ਮੈਂ ਪੇਸ਼ੇ ਵਜੋਂ ਇਕ ਡਾਕਟਰ ਹਾਂ ਅਤੇ ਮੇਰਾ ਜਨਮ ਦਿੱਲੀ ਵਿਚ ਹੋਇਆ ਸੀ। ਮੈਂ ਬੀਤੇ 30 ਵਰਿ੍ਹਆਂ ਤੋਂ ਦਿੱਲੀ ਵਿਚ ਹੀ ਡਾਕਟਰ ਵਜੋਂ ਸੇਵਾ ਨਿਭਾ ਰਿਹਾ ਹਾਂ। ਮੇਰੇ ਪਿਤਾ ਜੀ ਮੂਲ ਰੂਪ ਵਿਚ ਅੰਮ੍ਰਿਤਸਰ ਦੇ ਲਾਗਲੇ ਪਹੁਵਿੰਡ ਪਿੰਡ ਤੋਂ ਸਨ। ਮੈਂ ਆਪਣੇ ਜੀਵਨ ਵਿਚ ਅਨੇਕਾਂ ਉਤਰਾਅ-ਚੜ੍ਹਾਅ ਵੇਖੇ ਹਨ। ਸ਼ਾਇਦ ਇਸੇ ਲਈ ਅੱਜ ਮੈਂ ਕਈ ਲੋਕਾਂ ਨੂੰ ਉਨ੍ਹਾਂ ਦੀ ਜ਼ਿੰਦਗੀ ਵਿਚ ਸਹਾਰਾ ਦੇਣ ਦੇ ਕਾਬਲ ਬਣਿਆ ਹਾਂ। ਮੇਰੀ ਸ਼ੁਰੂਆਤੀ ਪੜ੍ਹਾਈ-ਲਿਖਾਈ ਸਰਕਾਰੀ ਸਕੂਲ ਵਿਚ ਹਿੰਦੀ ਮਾਧਿਅਮ ਨਾਲ ਹੋਈ। ਮੈਂ ਪੜ੍ਹਾਈ ਵਿਚ ਸ਼ੁਰੂ ਤੋਂ ਹੀ ਠੀਕ-ਠਾਕ ਸਾਂ। ਪੰਜਵੀਂ ਜਮਾਤ ਵਿਚ ਹੋਣਹਾਰ ਵਿਦਿਆਰਥੀ ਇਮਤਿਹਾਨ ਵਿਚ ਮੈਂ ਦਿੱਲੀ ਵਿਚ ਛੇਵੇਂ ਨੰਬਰ ’ਤੇ ਰਿਹਾ ਸਾਂ। ਉਸ ਤੋਂ ਬਾਅਦ ਪੜ੍ਹਾਈ ਆਪਣੀ ਚਾਲੇ ਚੱਲਦੀ ਰਹੀ।

