-ਜਗਮੋਹਨ ਸਿੰਘ ਲੱਕੀ

ਪੰਜਾਬ ਦੇ ਤਿੰਨ ਜ਼ਿਲ੍ਹਿਆਂ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ 'ਚ ਬੀਤੇ ਦਿਨਾਂ ਦੌਰਾਨ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਅਨੇਕਾਂ ਮੌਤਾਂ ਨੇ ਸ਼ਰਾਬ ਕਾਰਨ ਵਾਪਰਦੇ ਦੁਖਾਂਤ ਨੂੰ ਇਕ ਵਾਰ ਫਿਰ ਉਜਾਗਰ ਕੀਤਾ ਹੈ। ਸ਼ਰਾਬ ਕਾਰਨ ਅਨੇਕਾਂ ਪਿੰਡਾਂ, ਸ਼ਹਿਰਾਂ, ਕਸਬਿਆਂ ਵਿਚ ਪਿਛਲੇ ਸਾਲਾਂ ਦੌਰਾਨ ਸੈਂਕੜੇ ਸੱਥਰ ਵਿਛ ਚੁੱਕੇ ਹਨ। ਇਹ ਸ਼ਰਾਬ ਹੀ ਹੈ ਜਿਸ ਕਾਰਨ ਕਈ ਘਰਾਂ ਵਿਚ ਚੁੱਲ੍ਹਾ ਵੀ ਨਹੀਂ ਬਲਦਾ ਕਿਉਂਕਿ ਅਜਿਹੇ ਘਰਾਂ ਦਾ ਮਾਲਕ ਆਪਣੀ ਦਿਹਾੜੀ ਜਾਂ ਦਿਨ ਭਰ ਦੀ ਕਮਾਈ ਦੀ ਦਾਰੂ ਪੀ ਜਾਂਦਾ ਹੈ।

ਪਤਨੀ ਵੱਲੋਂ ਪੈਸੇ ਮੰਗਣ 'ਤੇ ਉਸ ਦੀ ਕੁੱਟਮਾਰ ਕਰਦਾ ਹੈ। ਇਹ ਵਰਤਾਰਾ ਹਰ ਪਿੰਡ, ਸ਼ਹਿਰ ਤੇ ਕਸਬੇ ਦੇ ਹਰ ਗਲੀ-ਕੂਚੇ ਵਿਚ ਨਿੱਤ ਵੇਖਣ ਨੂੰ ਮਿਲ ਜਾਂਦਾ ਹੈ। ਨਸ਼ਿਆਂ ਦੇ ਇਸ ਦਰਿਆ ਵਿਚ ਤਾਂ ਹੁਣ ਕੁੜੀਆਂ ਵੀ ਤਾਰੀ ਲਗਾਉਣ ਲੱਗ ਪਈਆਂ ਹਨ। ਜਿੱਥੋਂ ਤਕ ਸਰਕਾਰ ਦਾ ਸਵਾਲ ਹੈ, ਉਸ ਨੇ ਸ਼ਰਾਬ 'ਤੇ ਪਾਬੰਦੀ ਤਾਂ ਕੀ ਲਾਉਣੀ ਸੀ, ਸਗੋਂ ਹਰ ਸਾਲ ਉਹ ਸ਼ਰਾਬ ਦੇ ਸਿਰੋਂ ਲੱਖਾਂ-ਕਰੋੜਾਂ ਦਾ ਮਾਲੀਆ ਇਕੱਠਾ ਕਰਦੀ ਹੈ।

