ਫ਼ਰੀਦ ਜੀ ਆਪਣੀ ਬਾਣੀ ਵਿਚ ਲਿਖਦੇ ਨੇ ਕਿ ਮੈਂ ਸਮਝਿਆ ਕਿ ਦੁੱਖ ਕੇਵਲ ਮੈਨੂੰ ਹੀ ਹੈ ਪਰ ਜਦੋਂ ਮੈਂ ਉਚੇਰਾ ਧਿਆਨ ਮਾਰਿਆ ਤਾਂ ਪਤਾ ਲੱਗਾ ਕਿ ਸਾਰਾ ਸੰਸਾਰ ਹੀ ਦੁਖੀ ਹੈ। ਇਸੇ ਤਰ੍ਹਾਂ ਅਸੀਂ ਸਾਰੇ ਸੋਚਦੇ ਹਾਂ ਕਿ ਮੈਨੂੰ ਹੀ ਬਹੁਤ ਦੁੱਖ-ਤਕਲੀਫ਼ਾਂ ਹਨ ਪਰ ਨਹੀਂ, ਇਹ ਸਾਰਾ ਸੰਸਾਰ ਹੀ ਦੁਖੀ ਹੈ। ਫ਼ਰੀਦ ਜੀ ਦੀਆਂ ਇਹ ਪੰਕਤੀਆਂ ਸਾਨੂੰ ਕੁਦਰਤ ਦਾ ਨਿਯਮ ਭਲੀਭਾਂਤ ਸਮਝਾਉਂਦੀਆਂ ਹਨ ਕਿ ਜ਼ਿੰਦਗੀ ਸੁੱਖ ਤੇ ਦੁੱਖ ਦੋਨਾਂ ਦਾ ਸੁਮੇਲ ਹੁੰਦੀ ਹੈ ਪਰ ਅਸੀਂ ਹਮੇਸ਼ਾ ਸੁੱਖਾਂ ਦੀ ਭਾਲ ਵਿਚ ਭਟਕਦੇ ਰਹਿੰਦੇ ਹਾਂ। ਇਹ ਭਟਕਣ ਸਾਨੂੰ ਹੋਰ ਵੀ ਬੇਚੈਨ ਅਤੇ ਦੁਖੀ ਕਰਦੀ ਹੈ। ਕਿਉਂ ਨਾ ਅਸੀਂ ਜ਼ਿੰਦਗੀ ਦੇ ਇਸ ਪਰਮ ਸੱਚ ਨੂੰ ਅਪਣਾ ਲਈਏ ਕਿ ਜ਼ਿੰਦਗੀ ਵਿਚ ਦੁੱਖ ਤੇ ਸੁੱਖ ਦੋਵੇਂ ਹੀ ਮਿਲਣੇ ਹਨ।

ਜਦ ਅਸੀਂ ਇਸ ਸੱਚ ਨੂੰ ਅਪਣਾ ਲੈਂਦੇ ਹਾਂ ਤਾਂ ਸਾਨੂੰ ਦੁੱਖ ਵੀ ਦੁੱਖ ਨਹੀਂ ਲੱਗਦਾ ਸਗੋਂ ਜ਼ਿੰਦਗੀ ਵਿਚ ਵਾਪਰ ਰਹੀ ਇਕ ਮਾਮੂਲੀ ਘਟਨਾ ਲੱਗਦੀ ਹੈ ਅਤੇ ਅਸੀਂ ਉਸ ਘਟਨਾ ਨੂੰ ਇਕ ਮੁਸ਼ਕਲ ਸਮਝ ਕੇ ਉਸ ਦੇ ਹੱਲ ਵੱਲ ਤੁਰ ਪੈਂਦੇ ਹਾਂ। ਕਿਸੇ ਨੇ ਬਹੁਤ ਖ਼ੂਬ ਕਿਹਾ ਹੈ ਕਿ ਸਮਾਂ ਜਿੱਦਾਂ ਦਾ ਵੀ ਹੋਵੇ, ਲੰਘ ਜਾਂਦਾ ਹੈ। ਜੇ ਸੁੱਖ ਨਹੀਂ ਠਹਿਰਿਆ ਤਾਂ ਦੁੱਖ ਵੀ ਨਹੀਂ ਠਹਿਰੇਗਾ। ਇਸ ਲਈ ਸਾਨੂੰ ਦੁੱਖਾਂ ਤੋਂ ਭੱਜਣਾ ਨਹੀਂ ਚਾਹੀਦਾ ਬਲਕਿ ਉਨ੍ਹਾਂ ਨੂੰ ਖਿੜੇ ਮੱਥੇ ਸਵੀਕਾਰ ਕਰਨਾ ਚਾਹੀਦਾ ਹੈ। ਜ਼ਿੰਦਗੀ ਦੀਆਂ ਔਕੜਾਂ ਨਾਲ ਸਿਰੜੀ ਬਣ ਕੇ ਜੂਝਣ ਵਾਲੇ ਹੀ ਸਫਲਤਾ ਦੀਆਂ ਮੰਜ਼ਿਲਾਂ ਸਰ ਕਰਦੇ ਜਾਂਦੇ ਹਨ। ਹਾਂ-ਪੱਖੀ ਨਜ਼ਰੀਆ ਹੀ ਜ਼ਿੰਦਗੀ ਨੂੰ ਬਿਹਤਰੀਨ ਅਤੇ ਖ਼ੂਬਸੂਰਤ ਬਣਾ ਸਕਦਾ ਹੈ। ਜੇਕਰ ਅਸੀਂ ਦੁੱਖਾਂ ਨੂੰ ਸਮਝਣ ਦਾ ਆਪਣਾ ਨਜ਼ਰੀਆ ਬਦਲ ਲਈਏ ਤਾਂ ਦੁੱਖ ਵੀ ਸੁੱਖ ਬਣ ਜਾਵੇਗਾ। ਕੀ ਅਸੀਂ ਕਦੇ ਸੋਚਿਆ ਹੈ ਕਿ ਜੇਕਰ ਜ਼ਿੰਦਗੀ ਵਿਚ ਦੁੱਖ-ਤਕਲੀਫ਼ਾਂ ਨਾ ਆਉਂਦੀਆਂ ਤਾਂ ਇਹ ਕਿੰਨੀ ਨੀਰਸ ਹੋਣੀ ਸੀ? ਅਸਲੀਅਤ ਇਹ ਹੈ ਕਿ ਦੁੱਖ-ਤਕਲੀਫ਼ਾਂ ਸਾਨੂੰ ਜ਼ਿੰਦਗੀ ਦਾ ਅਸਲੀ ਪਾਠ ਪੜ੍ਹਾਉਂਦੀਆਂ ਹਨ। ਸਾਨੂੰ ਸਾਡੇ ਚੰਗੇ-ਮਾੜੇ ਦੋਸਤਾਂ, ਰਿਸ਼ਤੇਦਾਰਾਂ ਦੀ ਪਛਾਣ ਕਰਵਾਉਂਦੀਆਂ ਹਨ।

