ਦੇਸ਼ ਦਾ ਇਹ ਦੁਖਾਂਤ ਰਿਹਾ ਹੈ ਕਿ ਆਜ਼ਾਦੀ ਤੋਂ ਬਾਅਦ ਤੋਂ ਹੀ ਇੱਥੇ ਜ਼ਿੰਮੇਵਾਰ ਲੋਕ, ਸਿਆਸਤਦਾਨ, ਅਫ਼ਸਰਸ਼ਾਹ, ਸਨਅਤਕਾਰ, ਕਾਰੋਬਾਰੀ ਅਤੇ ਵਪਾਰੀ ਭ੍ਰਿਸ਼ਟਾਚਾਰ ਅਤੇ ਵੱਡੇ-ਵੱਡੇ ਵਿੱਤੀ ਘੁਟਾਲਿਆਂ ਰਾਹੀਂ ਲੋਕਾਂ ਨੂੰ ਲੁੱਟਦੇ ਚਲੇ ਆ ਰਹੇ ਹਨ। ਹਵਾਲਾ ਕਾਂਡ ਰਾਹੀਂ ਦੇਸ਼ ਦਾ ਲੁੱਟਿਆ ਧਨ ਵਿਦੇਸ਼ੀ ਬੈਂਕਾਂ ਵਿਚ ਜਮ੍ਹਾ ਕਰਵਾ ਰਹੇ ਹਨ ਜਾਂ ਉੱਥੇ ਜਾਇਦਾਦਾਂ ਖ਼ਰੀਦ ਰਹੇ ਹਨ। ਇਸ ਦੇ ਨਾਲ ਹੀ ਦੇਸ਼ ਦੇ ਕਾਨੂੰਨ ਅਤੇ ਸੰਵਿਧਾਨ ਨਾਲ ਖਿਲਵਾੜ ਕਰਦੇ ਆ ਰਹੇ ਹਨ। ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ਨੂੰ ਕਮਜ਼ੋਰ ਬਣਾ ਰਹੇ ਹਨ। ਉਨ੍ਹਾਂ ਨੂੰ ਆਪਣੇ ਰਾਜਨੀਤਕ, ਨਿੱਜੀ ਅਤੇ ਵਿੱਤੀ ਸਵਾਰਥਾਂ ਲਈ ਵਰਤ ਰਹੇ ਹਨ। ਅਜੇ ਤਕ ਕੋਈ ਵੀ ਸਰਕਾਰ, ਅਦਾਲਤ ਜਾਂ ਜੱਜ ਪੈਦਾ ਨਹੀਂ ਹੋਇਆ ਜੋ ਐਸੀ ਰਾਸ਼ਟਰਘਾਤੀ ਅਤੇ ਲੋਕਤੰਤਰਘਾਤੀ ਵਿਵਸਥਾ ਦਾ ਲੱਕ ਤੋੜ ਕੇ ਰੱਖ ਦੇਵੇ।