ਸਰਕਾਰੀ ਅੰਕੜਿਆਂ ਅਨੁਸਾਰ ਪੰਜਾਬ ਵਿਚ ਦੇਸੀ ਸ਼ਰਾਬ ਦਾ ਉਤਪਾਦਨ 1993 ਵਿਚ 17657 ਲੀਟਰ ਸੀ ਜੋ ਕਿ 2010 ਵਿਚ ਵੱਧ ਕੇ 29445 ਲੀਟਰ ਹੋ ਗਿਆ। ਇਸ ਤਰ੍ਹਾਂ ਦੇਸੀ ਸ਼ਰਾਬ ਦੇ ਉਤਪਾਦਨ 'ਚ 66-77 ਫ਼ੀਸਦੀ ਦਾ ਵਾਧਾ ਹੋਇਆ ਹੈ ਜਦੋਂਕਿ ਇਸ ਦੇ ਉਲਟ ਬੱਚਿਆਂ ਦੇ ਖਾਣ ਲਈ ਬਣਨ ਵਾਲੇ ਪਦਾਰਥਾਂ ਵਿਚ ਸਿਰਫ਼ 60 ਫ਼ੀਸਦੀ ਦਾ ਵਾਧਾ ਹੋਇਆ। ਪੰਜਾਬ ਵਿਚ ਬੀਅਰ ਦਾ ਉਤਪਾਦਨ ਵੀ ਨਵੇਂ ਰਿਕਾਰਡ ਬਣਾ ਚੁੱਕਾ ਹੈ। ਬੀਅਰ ਦੇ ਉਤਪਾਦਨ ਵਿਚ ਪਿਛਲੇ 17 ਸਾਲਾਂ ਦੇ ਅਰਸੇ ਦੌਰਾਨ 209 ਫ਼ੀਸਦੀ ਦਾ ਭਾਰੀ ਵਾਧਾ ਹੋਇਆ ਹੈ। ਸੰਨ 1993-94 ਵਿਚ ਬੀਅਰ ਦਾ ਉਤਪਾਦਨ 15365 ਲੀਟਰ ਸੀ ਜੋ ਕਿ 2009-10 ਦੇ ਅਰਸੇ ਤਕ ਵੱਧ ਕੇ 47496 ਲੀਟਰ ਤਕ ਪੁੱਜ ਗਿਆ ਸੀ। ਜੇਕਰ ਪੰਜਾਬ ਵਿਚ ਬਣਦੀ ਅੰਗਰੇਜ਼ੀ ਸ਼ਰਾਬ ਦੀ ਗੱਲ ਕਰੀਏ ਤਾਂ ਇਸ ਦਾ ਉਦਪਾਦਨ ਵੀ ਦਿਨੋ-ਦਿਨ ਵੱਧਦਾ ਜਾ ਰਿਹਾ ਹੈ। ਪਿਛਲੇ 17 ਸਾਲਾਂ ਦੌਰਾਨ ਇਸ ਦੇ ਉਤਪਾਦਨ ਵਿਚ 21435 ਲੀਟਰ ਦਾ ਵਾਧਾ ਦਰਜ ਕੀਤਾ ਗਿਆ ਜਿਸ ਕਾਰਨ ਇਸ ਵਿਚ 131 ਫ਼ੀਸਦੀ ਦਾ ਵਾਧਾ ਹੋਇਆ। ਸਰਕਾਰੀ ਅੰਕੜਿਆਂ ਅਨੁਸਾਰ ਸਾਲ 1993-94 ਵਿਚ 16257 ਲੀਟਰ, 2005-06 ਵਿਚ ਦੁੱਗਣੀ ਹੋ ਕੇ 32971 ਲੀਟਰ, ਸਾਲ 2007-08 ਵਿਚ 33690 ਲੀਟਰ, 2008-09 ਵਿਚ 37414 ਲੀਟਰ ਅਤੇ ਸਾਲ 2009-10 ਵਿਚ 37692 ਲੀਟਰ ਅੰਗਰੇਜ਼ੀ ਸ਼ਰਾਬ ਦਾ ਉਤਪਾਦਨ ਕੀਤਾ ਗਿਆ।

