-ਰਮੇਸ਼ ਬੱਗਾ ਚੋਹਲਾ

ਸੰਸਾਰ ਵਿਚ ਕੁਝ ਅਜਿਹੇ ਲੋਕਾਂ ਦੀ ਆਮਦ ਸਮੇਂ-ਸਮੇਂ ਹੁੰਦੀ ਰਹਿੰਦੀ ਹੈ ਜੋ ਨਾ ਸਿਰਫ਼ ਆਪਣੇ-ਆਪ ਲਈ ਜਿਊਂਦੇ ਹਨ ਸਗੋਂ ਆਪਣੇ ਦੇਸ਼ ਅਤੇ ਸਮਾਜ ਪ੍ਰਤੀ ਵੀ ਕੁਰਬਾਨੀ ਦਾ ਜਜ਼ਬਾ ਰੱਖਦੇ ਹਨ। ਇਸ ਜਜ਼ਬੇ ਕਾਰਨ ਉਹ ਲੋਕਾਂ ਲਈ ਸਤਿਕਾਰ ਦੇ ਪਾਤਰ ਬਣ ਜਾਂਦੇ ਹਨ ਜੋ ਯੁਗਾਂ-ਯੁਗਾਂਤਰਾਂ ਤਕ ਜਿਉਂ ਦਾ ਤਿਉਂ ਬਣਿਆ ਰਹਿੰਦਾ ਹੈ। ਇਹੋ ਜਿਹੀ ਸ਼ਖ਼ਸੀਅਤ ਦੇ ਮਾਲਕ ਸਨ ਮਾਸਟਰ ਤਾਰਾ ਸਿੰਘ।

ਉਨ੍ਹਾਂ ਦਾ ਜਨਮ 24 ਜੂਨ 1885 ਈਸਵੀ ਨੂੰ ਅਣਵੰਡੇ ਪੰਜਾਬ ਦੇ ਜ਼ਿਲ੍ਹਾ ਰਾਵਲਪਿੰਡੀ ਵਿਚ ਸਥਿਤ ਪਿੰਡ ਹਰਿਆਲ ਦੇ ਵਸਨੀਕ ਗੋਪੀ ਚੰਦ ਮਲਹੋਤਰਾ ਦੇ ਗ੍ਰਹਿ ਵਿਖੇ ਹੋਇਆ। ਉਨ੍ਹਾਂ ਦਾ ਮੁੱਢਲਾ ਨਾਮ ਨਾਨਕ ਚੰਦ ਸੀ ਪਰ ਸਿੱਖ ਧਰਮ ਵਿਚ ਅਥਾਹ ਸ਼ਰਧਾ ਅਤੇ ਵਿਸ਼ਵਾਸ ਹੋਣ ਕਾਰਨ ਉਨ੍ਹਾਂ ਨੇ ਸੰਤ ਅਤਰ ਸਿੰਘ ਜੀ ਕੋਲੋਂ ਖੰਡੇ-ਬਾਟੇ ਦਾ ਅੰਮ੍ਰਿਤਪਾਨ ਕਰ ਲਿਆ ਜਿਸ ਕਾਰਨ ਉਨ੍ਹਾਂ ਦਾ ਨਾਮਕਰਨ ਤਾਰਾ ਸਿੰਘ ਹੋ ਗਿਆ। ਮਾਸਟਰ ਤਾਰਾ ਸਿੰਘ ਨੇ 1907 ਈ. ਵਿਚ ਬੀਏ ਪਾਸ ਕਰ ਲਈ ਅਤੇ ਉਚੇਰੀ ਪੜ੍ਹਾਈ (ਐੱਮਏ) ਕਰਨ ਲਈ ਸੈਂਟਰਲ ਟਰੇਨਿੰਗ ਕਾਲਜ ਲਾਹੌਰ ਵਿਚ ਦਾਖ਼ਲ ਹੋ ਗਏ।

ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਲਾਇਲਪੁਰ ਜ਼ਿਲ੍ਹੇ ਦੇ ਇਕ ਖ਼ਾਲਸਾ ਹਾਈ ਸਕੂਲ ਵਿਖੇ ਮੁੱਖ ਅਧਿਆਪਕ ਨਿਯੁਕਤ ਹੋ ਗਏ। ਸੇਵਾ ਅਤੇ ਪਰਉਪਕਾਰ ਦੀ ਭਾਵਨਾ ਹੋਣ ਕਰਕੇ ਉਹ ਕੇਵਲ ਪੰਦਰਾਂ ਰੁਪਏ ਮਹੀਨਾ ਵੇਤਨ 'ਤੇ ਹੀ ਕੰਮ ਕਰਦੇ ਰਹੇ। ਘੱਟ ਵੇਤਨ ਲੈਣ ਦੇ ਬਾਵਜੂਦ ਉਹ ਪੂਰੀ ਲਗਨ ਤੇ ਮਿਹਨਤ ਨਾਲ ਕੰਮ ਕਰਦੇ ਸਨ। ਉਨ੍ਹਾਂ ਦੀ ਇਸ ਵਿਸ਼ੇਸ਼ ਲਗਨ ਅਤੇ ਮਿਹਨਤ ਸਦਕਾ ਖ਼ਾਲਸਾ ਹਾਈ ਸਕੂਲ ਬੇਹਤਰੀਨ ਸਕੂਲਾਂ ਦੀ ਕਤਾਰ ਵਿਚ ਸ਼ਾਮਲ ਹੋ ਗਿਆ।

ਸਕੂਲ ਦੀ ਪ੍ਰਸਿੱਧੀ ਦੇ ਨਾਲ-ਨਾਲ ਮਾਸਟਰ ਤਾਰਾ ਸਿੰਘ ਜੀ ਵੀ ਹਰਮਨ ਪਿਆਰੇ (ਖ਼ਾਸ ਤੌਰ 'ਤੇ ਲਾਇਲਪੁਰ ਦੇ ਇਲਾਕੇ ਵਿਚ) ਹੋਣ ਲੱਗ ਪਏ। ਕੁਝ ਕਾਰਨਾਂ ਕਰਕੇ ਮਾਸਟਰ ਜੀ ਨੂੰ ਇਸ ਸਕੂਲ ਦੀ ਮੁੱਖ-ਅਧਿਆਪਕੀ ਤੋਂ ਤਿਆਗ-ਪੱਤਰ ਦੇਣਾ ਪੈ ਗਿਆ।

ਇਸ ਤੋਂ ਬਾਅਦ ਉਹ ਆਪਣੇ ਘਰੇਲੂ ਜ਼ਿਲ੍ਹੇ ਰਾਵਲਪਿੰਡੀ ਦੇ ਕੱਲਰ ਖ਼ਾਲਸਾ ਹਾਈ ਸਕੂਲ ਦੇ ਮੁੱਖ ਅਧਿਆਪਕ ਬਣ ਗਏ। ਮਾਸਟਰ ਤਾਰਾ ਸਿੰਘ ਜੀ ਦੀ ਯੋਗ ਅਗਵਾਈ ਹੇਠ ਕੱਲਰ ਸਕੂਲ ਨੇ ਪੰਥ ਨੂੰ ਅਜਿਹੇ ਹੀਰੇ (ਨੇਤਾ) ਦਿੱਤੇ ਜਿਨ੍ਹਾਂ ਨੇ ਦੇਸ਼/ਪੰਥ ਦੀ ਖ਼ਾਤਰ ਸੇਵਾ ਦੇ ਨਾਲ-ਨਾਲ ਜੀਵਨ ਵੀ ਲੇਖੇ ਲਾ ਦਿੱਤਾ। ਉਸ ਵਕਤ ਮਾਸਟਰ ਜੀ ਦੇ ਨਾਲ ਲਾਲ ਸਿੰਘ ਕਮਲਾ ਅਕਾਲੀ, ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ, ਗਿਆਨੀ ਹੀਰਾ ਸਿੰਘ ਦਰਦ ਅਤੇ ਮਾਸਟਰ ਸੁਜਾਨ ਸਿੰਘ ਜੀ ਸਰਹਾਲੀ ਵੀ ਕੰਮ ਕਰਦੇ ਸਨ। ਕੁਝ ਸਮੇਂ ਬਾਅਦ ਉਨ੍ਹਾਂ ਨੇ ਇਹ ਸਕੂਲ ਵੀ ਛੱਡ ਦਿੱਤਾ ਅਤੇ ਮੁੜ ਲਾਇਲਪੁਰ ਚਲੇ ਗਏ।

ਉੱਥੇ ਉਨ੍ਹਾਂ ਨੇ ਆੜ੍ਹਤ ਦੀ ਦੁਕਾਨ ਖੋਲ੍ਹ ਲਈ ਜੋ ਉਨ੍ਹਾਂ ਦੇ ਸੁਭਾਅ ਨਾਲ ਮੇਲ ਨਾ ਖਾਂਦੀ ਹੋਣ ਕਰਕੇ ਛੱਡਣੀ ਪੈ ਗਈ। ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ ਹੋ ਜਾਣ ਕਾਰਨ ਮਾਸਟਰ ਤਾਰਾ ਸਿੰਘ ਜੀ ਅੰਮ੍ਰਿਤਸਰ ਆ ਗਏ ਅਤੇ ਉਸ ਵਕਤ ਦੀ ਚਰਚਿਤ ਅਖ਼ਬਾਰ 'ਅਕਾਲੀ' ਦੇ ਸੰਪਾਦਕ ਬਣ ਗਏ। ਇਸ ਖ਼ੂਨੀ ਸਾਕੇ ਕਾਰਨ ਸਿੱਖ ਭਾਈਚਾਰੇ ਵਿਚ ਗੁੱਸੇ ਦੀ ਅੱਗ ਭੜਕ ਪਈ ਅਤੇ ਸਿੱਖ ਆਗੂਆਂ ਨੇ ਨਿਰਣਾ ਲਿਆ ਕਿ ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ੇ ਤੋਂ ਆਜ਼ਾਦ ਕਰਵਾਉਣਾ ਚਾਹੀਦਾ ਹੈ।

ਜਦੋਂ ਬਾਬਾ ਖੜਕ ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਤਾਂ ਮਾਸਟਰ ਤਾਰਾ ਸਿੰਘ ਜੀ ਨੂੰ ਇਸ ਕਮੇਟੀ ਦਾ ਸਕੱਤਰ ਬਣਾਇਆ ਗਿਆ। ਇਸ ਕਮੇਟੀ ਵਿਚ ਅੰਗਰੇਜ਼ ਸਰਕਾਰ ਦੇ ਨਾਲ ਨਾ-ਮਿਲਵਰਤਨ ਦਾ ਮਤਾ ਪਾਸ ਕੀਤਾ ਗਿਆ ਜਿਸ ਦੇ ਪਾਸ ਹੋਣ ਕਾਰਨ ਅਕਾਲੀਆਂ ਅਤੇ ਅੰਗਰੇਜ਼ਾਂ ਦਾ ਸਿੱਧਾ ਮੁਕਾਬਲਾ ਹੋ ਗਿਆ।