ਦਸਵੀਂ ਵਿਚ ਮੈਂ ਪਹਿਲੇ ਦਰਜੇ ਵਿਚ ਪਾਸ ਹੋਇਆ। ਦਸ ਜਮਾਤਾਂ ਪਾਸ ਕਰਨ ਤੋਂ ਬਾਅਦ ਮੇਰਾ ਜੀਵਨ ਕਾਫ਼ੀ ਸੰਘਰਸ਼ ਨਾਲ ਭਰਪੂਰ ਰਿਹਾ। ਮੈਂ ਆਪਣੇ ਘਰੋਂ ਵੀਹ ਕਿਲੋਮੀਟਰ ਦੂਰ ਇਕ ਵੱਕਾਰੀ ਅੰਗਰੇਜ਼ੀ ਮਾਧਿਅਮ ਦੇ ਸਰਕਾਰੀ ਸਕੂਲ ਵਿਚ ਦਾਖ਼ਲਾ ਲਿਆ। ਇਸੇ ਫ਼ੈਸਲੇ ਨੇ ਮੇਰੀ ਜ਼ਿੰਦਗੀ ਨੂੰ ਇਕ ਅਲੱਗ ਮੋੜ ਦੇ ਦਿੱਤਾ। ਸਾਰੀ ਕਹਾਣੀ ਹੀ ਬਦਲਣੀ ਸ਼ੁਰੂ ਹੋ ਗਈ। ਦਸਵੀਂ ਤਕ ਸਾਰੇ ਮਜ਼ਮੂਨ ਹਿੰਦੀ ਵਿਚ ਪੜ੍ਹੇ ਸਨ। ਅਚਾਨਕ ਹੀ 11ਵੀਂ ਵਿਚ ਅੰਗਰੇਜ਼ੀ ਮੀਡੀਅਮ ਨਾਲ ਵਿਗਿਆਨ ਤੇ ਗਣਿਤ ਦੀ ਪੜ੍ਹਾਈ ਬੇਹੱਦ ਮੁਸ਼ਕਲ ਸੀ। ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ ਅਤੇ ਮੈਥ ਚਾਰਾਂ ਨੂੰ ਇਕੱਠਿਆਂ ਪੜ੍ਹਨਾ ਬਹੁਤ ਹੀ ਕਠਿਨ ਸੀ। ਭਾਸ਼ਾ ਬਦਲ ਜਾਣ ਕਾਰਨ ਮੈਨੂੰ ਇਨ੍ਹਾਂ ਨੂੰ ਸਮਝਣ ਵਿਚ ਬਹੁਤ ਮੁਸ਼ਕਲ ਹੋਈ। ਕਿਸੇ ਤਰ੍ਹਾਂ ਗਿਆਰਵੀਂ ਪਾਸ ਕਰਦੇ-ਕਰਦੇ ਸਾਰਾ ਕੁਝ ਕਾਬੂ ਹੇਠ ਆ ਗਿਆ। ਬਾਰ੍ਹਵੀਂ ਵਿਚ ਮੈਨੂੰ 72% ਅੰਕ ਮਿਲੇ। ਇਹ 1984 ਦੀ ਗੱਲ ਹੈ। ਉਸ ਜ਼ਮਾਨੇ ਵਿਚ ਇੰਨੇ ਨੰਬਰ ਕਾਫ਼ੀ ਚੰਗੇ ਮੰਨੇ ਜਾਂਦੇ ਸਨ। ਅੱਜ-ਕੱਲ੍ਹ ਤਾਂ ਸੌ ਫ਼ੀਸਦੀ ਨੰਬਰ ਵੀ ਆ ਜਾਂਦੇ ਹਨ। ਮੈਂ ਨਿੱਜੀ ਤੌਰ ’ਤੇ ਇਸ ਦੇ ਹੱਕ ਵਿਚ ਨਹੀਂ ਹਾਂ ਕਿਉਂਕਿ ਅਜਿਹੀ ਚੂਹਾ-ਦੌੜ ਬੱਚਿਆਂ ਨੂੰ ਕਿਤਾਬੀ ਕੀੜੇ ਬਣਾ ਰਹੀ ਹੈ।

ਬਤੌਰ ਡਾਕਟਰ ਮੈਨੂੰ ਲੱਗਦਾ ਹੈ ਕਿ ਇਸ ਨਾਲ ਬੱਚੇ ਦਾ ਮਾਨਸਿਕ ਤੇ ਬਹੁ-ਪੱਖੀ ਵਿਕਾਸ ਰੁਕਦਾ ਹੈ। ਖ਼ੈਰ, ਬਾਰ੍ਹਵੀਂ ’ਚੋਂ 72 ਫ਼ੀਸਦੀ ਨੰਬਰ ਲੈਣ ਤੋਂ ਬਾਅਦ ਵੱਡੀ ਚੁਣੌਤੀ ਸੀ ਕਿ ਆਖ਼ਰ ਮੈਂ ਅੱਗੇ ਕੀ ਕਰਨਾ ਹੈ? ਇਸ ਬਾਰੇ ਮੇਰੇ ਅੱਗੇ ਕੋਈ ਖਾਕਾ ਨਹੀਂ ਸੀ। ਮੈਂ ਦਿੱਲੀ ਕਾਲਜ ਆਫ ਫਾਰਮੇਸੀ ਵਿਚ ਦਾਖ਼ਲਾ ਲੈ ਲਿਆ।

ਉੱਥੇ ਜਾ ਕੇ ਇੰਟਰਨਸ਼ਿਪ ਦੌਰਾਨ ਮੈਨੂੰ ਸਮਝ ਆਇਆ ਕਿ ਮੈਂ ਤਾਂ ਡਾਕਟਰ ਬਣਨਾ ਸੀ। ਬਸ ਫਿਰ ਇਹ ਜਨੂੰਨ ਮੇਰੇ ਸਿਰ ’ਤੇ ਸਵਾਰ ਹੋ ਗਿਆ। ਮੈਂ ਅਗਲੇ ਸਾਲ ਮੈਡੀਕਲ ਐਂਟਰੈਂਸ ਟੈਸਟ ਦੇਣ ਦਾ ਫ਼ੈਸਲਾ ਕੀਤਾ। ਪੜ੍ਹਾਈ ਸ਼ੁਰੂ ਤੋਂ ਕਰੀ ਪਰ ਅਗਲੇ ਸਾਲ ਕੋਈ ਕਾਮਯਾਬੀ ਹੱਥ ਨਾ ਲੱਗੀ। ਪਰ ਪੇਪਰ ਕਿਹੋ ਜਿਹਾ ਹੁੰਦਾ ਹੈ, ਇੰਨਾ ਕੁ ਪਤਾ ਜ਼ਰੂਰ ਲੱਗ ਗਿਆ ਸੀ। ਮੈਨੂੰ ਸੰਘਰਸ਼ ਕਰਦੇ ਨੂੰ ਚਾਰ ਸਾਲ ਹੋ ਗਏ ਸਨ ਪਰ ਮੈਂ ਹਾਰ ਨਹੀਂ ਮੰਨੀ। ਉਸ ਦੌਰਾਨ ਜੋ-ਜੋ ਹੋਇਆ, ਉਹ ਕਦੇ ਫਿਰ ਲਿਖਾਂਗਾ ਕਿਉਂਕਿ ਅਸਲੀ ਸੰਘਰਸ਼ ਦੇ ਉਹੀ ਚਾਰ ਸਾਲ ਸਨ।