ਭਾਰਤ ਵਿਚ ਸ਼ਰਾਬ ਦਾ ਉਦਯੋਗ ਸਾਲਾਨਾ 30 ਫ਼ੀਸਦ ਦੀ ਦਰ ਨਾਲ ਵੱਧ ਰਿਹਾ ਹੈ। ਭਾਰਤ ਇਕ ਅਜਿਹਾ ਦੇਸ਼ ਹੈ ਜੋ ਕਿ ਵਿਸ਼ਵ ਵਿਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੇ ਸ਼ਰਾਬ ਬਾਜ਼ਾਰਾਂ 'ਚੋਂ ਇਕ ਹੈ ਅਤੇ ਵਿਸਕੀ ਦਾ ਸਭ ਤੋਂ ਵੱਡਾ ਖਪਤਕਾਰ ਹੈ। ਵਿਸਕੀ ਦਾ ਵਪਾਰ ਪਹਿਲਾਂ 40500 ਕਰੋੜ ਰੁਪਏ ਦਾ ਹੁੰਦਾ ਸੀ ਜੋ ਕਿ ਹੁਣ 54000 ਕਰੋੜ ਰੁਪਏ ਦਾ ਪੱਧਰ ਪਾਰ ਕਰ ਚੁੱਕਾ ਹੈ। ਜਰਮਨੀ 'ਚ ਪ੍ਰਤੀ ਵਿਅਕਤੀ ਸ਼ੁੱਧ ਅਲਕੋਹਲ ਦੀ ਵਰਤੋਂ ਦਰ ਕਰੀਬ 12 ਲੀਟਰ ਸਾਲਾਨਾ ਹੈ। ਬਾਰਾਂ ਲੀਟਰ ਸ਼ੁੱਧ ਅਲਕੋਹਲ ਯਾਨੀ 500 ਬੋਤਲ ਬੀਅਰ ਪ੍ਰਤੀ ਵਿਅਕਤੀ।

ਯੂਕੇ ਯਾਨੀ ਯੂਨਾਈਟਿਡ ਕਿੰਗਡਮ ਅਤੇ ਸਲੋਵੇਨੀਆ ਵਿਚ ਪ੍ਰਤੀ ਵਿਅਕਤੀ ਸ਼ੁੱਧ ਅਲਕੋਹਲ ਖਪਤ 11.6 ਲੀਟਰ ਸਾਲਾਨਾ ਹੈ। ਆਇਰਲੈਂਡ ਅਤੇ ਲਕਜ਼ਮਬਰਗ ਦੇ ਲੋਕ ਜਰਮਨੀ ਨਾਲੋਂ ਵੀ ਜ਼ਿਆਦਾ ਅਲਕੋਹਲ ਪੀਂਦੇ ਹਨ। ਬੇਲਾਰੂਸ ਦਾ ਨੰਬਰ ਪਹਿਲਾ ਹੈ। ਉੱਥੇ ਸਾਲ ਭਰ ਵਿਚ ਇਕ ਵਿਅਕਤੀ 17.5 ਲੀਟਰ ਸ਼ੁੱਧ ਅਲਕੋਹਲ ਪੀਂਦਾ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ ਸ਼ੁੱਧ ਅਲਕੋਹਲ ਦੀ ਵਰਤੋਂ ਵਿਚ ਪਾਕਿਸਤਾਨ, ਕੁਵੈਤ, ਲੀਬੀਆ ਅਤੇ ਮਾਰੀਤਾਨਿਆ ਸਭ ਤੋਂ ਹੇਠਾਂ ਹਨ। ਉੱਥੇ ਪ੍ਰਤੀ ਵਿਅਕਤੀ ਸ਼ੁੱਧ ਅਲਕੋਹਲ ਦੀ ਵਰਤੋਂ ਦਰ 100 ਮਿਲੀਲੀਟਰ ਪ੍ਰਤੀ ਸਾਲ ਹੈ। ਪੰਜਾਬ ਵਿਚ ਹਰ ਤਰ੍ਹਾਂ ਦੀਆਂ ਚੋਣਾਂ ਵੇਲੇ ਸ਼ਰਾਬ ਦੀ ਵਰਤੋਂ ਬਹੁਤ ਜ਼ਿਆਦਾ ਹੁੰਦੀ ਹੈ। ਜਦੋਂ ਪੰਜਾਬ ਵਿਚ ਪੰਚਾਇਤੀ ਚੋਣਾਂ ਹੋਈਆਂ ਸਨ ਤਾਂ ਉਸ ਸਮੇਂ ਹਾਲ ਇਹ ਹੋ ਗਿਆ ਸੀ ਕਿ ਵੋਟਰਾਂ ਨੂੰ ਖਿੱਚਣ ਲਈ ਜ਼ਿਆਦਾਤਰ ਉਮੀਦਵਾਰਾਂ ਨੇ ਸ਼ਰਾਬ ਵੰਡੀ ਸੀ। ਇਕ ਅੰਦਾਜ਼ੇ ਅਨੁਸਾਰ ਉਸ ਸਮੇਂ 60 ਲੱਖ ਦੇ ਕਰੀਬ ਬੋਤਲਾਂ ਘਰ ਦੀ ਕੱਢੀ ਸ਼ਰਾਬ ਦੀਆਂ ਰੋਜ਼ ਖ਼ਾਲੀ ਹੋ ਜਾਂਦੀਆਂ ਸਨ। ਇਸ ਤੋਂ ਇਲਾਵਾ ਠੇਕਿਆਂ ਦੀ ਲਾਲ ਪਰੀ ਦਾ ਰਿਕਾਰਡ ਸਰਕਾਰ ਕੋਲ ਵੀ ਪਿਆ ਹੈ।

ਸਾਲ 2014 'ਚ ਹੋਈਆਂ ਲੋਕ ਸਭਾ ਚੋਣਾਂ ਵੇਲੇ ਵੀ ਅਨੇਕਾਂ ਹੀ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣੀਆਂ ਵੋਟਾਂ ਪੱਕੀਆਂ ਕਰਨ ਲਈ ਸ਼ਰਾਬ ਖੁੱਲ੍ਹ ਕੇ ਵੰਡੀ। ਉਸ ਸਮੇਂ ਤਾਂ ਵੋਟਾਂ ਪੈਣ ਤੋਂ ਇਕ ਦਿਨ ਪਹਿਲਾਂ ਭਾਵ 29 ਅਪ੍ਰੈਲ 2014 ਨੂੰ ਪੰਜਾਬ ਦੇ 13 ਲੋਕ ਸਭਾਂ ਹਲਕਿਆਂ ਵਿਚ ਪੰਜਾਬ ਦੀਆਂ ਮੁੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਲਗਪਗ 26 ਕਰੋੜ ਰੁਪਏ ਦੀ ਦਾਰੂ ਇੱਕੋ ਦਿਨ ਵੰਡੀ ਜਾਣ ਦੇ ਚਰਚੇ ਅਜੇ ਵੀ ਹੁੰਦੇ ਰਹਿੰਦੇ ਹਨ।

ਉਸ ਸਮੇਂ ਕਈ ਉਮੀਦਵਾਰਾਂ ਨੇ ਵੱਡੇ ਪਿੰਡਾਂ ਵਿਚ 35-35 ਪੇਟੀਆਂ ਅਤੇ ਛੋਟੇ ਪਿੰਡਾਂ ਵਿਚ 15-15 ਪੇਟੀਆਂ ਸ਼ਰਾਬ ਇੱਕੋ ਦਿਨ ਸਪਲਾਈ ਕੀਤੀ। ਇਕ ਅਨੁਮਾਨ ਅਨੁਸਾਰ ਇਸ ਤਰ੍ਹਾਂ 3 ਹਜ਼ਾਰ ਰੁਪਏ ਪੇਟੀ ਦੇ ਹਿਸਾਬ ਨਾਲ 2500 ਪੇਟੀਆਂ ਦੀ ਕੀਮਤ 75 ਲੱਖ ਰੁਪਏ ਦੇ ਲਗਪਗ ਬਣਦੀ ਹੈ। ਹਰ ਹਲਕੇ 'ਚ ਔਸਤਨ ਇਕ ਹਜ਼ਾਰ ਦੇ ਲਗਪਗ ਦਾਰੂ ਦੀਆਂ ਪੇਟੀਆਂ ਵੰਡੀਆਂ ਗਈਆਂ। ਇਹ ਸ਼ਰਾਬ 30 ਲੱਖ ਰੁਪਏ ਦੇ ਲਗਪਗ ਬੈਠਦੀ ਹੈ। ਇਸ ਤਰ੍ਹਾਂ ਇਕ ਹਲਕੇ ਵਿਚ ਇਕ ਉਮੀਦਵਾਰ ਨੇ ਇਕ ਕਰੋੜ ਰੁਪਏ ਤੋਂ ਵੱਧ ਦੀ ਸ਼ਰਾਬ ਇੱਕੋ ਦਿਨ ਵੋਟਰਾਂ ਨੂੰ ਵੰਡੀ ਅਤੇ ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿਚ ਇੱਕੋ ਦਿਨ 29 ਅਪ੍ਰੈਲ ਨੂੰ ਹੀ ਲਗਪਗ 26 ਕਰੋੜ ਦੀ ਦਾਰੂ ਵੋਟਰਾਂ ਵਿਚ ਵੰਡੀ ਜਾਣ ਦਾ ਅੰਦਾਜ਼ਾ ਹੈ। ਇਸ ਤੋਂ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਕਿਵੇਂ ਪੰਜਾਬ ਦੇ ਵਸਨੀਕ ਲੋਕ ਸਭਾ ਚੋਣਾਂ ਵੇਲੇ ਇੱਕੋ ਦਿਨ 26 ਕਰੋੜ ਦੀ ਦਾਰੂ ਡਕਾਰ ਗਏ।

ਪੰਜਾਬ ਵਿਚ ਤਾਂ ਕਈ ਇਲਾਕੇ ਅਜਿਹੇ ਹਨ ਜਿੱਥੇ ਕਿ ਔਰਤਾਂ ਵੀ ਦੇਸੀ ਦਾਰੁ ਦੇ ਧੰਦੇ ਵਿਚ ਲੱਗੀਆਂ ਹੋਈਆਂ ਹਨ। ਹਰ ਸ਼ਹਿਰ ਵਿਚ ਫਿਰਦੇ ਮੰਗਤੇ, ਵਿਹਲੜ ਲੋਕ ਤੇ ਮਾਨਸਿਕ ਰੋਗੀਆਂ 'ਚੋਂ ਵੱਡੀ ਗਿਣਤੀ 'ਚ ਲੋਕ ਸ਼ਾਮ ਢਲਦੇ ਹੀ ਸ਼ਰਾਬ ਦਾ ਸੇਵਨ ਕਰਦੇ ਵੇਖੇ ਜਾਂਦੇ ਹਨ। ਵੱਡੇ-ਵੱਡੇ ਅਮੀਰਾਂ ਤੋਂ ਲੈ ਕੇ ਗ਼ਰੀਬਾਂ ਤਕ ਜ਼ਿਆਦਾਤਰ ਲੋਕਾਂ ਨੂੰ ਸ਼ਰਾਬ ਪੀਣ ਦਾ ਸ਼ੌਕ ਹੈ।