ਪੱਛਮੀ ਬੰਗਾਲ ਵਿਚ ਲਗਪਗ 34 ਸਾਲਾ ਖੱਬੇ-ਪੱਖੀ ਸ਼ਾਸਨ ਦਾ ਤਖ਼ਤਾ ਪਲਟਣ ਤੋਂ ਬਾਅਦ ਸੰਨ 2011 ਵਿਚ ਸੱਤਾ ਵਿਚ ਆਈ ਤ੍ਰਿਣਾਮੂਲ ਕਾਂਗਰਸ (ਟੀਐੱਮਸੀ) ਦੀ ਸੁਪਰੀਮੋ ਕੁਮਾਰੀ ਮਮਤਾ ਬੈਨਰਜੀ ਲਗਾਤਾਰ ਬਚਕਾਨੇ ਤੇ ਤਾਨਾਸ਼ਾਹੀ ਤਰੀਕੇ ਨਾਲ ਸਰਕਾਰ ਚਲਾਉਂਦੀ ਆ ਰਹੀ ਹੈ। ਖੱਬੇ-ਪੱਖੀ ਸ਼ਾਸਨ ਵਿਚ ਸ਼ਾਮਲ ਬਾਹੂਬਲੀ, ਦਾਦਾਗਿਰੀ ਅਤੇ ਹਿੰਸਤਾਮਿਕ ਅਨਸਰ ਅੱਜ ਵੀ ਟੀਐੱਮਸੀ ਸਰਕਾਰ ਅਤੇ ਕਾਡਰ ਦਾ ਦਸਤਾ ਬਣੇ ਹੋਏ ਹਨ। ਲੋਕ ਸਭਾ, ਵਿਧਾਨ ਸਭਾ ਤੇ ਹੋਰ ਚੋਣਾਂ ਮੌਕੇ ਇਸ ਦਸਤੇ ਦਾ ਹਿੰਸਾਤਮਕ ਚਿਹਰਾ ਵੇਖਣ ਨੂੰ ਮਿਲਦਾ ਹੈ ਜਿਸ ਨੂੰ ਕੁਮਾਰੀ ਮਮਤਾ ਬੈਨਰਜੀ ਵੱਲੋਂ ਪੂਰੀ ਸ਼ਹਿ ਮਿਲਦੀ ਹੈ। ਪ੍ਰਸ਼ਾਸਨ ਅਕਸਰ ਮੂਕ ਦਰਸ਼ਕ ਬਣਿਆ ਵਿਖਾਈ ਦਿੰਦਾ ਹੈ।

ਸੂਬੇ ਅੰਦਰ ਖੱਬੇ-ਪੱਖੀਆਂ ਅਤੇ ਕਾਂਗਰਸ ਦੀ ਰਾਜਨੀਤਕ ਸਿਰੀ ਕੁਚਲਣ ਉਪਰੰਤ ਉਸ ਨੇ ਨਵੀਂ ਉੱਠ ਰਹੀ ਸ਼ਕਤੀ ਭਾਜਪਾ ਜੋ ਸੰਨ 2014 ਤੋਂ ਕੇਂਦਰ ਅੰਦਰ ਨਰਿੰਦਰ ਮੋਦੀ ਦੀ ਅਗਵਾਈ ਵਿਚ ਸਰਕਾਰ ਚਲਾ ਰਹੀ ਹੈ ਅਤੇ ਪੱਛਮੀ ਬੰਗਾਲ ਦੇ ਆਲੇ-ਦੁਆਲੇ ਦੇ ਰਾਜਾਂ ਜਿਵੇਂ ਅਸਾਮ, ਤ੍ਰਿਪੁਰਾ, ਬਿਹਾਰ, ਝਾਰਖੰਡ ਆਦਿ ਵਿਚ ਸੱਤਾ ਵਿਚ ਹੈ, ਉਸ ਦੀ ਰਾਜਨੀਤਕ ਸਿਰੀ ਵੀ ਉਹ ਮਿੱਧਣ ਲਈ ਬਜ਼ਿੱਦ ਹੈ। ਅਗਲੇ ਦੋ-ਢਾਈ ਮਹੀਨਿਆਂ ਵਿਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਉਹ ਰਾਜ ਅੰਦਰ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ, ਸ਼ਿਵਰਾਜ ਸਿੰਘ ਚੌਹਾਨ (ਸਾਬਕਾ ਮੁੱਖ ਮੰਤਰੀ ਮੱਧ ਪ੍ਰਦੇਸ਼) ਯੋਗੀ ਅਦਿਤਿਆ ਨਾਥ ਮੁੱਖ ਮੰਤਰੀ ਉੱਤਰ ਪ੍ਰਦੇਸ਼ ਆਦਿ ਦੀ ਹੈਲੀਕਾਪਟਰਾਂ ਰਾਹੀਂ ਆਮਦ ਨੂੰ ਰਾਜ ਅੰਦਰ ਅੰਦਰੂਨੀ ਐਮਰਜੈਂਸੀ ਵਰਗੇ ਹਾਲਾਤ ਪੈਦਾ ਕਰਦੀ ਹੋਈ ਰੋਕ ਰਹੀ ਹੈ। ਅਮਿਤ ਸ਼ਾਹ ਦੀ ਰੱਥ ਯਾਤਰਾ ਅਤੇ ਉਸ ਸਮੇਤ ਭਾਜਪਾ ਦੇ ਦੂਸਰੇ ਆਗੂਆਂ ਦੀਆਂ ਰੈਲੀਆਂ ਨਹੀਂ ਹੋਣ ਦੇ ਰਹੀ। ਇੱਥੋਂ ਤਕ ਕਿ ਪ੍ਰਧਾਨ ਮੰਤਰੀ ਮੋਦੀ ਦੀਆਂ ਰੈਲੀਆਂ ਵਿਚ ਖਲਲ ਪਾਉਣੋਂ ਵੀ ਬਾਜ਼ ਨਹੀਂ ਆ ਰਹੀ। ਮਮਤਾ ਬੈਨਰਜੀ ਸਮਝਦੀ ਹੈ ਕਿ ਭਾਜਪਾ, ਭਗਵਾਂ ਬ੍ਰਿਗੇਡ ਅਤੇ ਇਸ ਦੇ ਆਗੂ ਰਾਜ ਅੰਦਰ ਹਿੰਦੂਤਵੀ, ਕੱਟੜਵਾਦੀ ਅਤੇ ਫਿਰਕੂ ਮੁੱਦੇ ਭੜਕਾ ਕੇ ਅਮਨ-ਕਾਨੂੰਨ ਅਤੇ ਭਾਈਚਾਰਕ ਸ਼ਾਂਤੀ ਨੂੰ ਲਾਂਬੂ ਲਗਾਉਣ ਦਾ ਕੰਮ ਕਰਨਗੇ। ਆਪਣੇ ਰਾਜਨੀਤਕ ਮੰਤਵਾਂ ਦੀ ਪੂਰਤੀ ਲਈ ਉਹ ਰਾਜ ਦੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੂੰ ਨਿਰੰਕੁਸ਼ ਸ਼ਾਸਕ ਵਜੋਂ ਵਰਤ ਰਹੀ ਹੈ।