ਚੌਥੇ ਸਾਲ ਵਿਚ ਮੇਰੀ ਸਿਲੈਕਸ਼ਨ ਹੋ ਗਈ। ਆਲ ਇੰਡੀਆ ਰੈਂਕ 522 ਅਤੇ ਦਿੱਲੀ ਵਿਚ ਰੈਂਕ 191 ਸੀ। ਮੈਂ ਦਿੱਲੀ ਤੋਂ ਐੱਮਬੀਬੀਐੱਸ ਕੀਤੀ। ਉਸ ਤੋਂ ਬਾਅਦ ਮੈਂ ਕਲੀਨਿਕ ’ਤੇ ਕੰਮ ਕਰਦੇ-ਕਰਦੇ ਬਹੁਤ ਸਾਰੇ ਡਿਪਲੋਮਾ ਕੋਰਸ ਕੀਤੇ। ਮੈਨੂੰ ਅੱਜ ਵੀ ਪੜ੍ਹਾਈ ਦਾ ਬਹੁਤ ਸ਼ੌਕ ਹੈ ਅਤੇ ਅੱਜ-ਕੱਲ੍ਹ ਵੀ ਮੈਂ ਇਕ ਪੀਜੀ ਡਿਪਲੋਮਾ ਕੋਰਸ ਲਈ ਅਰਜ਼ੀ ਦਿੱਤੀ ਹੋਈ ਹੈ। ਵਡੇਰੀ ਉਮਰ ਵਿਚ ਵੀ ਮੈਨੂੰ ਲੱਗਦਾ ਹੈ ਕਿ ਆਦਮੀ ਆਖ਼ਰੀ ਸਾਹ ਤਕ ਵਿਦਿਆਰਥੀ ਹੁੰਦਾ ਹੈ। ਪੱਛਮੀ ਮੁਲਕਾਂ ਵਿਚ 70-80 ਸਾਲਾਂ ਦੇ ਬਜ਼ੁਰਗ ਵੀ ਪੀਐੱਚਡੀ ਕਰਦੇ ਮਿਲ ਜਾਂਦੇ ਹਨ। ਆਪਣੇ ਸਖ਼ਤ ਸੰਘਰਸ਼ ਕਾਰਨ ਹੀ ਮੈਨੂੰ ਦੁਨੀਆਦਾਰੀ ਦੀ ਹਕੀਕੀ ਸੱਚਾਈ ਪਤਾ ਲੱਗਾ ਅਤੇ ਇਹ ਵੀ ਪਤਾ ਲੱਗਾ ਕਿ ਨਾਕਾਮ ਹੋਣ ਵਾਲੇ ਵਿਦਿਆਰਥੀਆਂ ’ਤੇ ਕੀ ਬੀਤਦੀ ਹੈ। ਵਾਰ-ਵਾਰ ਅਸਫਲ ਹੋਣ ’ਤੇ ਲੋਕਾਂ ਦਾ ਰਵੱਈਆ ਕਿੰਨਾ ਦੁੱਖ ਦੇਣ ਵਾਲਾ ਹੁੰਦਾ ਹੈ, ਇਸ ਬਾਰੇ ਵੀ ਪਤਾ ਲੱਗਾ। ਪਰ ਫਿਰ ਹਿੰਮਤ ਦਿਖਾ ਕੇ ਅਤੇ ਪ੍ਰਭੂ ਦੀ ਇੱਛਾ ਨਾਲ ਇਕ ਵਾਰ ਫਿਰ ਦ੍ਰਿੜ੍ਹ ਨਿਸ਼ਚੇ ਨਾਲ ਖੜ੍ਹਾ ਹੋਣਾ ਹੀ ਸਾਨੂੰ ਕਾਮਯਾਬੀ ਦੇ ਪੈਂਡੇ ’ਤੇ ਤੋਰਦਾ ਹੈ। ਤੁਸੀਂ ਆਪਣੀ ਜ਼ਿੰਦਗੀ ਵਿਚ ਜਿੰਨੇ ਵੀ ਕਾਮਯਾਬ ਵਿਅਕਤੀਆਂ ਨੂੰ ਦੇਖੋਗੇ ਤਾਂ ਉਨ੍ਹਾਂ ਵਿਚ ਕੁਝ ਗੁਣ ਇੱਕੋ ਜਿਹੋ ਦੇਖੋਗੇ ਜਿਵੇਂ ਕਿ ਅਨੁਸ਼ਾਸਨ, ਦ੍ਰਿੜ੍ਹ ਨਿਸ਼ਚਾ, ਮਜ਼ਬੂਤ ਇੱਛਾ-ਸ਼ਕਤੀ, ਟੀਚਾ ਨਿਰਧਾਰਤ ਕਰਨ ਦੀ ਸਮਰੱਥਾ, ਸਖ਼ਤ ਮਿਹਨਤ, ਡਿੱਗ ਕੇ ਸੰਭਲਣ ਦੀ ਸਮਰੱਥਾ ਅਤੇ ਅਣਥੱਕ ਨਿਰੰਤਰ ਉਤਸ਼ਾਹਪੂਰਵਕ ਮਿਹਨਤ। ਇਨ੍ਹਾਂ ਸਾਰੇ ਗੁਣਾਂ ਨੂੰ ਵੱਧ ਤੋਂ ਵੱਧ ਆਪਣੇ ਅੰਦਰ ਲਿਆਉਣ ਦਾ ਯਤਨ ਕਰੋ, ਫਿਰ ਤੁਸੀਂ ਆਪਣੇ ਟੀਚੇ ਨੂੰ ਆਸਾਨੀ ਨਾਲ ਹਾਸਲ ਕਰ ਸਕੋਗੇ।