ਇਹ ਸ਼ਰਾਬ ਕਈ ਕਰੋੜਪਤੀਆਂ ਨੂੰ ਕੰਗਾਲਪਤੀ ਵੀ ਬਣਾ ਚੁੱਕੀ ਹੈ। ਮੱਧ ਵਰਗ ਵੀ ਸ਼ਰਾਬ ਦੀ ਲਪੇਟ ਵਿਚ ਬੁਰੀ ਤਰ੍ਹਾਂ ਆ ਚੁੱਕਾ ਹੈ। ਜਦ ਮਹਿੰਗੀ ਸ਼ਰਾਬ ਪੀਣ ਦੀ ਹੈਸੀਅਤ ਨਹੀਂ ਰਹਿੰਦੀ ਤਾਂ ਜ਼ਿਆਦਾਤਰ ਲੋਕ ਸਸਤੀ ਪਰ ਘਟੀਆ ਕੁਆਲਿਟੀ ਦੀ ਸ਼ਰਾਬ ਪੀਣ ਲੱਗਦੇ ਹਨ। ਇਸੇ ਚੱਕਰ ਵਿਚ ਉਹ ਕਈ ਵਾਰ ਜ਼ਹਿਰੀਲੀ ਸ਼ਰਾਬ ਦੇ ਸ਼ਿਕਾਰ ਹੋ ਜਾਂਦੇ ਹਨ। ਪੰਜਾਬ ਵਿਚ ਘਰ, ਖੇਤ, ਮੋਟਰ 'ਤੇ ਬਣਾਈ ਸ਼ਰਾਬ ਨੂੰ ਘਰ ਦੀ ਕੱਢੀ ਜਾਂ ਕੱਚੀ ਦਾਰੂ, ਰੂੜੀ ਮਾਰਕਾ ਆਖਿਆ ਜਾਂਦਾ ਹੈ। ਗੋਆ ਵਿਚ ਕੱਚੀ ਸ਼ਰਾਬ ਨੂੰ ਫੇਨੀ ਅਤੇ ਮੁੰਬਈ ਵਿਚ ਉਸ ਨੂੰ ਠਰ੍ਹਾ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਦਰਿਆਵਾਂ ਦੇ ਵੱਖ-ਵੱਖ ਇਲਾਕਿਆਂ ਵਿਚ ਵੱਖ-ਵੱਖ ਨਾਂ ਹੁੰਦੇ ਹਨ, ਉਸੇ ਤਰ੍ਹਾਂ ਕੱਚੀ ਸ਼ਰਾਬ ਦੇ ਵੀ ਵੱਖ-ਵੱਖ ਇਲਾਕਿਆਂ ਵਿਚ ਵੱਖ- ਵੱਖ ਨਾਮ ਹਨ ਅਤੇ ਸ਼ਰਾਬ ਨੂੰ ਬਣਾਉਣ ਦਾ ਤਰੀਕਾ ਵੀ ਵੱਖ-ਵੱਖ ਹੈ। ਥਾਂ-ਥਾਂ ਸ਼ਰਾਬ ਦੇ ਠੇਕੇ ਮਿਲਦੇ ਹਨ। ਪੰਜਾਬ ਵਿਚ ਤਾਂ ਸਕੂਲਾਂ ਨਾਲੋਂ ਜ਼ਿਆਦਾ ਗਿਣਤੀ ਠੇਕਿਆਂ ਦੀ ਹੈ। ਇਸ ਤੋਂ ਇਲਾਵਾ ਗੀਤ-ਗਾਣਿਆਂ ਵਿਚ ਵੀ ਸ਼ਰਾਬ ਦਾ ਪ੍ਰਚਾਰ ਹੀ ਕੀਤਾ ਜਾਂਦੈ। ਫਿਲਮਾਂ ਵਿਚ ਵੀ ਸ਼ਰਾਬ ਨੂੰ ਪ੍ਰਮੁੱਖ ਥਾਂ ਦਿੱਤੀ ਜਾਂਦੀ ਹੈ। ਹਰ ਦਿਨ ਅਨੇਕਾਂ ਹਾਦਸੇ ਸ਼ਰਾਬ ਪੀਣ ਕਾਰਨ ਵਾਪਰਦੇ ਹਨ। ਸ਼ਰਾਬੀ ਡਰਾਈਵਰ ਖ਼ੁਦ ਤਾਂ ਮਰਦਾ ਹੀ ਹੈ, ਆਪਣੇ ਨਾਲ ਉਹ ਹੋਰਨਾਂ ਨੂੰ ਵੀ ਲੈ ਬੈਠਦਾ ਹੈ।

