ਉਹ ਹਰ ਦੁੱਖ ਨੂੰ ਅੰਦਰ ਹੀ ਅੰਦਰ ਚੁੱਪ ਕਰ ਕੇ ਸਹਿ ਜਾਣ ਵਾਲੀ, ਹਰ ਖ਼ੁਸ਼ੀ ਵਿਚ ਬੱਚਿਆਂ ਦਾ ਚਿਹਰਾ ਦੇਖ ਕੇ ਮੁਸਕਰਾਉਣ ਵਾਲੀ ਸੀ। ਮਾਂ ਉਹੀ ਹੈ ਜੋ ਕਦੇ ਆਪਣੇ ਲਈ ਨਹੀਂ ਜਿਊਂਦੀ, ਉਹ ਹਮੇਸ਼ਾ ਪਰਿਵਾਰ ਵਾਸਤੇ ਹੀ ਜਿਊਂਦੀ ਹੈ। ਮਾਂ ਦੇ ਸੁਪਨਿਆਂ ਦੇ ਤਿੰਨ ਸਤੰਭ, ਜਿਨ੍ਹਾਂ ਵਿੱਚੋਂ ਬਲਕਾਰ ਸਿੰਘ ਵੱਡਾ ਪੁੱਤਰ ਘਰ ਦਾ ਸਭ ਤੋਂ ਪਹਿਲਾ ਮਾਣ ਮਾਂ ਦੇ ਹੱਥ ਦੀ ਬਣੀ ਰੋਟੀ ਖਾ ਕੇ ਮੈਦਾਨਾਂ ਵਿਚ ਉੱਡਿਆ।

ਘਰ ਦੀਆਂ ਦੀਵਾਰਾਂ ’ਤੇ ਕੀਤੇ ਗਏ ਰੰਗ ਸੁੱਕ ਸਕਦੇ ਹਨ ਪਰ ਮਾਂ ਜਿਹੀ ਹਸਤੀ ਦੇ ਦਿੱਤੇ ਹੋਏ ਸੰਸਕਾਰ ਕਦੇ ਸੁੱਕਦੇ ਨਹੀਂ, ਉਹ ਘਰ ਵਿਚ ਵੀ ਰਹਿੰਦੇ ਹਨ ਤੇ ਦਿਲਾਂ ਵਿਚ ਵੀ। ਸੰਨ 1937 ਵਿਚ ਜਦੋਂ ਮਾਂ ਪ੍ਰੀਤਮ ਕੌਰ ਨੇ ਜਨਮ ਲਿਆ, ਉਦੋਂ ਸ਼ਾਇਦ ਕਿਸੇ ਨੂੰ ਇਹ ਪਤਾ ਨਹੀਂ ਸੀ ਕਿ ਇਹ ਨਿੱਕੀ ਜਿਹੀ ਕੁੜੀ ਕਿੰਨੀਆਂ ਜ਼ਿੰਦਗੀਆਂ ਦੀ ਕਿਸਮਤ ਬਦਲ ਦੇਵੇਗੀ। ਪਿਤਾ ਜੀਵਨ ਸਿੰਘ ਅਤੇ ਮਾਤਾ ਰਾਮ ਕੌਰ ਦੇ ਘਰ ਉਸ ਦਾ ਜਨਮ ਇਕ ਮੰਗਲ ਸਵੇਰ ਵਾਂਗ ਸੀ ਜਿਸ ਨੇ ਆਪਣੇ ਨਾਲ ਖ਼ੁਸ਼ੀਆਂ ਦੀਆਂ ਲੰਬੀਆਂ ਕਿਰਨਾਂ ਲਿਆਂਦੀਆਂ ਸਨ। ਵਕਤ ਨੇ 1954 ਵਿਚ ਉਸ ਨੂੰ ਜੀਵਨ ਸਾਥੀ ਸ਼ਵਿੰਦਰ ਸਿੰਘ ਨਾਲ ਜੋੜਿਆ। ਇੰਜ ਨਵਾਂ ਪਰਿਵਾਰ ਬਣਾਉਣ ਦਾ ਸਫ਼ਰ ਸ਼ੁਰੂ ਹੋ ਗਿਆ। ਉਹ ਸਿਰਫ਼ ਵਿਆਹ ਕੇ ਨਹੀਂ ਗਈ ਸੀ, ਉਹ ਆਪਣੇ ਨਾਲ ਧੀਰਜ, ਮਮਤਾ, ਸੰਘਰਸ਼ ਅਤੇ ਚੁੱਪਕਲੀ ਤਾਕਤਾਂ ਦਾ ਪੂਰਾ ਖ਼ਜ਼ਾਨਾ ਲੈ ਕੇ ਆਈ ਸੀ। ਮਾਂ ਦੇ ਹੱਥਾਂ ਦੀ ਉਹ ਖ਼ੁਸ਼ਬੂ, ਜੋ ਸਵੇਰੇ ਦੀਆਂ ਰੋਟੀਆਂ ਵਿਚ ਵੀ ਹੁੰਦੀ ਸੀ ਅਤੇ ਬੱਚਿਆਂ ਦੇ ਬੁਖ਼ਾਰ ਵਿਚ ਵੀ। ਉਹ ਘਰ ਦੇ ਦਰਵਾਜ਼ੇ ਨੂੰ ਖੋਲ੍ਹਣ ਵਾਲੀ ਸਭ ਤੋਂ ਪਹਿਲੀ ਤੇ ਰਾਤ ਨੂੰ ਦਰਵਾਜ਼ੇ ਬੰਦ ਕਰਨ ਵਾਲੀ ਸਭ ਤੋਂ ਆਖ਼ਰੀ ਔਰਤ ਸੀ।
ਉਹ ਹਰ ਦੁੱਖ ਨੂੰ ਅੰਦਰ ਹੀ ਅੰਦਰ ਚੁੱਪ ਕਰ ਕੇ ਸਹਿ ਜਾਣ ਵਾਲੀ, ਹਰ ਖ਼ੁਸ਼ੀ ਵਿਚ ਬੱਚਿਆਂ ਦਾ ਚਿਹਰਾ ਦੇਖ ਕੇ ਮੁਸਕਰਾਉਣ ਵਾਲੀ ਸੀ। ਮਾਂ ਉਹੀ ਹੈ ਜੋ ਕਦੇ ਆਪਣੇ ਲਈ ਨਹੀਂ ਜਿਊਂਦੀ, ਉਹ ਹਮੇਸ਼ਾ ਪਰਿਵਾਰ ਵਾਸਤੇ ਹੀ ਜਿਊਂਦੀ ਹੈ। ਮਾਂ ਦੇ ਸੁਪਨਿਆਂ ਦੇ ਤਿੰਨ ਸਤੰਭ, ਜਿਨ੍ਹਾਂ ਵਿੱਚੋਂ ਬਲਕਾਰ ਸਿੰਘ ਵੱਡਾ ਪੁੱਤਰ ਘਰ ਦਾ ਸਭ ਤੋਂ ਪਹਿਲਾ ਮਾਣ ਮਾਂ ਦੇ ਹੱਥ ਦੀ ਬਣੀ ਰੋਟੀ ਖਾ ਕੇ ਮੈਦਾਨਾਂ ਵਿਚ ਉੱਡਿਆ। ਖਾਲਸਾ ਕਾਲਜ ਤੋਂ ਲੈ ਕੇ ਆਲ ਇੰਡੀਆ ਮੁਕਾਬਲਿਆਂ ਤੱਕ ਜਦੋਂ-ਜਦੋਂ ਸੋਨ ਤਗਮਾ ਉਸ ਦੇ ਮੱਥੇ ’ਤੇ ਲਹਿਰਾਇਆ, ਮਾਂ ਦੀਆਂ ਅੱਖਾਂ ਭਰ ਆਈਆਂ ਪਰ ਮਾਂ ਕਦੇ ਕੁਝ ਨਾ ਕਹਿੰਦੀ, ਕੇਵਲ ਚੁੱਪਚਾਪ ਗੁਰਦੁਆਰੇ ਦੀ ਖਿੜਕੀ ਵੱਲ ਮੁੱਖ ਕਰ ਕੇ ਧੰਨਵਾਦ ਕਰ ਆਉਂਦੀ। ਦੂਸਰਾ ਪੁੱਤਰ ਮਨਜੀਤ ਸਿੰਘ ਢੱਲ, ਜਿਸ ਦੀ ਸਫਲਤਾ ਵਾਸਤੇ ਮਾਂ ਨੇ ਰੋਜ਼ ਅਰਦਾਸ ਕੀਤੀ। ਸਮੁੰਦਰਾਂ ਤੋਂ ਪਾਰ-ਅਮਰੀਕਾ, ਐਡਮਿੰਟਨ, ਪੋਲੈਂਡ-ਜਿੱਥੇ ਇਸ ਨੇ ਭਾਰਤ ਦਾ ਮਾਣ ਵਧਾਇਆ, ਉੱਥੇ ਮਾਂ ਦੀਆਂ ਦੁਆਵਾਂ ਦੀ ਲਕੀਰ ਖਿੱਚੀ ਹੋਈ ਸੀ। ਜਦੋਂ ਉਹ ਆਈਐੱਨਐੱਸ ਗਾਂਧੀਨਗਰ ਵਿਖੇ ਤਾਇਨਾਤ ਹੋਇਆ ਤੇ ਫਿਰ ਡਾਇਰੈਕਟਰ ਸਪੋਰਟਸ ਤੋਂ ਸੇਵਾ ਮੁਕਤ ਹੋਇਆ, ਮਾਂ ਦੇ ਮਨ ਵਿਚ ਇਕ ਠੰਢੀ-ਠੰਢੀ ਰੌਸ਼ਨੀ ਜਗਦੀ ਸੀ-“ਰੱਬਾ ਮਿਹਰ ਕਰ, ਮੇਰੇ ਬੱਚਿਆਂ ਦੀ ਲਾਜ ਰੱਖ ਲਈਂ।” ਤੀਸਰਾ ਪੁੱਤਰ ਬਲਵਿੰਦਰ ਸਿੰਘ ਸ਼ੰਮੀ ਹਾਕੀ ਦੇ ਖੇਤਰ ਦਾ ਵੱਡਾ ਚਿਹਰਾ ਬਣ ਕੇ ਸਾਹਮਣੇ ਆਇਆ। ਓਲੰਪਿਕ ਤੱਕ ਪਹੁੰਚਣ ਲਈ ਜਿਹੜੀ ਮਿਹਨਤ ਲੱਗਦੀ ਹੈ, ਉਹ ਸਿਰਫ਼ ਖਿਡਾਰੀ ਦੀ ਨਹੀਂ-ਉਹ ਮਾਂ ਦੀਆਂ ਨਿੱਤ ਦੀਆਂ ਅਰਦਾਸਾਂ ਦੀ ਮਿਹਨਤ ਹੁੰਦੀ ਹੈ। ਮਾਂ ਨੇ ਕਦੇ ਕਿਸੇ ਨੂੰ ਨਹੀਂ ਦੱਸਿਆ ਪਰ ਉਸ ਦੇ ਪੈਰਾਂ ਹੇਠਾਂ ਦੀਆਂ ਮੋਟੀਆਂ-ਮੋਟੀਆਂ ਦਰਦਾਂ ਵਿਚ ਵੀ ਬੱਚਿਆਂ ਲਈ ਨਿੱਤ ਦੀ ਪ੍ਰਾਰਥਨਾ ਲੁਕਦੀ ਸੀ। ਮਾਂ ਨੇ ਧੀਆਂ ਨੂੰ ਉਹ ਸਿੱਖਿਆ ਦਿੱਤੀ ਜੋ ਕਿਸੇ ਕਿਤਾਬ ਵਿਚ ਨਹੀਂ ਮਿਲਦੀ-ਸੰਸਕਾਰ, ਧੀਰਜ, ਮਰਿਆਦਾ ਅਤੇ ਰਿਸ਼ਤਿਆਂ ਨੂੰ ਆਪਣਾ ਸਮਝਣ ਦਾ ਸਬਕ। ਦੋਵੇਂ ਧੀਆਂ ਵਧੀਆ ਘਰਾਂ ਵਿਚ ਵਿਆਹੀਆਂ ਹੋਈਆਂ ਹਨ। ਪੋਤਰੇ–ਪੋਤਰੀਆਂ ਵੀ ਚੰਗੇ ਅਹੁਦਿਆਂ ਉੱਤੇ ਹਨ। ਇਹ ਸਾਰਾ ਕੁਝ ਉਸ ਮਾਂ ਦਾ ਅਦ੍ਰਿਸ਼ ਵਰਦਾਨ ਹੀ ਤਾਂ ਸੀ।
