ਕੋਰੋਨਾ ਮਹਾਮਾਰੀ ਨੇ ਮਨੁੱਖ ਦੀ ਜੀਵਨ ਜਾਚ 'ਤੇ ਡੂੰਘਾ ਪ੍ਰਭਾਵ ਪਾਇਆ ਹੈ, ਜਿਸ ਕਰਕੇ ਜਿਊਣ ਦੇ ਰੰਗ- ਢੰਗ ਬਦਲੇ ਹਨ। ਜੇ ਸਹੀ ਅਰਥਾਂ ਵਿੱਚ ਭਵਿੱਖ ਦੇ ਪ੍ਰਭਾਵ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਸਭ ਤੋਂ ਜ਼ਿਆਦਾ ਜੇ ਕੁਝ ਪ੍ਰਭਾਵਿਤ ਹੋਇਆ ਹੈ ਤਾਂ ਉਹ ਸਿੱਖਿਆ ਪ੍ਰਣਾਲੀ ਭਾਵ ਵਿਦਿਆਰਥੀਆਂ ਦਾ ਭਵਿੱਖ। 22 ਮਾਰਚ ਤੋਂ ਸ਼ੁਰੂ ਹੋਈ ਤਾਲਾਬੰਦੀ ਨੇ ਸਭ ਤੋਂ ਵੱਡਾ ਅਸਰ ਇਮਤਿਹਾਨਾਂ ਸਮੇਤ ਸਿੱਖਿਆ ਪ੍ਰਣਾਲੀ, ਨਤੀਜਿਆਂ ਅਤੇ ਵਿਦਿਆਰਥੀਆਂ ਦੀ ਅਗਲੇਰੀ ਪੜ੍ਹਾਈ ਉੱਤੇ ਪਾਇਆ।

ਭਾਵੇਂ ਤਕਨਾਲੋਜੀ ਦੇ ਯੁੱਗ 'ਚ ਕੁਝ ਹੱਦ ਤਕ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਆਨਲਾਈਨ ਸਿੱਖਿਆ ਖੇਤਰ 'ਚ ਇਜ਼ਾਫ਼ਾ ਦਰਜ ਹੋਇਆ ਹੈ ਪਰ ਇਸ ਸਭ ਦੇ ਬਾਵਜੂਦ ਬਹੁਤ ਸਾਰੇ ਬੱਚਿਆਂ ਕੋਲ ਚੰਗਾ ਮੋਬਾਈਲ , ਕੰਪਿਊਟਰ ਜਾਂ ਲੈਪਟਾਪ ਨਹੀਂ ਹੈ। ਖ਼ਾਸ ਤੌਰ ਤੇ ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਵੀ ਜਿੱਥੇ ਵੱਡੀ ਸਮੱਸਿਆ ਪੈਦਾ ਹੋਈ ਹੈ, ਉੱਥੇ ਬਹੁਤ ਸਾਰੇ ਸ਼ਹਿਰਾਂ ਦੇ ਮੱਧ ਵਰਗੀ ਪਰਿਵਾਰਾਂ ਨਾਲ ਸਬੰਧਿਤ ਵਿਦਿਆਰਥੀ ਵੀ ਇਸ ਤੋਂ ਬਚੇ ਨਹੀਂ। ਬਹੁਤ ਸਾਰੇ ਅਜਿਹੇ ਪਰਿਵਾਰ ਹਨ, ਜਿਨ੍ਹਾਂ ਕੋਲ ਕੇਵਲ ਇਕ ਹੀ ਸਮਾਰਟ ਫੋਨ ਹੈ, ਉਹ ਘਰ ਵਿਚ ਵੱਡੇ ਭਰਾ, ਪਿਤਾ ਜਾਂ ਕਿਸੇ ਹੋਰ ਪਰਿਵਾਰਕ ਮੈਂਬਰ ਕੋਲ ਹੈ, ਜੋ ਆਪ ਤਾਂ ਸਾਰਾ ਦਿਨ ਬਾਹਰ ਕੰਮ-ਕਾਰ ਵਿਚ ਰਹਿੰਦਾ ਹੈ ਅਤੇ ਵਿਦਿਆਰਥੀਆਂ ਕੋਲੋਂ ਅਧਿਆਪਕਾਂ ਵੱਲੋਂ ਭੇਜਿਆ ਜਾ ਰਿਹਾ ਸਿਲੇਬਸ ਜਾਂ ਹੋਰ ਜਾਣਕਾਰੀ ਸ਼ਾਮਾਂ ਨੂੰ ਹੀ ਮਿਲਦੀ ਹੈ। ਕੋਰੋਨਾ ਕਾਲ 'ਚ ਕਾਰੋਬਾਰਾਂ ਤੇ ਪਏ ਵੱਡੇ ਅਸਰ ਕਾਰਨ ਇਹ ਵੀ ਸੰਭਵ ਨਹੀਂ ਕਿ ਜਲਦੀ 'ਚ ਪੰਜ ਤੋਂ ਸੱਤ ਹਜ਼ਾਰ ਰੁਪਏ ਦਾ ਨਵਾਂ ਮੋਬਾਈਲ ਬੱਚਿਆਂ ਨੂੰ ਲੈ ਕੇ ਦਿੱਤਾ ਜਾ ਸਕੇ ਅਤੇ ਉਸ ਵਿਚ ਇੰਟਰਨੈੱਟ ਲਈ ਮਹੀਨੇ ਦਾ ਘੱਟ ਤੋਂ ਘੱਟ ਦੋ ਸੌ ਰੁਪਏ ਦਾ ਖ਼ਰਚਾ ਘਰ ਦੇ ਬਜਟ ਵਿਚ ਸ਼ਾਮਲ ਹੋਵੇ। ਅਧਿਆਪਕਾਂ ਵੱਲੋਂ ਵ੍ਹਟਸਸੈਪ 'ਤੇ ਗਰੁੱਪ, ਵੀਡੀਓਕਾਲਿੰਗ ਜਾਂ ਆਡੀਓ ਸਬਕ ਤਿਆਰ ਕਰ ਕੇ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਸਕੂਲ ਅੰਦਰ ਜਮਾਤ 'ਚ ਬੈਠ ਕੇ ਜੋ ਸਬਕ ਅਧਿਆਪਕ ਵੱਲੋਂ ਪੜ੍ਹਾਇਆ ਜਾ ਸਕਦਾ ਹੈ, ਉਹ ਵਾਲੀ ਗੱਲ ਅਜੇ ਨਹੀਂ ਬਣ ਸਕੀ।

ਗ਼ਰੀਬ ਬੱਚੇ ਇਸ ਵਕਤ ਸਭ ਤੋਂ ਵੱਡੀ ਪਰੇਸ਼ਾਨੀ ਨਾਲ ਜੂਝ ਰਹੇ ਹਨ। ਸਰਵੇਖਣ ਦੱਸਦੇ ਹਨ ਕਿ ਇਸ ਸਾਲ ਕਰੋੜਾਂ ਗ਼ਰੀਬ ਬੱਚੇ ਪੜ੍ਹਾਈ ਛੱਡ ਸਕਦੇ ਹਨ, ਜਿਸ ਦੀ ਵਜ੍ਹਾ ਸਕੂਲ ਨਾ ਜਾਣਾ ਅਤੇ ਘਰ ਦੇ ਗੁਜ਼ਾਰੇ ਲਈ ਆਪਣੇ ਮਾਤਾ-ਪਿਤਾ ਦੇ ਨਾਲ ਛੋਟੇ-ਮੋਟੇ ਕਾਰੋਬਾਰਾਂ 'ਤੇ ਜਾਣਾ ਜਾਂ ਫਿਰ ਵੱਖਰੇ ਤੌਰ ਤੇ ਦਿਹਾੜੀ ਵਗੈਰਾ ਕਰ ਕੇ ਪੈਸੇ ਕਮਾਉਣ ਦਾ ਜੁਗਾੜ ਬਣਾਉਣਾ ਹੈ। ਹੋ ਸਕਦਾ ਹੈ ਭਵਿੱਖ ਵਿਚ ਇਹ ਬੱਚੇ ਮੁੜ ਸਕਲਾਂ ਨੂੰ ਨਾ ਮੁੜਨ। ਸਰਕਾਰਾਂ ਨੂੰ ਸਿੱਖਿਆ ਵਿਭਾਗ ਨਾਲ ਲਗਾਤਾਰ ਰਾਬਤਾ ਰੱਖ ਕੇ ਪਹਿਲ ਦੇ ਆਧਾਰ 'ਤੇ ਛੋਟੇ-ਵੱਡੇ ਵਿਦਿਆਰਥੀਆਂ ਦੀ ਸਿੱਖਿਆ ਉੱਤੇ ਵਿਸ਼ੇਸ਼ ਤੌਰ 'ਤੇ ਗੌਰ ਕਰਨਾ ਚਾਹੀਦਾ ਹੈ ਤਾਂ ਕਿ ਦੇਸ਼ ਦਾ ਭਵਿੱਖ ਮੰਨੇ ਜਾਂਦੇ ਵਿਦਿਆਰਥੀ ਸਕੂਲੀ ਸਿੱਖਿਆ ਤੋਂ ਮੂੰਹ ਨਾ ਮੋੜ ਲੈਣ।

-ਇਕਵਾਕ ਸਿੰਘ ਪੱਟੀ, ਅੰਮ੍ਰਿਤਸਰ।

Posted By: Sunil Thapa