-ਪ੍ਰਿੰਸੀਪਲ ਸਰਵਣ ਸਿੰਘ

ਮੈਂ ਖੇਡਾਂ ਅਤੇ ਖਿਡਾਰੀਆਂ ਬਾਰੇ 1965-66 ਤੋਂ ਲਿਖਦਾ ਆ ਰਿਹਾ ਹਾਂ। ਅਜੇ ਵੀ ਲੱਗਦਾ ਹੈ ਜਿਵੇਂ ਗੋਹੜੇ 'ਚੋਂ ਪੂਣੀ ਹੀ ਕੱਤੀ ਗਈ ਹੋਵੇ। ਖੇਡਾਂ ਦੀ ਦੁਨੀਆ ਬੜੀ ਵਿਸ਼ਾਲ ਹੈ। ਵਿਸ਼ਵ ਦੀਆਂ ਹਜ਼ਾਰਾਂ ਖੇਡਾਂ ਹਨ ਜੋ ਜਲ, ਥਲ, ਬਰਫ਼ ਤੇ ਹਵਾ ਵਿਚ ਖੇਡੀਆਂ ਜਾਂਦੀਆਂ ਹਨ। ਸੌ ਤੋਂ ਵੱਧ ਤਾਂ ਪੰਜਾਬ ਦੀਆਂ ਦੇਸੀ ਖੇਡਾਂ ਹੀ ਹਨ ਜਿਨ੍ਹਾਂ 'ਚੋਂ 87 ਖੇਡਾਂ ਦਾ ਵੇਰਵਾ ਮੈਂ 'ਪੰਜਾਬ ਦੀਆਂ ਦੇਸੀ ਖੇਡਾਂ' ਪੁਸਤਕ ਵਿਚ ਦਿੱਤਾ ਹੈ।

ਮੈਂ ਕਦੇ ਲਿਖਿਆ ਸੀ, “ਸ੍ਰਿਸ਼ਟੀ ਇਕ ਵੱਡਾ ਖੇਡ ਮੇਲਾ ਹੈ ਅਤੇ ਬ੍ਰਹਿਮੰਡ ਉਸ ਦਾ ਵਿਸ਼ਾਲ ਖੇਡ ਮੈਦਾਨ। ਧਰਤੀ, ਸੂਰਜ, ਚੰਦ, ਤਾਰੇ ਤੇ ਉਪਗ੍ਰਹਿ ਉਸ ਦੇ ਖਿਡਾਰੀ ਹਨ। ਦਿਨ-ਰਾਤ ਤੇ ਰੁੱਤਾਂ ਦੇ ਗੇੜ ਮੈਚਾਂ ਦਾ ਸਮਾਂ ਸਮਝੇ ਜਾ ਸਕਦੇ ਹਨ। ਜੀਵਨ ਇਕ ਖੇਡ ਹੀ ਤਾਂ ਹੈ! ਜੀਵ ਆਉਂਦੇ ਹਨ ਅਤੇ ਤੁਰਦੇ ਜਾਂਦੇ ਹਨ। ਕੋਈ ਜਿੱਤ ਰਿਹੈ, ਕੋਈ ਹਾਰ ਰਿਹੈ। ਜਿਹੜੇ ਜਿੱਤ ਜਾਂਦੇ ਨੇ ਉਹ ਬੱਲੇ-ਬੱਲੇ ਕਰਵਾ ਜਾਂਦੇ ਨੇ ਅਤੇ ਜਿਹੜੇ ਹਾਰ ਜਾਂਦੇ ਨੇ ਉਹ ਭੁੱਲ-ਭੁਲਾ ਜਾਂਦੇ ਨੇ। ਕੁਦਰਤ ਦੇ ਕਾਦਰ ਨੇ ਆਲੌਕਿਕ ਮੇਲਾ ਰਚਾ ਰੱਖਿਆ ਹੈ ਅਤੇ ਬਾਜ਼ੀ ਪਾ ਰੱਖੀ ਹੈ -'ਬਾਜ਼ੀਗਰ ਬਾਜ਼ੀ ਪਾਈ ਸਭ ਖਲਕ ਤਮਾਸ਼ੇ ਆਈ।'

ਸੋਹਣ ਸਿੰਘ 'ਸੀਤਲ' ਦੀਆਂ ਬਹੁਤੀਆਂ ਕਿਤਾਬਾਂ ਦੇ ਨਾਂ ਮੂਹਰੇ ਸੀਤਲ ਸ਼ਬਦ ਲੱਗਦਾ ਹੈ, ਜਿਵੇਂ ਸੀਤਲ ਪ੍ਰਸੰਗ, ਸੀਤਲ ਤਾਂਘਾਂ, ਸੀਤਲ ਤਰੰਗਾਂ, ਉਮੰਗਾਂ, ਰਮਜ਼ਾਂ, ਸੁਗਾਤਾਂ, ਕਿਰਨਾਂ ਤੇ ਸੀਤਲ ਵਲਵਲੇ ਆਦਿ। ਮੇਰੀਆਂ ਵੀ ਬਹੁਤੀਆਂ ਕਿਤਾਬਾਂ ਦੇ ਨਾਂ ਖੇਡ ਨਾਲ ਸ਼ੁਰੂ ਹੁੰਦੇ ਹਨ ਜਿਵੇਂ ਕਿ 'ਖੇਡ ਸੰਸਾਰ', 'ਖੇਡ ਜਗਤ ਵਿਚ ਭਾਰਤ', 'ਖੇਡ ਮੈਦਾਨ 'ਚੋਂ', 'ਖੇਡ ਜਗਤ ਦੀਆਂ ਬਾਤਾਂ', 'ਖੇਡ ਪਰਿਕਰਮਾ', 'ਖੇਡ ਦਰਸ਼ਨ', 'ਖੇਡ ਮੇਲੇ ਵੇਖਦਿਆਂ', 'ਖੇਡਾਂ ਦੀ ਦੁਨੀਆ' ਅਤੇ 'ਖੇਡ ਤੇ ਸਿਹਤ ਵਾਰਤਾ।' ਹੋ ਸਕਦਾ ਹੈ ਕਿ ਕਦੇ ਖੇਡ ਚਰਚਾ, ਖੇਡ ਕਥਾ ਤੇ ਖੇਡ ਲੀਲ੍ਹਾ ਵੀ ਰੱਖੇ ਜਾਣ। ਰੱਖਣ ਨੂੰ ਤਾਂ ਖੇਡ ਖਿਡਾਰੀ ਵੀ ਰੱਖਿਆ ਜਾ ਸਕਦੈ ਕਿਉਂਕਿ ਇਨ੍ਹਾਂ ਪੁਸਤਕਾਂ ਦਾ ਵਿਸ਼ਾ ਹੀ ਖੇਡਾਂ ਅਤੇ ਖਿਡਾਰੀ ਹਨ।

ਇਨ੍ਹਾਂ ਵਿਚ ਖਿਡਾਰੀਆਂ ਦੇ ਸ਼ਬਦ ਚਿੱਤਰ, ਜੀਵਨੀਆਂ, ਸਵੈ-ਜੀਵਨੀਆਂ, ਖੇਡ ਕਹਾਣੀਆਂ, ਖੇਡ ਇਤਿਹਾਸ, ਖੇਡ ਮੇਲੇ, ਖੇਡ ਮਸਲੇ, ਖੇਡ ਕਿੱਸੇ, ਖੇਡ ਤਬਸਰੇ, ਖੇਡਾਂ ਦੀ ਜਾਣ-ਪਛਾਣ, ਖੇਡਾਂ ਦੀਆਂ ਬਾਤਾਂ, ਪੇਂਡੂ ਓਲੰਪਿਕਸ, ਖੇਡਾਂ ਦਾ ਕਾਵਿ-ਸੰਸਾਰ, ਖੇਡ ਚਿੰਤਨ, ਲੋਪ ਹੋ ਰਹੀਆਂ ਦੇਸੀ ਖੇਡਾਂ ਤੇ ਖੇਡੀਆਂ ਜਾਂਦੀਆਂ ਅਜੋਕੀਆਂ ਖੇਡਾਂ ਬਾਰੇ ਬਹੁਪੱਖੀ ਜਾਣਕਾਰੀ ਦੇਣ ਵਾਲੀਆਂ ਪੁਸਤਕਾਂ ਹਨ। ਜਿਵੇਂ ਖੇਡਾਂ ਖੇਡਣ ਅਤੇ ਵੇਖਣ ਵਾਲੇ ਬਹੁਤ ਸਾਰੇ ਲੋਕ ਹਨ, ਤਿਵੇਂ ਹੀ ਖੇਡਾਂ ਅਤੇ ਖਿਡਾਰੀਆਂ ਬਾਰੇ ਛਪੀਆਂ ਪੁਸਤਕਾਂ ਪੜ੍ਹਨ ਵਾਲੇ ਪਾਠਕ ਵੀ ਮੌਜੂਦ ਹਨ।