ਤੁਸੀਂ ਇਹ ਸੂਤਰ ਅਪਣਾ ਕੇ ਕੋਈ ਵੀ ਇਮਤਿਹਾਨ ਪਾਸ ਕਰ ਸਕਦੇ ਹੋ। ਸਭ ਤੋਂ ਪਹਿਲਾਂ ਤੁਸੀਂ ਆਪਣੇ ਟੀਚੇ ਨਿਰਧਾਰਤ ਕਰੋ। ਫਿਰ ਉਸ ਪ੍ਰੀਖਿਆ ਬਾਰੇ ਸਾਰੀ ਜਾਣਕਾਰੀ ਹਾਸਲ ਕਰੋ। ਤੁਹਾਨੂੰ ਪੂਰੇ ਸਿਲੇਬਸ ਦਾ ਪਤਾ ਹੋਣਾ ਚਾਹੀਦਾ ਹੈ ਕਿਉਂਕਿ ਕਈ ਵਾਰ ਸਿਲੇਬਸ ਵਿੱਚੋਂ ਕਈ ਮਹੱਤਵਪੂਰਨ ਹਿੱਸੇ ਰਹਿ ਜਾਂਦੇ ਹਨ ਅਤੇ ਅਸੀਂ ਘੱਟ ਜ਼ਰੂਰੀ ਵਿਸ਼ਿਆਂ ਨੂੰ ਜ਼ਿਆਦਾ ਅਹਿਮੀਅਤ ਦੇ ਦਿੰਦੇ ਹਾਂ। ਤੁਸੀਂ ਉਹ ਵਿਸ਼ੇ ਚੁਣੋ ਜੋ ਮੁਸ਼ਕਲ ਹਨ ਅਤੇ ਬੇਹੱਦ ਜ਼ਰੂਰੀ ਹਨ ਪਰ ਤੁਹਾਨੂੰ ਘੱਟ ਆਉਂਦੇ ਹਨ। ਸਭ ਤੋਂ ਪਹਿਲਾਂ ਤੁਸੀਂ ਇਨ੍ਹਾਂ ਅਤਿ ਜ਼ਰੂਰੀ ਮਜ਼ਮੂਨਾਂ ’ਤੇ ਮੁਹਾਰਤ ਹਾਸਲ ਕਰੋ ਕਿਉਂਕਿ ਜ਼ਿਆਦਾਤਰ ਪ੍ਰਸ਼ਨ ਇਨ੍ਹਾਂ ’ਚੋਂ ਹੀ ਆਉਣਗੇ। ਕੁਝ ਵਿਸ਼ੇ ਤੁਹਾਨੂੰ ਅਜਿਹੇ ਮਿਲਣਗੇ ਜੋ ਤੁਹਾਨੂੰ ਆਉਂਦੇ ਹੋਣਗੇ ਅਤੇ ਆਸਾਨ ਲੱਗਦੇ ਹੋਣਗੇ। ਇਨ੍ਹਾਂ ਨੂੰ ਤੁਸੀਂ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ। ਇਹ ਨਾ ਸੋਚੋ ਕਿ ਇਹ ਤਾਂ ਮੈਨੂੰ ਆਉਂਦਾ ਹੈ, ਬਾਅਦ ਵਿਚ ਜਾਂ ਆਖ਼ਰ ਵਿਚ ਦੇਖ ਲਵਾਂਗਾ। ਤੁਸੀਂ ਇਨ੍ਹਾਂ ਵਿਸ਼ਿਆਂ ਨੂੰ ਵਿੱਚ-ਵਿਚਾਲੇ ਹਫ਼ਤੇ ਵਿਚ ਤਿੰਨ ਵਾਰ ਇਕ-ਇਕ ਕਰ ਕੇ ਇਕ ਘੰਟਾ ਜ਼ਰੂਰ ਦਿਉ ਅਤੇ ਉਨ੍ਹਾਂ ’ਤੇ ਆਪਣੀ ਪਕੜ ਹੋਰ ਮਜ਼ਬੂਤ ਕਰੋ।