ਇਹ ਜ਼ਿਕਰਯੋਗ ਹੈ ਕਿ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਸਮੇਂ-ਸਮੇਂ ਸ਼ਰਾਬ ਵਿਰੁੱਧ ਪ੍ਰਦਰਸ਼ਨ ਹੁੰਦੇ ਰਹਿੰਦੇ ਹਨ। ਕੁਝ ਸਾਲ ਪਹਿਲਾਂ ਮਹਾਰਾਸ਼ਟਰ ਦੇ ਚੰਦਰਪੁਰ ਇਲਾਕੇ ਵਿਚ ਸ਼ਰਾਬ 'ਤੇ ਰੋਕ ਲਗਾਉਣ ਦੀ ਮੰਗ ਤਹਿਤ ਅੰਦੋਲਨ ਕਰ ਰਹੀਆਂ ਔਰਤਾਂ ਨੇ ਮੁੰਡਨ ਕਰਵਾ ਲਿਆ ਸੀ। ਚੰਦਰਪੁਰ ਇਕ ਅਜਿਹਾ ਇਲਾਕਾ ਹੈ ਜਿੱਥੇ ਘੋਰ ਗ਼ਰੀਬੀ ਹੈ ਪਰ ਇਸ ਦੇ ਬਾਵਜੂਦ ਇਸ ਇਲਾਕੇ ਦੇ ਵੱਡੀ ਗਿਣਤੀ ਵਿਚ ਮਰਦ ਦੇਸੀ ਦਾਰੂ ਪੀਣ ਦੇ ਸ਼ੌਕੀਨ ਹਨ। ਹਰਿਆਣਾ ਵਿਚ ਵੀ ਕੁਝ ਸਾਲ ਪਹਿਲਾਂ ਔਰਤਾਂ ਨੇ ਸ਼ਰਾਬ ਵਿਰੁੱਧ ਝੰਡਾ ਚੁੱਕਿਆ ਸੀ ਅਤੇ ਉਸ ਸਮੇਂ ਦੀ ਸਰਕਾਰ ਨੇ ਹਰਿਆਣਾ ਵਿਚ ਸ਼ਰਾਬਬੰਦੀ ਕਰ ਦਿੱਤੀ ਸੀ ਪਰ ਉਸ ਫ਼ੈਸਲੇ ਦੇ ਦੋ ਕੁ ਸਾਲਾਂ ਬਾਅਦ ਹੀ ਸਰਕਾਰ ਨੂੰ ਸ਼ਰਾਬਬੰਦੀ ਵਾਲਾ ਫ਼ੈਸਲਾ ਵਾਪਸ ਲੈਣਾ ਪਿਆ ਸੀ ਕਿਉਂਕਿ ਇਕ ਤਾਂ ਸਰਕਾਰ ਦੀ ਆਮਦਨ ਘੱਟ ਗਈ ਸੀ ਜਿਸ ਕਾਰਨ ਉਸ ਨੇ ਲੋਕਾਂ 'ਤੇ ਟੈਕਸ ਬਹੁਤ ਲਗਾ ਦਿੱਤੇ ਸਨ। ਦੂਜਾ, ਨਕਲੀ ਤੇ ਸਮੱਗਲਿੰਗ ਹੋਈ ਸ਼ਰਾਬ ਹਰਿਆਣਾ ਵਿਚ ਬਹੁਤ ਜ਼ਿਆਦਾ ਵਿਕਣ ਲੱਗ ਪਈ ਸੀ। ਪੰਜਾਬ 'ਚ ਵੀ ਕਦੇ-ਕਦਾਈਂ ਸ਼ਰਾਬ ਵਿਰੁੱਧ ਰੋਸ-ਮੁਜ਼ਾਹਰੇ ਹੋ ਜਾਂਦੇ ਹਨ ਪਰ ਇਸ ਦਾ ਲੋੜੀਂਦਾ ਨਤੀਜਾ ਕਦੇ ਨਹੀਂ ਨਿਕਲਿਆ। 'ਸ਼ਰਾਬ ਪੀਣਾ ਇਕ ਸਮਾਜਿਕ ਬੁਰਾਈ ਹੈ, ਇਸ ਲਈ ਇਸ ਤੋਂ ਦੁਰ ਰਹਿਣਾ ਹੀ ਚੰਗਾ ਹੈ।'

-ਮੋਬਾਈਲ ਨੰ.: 94638-19174

Posted By: Sunil Thapa