ਖੇਡਾਂ ਪੰਜਾਬੀਆਂ ਦਾ ਇਸ਼ਕ ਹਨ। ਉਹ ਜਿੰਨੇ ਜ਼ੋਰ ਨਾਲ ਹਲ਼-ਵਾਹੀ ਕਰਦੇ ਤੇ ਜੰਗਾਂ, ਯੁੱਧਾਂ 'ਚ ਜੂਝਦੇ ਹਨ, ਓਨੇ ਹੀ ਜ਼ੋਰ ਨਾਲ ਖੇਡਦੇ ਹਨ। ਜਿੰਨੇ ਚਾਅ ਨਾਲ ਮੇਲੇ ਵੇਖਦੇ ਹਨ ਓਨੇ ਹੀ ਚਾਅ ਨਾਲ ਖੇਡ ਮੁਕਾਬਲੇ। ਉਹ ਮੁੱਢ ਕਦੀਮ ਤੋਂ ਜੁੱਸੇ ਤਕੜੇ ਬਣਾਉਣ ਦੇ ਸ਼ੌਕੀਨ ਰਹੇ ਹਨ। ਤਕੜਾ ਜੁੱਸਾ ਸੋਹਣੇ ਲੱਗਣ, ਸ਼ਿਕਾਰ ਖੇਡਣ, ਲੜਾਈ ਲੜਨ, ਮਾਲ ਡੰਗਰ ਸੰਭਾਲਣ, ਖੇਤੀਬਾੜੀ ਕਰਨ ਅਤੇ ਖੇਡਾਂ ਖੇਡਣ ਲਈ ਵਧੇਰੇ ਕਾਮਯਾਬ ਸੀ। ਹਰ ਮਾਪੇ ਦਾ ਚਾਅ ਸੀ ਕਿ ਉਨ੍ਹਾਂ ਦਾ ਬੱਚਾ ਤਕੜਾ ਜਵਾਨ ਬਣੇ। ਜੁੱਸੇ ਤਕੜੇ ਕਰਨ ਲਈ ਖ਼ੁਰਾਕਾਂ ਅਤੇ ਕਸਰਤਾਂ 'ਤੇ ਉਚੇਚਾ ਜ਼ੋਰ ਦਿੱਤਾ ਜਾਂਦਾ ਸੀ।