ਜੇ ਅਸੀਂ ਆਪਣੇ ਪਸੰਦੀਦਾ ਮਜ਼ਮੂਨਾਂ ਨੂੰ ਦੁਹਰਾਵਾਂਗੇ ਨਹੀਂ ਤਾਂ ਇਮਤਿਹਾਨ ਵਿਚ ਕਾਹਲ ਵਿਚ ਉਲਝਣ ਵਿਚ ਫਸ ਜਾਵਾਂਗੇ। ਤੁਹਾਨੂੰ ਇਕ ਸਮਾਂ ਸਾਰਣੀ ਬਣਾਉਣੀ ਹੋਵੇਗੀ-ਰੋਜ਼ ਦੀ ਅਤੇ ਹਫ਼ਤੇ ਦੀ ਅਤੇ ਫਿਰ ਤੁਹਾਨੂੰ ਅਨੁਸ਼ਾਸਨ ਨਾਲ ਉਸ ਦੀ ਪਾਲਣਾ ਕਰਨੀ ਹੋਵੇਗੀ। ਹਰ ਹਫ਼ਤੇ ਦੇ ਅੰਤ ਵਿਚ ਚਾਰ-ਪੰਜ ਘੰਟੇ ਤੁਸੀਂ ਅਲੱਗ ਰੱਖੋ ਤਾਂ ਕਿ ਜੋ ਕੁਝ ਰਹਿ ਜਾਵੇ, ਉਸ ਨੂੰ ਪੂਰਾ ਕਰ ਸਕੋ। ਇਸ ਬਾਬਤ ਹਰ ਦਿਨ, ਹਰ ਹਫ਼ਤੇ ਦਾ ਤੁਸੀਂ ਹਿਸਾਬ ਰੱਖੋ। ਇਸ ਤੋਂ ਇਲਾਵਾ ਤੁਸੀਂ ਇਕ ਗੱਲ ਲਈ ਹਮੇਸ਼ਾ ਤਿਆਰ ਰਹੋ-ਉਹ ਹੈ ਉਲਟ ਹਾਲਾਤ। ਅਕਸਰ ਤੁਹਾਡਾ ਟਾਕਰਾ ਨਾਂਹ-ਪੱਖੀ ਸੋਚਣੀ ਵਾਲੇ ਵਿਅਕਤੀਆਂ ਅਤੇ ਉਲਟ ਹਾਲਾਤ ਨਾਲ ਹੁੰਦਾ ਰਹੇਗਾ। ਕਈ ਵਿਅਕਤੀ ਵਾਰ-ਵਾਰ ਤੁਹਾਡੇ ਹੌਸਲੇ ਪਸਤ ਕਰਨ ਦੀ ਕੋਸ਼ਿਸ਼ ਕਰਦੇ ਰਹਿਣਗੇ। ਉਹ ਤੁਹਾਨੂੰ ਵਾਰ-ਵਾਰ ਤੁਹਾਡੇ ਟੀਚੇ ਤੋਂ ਭਟਕਾਉਣ ਦੀ ਕੋਸ਼ਿਸ਼ ਕਰਨਗੇ ਪਰ ਤੁਸੀਂ ਅਰਜਨ ਦੀ ਤਰ੍ਹਾਂ ਮੱਛੀ ਦੀ ਅੱਖ ਅਰਥਾਤ ਆਪਣੇ ਟੀਚੇ ’ਤੇ ਹੀ ਧਿਆਨ ਕੇਂਦਰਿਤ ਕਰੀ ਰੱਖਣਾ ਹੈ। ਤੁਸੀਂ ਨਿੱਤ ਸਿਰਫ਼ ਆਪਣੇ ਟੀਚੇ ਨੂੰ ਹਾਸਲ ਕਰਨ ਅਤੇ ਕਾਮਯਾਬੀ ’ਤੇ ਧਿਆਨ ਟਿਕਾ ਕੇ ਨਿਰੰਤਰ ਮਿਹਨਤ ਕਰਨੀ ਹੈ। ਤੁਹਾਡੇ ਬਾਰੇ ਕੌਣ ਕੀ ਕਹਿ ਰਿਹਾ ਹੈ? ਜਾਂ ਕੌਣ ਤੁਹਾਡੇ ਬਾਰੇ ਕੀ ਸੋਚ ਰਿਹਾ ਹੈ? ਇਸ ’ਤੇ ਹਰਗਿਜ਼ ਧਿਆਨ ਨਹੀਂ ਦੇਣਾ। ਉਲਟ ਹਾਲਾਤ ਵੀ ਈਸ਼ਵਰ ਵੱਲੋਂ ਸਾਡੀ ਪ੍ਰੀਖਿਆ ਲੈਣ ਲਈ ਸਿਰਜੇ ਗਏ ਹੁੰਦੇ ਹਨ ਅਤੇ ਸਾਨੂੰ ਬਿਨਾਂ ਹੈਰਾਨ-ਪਰੇਸ਼ਾਨ ਹੋਏ ਉਨ੍ਹਾਂ ਤੋਂ ਪਾਰ ਪਾਉਣਾ ਚਾਹੀਦਾ ਹੈ।