ਇਹ ਦੁੱਖ ਹੀ ਤਾਂ ਨੇ ਜੋ ਸਾਨੂੰ ਸੁੱਖ ਦੀ ਅਸਲੀ ਅਹਿਮੀਅਤ ਦੱਸਦੇ ਨੇ। ਸਾਨੂੰ ਮੁਸੀਬਤਾਂ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦੇ ਨੇ।ਜੇ ਦੁੱਖ ਸਾਨੂੰ ਇੰਨਾ ਕੁਝ ਦਿੰਦੇ ਨੇ ਫਿਰ ਕਿਉਂ ਅਸੀਂ ਇਨ੍ਹਾਂ ਨੂੰ ਮਾੜਾ ਕਹਿ ਕੇ ਜ਼ਿੰਦਗੀ ਨੂੰ ਹੋਰ ਬੇਰਸ ਬਣਾਈਏ। ਜਿਵੇਂ ਪਾਣੀ ਨਿਵਾਣ ਵੱਲ ਤੇਜ਼ੀ ਨਾਲ ਵੱਧਦਾ ਹੈ ਇਸੇ ਤਰ੍ਹਾਂ ਮਨੁੱਖੀ ਮਨ ਵੀ ਜਲਦੀ ਨਾਂਹ-ਪੱਖੀ ਸੋਚ ਵੱਲ ਵੱਧਦਾ ਹੈ। ਜ਼ਿੰਦਗੀ ਵਿਚ ਕੋਈ ਦੁੱਖ-ਤਕਲੀਫ਼ ਆ ਜਾਵੇ ਤਾਂ ਅਸੀਂ ਝੱਟ ਡਗਮਗਾਉਣ ਲੱਗਦੇ ਹਾਂ।

ਜੇਕਰ ਅਸੀਂ ਆਪਣੀ ਊਰਜਾ ਨੂੰ ਸਹੀ ਢੰਗ ਨਾਲ ਸਹੀ ਦਿਸ਼ਾ ਵਿਚ ਵਰਤ ਲਈਏ ਤਾਂ ਜ਼ਿੰਦਗੀ ਬਹੁਤ ਖ਼ੂਬਸੂਰਤ ਹੋ ਜਾਵੇਗੀ। ਜ਼ਿੰਦਗੀ ਵਿਚ ਜਦੋਂ ਵੀ ਕੋਈ ਦੁੱਖ-ਤਕਲੀਫ਼ ਆਵੇ ਤਾਂ ਸਭ ਤੋਂ ਪਹਿਲਾਂ ਉਸ ਨੂੰ ਸਵੀਕਾਰ ਕਰੋ, ਆਪਣੀ ਜ਼ਿੰਦਗੀ ਦਾ ਹਿੱਸਾ ਸਮਝੋ ਅਤੇ ਫਿਰ ਖ਼ੁਦ ਨੂੰ ਹਾਂ-ਪੱਖੀ ਮਾਹੌਲ ਮੁਹੱਈਆ ਕਰਵਾਓ। ਹਰ ਮੁਸੀਬਤ ਦਾ ਹੱਲ ਜ਼ਰੂਰ ਹੁੰਦਾ ਹੈ। ਬਸ, ਲੋੜ ਹੁੰਦੀ ਹੈ ਸਹੀ ਮਾਰਗ 'ਤੇ ਚੱਲਣ ਦੀ।

-ਕਿਰਨ ਕੌਰ।

ਸੰਪਰਕ : +43 68864 013133

Posted By: Sunil Thapa