ਪੰਜਾਬੀਆਂ ਦੀਆਂ ਖ਼ੁਰਾਕਾਂ ਵਿਚ ਦੁੱਧ-ਘਿਓ, ਅੱਧ ਰਿੜਕੇ-ਤਿਓੜਾਂ, ਮੱਖਣ-ਮਲਾਈਆਂ, ਖੋਏ-ਪੰਜੀਰੀਆਂ, ਬਦਾਮ-ਛੁਹਾਰੇ, ਸ਼ਰਬਤ ਅਤੇ ਯਖਣੀਆਂ ਸ਼ਾਮਲ ਸਨ। ਗੁੜ-ਸ਼ੱਕਰ, ਖੰਡ-ਘਿਓ, ਪਰਾਉਂਠੇ ਤੇ ਸਾਗ-ਮੱਖਣ ਰੱਜ ਕੇ ਖਾਧਾ ਜਾਂਦਾ। ਹਕੀਮਾਂ ਤੋਂ ਕੁਸ਼ਤੇ ਮਰਵਾਏ ਜਾਂਦੇ। ਖਸਖਸ, ਬਦਾਮਾਂ, ਪਿਸਤਿਆਂ ਤੇ ਮਗਜ਼ਾਂ ਦੀਆਂ ਸਰਦਾਈਆਂ ਰਗੜ ਕੇ ਪੀਤੀਆਂ ਜਾਂਦੀਆਂ। ਡੰਡ ਕੱਢਣੇ, ਬੈਠਕਾਂ ਮਾਰਨੀਆਂ, ਦੌੜਨਾ, ਡੱਡੂ-ਛੜੱਪੇ, ਮੂੰਗਲੀਆਂ ਫੇਰਨੀਆਂ, ਪੱਥਰ, ਵੱਟੇ, ਵੇਲਣੇ, ਅਹਿਰਨਾਂ ਤੇ ਮੁਗਦਰ ਚੁੱਕਣੇ, ਰੱਸੇ ਖਿੱਚਣੇ ਅਤੇ ਖੂਹ ਗੇੜਨੇ ਪੰਜਾਬੀਆਂ ਦੀਆਂ ਮੁੱਖ ਕਸਰਤਾਂ ਸਨ। ਕੋਈ ਮੰਨੇਗਾ ਕਿ ਹੱਡ-ਮਾਸ ਦਾ ਬਣਿਆ ਬੰਦਾ ਆਪਣੇ ਸਰੀਰਕ ਵਜ਼ਨ ਨਾਲੋਂ ਤਿੰਨ ਗੁਣਾ ਵੱਧ ਵਜ਼ਨ ਆਪਣੀਆਂ ਬਾਹਾਂ ਉੱਤੇ ਤੋਲ ਦੇਵੇ? ਜੀ ਹਾਂ, ਅਜਿਹਾ ਹੋ ਗਿਐ। ਚੌਵੀ ਅਪ੍ਰੈਲ 2001 ਨੂੰ ਸਲੋਵਾਕੀਆ ਦੇ ਸ਼ਹਿਰ ਟ੍ਰੈਂਚਨ ਵਿਚ ਤੁਰਕੀ ਦੇ ਭਾਰਚੁਕਾਵੇ ਹਲੀਲ ਮੁਤਲੂ ਨੇ ਇਹ ਕੁਝ ਵੀ ਕਰ ਵਿਖਾਇਐ। ਉਸ ਨੇ 56 ਕਿੱਲੋ ਵਜ਼ਨ ਵਰਗ 'ਚ 168 ਕਿੱਲੋ ਭਾਰ ਭੁੰਜਿਓਂ ਚੁੱਕ ਕੇ ਬਾਹਾਂ ਉਤੇ ਖੜ੍ਹਾ ਕਰ ਦਿੱਤਾ।

ਚੀਨ ਦਾ ਲਿਓ ਹੂਈ 69 ਕਿੱਲੋ ਵਜ਼ਨ ਵਰਗ ਵਿਚ 198 ਕਿੱਲੋਗ੍ਰਾਮ ਦਾ ਬਾਲਾ ਕੱਢ ਕੇ ਦੋ ਕੁਇੰਟਲ ਦੀ ਹੱਦ ਪਾਰ ਕਰਨ ਵਾਲਾ ਹੈ। ਔਰਤਾਂ ਨੂੰ ਨਾਜ਼ਕ ਮਲੂਕ ਸਮਝਿਆ ਜਾਂਦਾ ਹੈ। ਤੁਰਕੀ ਦੀ ਨੁਰਕਨ ਤੇਲਾਨ ਜਿਸ ਦਾ ਆਪਣਾ ਵਜ਼ਨ 48 ਕਿੱਲੋਗ੍ਰਾਮ ਤੋਂ ਘੱਟ ਹੈ, ਉਸ ਨੇ 121 ਕਿੱਲੋ ਵਜ਼ਨ ਬਾਹਾਂ ਉੱਤੇ ਚੁੱਕਣ ਦਾ ਵਿਸ਼ਵ ਰਿਕਾਰਡ ਬਣਾ ਰੱਖਿਆ ਹੈ।