ਮਾਸਟਰ ਜੀ ਨੇ ਅੰਮ੍ਰਿਤਸਰ ਦਫ਼ਤਰ ਵਿਚ ਰਹਿ ਕੇ ਪੰਥ ਦੀ ਚੜ੍ਹਦੀ ਕਲਾ ਲਈ ਦਿਨ-ਰਾਤ ਇਕ ਕਰ ਕੇ ਕੰਮ ਕਰਨਾ ਆਰੰਭ ਕਰ ਦਿੱਤਾ। ਪ੍ਰੋ. ਨਿਰੰਜਨ ਸਿੰਘ ਦੇ ਸਹਿਯੋਗ ਸਦਕਾ ਉਨ੍ਹਾਂ ਨੇ ਬਹੁਤ ਸਾਰੇ ਇਸ਼ਤਿਹਾਰ, ਪੈਂਫਲੈਟ ਤੇ ਟਰੈਕਟ ਲਿਖ ਕੇ ਦੂਰ-ਦੂਰਾਡੇ ਤਕ ਭੇਜੇ ਜਿਸ ਨਾਲ ਕੌਮ ਵਿਚ ਜਾਗ੍ਰਿਤੀ ਪੈਦਾ ਹੋ ਗਈ। ਪੰਥ ਵਿਚ ਆਈ ਜਾਗ੍ਰਿਤੀ ਕਾਰਨ ਸਭ ਤੋਂ ਪਹਿਲਾਂ ਚਾਬੀਆਂ ਦਾ ਮੋਰਚਾ ਲਗਾਇਆ ਗਿਆ। ਇਸ ਮੋਰਚੇ ਵਿਚ ਬਾਬਾ ਖੜਕ ਸਿੰਘ ਅਤੇ ਮਾਸਟਰ ਤਾਰਾ ਸਿੰਘ ਜੀ ਨੇ ਅੱਗੇ ਵੱਧ ਕੇ ਗ੍ਰਿਫ਼ਤਾਰੀ ਦਿੱਤੀ। ਇਸ ਮੋਰਚੇ ਦੀ ਜਿੱਤ ਤੋਂ ਬਾਅਦ 'ਗੁਰੂ ਕੇ ਬਾਗ਼' ਅਤੇ 'ਜੈਤੋ ਦਾ ਮੋਰਚਾ' ਲੱਗ ਗਿਆ। ਇਨ੍ਹਾਂ ਮੋਰਚਿਆਂ ਵਿਚ ਸ਼ਾਮਿਲ ਜਥਿਆਂ 'ਤੇ ਬੇਰਹਿਮੀ ਨਾਲ ਲਾਠੀਚਾਰਜ ਕੀਤਾ ਗਿਆ ਅਤੇ ਸ਼੍ਰੋਮਣੀ ਕਮੇਟੀ ਨੂੰ ਕਾਨੂੰਨ ਵਿਰੋਧੀ ਕਰਾਰ ਦਿੱਤਾ ਗਿਆ।

ਕਮੇਟੀ ਦੇ ਅੰਤ੍ਰਿਗ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ 'ਤੇ ਮੁਕੱਦਮਾ ਚਲਾਇਆ ਗਿਆ। ਇਨ੍ਹਾਂ ਗ੍ਰਿਫ਼ਤਾਰ ਮੈਂਬਰਾਂ ਵਿਚ ਮਾਸਟਰ ਤਾਰਾ ਸਿੰਘ ਵੀ ਸ਼ਾਮਲ ਸਨ। ਦੇਸ਼ ਭਗਤੀ ਦੀ ਭਾਵਨਾ ਪ੍ਰਬਲ ਹੋਣ ਕਾਰਨ ਮਾਸਟਰ ਤਾਰਾ ਸਿੰਘ ਵਿਦੇਸ਼ੀ ਰਾਜ ਤੋਂ ਮੁਕਤੀ ਤਾਂ ਚਾਹੁੰਦੇ ਸਨ ਪਰ ਉਹ ਸਿੱਖ ਹਿੱਤਾਂ ਨੂੰ ਕੁਰਬਾਨ ਨਹੀਂ ਸੀ ਹੋਣ ਦੇਣਾ ਚਾਹੁੰਦੇ। ਉਹ ਅਕਸਰ ਕਿਹਾ ਕਰਦੇ ਸਨ ਕਿ 'ਮੈਂ ਮਰਾਂ, ਪੰਥ ਜੀਵੇ' ਅਤੇ 'ਸਿੱਖੋ, ਜੇ ਮੈਂ ਮਾੜਾ ਹਾਂ ਤਾਂ ਮੈਨੂੰ ਮਾਰ ਦਿਉ, ਪੰਥ ਨੂੰ ਨਾ ਮਾਰੋ'। ਆਪਣੇ ਇਨ੍ਹਾਂ ਬੋਲਾਂ ਨੂੰ ਜੀਵਤ ਰੱਖਣ ਲਈ ਉਹ ਹਮੇਸ਼ਾ ਸਿੱਖ ਹਿੱਤਾਂ ਲਈ ਲੜਦੇ ਰਹੇ। ਸਿੱਖੀ ਸਿਧਾਤਾਂ ਦੀ ਪਹਿਰੇਦਾਰੀ ਕਰਦਿਆਂ ਮਾਸਟਰ ਤਾਰਾ ਸਿੰਘ ਨੇ ਬਹੁਤ ਸਾਰੀਆਂ ਕੈਦਾਂ ਕੱਟੀਆਂ। ਜਦੋਂ ਵੀ ਦੇਸ਼ ਵਿਚ ਕੋਈ ਲੋਕ ਭਲਾਈ ਦੀ ਲਹਿਰ ਆਰੰਭ ਹੁੰਦੀ ਤਾਂ ਮਾਸਟਰ ਜੀ ਹਮੇਸ਼ਾ ਮੂਹਰਲੀਆਂ ਸਫ਼ਾਂ ਵਿਚ ਹੁੰਦੇ।