ਇਕ ਸਿਹਤਮੰਦ ਸਰੀਰ ਹੀ ਇਕ ਸਿਹਤਮੰਦ ਦਿਮਾਗ ਦਾ ਘਰ ਹੁੰਦਾ ਹੈ। ਤੁਹਾਨੂੰ ਆਪਣੀ ਤਿਆਰੀ ਦੇ ਨਾਲ-ਨਾਲ ਸਾਤਵਿਕ ਭੋਜਨ ਅਤੇ ਥੋੜ੍ਹੀ ਕਸਰਤ ’ਤੇ ਵੀ ਧਿਆਨ ਦੇਣਾ ਚਾਹੀਦਾ ਹੈ। ਪ੍ਰੀਖਿਆ ਤੋਂ ਡੇਢ ਮਹੀਨਾ ਪਹਿਲਾਂ ਤੁਹਾਡੀ ਤਿਆਰੀ ਪੂਰੀ ਹੋ ਜਾਣੀ ਚਾਹੀਦੀ ਹੈ। ਆਖ਼ਰ ਦੇ ਡੇਢ-ਦੋ ਮਹੀਨੇ ਤੁਹਾਨੂੰ ਸਿਰਫ਼ ਅਤੇ ਸਿਰਫ਼ ਜ਼ਿਆਦਾ ਤੋਂ ਜ਼ਿਆਦਾ ਨਕਲੀ ਪ੍ਰੀਖਣ ਅਰਥਾਤ ‘ਮੌਕ ਟੈਸਟ’ ਦੇਣੇ ਚਾਹੀਦੇ ਹਨ। ਇਨ੍ਹਾਂ ਨਾਲ ਤੁਹਾਨੂੰ ਲਿਖਣ ਦੀ ਆਦਤ ਪਵੇਗੀ, ਆਪਣੀ ਤਿਆਰੀ ਦਾ ਪਤਾ ਲੱਗੇਗਾ ਅਤੇ ਨਾਲ ਹੀ ਕਈ ਨਵੇਂ ਵਿਸ਼ੇ ਪਤਾ ਲੱਗਣਗੇ ਜੋ ਤੁਹਾਡੇ ਕੋਲੋਂ ਜਾਣੇ-ਅਨਜਾਣੇ ਵਿਚ ਰਹਿ ਗਏ ਹੋਣਗੇ। ਤੁਹਾਡਾ ਮਨੋਬਲ ਹਰ ਰੋਜ਼ ਵਧੇਗਾ। ਤੁਹਾਨੂੰ ਹਰ ਹਾਲਤ ਵਿਚ ਆਪਣਾ ਮਨੋਬਲ ਮਜ਼ਬੂਤ ਰੱਖਣਾ ਹੋਵੇਗਾ। ਇਹੀ ਨਹੀਂ, ਖ਼ੁਦ ਨੂੰ ਮਾਨਸਿਕ ਤੌਰ ’ਤੇ ਮਜ਼ਬੂਤ ਅਤੇ ਸ਼ਾਂਤ ਰੱਖਣਾ ਹੋਵੇਗਾ।

ਇਕ ਮਜ਼ਬੂਤ ਅਤੇ ਸ਼ਾਂਤ ਦਿਮਾਗ ਕੋਈ ਵੀ ਜੰਗ, ਕੋਈ ਵੀ ਇਮਤਿਹਾਨ, ਕਿਸੇ ਵੀ ਹਾਲਾਤ ਨੂੰ ਜਿੱਤ ਸਕਦਾ ਹੈ। ਪ੍ਰੀਖਿਆ ਤੋਂ ਪਹਿਲਾਂ ਵਾਲੀ ਰਾਤ ਤੁਸੀਂ ਆਰਾਮ ਜ਼ਰੂਰ ਕਰੋ। ਆਪਣਾ ਮਨ ਸ਼ਾਂਤ ਤੇ ਅਡੋਲ ਰੱਖਣ ਨਾਲ ਹੀ ਤੁਹਾਡੇ ਸਤਰੰਗੀ ਸੁਪਨੇ ਸਾਕਾਰ ਹੋ ਸਕਦੇ ਹਨ। ਨੀਂਦ ਦੀ ਕਮੀ ਕਾਰਨ ਦਿਮਾਗ ਉਥਲ-ਪੁਥਲ ਦਾ ਸ਼ਿਕਾਰ ਹੁੰਦਾ ਹੈ। ਸ਼ਾਂਤ ਦਿਮਾਗ ਤੇਜ਼ੀ ਨਾਲ ਸਹੀ ਦਿਸ਼ਾ ਵੱਲ ਦੌੜਦਾ ਹੈ। ਇਸ ਲਈ ਖ਼ੁਦ ’ਤੇ ਪੂਰਾ ਭਰੋਸਾ ਰੱਖੋ, ਕਾਮਯਾਬੀ ਤੁਹਾਡੇ ਕਦਮ ਜ਼ਰੂਰ ਚੁੰਮੇਗੀ।

-ਡਾ. ਅਸ਼ੋਕ ਸ਼ਰਮਾ

-(ਲੇਖਕ ਦਿੱਲੀ ਸਥਿਤ ਨਾਮੀ ਡਾਕਟਰ ਹੈ)।

-ਮੋਬਾਈਲ : 98111-76729

-response@jagran.com

Posted By: Jagjit Singh