ਲੋਕ ਸਭਾ ਚੋਣਾਂ ਰਾਹੀਂ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਦਾ ਤਖ਼ਤਾ ਪਲਟਣ ਲਈ ਉਹ ਰਾਜਨੀਤਕ ਮਹਾਗੱਠਜੋੜ ਕਰਨ ਜਾ ਰਹੀ ਹੈ। ਐਸੇ 22 ਰਾਜਨੀਤਕ ਪਾਰਟੀਆਂ ਦੇ ਆਗੂਆਂ ਦੀ ਇਕ ਸਫ਼ਲ ਰੈਲੀ ਉਹ ਕੋਲਕਾਤਾ ਵਿਖੇ ਕਰ ਕੇ ਭਾਜਪਾ ਅਤੇ ਉਸ ਦੇ ਹਮਜੋਲੀਆਂ ਨੂੰ ਆਪਣਾ ਦਮ-ਖ਼ਮ ਵਿਖਾ ਚੁੱਕੀ ਹੈ।

ਮਮਤਾ ਨੂੰ ਕਾਬੂ ਕਰਨ ਲਈ ਭਾਜਪਾ ਸਾਰਦਾ ਗਰੁੱਪ ਚਿੱਟ ਫੰਡ ਘੁਟਾਲੇ ਨੂੰ ਚੋਣਾਂ ਲਾਗੇ ਹੋਣ ਕਾਰਨ ਹਥਿਆਰ ਵਜੋਂ ਵਰਤ ਰਹੀ ਹੈ। ਬੀਤੇ ਦਿਨੀਂ ਲਗਪਗ 40 ਹਜ਼ਾਰ ਕਰੋੜ ਦੇ ਘੁਟਾਲੇ ਸਬੰਧੀ ਕੋਲਕਾਤਾ ਪੁਲਿਸ ਦੇ ਕਮਿਸ਼ਨਰ ਰਾਜੀਵ ਕੁਮਾਰ ਤੋਂ ਪੁੱਛਗਿਛ ਲਈ ਉਸ ਦੀ ਰਿਹਾਇਸ਼ 'ਤੇ ਗਈ 40 ਮੈਂਬਰੀ ਸੀਬੀਆਈ ਟੀਮ ਨੂੰ ਰੋਕਣ ਲਈ ਮਮਤਾ ਬੈਨਰਜੀ ਖ਼ੁਦ ਅੱਗੇ ਆ ਗਈ। ਮਮਤਾ ਪੁਲਿਸ ਕਮਿਸ਼ਨਰ ਦੀ ਰਿਹਾਇਸ਼ 'ਤੇ ਗਈ, ਸੀਬੀਆਈ ਟੀਮ ਨੂੰ ਪੱਛਮੀ ਬੰਗਾਲ ਪੁਲਿਸ ਵੱਲੋਂ ਰਿਹਾਇਸ਼ ਅੰਦਰ ਜਾਣੋਂ ਰੋਕਿਆ ਗਿਆ ਅਤੇ ਹਿਰਾਸਤ ਵਿਚ ਲੈ ਕੇ ਥਾਣੇ ਲਿਜਾਇਆ ਗਿਆ। ਇਸ ਕਾਰਨ ਸੀਬੀਆਈ ਅਫਸਰਾਂ ਦੇ ਘਰ ਸੂਬਾ ਪੁਲਿਸ ਵੱਲੋਂ ਘੇਰ ਕੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਗਿਆ। ਇਸ ਸਭ ਨਾਲ ਦੇਸ਼ ਦੀ ਫੈਡਰਲ ਵਿਵਸਥਾ, ਸੰਵਿਧਾਨਕ ਸੰਸਥਾਵਾਂ, ਕੇਂਦਰ-ਰਾਜ ਸਬੰਧਾਂ ਦੀਆਂ ਸਥਾਪਤ ਮਰਿਆਦਾਵਾਂ ਅਤੇ ਨਿਜ਼ਾਮ ਦੀਆਂ ਧੱਜੀਆਂ ਉੱਡ ਗਈਆਂ। ਭਾਰਤ ਦੇ ਇਤਿਹਾਸ ਵਿਚ ਪਹਿਲੀ ਵਾਰ ਇਕ ਮੁੱਖ ਮੰਤਰੀ ਨੇ ਆਪਣੇ ਰਾਜ ਦੇ ਪੁਲਿਸ ਅਧਿਕਾਰੀ ਨੂੰ ਬਚਾਉਣ ਅਤੇ ਕੇਂਦਰੀ ਸੰਵਿਧਾਨਕ ਜਾਂਚ ਏਜੰਸੀ ਨੂੰ ਰੋਕਿਆ ਹੀ ਨਹੀਂ ਬਲਕਿ ਤਾਕਤ ਦਿਖਾ ਕੇ ਦਹਿਸ਼ਤ ਪੈਦਾ ਕੀਤੀ।

ਇੱਥੇ ਹੀ ਬਸ ਨਹੀਂ, ਸੀਬੀਆਈ ਦੀ ਕਾਰਵਾਈ ਦੇ ਤੁਰੰਤ ਬਾਅਦ ਦੇਸ਼ ਅੰਦਰ ਆਪਣੇ ਰਾਜਨੀਤਕ ਵਿਰੋਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਵਿਰੁੱਧ ਰਾਜਨੀਤਕ ਮਹਾਗੱਠਜੋੜ ਪ੍ਰਪੱਕ ਕਰਨ, ਮੋਦੀ ਸਰਕਾਰ ਵੱਲੋਂ ਰਾਜਨੀਤਕ ਵਿਰੋਧੀਆਂ ਵਿਰੁੱਧ ਕੇਂਦਰੀ ਜਾਂਚ ਏਜੰਸੀਆਂ ਦੀ ਕੁਵਰਤੋਂ, ਦੇਸ਼ ਅੰਦਰ ਫਿਰਕੂ ਹਿੰਸਾ ਅਤੇ ਅਣ-ਐਲਾਨੀ ਐਮਰਜੈਂਸੀ ਦੀ ਗੱਲ ਕਰਦੇ ਹੋਏ ਮਮਤਾ ਬੈਨਰਜੀ ਧਰਮ ਤੱਲਾ, ਕੋਲਕਾਤਾ ਵਿਖੇ ਧਰਨੇ 'ਤ ਬੈਠ ਗਈ ਸੀ। ਮਮਤਾ ਨੂੰ ਸਾਰੀਆਂ ਵਿਰੋਧੀ ਪਾਰਟੀਆਂ ਦੀ ਹਮਾਇਤ ਪ੍ਰਾਪਤ ਹੋਈ ਜਿਸ ਕਾਰਨ ਉਸ ਦਾ ਕੱਦ ਹੋਰ ਵਧ ਗਿਆ। ਹੈਰਾਨੀ ਦੀ ਗੱਲ ਇਹ ਰਹੀ ਕਿ ਉਸ ਦੇ ਧਰਨੇ ਵਿਚ ਕੋਲਕਾਤਾ ਦੇ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਵੀ ਸ਼ਾਮਲ ਹੋਏ।

ਸੀਬੀਆਈ ਨੂੰ ਸਾਰਦਾ ਗਰੁੱਪ ਚਿੱਟ ਫੰਡ ਘੁਟਾਲੇ ਦੀ ਜਾਂਚ ਮਈ 2014 ਵਿਚ ਮੋਦੀ ਸਰਕਾਰ ਦੇ ਗਠਨ ਤੋਂ ਪਹਿਲਾਂ ਸੁਪਰੀਮ ਕੋਰਟ ਵੱਲੋਂ ਸੌਂਪੀ ਗਈ ਸੀ। ਇਸ ਘੁਟਾਲੇ ਨੇ ਪੱਛਮੀ ਬੰਗਾਲੇ, ਓਡੀਸ਼ਾ, ਤ੍ਰਿਪੁਰਾ ਆਦਿ ਰਾਜਾਂ ਦੇ 17 ਲੱਖ ਲੋਕਾਂ ਨੂੰ ਲੁੱਟਿਆ ਜਿਨ੍ਹਾਂ 'ਚੋਂ 100 ਦੇ ਲਗਪਗ ਲੋਕ ਖ਼ੁਦਕੁਸ਼ੀ ਕਰ ਚੁੱਕੇ ਹਨ। ਇਸ ਘੁਟਾਲੇ ਵਿਚ ਟੀਐੱਮਸੀ ਦੇ ਦੋ ਸੰਸਦ ਮੈਂਬਰ ਕੁਨਾਲ ਘੋਸ਼, ਨਜੋਏ ਬੋਸ, ਸਾਬਕਾ ਡੀਜੀਪੀ ਰਜਤ ਮੌਜਮਦਾਰ, ਮਮਤਾ ਸਰਕਾਰ ਵਿਚ ਟਰਾਂਸਪੋਰਟ ਮੰਤਰੀ ਮਦਨ ਮਿਤੋਰਾ, ਸਾਬਕਾ ਮੰਤਰੀ ਮਤੰਗ ਸਿੰਘ ਅਤੇ ਉਸ ਦੀ ਪਤਨੀ, ਅਸਾਮ ਭਾਜਪਾ ਸਰਕਾਰ ਵਿਚ ਮੰਤਰੀ ਹਿੰਮਤ ਬਿਸਵਾ ਸ਼ਰਮਾ ਅਤੇ ਪੱਛਮੀ ਬੰਗਾਲ 'ਚ ਟੀਐੱਮਸੀ 'ਚੋਂ ਦਲ ਬਦਲ ਕੇ ਭਾਜਪਾ ਵਿਚ ਗਏ ਮੁਕਲ ਰਾਏ ਆਦਿ ਸ਼ਾਮਲ ਹਨ। ਭਾਜਪਾ ਵੱਲੋਂ ਇਸ ਘੁਟਾਲੇ ਨਾਲ ਸਬੰਧਤ ਇਕ 'ਲਾਲ ਡਾਇਰੀ' ਦੱਸੀ ਜਾ ਰਹੀ ਹੈ ਜਿਸ ਵਿਚ ਮਮਤਾ ਬੈਨਰਜੀ ਦੇ ਭੇਦ ਵੀ ਸ਼ਾਮਲ ਹਨ।


ਖ਼ੈਰ! ਸੀਬੀਆਈ ਨੇ ਇਸ ਕੋਲਕਾਤਾ ਵਿਚ ਵਾਪਰੇ ਘਟਨਾਕ੍ਰਮ ਵਿਰੁੱਧ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ ਜਿਸ 'ਤੇ ਪੰਜ ਫਰਵਰੀ ਨੂੰ ਸੁਣਵਾਈ ਕਰਦਿਆਂ ਅਦਾਲਤ ਨੇ ਕੋਲਕਾਤਾ ਦੇ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਨੂੰ ਜਾਂਚ ਲਈ ਰਾਜ ਤੋਂ ਬਾਹਰ ਸ਼ਿਲਾਂਗ ਵਿਖੇ ਸੀਬੀਆਈ ਦੇ ਸਨਮੁੱਖ ਪੇਸ਼ ਹੋਣ ਦਾ ਹੁਕਮ ਦਿੱਤਾ। ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਪੱਛਮੀ ਬੰਗਾਲ ਅੰਦਰ ਮਮਤਾ ਬੈਨਰਜੀ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਰਾਜ ਦੇ ਮੁੱਖ ਸਕੱਤਰ, ਡੀਜੀਪੀ ਅਤੇ ਕਮਿਸ਼ਨਰ ਨੂੰ 18 ਫਰਵਰੀ ਤਕ ਜਵਾਬ ਦਾਖ਼ਲ ਕਰਨ ਦਾ ਹੁਕਮ ਵੀ ਦਿੱਤਾ ਹੈ। ਜਵਾਬ ਸੰਤੋਸ਼ਜਨਕ ਨਾ ਹੋਣ ਦੀ ਸੂਰਤ ਵਿਚ ਇਨ੍ਹਾਂ ਅਧਿਕਾਰੀਆਂ ਨੂੰ ਸੰਮਨ ਜਾਰੀ ਹੋ ਸਕਦੇ ਹਨ।

ਸੁਪਰੀਮ ਕੋਰਟ ਦੇ ਫ਼ੈਸਲੇ ਮਗਰੋਂ ਮੁੱਖ ਮੰਤਰੀ ਮਮਤਾ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਇਹ ਉਸ ਦੀ ਅਤੇ ਉਸ ਦੀ ਸਰਕਾਰ ਦੀ ਨੈਤਿਕ ਜਿੱਤ ਹੈ। ਪੰਜ ਫਰਵਰੀ ਨੂੰ ਯੋਗੀ ਅਦਿਤਿਆ ਨਾਥ ਮੁੱਖ ਮੰਤਰੀ ਉੱਤਰ ਪ੍ਰਦੇਸ਼ ਦੀ ਪੁਰਲੀਆ ਵਿਖੇ ਜਨਤਕ ਰੈਲੀ ਨੂੰ ਰੱਦ ਕੀਤਾ ਗਿਆ ਤੇ ਉਨ੍ਹਾਂ ਦੇ ਹੈਲੀਕਾਪਟਰ ਨੂੰ ਰਾਜ ਵਿਚ ਨਾ ਉਤਰਨ ਦੇਣ 'ਤੇ ਉਹ ਸੜਕ ਰਸਤੇ ਬਕਾਰੋ ਤੋਂ ਰੈਲੀ ਵਾਲੀ ਥਾਂ ਪੁਰਲੀਆ ਗਏ। ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਜਿੱਥੇ ਮਮਤਾ ਬੈਨਰਜੀ ਦੇ ਤਾਨਾਸ਼ਾਹੀ ਰਵੱਈਏ ਦੀ ਦੱਬ ਕੇ ਆਲੋਚਨਾ ਕੀਤੀ, ਉੱਥੇ ਹੀ ਉਸ ਵਿਰੁੱਧ ਤਾਬੜਤੋੜ ਹਮਲੇ ਕਰਦਿਆਂ ਖ਼ੂਬ ਰਾਜਨੀਤਕ ਪੱਤਾ ਖੇਡਿਆ।