ਇੱਥੋਂ ਤਕ ਕਿ ਮਹਾਤਮਾ ਗਾਂਧੀ ਵੱਲੋਂ ਸਮੇਂ-ਸਮੇਂ ਸ਼ੁਰੂ ਕੀਤੀਆਂ ਗਈਆਂ ਕਈ ਲਹਿਰਾਂ ਨੂੰ ਵੀ ਉਨ੍ਹਾਂ ਵੱਲੋਂ ਭਰਪੂਰ ਹੁੰਗਾਰਾ ਦਿੱਤਾ ਜਾਂਦਾ ਰਿਹਾ। ਮਾਸਟਰ ਤਾਰਾ ਸਿੰਘ ਦਾ ਜੀਵਨ ਇਕ ਧਰੂ ਤਾਰੇ ਵਰਗਾ ਰਿਹਾ ਹੈ। ਉਨ੍ਹਾਂ ਦਾ ਸ਼ੁਮਾਰ ਕੌਮ ਦੇ ਚੋਣਵੇਂ ਰਾਹ ਦਸੇਰਿਆਂ ਵਿਚ ਕੀਤਾ ਜਾਂਦਾ ਹੈ। ਨਿਧੜਕ ਹੋਣ ਦੇ ਨਾਲ-ਨਾਲ ਉਹ ਦਿਆਨਤਦਾਰ ਵੀ ਸਨ। ਔਖੇ ਵਕਤਾਂ ਵਿਚ ਉਹ ਕਦੇ ਡੋਲਦੇ ਨਹੀਂ ਸਨ ਅਤੇ ਤਤਕਾਲ ਨਿਰਣਾ ਲੈ ਲਿਆ ਕਰਦੇ ਸਨ। ਕੋਈ ਵੀ ਪੰਥਕ ਪ੍ਰੋਗਰਾਮ ਅਜਿਹਾ ਨਹੀਂ ਕਿਹਾ ਜਾ ਸਕਦਾ ਜਿਸ ਵਿਚ ਮਾਸਟਰ ਤਾਰਾ ਸਿੰਘ ਦੀ ਅਹਿਮ ਭੂਮਿਕਾ ਨਾ ਰਹੀ ਹੋਵੇ। ਉਹ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੁੰਦਿਆਂ ਵੀ ਆਮ ਆਦਮੀ ਵਰਗਾ ਜੀਵਨ ਬਿਤਾਉਂਦੇ ਰਹੇ।

ਇੱਥੋਂ ਤਕ ਕਿ ਉਹ ਆਪਣੇ ਪੈੱਨ ਵਿਚ ਸਿਆਹੀ ਵੀ ਘਰੋਂ ਭਰ ਕੇ ਚੱਲਦੇ ਸਨ ਤਾਂ ਜੋ ਸ਼੍ਰੋਮਣੀ ਕਮੇਟੀ ਦੇ ਵਸੀਲਿਆਂ ਦੀ ਵਰਤੋਂ ਨਿੱਜੀ ਹਿੱਤਾਂ ਲਈ ਨਾ ਹੋਵੇ। ਪੰਥ ਲਈ ਮਰ-ਮਿਟਣ ਦੀ ਭਾਵਨਾ ਰੱਖਣ ਵਾਲਾ ਇਹ ਅਨਮੋਲ ਰਤਨ ਜੀਵਨ ਸਫ਼ਰ ਸਮਾਪਤ ਕਰ ਕੇ 22 ਨਵੰਬਰ 1967 ਨੂੰ ਕੌਮ ਨੂੰ ਆਖ਼ਰੀ ਫ਼ਤਿਹ ਬੁਲਾ ਗਿਆ।

-ਮੋਬਾਈਲ ਨੰ. : 94631-32719

Posted By: Jagjit Singh