ਤੇਈ ਨਵੰਬਰ ਨੂੰ ਮਾਂ ਚੁੱਪ-ਚਾਪ ਇਸ ਜਹਾਨ ਤੋਂ ਰੁਖ਼ਸਤ ਹੋ ਗਈ। ਉਸ ਦਿਨ ਪਰਿਵਾਰ ਨੇ ਸਿਰਫ਼ ਮਾਂ ਨੂੰ ਨਹੀਂ ਗੁਆਇਆ,ਸਗੋਂ ਉਸ ਰੋਜ਼ ਘਰ ਦੇ ਬੂਹੇ ਹਿੱਲ ਗਏ। ਚੌਂਕਾ–ਚੁੱਲ੍ਹਾ ਚੁੱਪ ਹੋ ਗਿਆ, ਕੰਧਾਂ ਦੀਆਂ ਛਾਵਾਂ ਵੀ ਇਕ ਪਲ ਲਈ ਠਹਿਰ ਗਈਆਂ। ਮਾਂ ਚਲੀ ਗਈ ਪਰ ਘਰ ’ਚ ਖ਼ਾਲੀਪਣ ਹੀ ਨਹੀਂ, ਇਕ ਅਜਿਹਾ ਸੁੰਨ ਹੋ ਗਿਆ ਜਿਸ ਨੂੰ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ। ਮਾਂ ਦਾ ਜਾਣਾ ਇਹ ਨਹੀਂ ਕਿ ਉਹ ਨਹੀਂ ਰਹੀ। ਉਸ ਦਾ ਜਾਣਾ ਇਹ ਹੈ ਕਿ ਉਹ ਹੁਣ ਅੱਖਾਂ ਨਾਲ ਨਹੀਂ, ਦਿਲ ਨਾਲ ਵੇਖੀ ਜਾਵੇਗੀ। ਮਾਂ ਦਾ ਚਿਹਰਾ ਭਾਵੇਂ ਸਮੇਂ ਨਾਲ ਧੁੰਦਲਾ ਪਵੇ ਪਰ ਉਸ ਦੀਆਂ ਲੋਰੀਆਂ ਤੇ ਅੱਖਾਂ- ਜੋ ਸਿਰਫ਼ ਆਪਣੇ ਬੱਚਿਆਂ ਲਈ ਹੀ ਚਮਕਦੀਆਂ ਸਨ-ਕਦੇ ਵੀ ਧੁੰਦਲੀਆਂ ਨਹੀਂ ਹੁੰਦੀਆਂ। ਦੋ ਦਸੰਬਰ ਨੂੰ ਰਣਜੀਤ ਐਵੇਨਿਊ ਦੇ ਗੁਰਦੁਆਰਾ ਸਾਹਿਬ ਵਿਖੇ ਅੰਤਿਮ ਅਰਦਾਸ ਸਿਰਫ਼ ਮਾਂ ਦੇ ਵਿਛੋੜੇ ਦੀ ਰਸਮ ਨਹੀਂ, ਇਹ ਉਸ ਰੂਹ ਨੂੰ ਨਤਮਸਤਕ ਹੋਣ ਦਾ ਸਮਾਂ ਹੈ ਜਿਸ ਨੇ ਆਪਣੀ ਸਾਰੀ ਉਮਰ ਸਾਡੇ ਲਈ ਸੌਖੇ ਰਸਤੇ ਬਣਾਉਣ ਵਿਚ ਹੀ ਬਿਤਾਈ। ਮਾਂ ਦੀ ਜ਼ਿੰਦਗੀ ਇਕ ਕਿਤਾਬ ਨਹੀਂ ਸੀ, ਉਹ ਰੂਹਾਨੀ ਪੰਕਤੀ ਸੀ ਜੋ ਜਿੱਥੇ ਵੀ ਪੜ੍ਹੀ ਜਾਵੇ, ਦਿਲ ਨੂੰ ਸ਼ਾਂਤ ਕਰ ਜਾਵੇ। ਘਰ ਦੇ ਹਰ ਕੋਨੇ ’ਚ ਅਜੇ ਵੀ ਤੂੰ ਏਂ, ਰਸੋਈ ਦੇ ਬਰਤਨਾਂ ’ਚ, ਮੰਜੇ ਦੀ ਚਾਦਰ ਦੇ ਸਾਫ਼ ਪੱਲਿਆਂ ’ਚ, ਸਵੇਰੇ ਦੀ ਰੋਟੀ ਦੀ ਸੁਗੰਧ ਵਿਚ ਤੇ ਰਾਤ ਨੂੰ ਦਰਵਾਜ਼ਾ ਬੰਦ ਕਰਦਿਆਂ ਆਵਾਜ਼ ’ਚ।
-ਪ੍ਰੋ. ਮਨਜੀਤ ਸਿੰਘ ਅਣਖੀ
-ਸੰਪਰਕ : 78885-20498