ-ਟਿਕਾਣਾ ਲਿਖ ਦਿੱਤਾ ਤੇ ਕਿਹਾ ਕਿ ਹੁਣ ਹਨੇਰਾ ਹੋ ਗਿਆ ਹੈ। ਤੁਸੀਂ ਮੇਰੇ ਕੁਆਰਟਰ 'ਤੇ ਆ ਜਾਣਾ। ਸਾਨੂੰ ਹੌਸਲਾ ਬੱਝ ਗਿਆ। ਥੋੜ੍ਹੀ ਦੇਰ ਬਾਅਦ ਉਹ ਥਾਣੇਦਾਰ ਦੇ ਕਮਰੇ 'ਚੋਂ ਬੜੀ ਤੇਜ਼ ਗਤੀ ਨਾਲ ਨਿਕਲਿਆ। ਅਜੇ ਆਪਣੀ ਲਾਲ ਬੱਤੀ ਵਾਲੀ ਕਾਰ ਵੱਲ ਜਾ ਹੀ ਰਿਹਾ ਸੀ ਤਾਂ ਉਸ ਨੂੰ ਸੁਨੇਹਾ ਮਿਲਿਆ ਕਿ ਥਾਣੇਦਾਰ ਦੇ ਕਮਰੇ ਵਿਚ ਜਾਓ। ਉਹ ਜਾ ਕੇ ਜਲਦੀ ਹੀ ਵਾਪਸ ਆ ਗਿਆ। ਮਨਜੀਤ ਸਿੰਘ ਦੇ ਦੋਸਤ ਨੇ ਸਾਨੂੰ ਇਸ਼ਾਰਾ ਕਰ ਕੇ ਕਿਹਾ ਕਿ ਕੰਮ ਹੋ ਗਿਆ ਹੈ।

ਅਸੀਂ ਲਾਈਨ ਵਿਚ ਲੱਗੇ ਹੀ ਆਪਣੀ ਵਾਰੀ ਦਾ ਇੰਤਜ਼ਾਰ ਕਰਨ ਲੱਗ ਪਏ। ਅਸੀਂ ਥਾਣੇਦਾਰ ਨੂੰ ਸਤਿ ਸ੍ਰੀ ਅਕਾਲ ਬੁਲਾਈ। ਥਾਣੇਦਾਰ ਕਹਿਣ ਲੱਗਾ, 'ਉਏ ਤੁਸੀਂ ਹੀ ਹੋ ਜਿਹੜੇ ਤਿੰਨ ਜਣੇ ਫੜ ਕੇ ਲਿਆਂਦੇ ਆ।' ਅਸੀਂ ਕਿਹਾ ਜੀ ਸਰ। ਥਾਣੇਦਾਰ ਨੇ ਰੋਹਬ ਝਾੜਦੇ ਹੋਏ ਕਿਹਾ ਕਿ ਤੁਹਾਨੂੰ ਨਹੀਂ ਪਤਾ ਕਿ ਟ੍ਰਿਪਲ ਸਵਾਰੀ ਬੰਦ ਹੈ। ਅਸੀਂ ਇਸ ਦੀ ਜਾਣਕਾਰੀ ਨਾ ਹੋਣ ਬਾਰੇ ਕਿਹਾ ਅਤੇ ਦੱਸਿਆ ਕਿ ਅਸੀਂ ਤਾਂ ਸਰ ਲਾਇਲਪੁਰ ਖ਼ਾਲਸਾ ਕਾਲਜ ਦੇ ਐੱਮਏ ਦੇ ਵਿਦਿਆਰਥੀ ਹਾਂ। ਥਾਣੇਦਾਰ ਨੇ ਕਿਹਾ, 'ਚਲੋ ਭੱਜੋ! ਅੱਗੇ ਤੋਂ ਗ਼ਲਤੀ ਨਾ ਕਰਿਓ।' ਅਸੀਂ ਬੇਨਤੀ ਕੀਤੀ ਕਿ ਸਾਡਾ ਸਾਮਾਨ ਤੇ ਸਕੂਟਰ ਦਿਵਾ ਦਿਓ। ਥਾਣੇਦਾਰ ਨੇ ਟੇਬਲ ਬੈੱਲ ਦਾ ਬਟਨ ਦਬਾਇਆ ਤੇ ਕਰਮਚਾਰੀ ਨੂੰ ਸਾਡਾ ਸਾਮਾਨ ਅਤੇ ਸਕੂਟਰ ਦੇਣ ਲਈ ਕਿਹਾ। ਅਸੀਂ ਸਕੂਟਰ ਲੈ ਕੇ ਪੈਦਲ ਹੀ ਬੱਸ ਸਟੈਂਡ ਵੱਲ ਤੁਰ ਪਏ। ਹਨੇਰਾ ਗੂੜ੍ਹਾ ਹੋ ਚੁੱਕਾ ਸੀ। ਬੱਸਾਂ ਦਾ ਸਮਾਂ ਕੋਈ ਨਹੀਂ ਸੀ ਰਿਹਾ। ਕੋਈ ਚਾਰਾ ਨਾ ਦੇਖ ਕੇ ਅਸੀਂ ਪੁਲਿਸ ਲਾਈਨ ਵੱਲ ਨੂੰ ਚੱਲ ਪਏ। ਉੱਥੇ ਪਹੁੰਚ ਕੇ ਅਸੀਂ ਮਨਜੀਤ ਸਿੰਘ ਘੋੜਾਬਾਹਾ ਦੇ ਦੋਸਤ ਨੂੰ ਲੱਭਿਆ। ਉਸ ਨੇ ਸਾਨੂੰ ਰੋਟੀ-ਪਾਣੀ ਖੁਆਇਆ ਅਤੇ ਸਾਨੂੰ ਰਾਤ ਆਪਣੇ ਕੋਲ ਹੀ ਰੱਖਿਆ। ਦੂਜੇ ਦਿਨ ਸਵੇਰੇ ਹੀ ਅਸੀਂ ਉਨ੍ਹਾਂ ਦਾ ਧੰਨਵਾਦ ਕਰ ਕੇ ਆਪੋ-ਆਪਣੇ ਘਰਾਂ ਨੂੰ ਰਵਾਨਾ ਹੋਏ।

-ਮੋਬਾਈਲ ਨੰ. : 94784-76769

Posted By: Jagjit Singh