ਕਜ਼ਾਖ਼ਸਤਾਨ ਦੀ ਸਵੇਤਲਾਨਾ ਪਾਡੋਵੇਦੋਵਾ ਦਾ ਸਰੀਰਕ ਵਜ਼ਨ 75 ਕਿੱਲੋ ਤੋਂ ਘੱਟ ਹੈ ਪਰ ਉਹ 134 ਕਿੱਲੋ ਦੀ ਸਨੈਚ ਤੇ 161 ਕਿੱਲੋ ਦੀ ਜਰਕ ਲਾ ਗਈ ਹੈ। ਉਸ ਨੇ ਚਾਰ ਮਣ ਤੋਂ ਵੱਧ ਵਜ਼ਨ ਬਾਹਾਂ ਉੱਤੇ ਤੋਲ ਦਿੱਤੈ! 'ਤੁਰੋ ਤੇ ਤੰਦਰੁਸਤ ਰਹੋ' ਸਿਹਤ ਨਰੋਈ ਰੱਖਣ ਦਾ ਸੰਦੇਸ਼ ਹੈ। 'ਜਿੱਥੋਂ ਤਕ ਸੁਹੱਪਣ ਦੀ ਗੱਲ ਹੈ, ਸੋਹਣੇ-ਸੁਡੌਲ ਜੁੱਸੇ ਪੈਰੀਂ ਤੁਰਨ ਅਤੇ ਕਸਰਤ ਕਰਨ ਵਾਲਿਆਂ ਦੇ ਹੀ ਹੁੰਦੇ ਹਨ। ਜਿਨ੍ਹਾਂ ਨੇ ਤੁਰਨ ਦੇ ਰਾਹ ਨਹੀਂ ਪੈਣਾ, ਉਨ੍ਹਾਂ ਦਾ ਮਾਸ ਥੁਲਥੁਲ ਹੀ ਕਰਨਾ ਹੈ। ਉਸ ਵਿਚ ਖਿੱਚ ਨਹੀਂ ਰਹਿਣੀ। ਬਿਊਟੀ ਪਾਰਲਰ ਵਾਲੇ ਸਿਹਲੀਆਂ ਘੜ ਦੇਣਗੇ, ਨਹੁੰ ਪਾਲਸ਼ ਲਾ ਦੇਣਗੇ, ਕਰੀਮਾਂ-ਪਾਊਡਰਾਂ ਨਾਲ ਰੰਗ ਗੋਰਾ ਕਰ ਦੇਣਗੇ ਪਰ ਸਰੀਰ ਦਾ ਸੁਹੱਪਣ ਤਦ ਹੀ ਨਿੱਖਰੇਗਾ ਜਦੋਂ ਜੁੱਸੇ ਨੂੰ ਛਾਂਟ ਕੇ ਸੁਡੌਲਤਾ ਵਿਚ

ਢਾਲਿਆ ਜਾਵੇਗਾ।

ਜੁੱਸੇ ਨੂੰ ਛਾਂਟਵਾਂ ਬਣਾਉਣ ਲਈ ਲੰਮੀਆਂ ਵਾਟਾਂ ਦੀ ਸੈਰ ਅਹਿਮ ਹੈ। ਸੈਰ ਕਰਨ 'ਤੇ ਕੁਝ ਵੀ ਨਹੀਂ ਲੱਗਦਾ ਜਦਕਿ 'ਬਿਊਟੀ' ਦੇ ਨਾਂ 'ਤੇ ਵਿਕਣ ਵਾਲੀਆਂ ਵਸਤਾਂ ਜੇਬਾਂ ਖ਼ਾਲੀ ਕਰ ਦਿੰਦੀਆਂ ਨੇ। ਸੁੰਦਰਤਾ ਮਹਿੰਗੇ ਕੱਪੜਿਆਂ, ਗਹਿਣਿਆਂ, ਫੈਸ਼ਨਾਂ ਤੇ ਲਿਪਸਟਿਕਾਂ ਵਿਚ ਨਹੀਂ ਸਗੋਂ ਸਰੀਰ ਦੀ