ਮਮਤਾ ਬੈਨਰਜੀ ਨੂੰ ਲੋਕਤੰਤਰ ਦੀ ਮਜ਼ਬੂਤੀ, ਸੰਵਿਧਾਨ ਅਤੇ ਕਾਨੂੰਨ ਦੇ ਸਨਮਾਨ ਅਤੇ ਲੋਕਤੰਤਰ ਦੀਆਂ ਅਮੀਰ ਰਵਾਇਤਾਂ ਦੀ ਰਾਖੀ, ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਅਤੇ ਰਾਜਸੀ ਸਹਿਣਸ਼ੀਲਤਾ ਦੀ ਸਥਾਪਤੀ ਖ਼ਾਤਰ ਪੱਛਮੀ ਬੰਗਾਲ ਅੰਦਰ ਭਾਜਪਾ ਅਤੇ ਉਸ ਦੇ ਐੱਨਡੀਏ ਅੰਦਰ ਭਾਈਵਾਲਾਂ ਨੂੰ ਰੈਲੀਆਂ ਕਰਨ ਤੋਂ ਰੋਕਣਾ ਨਹੀਂ ਚਾਹੀਦਾ। ਇਸ ਦੇ ਨਾਲ ਹੀ ਸਾਰਦਾ ਗਰੁੱਪ ਚਿੱਟ ਫੰਡ ਘਪਲੇ ਦੀ ਜਾਂਚ ਲਈ ਸੀਬੀਆਈ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ 17 ਲੱਖ ਲੋਕਾਂ ਨੂੰ ਇਨਸਾਫ਼ ਮਿਲ ਸਕੇ।

ਦੱਸਣਯੋਗ ਹੈ ਕਿ ਕੇਂਦਰ ਸਰਕਾਰਾਂ ਵਿਰੁੱਧ ਜਨਤਕ ਹਿੱਤਾਂ ਲਈ ਪਹਿਲਾਂ ਵੀ ਕਈ ਮੁੱਖ ਮੰਤਰੀ ਧਰਨਾ ਲਾ ਚੁੱਕੇ ਹਨ ਜਿਨ੍ਹਾਂ ਵਿਚ ਮਰਹੂਮ ਕੁਮਾਰੀ ਜੈਲਲਿਤਾ, ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਮੁੱਖ ਹਨ। ਮਮਤਾ ਬੈਨਰਜੀ ਤੇ ਭਾਜਪਾ ਦੋਵਾਂ ਨੂੰ ਹੀ ਚੋਣਾਂ ਦੇ ਮੱਦੇਨਜ਼ਰ ਆਪੋ-ਆਪਣੀ ਰਾਜਨੀਤੀ ਨਹੀਂ ਚਮਕਾਉਣੀ ਚਾਹੀਦੀ ਸਗੋਂ ਲੋਕ ਤੇ ਦੇਸ਼ ਹਿੱਤ ਨੂੰ ਮੁੱਖ ਰੱਖ ਕੇ ਕੰਮ ਕਰਨੇ ਚਾਹੀਦੇ ਹਨ। ਭਾਜਪਾ ਇਸ ਸਾਰੇ ਘਟਨਾਕ੍ਰਮ ਤੋਂ ਵੱਡਾ ਰਾਜਨੀਤਕ ਫ਼ਾਇਦਾ ਚੁੱਕਣ ਦੀ ਕੋਸ਼ਿਸ਼ ਵਿਚ ਸੀ ਜਿਸ ਵਿਚ ਉਹ ਬਹੁਤੀ ਸਫ਼ਲ ਨਹੀਂ ਹੋ ਸਕੀ।

ਦਰਬਾਰਾ ਸਿੰਘ ਕਾਹਲੋਂ

94170-94034

Posted By: Sarabjeet Kaur