ਉੱਤਰੀ ਭਾਰਤ ਵਿਚ ਧੁਆਂਖੀ ਧੁੰਦ (ਸਮੌਗ) ਦੀ ਸਮੱਸਿਆ ਨੇ ਜਿੱਥੇ ਪਿਛਲੇ ਕੁਝ ਸਾਲਾਂ ਦੌਰਾਨ ਲੋਕਾਂ ਦੇ ਹੱਥ ਖੜ੍ਹੇ ਕਰਾ ਦਿੱਤੇ ਸਨ ਉੱਥੇ ਹੀ ਇਸ ਸਾਲ ਦੀਵਾਲੀ ਤੋਂ ਬਾਅਦ ਪ੍ਰਦੂਸ਼ਣ ਦੇ ਅੰਕੜਿਆਂ ਨੂੰ ਲੈ ਕੇ ਘੱਟ ਹੀ ਸਹੀ ਪਰ ਪੰਜਾਬ 'ਚ ਸੁਧਾਰ ਹੋਇਆ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਦਾਅਵਾ ਹੈ ਕਿ ਦੀਵਾਲੀ ਦੀ ਰਾਤ ਪੰਜਾਬ 'ਚ ਪ੍ਰਦੂਸ਼ਣ ਪਿਛਲੇ ਸਾਲਾਂ ਦੇ ਮੁਕਾਬਲੇ ਘਟਿਆ ਹੈ। ਦੂਜੇ ਪਾਸੇ ਹਾਲੇ ਵੀ ਕਈ ਕਿਸਾਨ ਪਰਾਲੀ ਨੂੰ ਅੱਗ ਲਾਉਣ ਤੋਂ ਬਾਜ਼ ਨਹੀਂ ਆ ਰਹੇ। ਸਮੌਗ ਦਾ ਵੱਡਾ ਕਾਰਨ ਭਾਵੇਂ ਪਰਾਲੀ ਨੂੰ ਅੱਗ ਲਗਾਉਣਾ ਮੰਨਿਆ ਜਾਂਦਾ ਹੈ ਪਰ ਕੁਝ ਹੋਰ ਕਾਰਨਾਂ ਕਰਕੇ ਵੀ ਸਥਿਤੀ ਵਿਗੜ ਰਹੀ ਹੈ। ਇਸ ਲਈ ਸਾਰਾ ਦੋਸ਼ ਕਿਸਾਨਾਂ ਨੂੰ ਵੀ ਨਹੀਂ ਦੇਣਾ ਚਾਹੀਦਾ। ਮਕਾਨਾਂ ਦੀ ਧੜਾਧੜ ਉਸਾਰੀ, ਘਟੀਆ ਸੜਕਾਂ, ਡੀਜ਼ਲ ਗੱਡੀਆਂ, ਜਨਰੇਟਰਾਂ, ਏਸੀਜ਼ ਕਾਰਨ ਵੀ ਪ੍ਰਦੂਸ਼ਣ ਵੱਧ ਰਿਹਾ ਹੈ। ਜਨਤਕ ਟਰਾਂਸਪੋਰਟ ਸਿਸਟਮ ਦਾ ਭੱਠਾ ਬੈਠ ਚੁੱਕਾ ਹੈ। ਇਸ ਕਾਰਨ ਨਿੱਜੀ ਵਾਹਨਾਂ ਦਾ ਇਸਤੇਮਾਲ ਲੋਕਾਂ ਦੀ ਮਜਬੂਰੀ ਬਣ ਗਿਆ ਹੈ। ਪੰਜਾਬ ਸਮੇਤ ਉੱਤਰੀ ਭਾਰਤ 'ਤੇ ਕਈ ਤਰੀਕਿਆਂ ਨਾਲ ਪ੍ਰਦੂਸ਼ਣ ਹਮਲਾ ਬੋਲ ਰਿਹਾ ਹੈ। ਅਮਰੀਕਾ ਦੇ ਇੰਟਰਨੈਸ਼ਨਲ ਫੂਡ ਪਾਲਿਸੀ ਇੰਸਟੀਚਿਊਟ ਵੱਲੋਂ ਕੀਤੇ ਇਕ ਅਧਿਐਨ ਵਿਚ ਪ੍ਰਦੂਸ਼ਣ ਕਾਰਨ ਸਿਹਤ ਅਤੇ ਅਰਥਚਾਰੇ ਨੂੰ ਹੋਣ ਵਾਲੇ ਨੁਕਸਾਨ ਦਾ ਮੁਲਾਂਕਣ ਕੀਤਾ ਗਿਆ ਸੀ। ਅਧਿਐਨ ਮੁਤਾਬਕ ਉੱਤਰੀ ਭਾਰਤ 'ਚ ਪਰਾਲੀ ਸਾੜਨ ਕਾਰਨ ਭਾਰਤ ਨੂੰ ਸਾਲਾਨਾ 30 ਅਰਬ ਡਾਲਰ (ਲਗਪਗ 2.1 ਲੱਖ ਕਰੋੜ ਰੁਪਏ) ਦਾ ਨੁਕਸਾਨ ਹੋ ਰਿਹਾ ਹੈ। ਲੋਕਾਂ ਨੂੰ ਸਾਹ ਨਾਲ ਸਬੰਧਤ ਗੰਭੀਰ ਰੋਗ ਹੋ ਰਹੇ ਹਨ ਅਤੇ ਬੱਚੇ ਤਾਂ ਵਧੇਰੇ ਪੀੜਤ ਹਨ। ਜ਼ਹਿਰੀਲਾ ਧੂੰਆਂ ਉੱਤਰੀ ਭਾਰਤ ਦੇ ਲੋਕਾਂ ਦੇ ਕੰਮ ਕਰਨ ਦੀ ਸਮਰੱਥਾ ਨੂੰ ਪ੍ਰਭਾਵਿਤ ਕਰ ਰਿਹਾ ਹੈ। ਵਾਤਾਵਰਨ ਵਿਚ ਸਸਪੈਂਡਿਡ ਪਾਰਟੀਕਲ ਮੈਟਰ ਅਤੇ ਨਾਈਟ੍ਰੋਜਨ ਆਕਸਾਈਡ ਵੱਧ ਰਹੀ ਹੈ। ਹਵਾ ਵਿਚ ਐੱਸਪੀਐੱਮ ਦੀ ਮਾਤਰਾ 100 ਤੋਂ 200 ਮਾਈਕ੍ਰੋਗ੍ਰਾਮ (ਲਘੂ ਗ੍ਰਾਮ) ਪ੍ਰਤੀ ਘਣ ਮੀਟਰ ਹੋਣੀ ਚਾਹੀਦੀ ਹੈ ਪਰ ਕਈ ਇਲਾਕਿਆਂ ਵਿਚ ਇਹ 296 ਤੋਂ 586 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਤਕ ਪਹੁੰਚ ਗਈ ਹੈ। ਨਾਈਟ੍ਰੋਜਨ ਦੀ ਮਾਤਰਾ ਵੀ 30 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਕ ਮੀਟਰ ਹੋਣੀ ਚਾਹੀਦੀ ਹੈ ਜੋ 46 ਤਕ ਪਹੁੰਚ ਗਈ। ਧੂੜ ਤੇ ਧੂੰਆਂ ਪੌਦਿਆਂ ਤਕ ਸੂਰਜ ਦੀ ਰੋਸ਼ਨੀ ਪਹੁੰਚਣ ਵਿਚ ਰੁਕਾਵਟ ਪੈਦਾ ਕਰਦਾ ਹੈ। ਪੌਦਾ ਆਪਣੀ ਖ਼ੁਰਾਕ ਅਰਥਾਤ ਕਾਰਬਨ ਡਾਈਆਕਸਾਈਡ ਦੀ ਘੱਟ ਮਾਤਰਾ ਅੰਦਰ ਲਿਜਾਂਦਾ ਹੈ। ਹਵਾ ਵਿਚ ਵਧੇਰੇ ਮਾਤਰਾ ਵਿਚ ਸਲਫ਼ਰ ਡਾਈਆਕਸਾਈਡ ਪੱਤੇ ਨੂੰ ਨਿਰਜੀਵ ਬਣਾ ਦਿੰਦੀ ਹੈ। ਹਵਾ ਪ੍ਰਦੂਸ਼ਣ ਕਾਰਨ ਪੌਦਿਆਂ ਦਾ ਨੁਕਸਾਨ ਵੀ ਵੱਡੇ ਆਰਥਿਕ ਘਾਟੇ ਦਾ ਕਾਰਨ ਬਣ ਰਿਹਾ ਹੈ। ਇੱਥੋਂ ਤਕ ਕਿ ਤਾਜ ਮਹਿਲ ਵਰਗੀਆਂ ਇਤਿਹਾਸਕ ਇਮਾਰਤਾਂ ਵੀ ਹਵਾ-ਪ੍ਰਦੂਸ਼ਣ ਦੇ ਬੁਰੇ ਪ੍ਰਭਾਵਾਂ ਦਾ ਸ਼ਿਕਾਰ ਬਣ ਰਹੀਆਂ ਹਨ। ਪਿਛਲੇ ਦਿਨੀਂ ਸਵੀਡਨ ਦੀ 16 ਸਾਲਾ ਬੱਚੀ ਗ੍ਰੇਟਾ ਥਨਬਰਗ ਨੇ ਸੰਯੁਕਤ ਰਾਸ਼ਟਰ ਵੱਲੋਂ ਕਰਵਾਏ ਵਾਤਾਵਰਨ ਸੰਮੇਲਨ ਵਿਚ ਸਾਰੀ ਦੁਨੀਆ ਦਾ ਧਿਆਨ ਇਸ ਸਮੱਸਿਆ ਵੱਲ ਖਿੱਚਿਆ ਸੀ। ਇਹ ਚੰਗੀ ਗੱਲ ਹੈ ਕਿ ਦੀਵਾਲੀ 'ਤੇ ਇਸ ਵਾਰ ਪੰਜਾਬ 'ਚ ਪ੍ਰਦੂਸ਼ਣ ਦਾ ਪੱਧਰ ਘਟਿਆ ਹੈ ਪਰ ਹਾਲੇ ਇਸ ਪਾਸੇ ਬਹੁਤ ਕੰਮ ਕਰਨ ਦੀ ਲੋੜ ਹੈ। ਪਰਾਲੀ ਸਾੜਨ ਤੋਂ ਰੋਕਣ ਦੇ ਨਾਲ-ਨਾਲ ਲੋਕਾਂ ਨੂੰ ਵਾਤਾਵਰਨ ਦੀ ਸਾਂਭ-ਸੰਭਾਲ ਲਈ ਹੰਭਲਾ ਮਾਰਨ ਦੀ ਲੋੜ ਹੈ। ਰੁੱਖ ਹੀ ਵਾਤਾਵਰਨ ਨੂੰ ਸ਼ੁੱਧ ਤੇ ਸਾਫ਼ ਰੱਖ ਸਕਦੇ ਹਨ। ਜਨਮ ਦਿਨ, ਵਿਆਹ ਮੌਕੇ ਮਠਿਆਈਆਂ ਦੀ ਥਾਂ ਇਕ-ਦੂਜੇ ਨੂੰ ਪੌਦੇ ਦੇਣੇ ਚਾਹੀਦੇ ਹਨ ਕਿਉਂਕਿ ਸੰਤੁਲਿਤ ਵਾਤਾਵਰਨ 'ਚ ਹੀ ਸਮਾਜ ਤੰਦਰੁਸਤ ਰਹਿ ਸਕਦਾ ਹੈ ਤੇ ਤੰਦਰੁਸਤ ਸਮਾਜ ਹੀ ਦੇਸ਼ ਦਾ ਵਿਕਾਸ ਕਰ ਸਕਦਾ ਹੈ।

Posted By: Jagjit Singh