ਸੁਡੌਲਤਾ ਵਿਚ ਹੈ।

ਸਡੌਲ ਬਦਨ 'ਤੇ ਪਹਿਨੀ ਸਾਦੀ ਪੁਸ਼ਾਕ ਵੀ ਸਿਲਮੇ-ਸਤਾਰੇ ਵਾਲੇ ਸੂਟ ਨਾਲੋਂ ਵਧੇਰੇ ਜਚਦੀ ਹੈ। ਪੰਜਾਬ ਦੇ ਉਹ ਵੀ ਦਿਨ ਸਨ ਜਦੋਂ ਬੀਹੀਆਂ ਅਤੇ ਵਿਹੜਿਆਂ ਵਿਚ ਲੋਕ ਖੇਡਾਂ ਦੇ ਝੁਰਮਟ ਪਏ ਰਹਿੰਦੇ ਸਨ। ਬੱਚੇ ਚੰਨ ਚਾਨਣੀਆਂ ਵਿਚ ਖੇਡਦੇ ਅਤੇ ਵਡੇਰੇ ਖੁੱਲ੍ਹੀਆਂ ਰੌੜਾਂ ਨੂੰ ਰੰਗ-ਭਾਗ ਲਾਉਂਦੇ। ਕਿਧਰੇ ਲੁਕਣ-ਮੀਚੀਆਂ ਖੇਡੀਆਂ ਜਾਂਦੀਆਂ, ਕਿਧਰੇ ਛੂਹਣ-ਛੁਹਾਈਆਂ ਅਤੇ ਕਿਧਰੇ ਵੱਡ-ਉਮਰੇ ਬੰਦੇ ਬਾਰਾਂ ਡੀਟੀ ਅਤੇ ਬੋੜਾ ਖੂਹ ਖੇਡਦੇ। ਕਿਤੇ ਪੂਰ ਨੱਕਾ ਅਤੇ ਪਾਸਾ ਖੇਡਿਆ ਜਾਂਦਾ। ਕਿਧਰੇ ਜਵਾਨਾਂ ਦੇ ਜ਼ੋਰ ਹੁੰਦੇ ਅਤੇ ਛਿੰਝਾਂ ਪੈਂਦੀਆਂ, ਕਿਧਰੇ ਮੂੰਗਲੀਆਂ ਫੇਰੀਆਂ ਜਾਂਦੀਆਂ ਤੇ ਮੁਗਦਰ ਚੁੱਕੇ ਜਾਂਦੇ। ਢੋਲ ਵੱਜਦੇ, ਬਾਜ਼ੀਆਂ ਪੈਂਦੀਆਂ ਅਤੇ ਸੌਂਚੀਆਂ ਚੜ੍ਹਦੀਆਂ। ਦੇਸੀ ਖੇਡਾਂ ਦਾ ਉਹ ਰੰਗਲਾ ਰੋਮਾਂਸ ਤਰੱਕੀ ਦੀ ਦੌੜ ਵਿਚ ਲੋਪ ਹੋਈ ਜਾ ਰਿਹਾ ਹੈ।

ਜਿਹੜਾ ਬੰਦਾ ਕਿਰਤ ਅਤੇ ਕਸਰਤ ਦੇ ਲੜ ਲੱਗਾ ਹੋਵੇ ਉਹਤੋਂ ਕੁਦਰਤ ਵੀ ਬਲਿਹਾਰੇ ਜਾਂਦੀ ਹੈ। ਉਹ ਉਸ ਨੂੰ ਲੰਬੀ ਉਮਰ ਬਖ਼ਸ਼ਦੀ ਹੈ। ਅਜਿਹਾ ਵਿਅਕਤੀ ਆਮ ਬਿਮਾਰੀਆਂ-ਠਮਾਰੀਆਂ ਤੋਂ ਬਚਿਆ ਰਹਿੰਦਾ ਹੈ ਅਤੇ ਸੁਖੀ ਤੇ ਸੰਤੁਸ਼ਟ ਜੀਵਨ ਭੋਗਦਾ ਹੈ। ਕਿਰਤ ਤੇ ਕਸਰਤ ਕਰਨ ਨਾਲ ਨੌਜਵਾਨ ਨਸ਼ਿਆਂ ਦੀ ਲਤ ਤੋਂ ਬਚ ਸਕਦੇ ਹਨ। ਜੁੱਸੇ ਤਕੜੇ ਤੇ ਹੰਢਣਸਾਰ ਬਣਾ ਕੇ ਖੇਡਾਂ ਦੇ ਮੈਡਲ ਜਿੱਤ ਸਕਦੇ ਹਨ। ਸਰੀਰਕ ਕਸਰਤ ਕਰਨ ਦੀ ਜਿੰਨੀ ਜ਼ਰੂਰਤ ਇੱਕੀਵੀਂ ਸਦੀ ਵਿਚ ਹੈ, ਓਨੀ ਪਹਿਲੀਆਂ ਸਦੀਆਂ ਵਿਚ ਨਹੀਂ ਸੀ। ਪਹਿਲਾਂ ਏਨੀਆਂ ਮਸ਼ੀਨਾਂ ਮਨੁੱਖ ਦੀ ਸੌਖ ਲਈ ਈਜਾਦ ਨਹੀਂ ਸਨ ਹੋਈਆਂ। ਹੱਥੀਂ ਕਿਰਤ ਕਰਨੀ ਅਤੇ ਪੈਰੀਂ ਪੈਂਡਾ ਮਾਰਨਾ ਮਨੁੱਖ ਦੀ ਮਜਬੂਰੀ ਸੀ। ਇਹ ਮਜਬੂਰੀ ਮਨੁੱਖ ਲਈ ਕੁਦਰਤੀ ਵਰਦਾਨ ਸਾਬਤ ਹੁੰਦੀ ਰਹੀ।

