ਵੈਸੇ ਤਾਂ ਬਚਪਨ ਨਾਲ ਜੁੜੀ ਹਰ ਯਾਦ ਹੀ ਨਾ-ਭੁੱਲਣਯੋਗ ਹੁੰਦੀ ਹੈ ਪਰ ਸਕੂਲੀ ਜੀਵਨ ਨਾਲ ਜੁੜੀਆਂ ਯਾਦਾਂ ਬੰਦੇ ਲਈ ਸਦੀਵੀ ਬਣ ਜਾਂਦੀਆਂ ਹਨ। ਗੱਲ ਪਿਛਲੀ ਸਦੀ ਦੀ ਹੈ। ਮੈਂ ਸਰਕਾਰੀ ਹਾਈ ਸਕੂਲ ਕਰਹਾਲੀ ਸਾਹਿਬ 'ਚ 9ਵੀਂ-10ਵੀਂ ਜਮਾਤ ਦਾ ਵਿਦਿਆਰਥੀ ਸਾਂ। ਕਰਹਾਲੀ ਸਾਹਿਬ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਅਤੇ ਪਟਿਆਲਾ ਤੋਂ ਡਕਾਲਾ ਸਾਈਡ ਵੱਲ ਹੈ। ਮੇਰੇ ਘਰ ਦੇ ਖੇਤੀਬਾੜੀ ਕਰਦੇ ਸਨ ਅਤੇ ਸ਼ਹਿਰ 'ਚ ਜ਼ਮੀਨ ਆ ਜਾਣ ਕਾਰਨ ਉਹ ਖੰਨੇ ਤੋਂ ਜ਼ਮੀਨ ਵੇਚ ਕੇ ਪਟਿਆਲਾ ਦੇ ਪਿੰਡ ਨਜਾਮਨੀਵਾਲਾ ਵਿਖੇ ਜ਼ਮੀਨ ਖ਼ਰੀਦ ਕੇ ਉੱਥੇ ਖੇਤੀ ਕਰਨ ਲੱਗ ਪਏ ਸਨ ਜਿਸ ਕਾਰਨ ਮੈਨੂੰ ਵੀ ਉੱਥੇ ਰਹਿ ਕੇ ਪੜ੍ਹਾਈ ਕਰਨੀ ਪਈ। ਮੈ ਹਰ ਰੋਜ਼ ਪਿੰਡ ਤੋਂ ਕਰਹਾਲੀ ਸਾਹਿਬ ਪੜ੍ਹਨ ਆਇਆ ਕਰਦਾ ਸਾਂ ਕਿਉਂਕਿ ਪਿੰਡ 'ਚ ਹਾਈ ਸਕੂਲ ਨਹੀਂ ਸੀ। ਮੈਨੂੰ ਨੌਵੀਂ ਤੇ ਦਸਵੀਂ ਪਿੰਡ ਤੋਂ 5 ਕਿਲੋਮੀਟਰ ਦੂਰ ਕਰਹਾਲੀ ਸਾਹਿਬ ਵਿਚ ਹੀ ਪੜ੍ਹਨ ਲਈ ਜਾਣਾ ਪੈਂਦਾ ਸੀ। ਮੈ ਨੌਵੀਂ 'ਚ ਦਾਖ਼ਲਾ ਲੈਣ ਮਗਰੋਂ ਬੱਸ 'ਤੇ ਪੜ੍ਹਨ ਜਾਂਦਾ ਸਾਂ। ਸਕੂਲ ਦੇ ਬਿਲਕੁਲ ਨੇੜੇ ਇਤਿਹਾਸਕ ਗੁਰਦੁਆਰਾ ਸੀ। ਅਸੀਂ ਸਾਰੇ ਜਮਾਤੀਆਂ ਨੇ ਅੱਧੀ ਛੁੱਟੀ ਹੁੰਦੇ ਸਾਰ ਸਿੱਧਾ ਗੁਰਦੁਆਰੇ ਪਹੁੰਚ ਜਾਣਾ। ਉੱਥੇ ਮਾੜੀ-ਮੋਟੀ ਸੇਵਾ ਕਰ ਕੇ ਅਸੀਂ ਹਰ ਰੋਜ਼ ਲੰਗਰ ਛਕ ਲੈਂਦੇ ਸਾਂ। ਉਦੋਂ ਗੁਰਦੁਆਰਾ ਸਾਹਿਬ 'ਚ ਕਾਰ ਸੇਵਾ ਚੱਲਦੀ ਸੀ ਅਤੇ ਕਾਰ ਸੇਵਾ ਵਾਲੇ ਬਾਬਿਆਂ ਦੀ ਹਦਾਇਤ ਹੁੰਦੀ ਸੀ ਕਿ ਪਹਿਲਾਂ ਕਾਰ ਸੇਵਾ 'ਚ ਹਿੱਸਾ ਪਾਓ ਫਿਰ ਲੰਗਰ ਮਿਲੇਗਾ? ਸਾਨੂੰ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਸੇਵਾ ਕਰਨੀ ਬੜੀ ਚੰਗੀ ਲੱਗਦੀ ਸੀ। ਲੰਗਰ 'ਚ ਕਦੇ-ਕਦੇ ਪਰਸ਼ਾਦੇ ਮਿਲਣੇ ਤੇ ਕਦੇ ਕੜਾਹ ਪ੍ਰਸ਼ਾਦ। ਅਸੀਂ ਬੜੇ ਖ਼ੁਸ਼ ਹੋ ਕੇ ਲੰਗਰ ਛਕਣਾ ਕਿ ਕਿ ਸੇਵਾ ਕਰ ਕੇ ਲੰਗਰ ਛਕਣ ਦਾ ਸੁਆਦ ਹੀ ਵੱਖਰਾ ਹੁੰਦਾ ਸੀ। ਲੰਗਰ ਛਕਣ ਪਿੱਛੋਂ ਅਸੀਂ ਸਾਰੇ ਜਮਾਤੀਆਂ ਨੇ ਸਕੂਲ 'ਚ ਆ ਵੜਨਾ। ਅਧਿਆਪਕ ਵੀ ਚੰਗੇ ਹੁੰਦੇ ਸਨ। ਉਹ ਸਾਨੂੰ ਗੁਰਦੁਆਰਾ ਸਾਹਿਬ ਜਾਣ ਤੋਂ ਕਦੇ ਰੋਕਦੇ-ਟੋਕਦੇ ਨਹੀਂ ਸਨ। ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਣਾ, ਸੇਵਾ ਕਰਨੀ ਅਤੇ ਲੰਗਰ ਛਕਣਾ ਸਾਡੀ ਰੋਜ਼ਾਨਾ ਦਾ ਕੰਮ ਸੀ। ਜਦ ਵੀ ਸਕੂਲੀ ਜੀਵਨ ਦਾ ਉਹ ਸਮਾਂ ਯਾਦ ਆਉਂਦਾ ਹੈ ਤਾਂ ਗੁਰਦੁਆਰਾ ਸਾਹਿਬ ਨਾਲ ਸਬੰਧਤ ਉਕਤ ਯਾਦ ਇਕਦਮ ਤਾਜ਼ਾ ਹੋ ਜਾਂਦੀ ਹੈ। ਮੈਂ ਅਤੀਤ 'ਚ ਪਹੁੰਚ ਕੇ ਵਰਤਮਾਨ ਦਾ ਸਭ ਕੁਝ ਭੁੱਲ ਜਾਂਦਾ ਹਾਂ ਅਤੇ ਲੋਚਦਾ ਹਾਂ ਕਿ ਕਾਸ਼! ਉਹ ਸਕੂਲੀ ਜੀਵਨ ਵਾਪਸ ਪਰਤ ਆਵੇ ਪਰ ਅਜਿਹਾ ਹੋਣਾ ਮੁਮਕਿਨ ਨਹੀਂ। ਫਿਰ ਵੀ ਯਾਦਾਂ ਦੀ ਪਟਾਰੀ ਖੋਲ੍ਹ ਕੇ ਹੀ ਉਸ ਵਕਤ ਦਾ ਅਹਿਸਾਸ ਕਰ ਲਈਦਾ ਹੈ।

-ਲੈਕਚਰਾਰ ਅਜੀਤ ਖੰਨਾ। ਮੋਬਾਈਲ ਨੰ. :70095-29004

Posted By: Sukhdev Singh