ਜਦੋਂ ਮੈਂ ਖੇਡਾਂ ਅਤੇ ਖਿਡਾਰੀਆਂ ਬਾਰੇ ਲਿਖਣਾ ਸ਼ੁਰੂ ਕੀਤਾ ਸੀ ਉਦੋਂ ਪੰਜਾਬੀ ਵਿਚ ਖੇਡ ਪੁਸਤਕਾਂ ਨਹੀਂ ਸਨ ਹੁੰਦੀਆਂ। ਮੇਰੇ ਵੇਖਦਿਆਂ-ਵੇਖਦਿਆਂ ਕਾਫ਼ੀ ਸਾਰੀਆਂ ਪੰਜਾਬੀ ਖੇਡ ਪੁਸਤਕਾਂ ਪ੍ਰਕਾਸ਼ਿਤ ਹੋਈਆਂ ਜਿਨ੍ਹਾਂ ਦੀ ਗਿਣਤੀ ਹੁਣ 100 ਤੋਂ ਟੱਪ ਚੁੱਕੀ ਹੈ। ਉਨ੍ਹਾਂ ਵਿਚ 22-23 ਖੇਡ ਪੁਸਤਕਾਂ ਤਾਂ ਮੇਰੀਆਂ ਆਪਣੀਆਂ ਹੀ ਹਨ।

ਉਂਜ ਮੈਂ ਤਿੰਨ ਦਰਜਨ ਤੋਂ ਵੱਧ ਪੁਸਤਕਾਂ ਛਪਵਾ ਚੁੱਕਾ ਹਾਂ। ਕਦੇ ਮੈਂ ਕਿਸੇ ਸਾਹਿਤਕ ਗੋਸ਼ਟੀ ਵਿਚ ਕਿਹਾ ਸੀ, “ਤੁਸੀਂ ਸਾਨੂੰ ਸਾਹਿਤਕਾਰ ਨਹੀਂ ਸਮਝਦੇ ਤਾਂ ਨਾ ਸਮਝੋ, ਚਲੋ ਸਿਹਤਕਾਰ ਹੀ ਸਮਝ ਲਓ। ਜੇਕਰ ਸਾਡੇ 'ਚ ਦਮ ਹੋਇਆ ਤਾਂ ਅਸੀਂ ਪੰਜਾਬੀ ਵਿਚ ਖੇਡ ਅਦਬ ਦੀ ਵੱਖਰੀ ਅਲਮਾਰੀ ਸ਼ਿੰਗਾਰ ਕੇ ਵਿਖਾਵਾਂਗੇ।''ਖੇਡਾਂ ਦਾ ਖੇਤਰ ਅਸਗਾਹ ਹੈ ਜਿਸ ਵਿਚ ਮੇਰੀ ਖੇਡ ਲੇਖਣੀ ਦੀ ਮੈਰਾਥਨ ਅਜੇ ਵੀ ਜਾਰੀ ਹੈ। ਇਹ ਮੈਰਾਥਨ ਤਦ ਤਕ ਜਾਰੀ ਰਹੇਗੀ ਜਦ ਤਕ ਡਿੱਗ ਨਹੀਂ ਪੈਂਦਾ।

-(ਲੇਖਕ ਸਿੱਖਿਆ ਸ਼ਾਸਤਰੀ, ਸਾਹਿਤਕਾਰ ਅਤੇ ਖੇਡਾਂ ਸਬੰਧੀ ਸਾਹਿਤ ਦਾ ਰਚੇਤਾ ਹੈ)।

-ਮੋਬਾਈਲ ਨੰ. : 94651-01651

Posted By: Rajnish Kaur