v> ਅੱਖਾਂ ਦੀ ਜੋਤ ਬੁਝ ਜਾਵੇ ਤਾਂ ਦੁਨੀਆ 'ਚ ਜਿਵੇਂ ਹਨੇਰ ਛਾ ਗਿਆ ਪ੍ਰਤੀਤ ਹੁੰਦਾ ਹੈ। ਇੰਜ ਜਾਪਦਾ ਹੈ ਕਿ ਅੰਬਰ ਦੇ ਸਾਰੇ ਦੀਪ-ਸੂਰਜ, ਚੰਨ, ਤਾਰੇ ਜਿਵੇਂ ਸਦਾ ਲਈ ਲੋਪ ਹੋ ਗਏ ਹੋਣ। ਅਜਿਹਾ ਦਿੱਬ-ਦ੍ਰਿਸ਼ਟੀ ਵਾਲਿਆਂ ਨੂੰ ਮਹਿਸੂਸ ਨਹੀਂ ਹੁੰਦਾ। ਦੀਦਿਆਂ ਦੀ ਲੋਅ ਗਵਾਚਣ ਦੇ ਬਾਵਜੂਦ ਰੋਸ਼ਨੀਆਂ ਉਨ੍ਹਾਂ ਦੀ ਤਾਬਿਆ ਰਹਿੰਦੀਆਂ ਹਨ। ਹੌਸਲੇ ਵਾਲੇ ਨੇਤਰਹੀਣਾਂ ਨੂੰ ਵੇਖ ਕੇ ਪਰਬਤ ਵੀ ਝੁਕ ਜਾਂਦੇ ਹਨ। ਅੰਤਹਕਰਨ ਦਾ ਚਾਨਣ ਉਨ੍ਹਾਂ ਦੇ ਰਾਹਾਂ 'ਤੇ ਵਿਛ ਜਾਂਦਾ ਹੈ ਅਤੇ ਮੰਜ਼ਿਲ ਉਨ੍ਹਾਂ ਨੂੰ ਸੈਨਤਾਂ ਮਾਰ ਕੇ ਆਪਣੀ ਕੋਲ ਬੁਲਾਉਂਦੀ ਹੈ। ਅਕਲ ਦੇ ਅੰਨ੍ਹੇ ਅਜਿਹੇ ਬੁਲਾਵਿਆਂ ਨੂੰ ਵੇਖਣ ਤੋਂ ਅਸਮਰੱਥ ਹੁੰਦੇ ਹਨ। ਉਹ ਅੱਕਾਂ ਨੂੰ ਵਾੜ ਕਰ ਕੇ ਮੋਠਾਂ ਦੀ ਛਾਵੇਂ ਬੈਠੇ ਰਹਿੰਦੇ ਹਨ। ਮਹਾਰਾਸ਼ਟਰ ਦੀ ਪ੍ਰਾਂਜਲ ਪਾਟਿਲ ਨੇ ਦੇਸ਼ ਦੀ ਪਹਿਲੀ ਨੇਤਰਹੀਣ ਆਈਏਐੱਸ ਬਣ ਕੇ ਨਵੇਕਲਾ ਇਤਿਹਾਸ ਰਚਿਆ ਹੈ। ਪ੍ਰਾਂਜਲ ਨੇ ਇਸ ਸੋਮਵਾਰ ਨੂੰ ਕੇਰਲ ਦੇ ਥਿਰੂਵੰਥਾਪੁਰਮ 'ਚ ਸਬ ਕੁਲੈਕਟਰ ਵਜੋਂ ਚਾਰਜ ਸੰਭਾਲਿਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਉਸ ਨੇ ਮਾਣ ਨਾਲ ਕਿਹਾ ਕਿ ਉਸ ਨੇ ਕਦੇ ਵੀ ਹਾਰ ਨਹੀਂ ਮੰਨੀ। ਛੇ ਸਾਲ ਦੀ ਬਾਲੜੀ ਉਮਰੇ ਕਿਸੇ ਬੱਚੇ ਨੇ ਉਸ ਦੀ ਅੱਖ ਵਿਚ ਪੈਨਸਿਲ ਘੋਪ ਦਿੱਤੀ ਤਾਂ ਉਸ ਦੀਦੇ ਦੀ ਰੋਸ਼ਨੀ ਹਮੇਸ਼ਾ ਲਈ ਰੁੱਸ ਗਈ। ਕੁਝ ਦਿਨਾਂ ਬਾਅਦ ਇਸ ਦਾ ਅਸਰ ਦੂਜੀ ਅੱਖ 'ਤੇ ਵੀ ਪੈ ਗਿਆ ਜਿਸ ਕਾਰਨ ਬਾਹਰਲੀ ਦੁਨੀਆ ਵੀਰਾਨ-ਬੀਆਬਾਨ ਜਾਪਣ ਲੱਗੀ। ਇਸ ਦੇ ਬਾਵਜੂਦ ਉਸ ਨੇ ਨਾ ਕੇਵਲ ਵੱਡੇ-ਵੱਡੇ ਸੁਪਨੇ ਹੀ ਸਿਰਜੇ ਬਲਕਿ ਉਨ੍ਹਾਂ ਨੂੰ ਸਾਕਾਰ ਕਰਨ ਲਈ ਹਿੰਮਤ ਵੀ ਜੁਟਾਈ। ਪ੍ਰਾਂਜਲ ਦੇ ਮਾਂ-ਬਾਪ, ਭਰਾ ਅਤੇ ਅਧਿਆਪਕਾਂ ਨੇ ਉਸ ਦੇ ਸੁਪਨਿਆਂ ਦੀ ਪਰਵਾਜ਼ ਨੂੰ ਖੰਭ ਲਾਉਣ ਦਾ ਕੰਮ ਕੀਤਾ। ਜ਼ਿੰਦਗੀ ਦੇ ਟੋਇਆਂ-ਟਿੱਬਿਆਂ ਨੂੰ ਨਾਪਦੀ ਹੋਈ ਆਖ਼ਰ ਉਹ ਆਪਣੀ ਮੰਜ਼ਿਲ 'ਤੇ ਪਹੁੰਚ ਹੀ ਗਈ ਜਿਸ ਨੂੰ ਸਰ ਕਰਨਾ ਆਸਾਨ ਨਹੀਂ ਹੁੰਦਾ। ਉਹ ਕਹਿੰਦੀ ਹੈ ਕਿ ਮਨ ਨੂੰ ਇਕਾਗਰ ਕਰ ਕੇ ਹੀ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਨਾਲ ਦਸਤਪੰਜਾ ਲਿਆ ਜਾ ਸਕਦਾ ਹੈ। ਢੇਰੀ ਢਾਹ ਕੇ ਬੈਠਣ ਵਾਲੇ ਵਿਅਕਤੀ ਦਾ ਮਨ ਬੁਲੰਦੀਆਂ ਦੀ ਬਜਾਏ ਹਮੇਸ਼ਾ ਨਿਵਾਣਾਂ ਨੂੰ ਨਾਪਦਾ ਰਹਿੰਦਾ ਹੈ। ਦਰਅਸਲ, ਰਸਾਤਲ ਹੀ ਉਸ ਦਾ ਥਹੁ-ਟਿਕਾਣਾ ਬਣ ਜਾਂਦਾ ਹੈ। ਪ੍ਰਾਂਜਲ ਦੇ ਅਕਾਦਮਿਕ ਪਿਛੋਕੜ ਦੀ ਗੱਲ ਕਰੀਏ ਤਾਂ ਉਸ ਨੇ ਮੁੰਬਈ ਦੇ ਸ੍ਰੀਮਤੀ ਕਮਲਾ ਮਹਿਤਾ ਸਕੂਲ 'ਚੋਂ ਚੰਗੇ ਨੰਬਰਾਂ ਵਿਚ ਦਸਵੀਂ ਪਾਸ ਕੀਤੀ ਸੀ। ਇਹ ਸਕੂਲ 'ਖ਼ਾਸ' (ਸਪੈਸ਼ਲ) ਬੱਚਿਆਂ ਲਈ ਹੈ ਜੋ ਆਮ ਸਕੂਲਾਂ 'ਚੋਂ ਵਿੱਦਿਆ ਹਾਸਲ ਕਰਨ 'ਚ ਅਸਮਰੱਥ ਹੁੰਦੇ ਹਨ। ਇਸ ਸਕੂਲ ਦੀ ਪੜ੍ਹਾਈ ਬ੍ਰੇਲ ਲਿਪੀ ਰਾਹੀਂ ਹੁੰਦੀ ਹੈ। ਅਗਲੇਗੀ ਵਿੱਦਿਆ ਉਸ ਨੇ ਸੇਂਟ ਜ਼ੇਵੀਅਰ (ਮੁੰਬਈ) ਤੋਂ ਹਾਸਲ ਕਰ ਕੇ ਫਿਰ ਜਵਾਹਰਲਾਲ ਨਹਿਰੂ ਯੂਨੀਵਰਸਿਟੀ 'ਚ ਦਾਖ਼ਲਾ ਲੈ ਲਿਆ ਜਿੱਥੇ ਉਸ ਨੂੰ ਸਿਵਲ ਸਰਵਸਿਜ਼ ਦੀ ਚੇਟਕ ਲੱਗ ਗਈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਪ੍ਰਾਂਜਲ ਨੇ ਆਪਣੇ ਸੁਪਨੇ ਦੀ ਭਿਣਕ ਕਿਸੇ ਨੂੰ ਵੀ ਨਾ ਪੈਣ ਦਿੱਤੀ। ਉਹ ਬ੍ਰੇਲ ਲਿਪੀ ਦੇ ਸਹਾਰੇ ਇੰਟਰਨੈੱਟ ਦਾ ਉਪਯੋਗ ਕਰ ਕੇ ਦੁਨੀਆ ਭਰ ਦਾ ਗਿਆਨ ਚੁੱਪ-ਚਪੀਤੇ ਹਾਸਲ ਕਰਦੀ ਰਹੀ। ਕਿਸੇ ਕੋਚਿੰਗ ਸੈਂਟਰ ਵਿਚ ਦਾਖ਼ਲਾ ਨਾ ਲੈ ਕੇ ਉਸ ਨੇ ਨਿਵੇਕਲੀ ਮਿਸਾਲ ਕਾਇਮ ਕੀਤੀ ਹੈ ਜਿਸ ਨੂੰ ਹਰ ਕੋਈ ਸਲਾਮ ਕਹਿ ਰਿਹਾ ਹੈ। ਪ੍ਰਾਂਜਲ ਦੀ ਪ੍ਰਾਪਤੀ ਤੋਂ ਸਪਸ਼ਟ ਹੈ ਕਿ ਇੰਟਰਨੈੱਟ ਦਾ ਸਦਉਪਯੋਗ ਵੱਡੀ ਤੋਂ ਵੱਡੀ ਮੰਜ਼ਿਲ 'ਤੇ ਪਹੁੰਚਣ ਲਈ ਮਦਦਗਾਰ ਸਿੱਧ ਹੁੰਦਾ ਹੈ। ਦੂਜੇ ਪਾਸੇ ਇੰਟਰਨੈੱਟ ਦੀ ਦੁਰਵਰਤੋਂ ਤਬਾਹੀ ਦੇ ਬਿਖੜੇ ਰਾਹ ਪਾਉਂਦਾ ਹੈ। ਇਸ ਦੀ ਤਾਜ਼ਾ ਮਿਸਾਲ 'ਬਲੂ ਵ੍ਹੇਲ' ਗੇਮ ਹੈ ਜਿਸ ਨੂੰ ਖੇਡਦਿਆਂ ਵਿਸ਼ਵ ਦੇ ਅਣਗਿਣਤ ਬੱਚਿਆਂ ਨੇ ਮੌਤ ਨੂੰ ਗਲੇ ਲਗਾਇਆ ਹੈ। ਬਲੂ ਵ੍ਹੇਲ ਵਰਗੀਆਂ ਵੀਡੀਓ ਗੇਮਾਂ ਨਸ਼ਿਆਂ ਵਾਂਗ ਦਿਲੋ-ਦਿਮਾਗ ਨੂੰ ਗ਼ੁਲਾਮ ਬਣਾ ਲੈਂਦੀਆਂ ਹਨ ਜਿਸ ਕਾਰਨ ਸੁਭਾਅ ਵਿਚ ਕਈ ਤਰ੍ਹਾਂ ਦੇ ਵਿਗਾੜ ਪੈਦਾ ਹੁੰਦੇ ਹਨ। ਬੱਚੇ ਮਾਨਸਿਕ ਤੌਰ 'ਤੇ ਬੇਹੱਦ ਕਮਜ਼ੋਰ ਬਣ ਜਾਂਦੇ ਹਨ ਅਤੇ ਉਨ੍ਹਾਂ ਨੂੰ ਅਜਿਹੀ ਮਾਰੂ ਗੇਮ 'ਚੋਂ ਬਾਹਰ ਨਿਕਲਣ ਦਾ ਰਾਹ ਨਹੀਂ ਲੱਭਦਾ। ਅੱਜਕੱਲ੍ਹ 'ਪਬ ਜੀ ਗੇਮ' ਨੇ ਅਣਗਿਣਤ ਬਾਲਾਂ ਦਾ ਖ਼ੂਨ ਪੀਤਾ ਹੈ। ਮਨੋਵਿਗਿਆਨੀਆਂ ਅਨੁਸਾਰ ਇਹ ਆਨਲਾਈਨ ਗੇਮ ਨਸ਼ਿਆਂ ਤੋਂ ਵੀ ਕਿਤੇ ਵੱਧ ਭਿਅੰਕਰ ਹੈ ਜਿਸ ਨੇ ਸੁਪਨੇ ਲੈਣ ਵਾਲੀ ਬਾਲ-ਵਰੇਸ ਨੂੰ ਖ਼ੁਦਕੁਸ਼ੀਆਂ ਦੇ ਰਾਹ ਤੋਰਿਆ ਹੈ। ਸਪਸ਼ਟ ਹੈ ਕਿ ਪ੍ਰਾਂਜਲ ਦੀ ਪ੍ਰਾਪਤੀ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਇੰਟਰਨੈੱਟ ਸੂਚਨਾਵਾਂ ਦਾ ਛੱਲਾਂ ਮਾਰਦਾ ਅਜਿਹਾ ਸਮੁੰਦਰ ਹੈ ਜਿਸ 'ਚੋਂ ਕੋਈ ਜਿੰਨਾ ਚਾਹੇ ਗਿਆਨ ਹਾਸਲ ਕਰ ਸਕਦਾ ਹੈ। ਪਰ ਜੋ ਇਸ ਗਿਆਨ ਰੂਪੀ ਸਮੁੰਦਰ ਦੀਆਂ ਮਚਲਦੀਆਂ ਲਹਿਰਾਂ ਦੇ ਉਲਟ ਤੈਰਨਾ ਸ਼ੁਰੂ ਕਰ ਦਿੰਦੇ ਹਨ ਤਾਂ ਉਨ੍ਹਾਂ ਨੂੰ ਡੁੱਬਣ ਤੋਂ ਕੋਈ ਵੀ ਨਹੀਂ ਬਚਾ ਸਕਦਾ। ਸਪਸ਼ਟ ਹੈ ਕਿ ਪ੍ਰਾਂਜਲ ਨੇ ਬਚਪਨ 'ਚ ਭਾਵੇਂ ਅੱਖਾਂ ਗਵਾ ਲਈਆਂ ਸਨ ਪਰ ਹੌਸਲਾ ਨਹੀਂ। ਉਸ ਨੇ ਆਪਣੇ ਮਨ-ਮਸਤਕ ਕੋਲੋਂ ਦ੍ਰਿਸ਼ਟੀ ਦਾ ਕੰਮ ਲੈਣਾ ਸ਼ੁਰੂ ਕੀਤਾ ਤਾਂ ਜ਼ਿੰਦਗੀ ਪ੍ਰਤੀ ਉਸ ਦਾ ਦ੍ਰਿਸ਼ਟੀਕੋਣ ਹੀ ਬਦਲ ਗਿਆ। ਉਸ ਨੇ ਜਦੋਂ ਕੁਝ ਵੱਖਰਾ ਕਰਨ ਦੀ ਠਾਣ ਲਈ ਤਾਂ ਉਸ ਦਾ ਜ਼ਿੰਦਗੀ ਨੂੰ ਵੇਖਣ ਵਾਲਾ ਜ਼ਾਵੀਆ ਹੀ ਬਦਲ ਗਿਆ। ਅੱਖਾਂ ਦੀ ਗਵਾਚੀ ਜੋਤ ਉਸ ਨੇ ਆਪਣੇ ਅੰਦਰੋਂ ਲੱਭ ਲਈ ਜਿਹੜੀ ਹਿੰਮਤ ਦੇ ਪ੍ਰਿਜ਼ਮ 'ਚੋਂ ਲੰਘ ਕੇ ਸੁਪਨਿਆਂ ਦੇ ਅੰਬਰ 'ਤੇ ਸਤਰੰਗੀ ਪੀਂਘ ਬਣਾ ਦਿੰਦੀ ਹੈ। ਤਿੰਤਰ-ਖੰਭੀ ਬਦਲੋਟੀਆਂ ਤੇ ਘਨਘੋਰ ਘਟਾਵਾਂ 'ਚੋਂ ਇੱਛਾਵਾਂ ਦੀ ਬਿਜਲੀ ਚਮਕਦੀ ਤਾਂ ਉਹ ਉਸ ਨੂੰ ਬੋਚ ਲੈਂਦੀ। ਉਸ ਦੇ ਮਜ਼ਬੂਤ ਇਰਾਦਿਆਂ ਨੇ ਬਿਖੜੇ ਰਾਹਾਂ ਦੇ ਕੰਕਰ ਚੁਗਣ ਦਾ ਕਾਰਜ ਨਿਭਾਇਆ। ਅੱਜ ਉਸ ਦੇ ਰਾਹਾਂ 'ਤੇ ਗੁਲਾਬ-ਪੱਤੀਆਂ ਬਿਖਰੀਆਂ ਹੋਈਆਂ ਹਨ। ਉਹ ਜਿੱਥੇ ਵੀ ਜਾਂਦੀ ਹੈ, ਉਸ ਦਾ ਰੰਗ-ਬਿਰੰਗੇ ਗੁਲਦਸਤਿਆਂ ਨਾਲ ਸਵਾਗਤ ਹੁੰਦਾ ਹੈ। ਉਹ ਫੁੱਲਾਂ ਦੇ ਰੰਗਾਂ ਨੂੰ ਉਨ੍ਹਾਂ ਦੀ ਮਹਿਕ ਰਾਹੀਂ ਪਛਾਣਦੀ ਹੈ। ਉਸ ਨੇ ਜਾਪਾਨ ਦੇ ਬੋਧੀ ਦਾਨਿਸ਼ਵਰ ਦਾਇਸਕੂ ਇਰਾਡਾ ਦੀਆਂ ਕਿਰਤਾਂ ਦਾ ਖ਼ੂਬ ਅਧਿਐਨ ਕੀਤਾ ਹੈ। ਅਹਿੰਸਾ ਦਾ ਪੁਜਾਰੀ ਦਾਇਸਕੂ ਇਰਾਡਾ ਜਾਪਾਨ ਦੇ ਨਵੇਂ ਧਰਮ ਸੋਕਾ ਗਕਈ ਦਾ ਤੀਜਾ ਰਾਸ਼ਟਰਪਤੀ ਹੈ। ਦੂਜੀ ਆਲਮੀ ਜੰਗ ਦੌਰਾਨ ਜਦੋਂ ਅਮਰੀਕਾ ਨੇ ਜਾਪਾਨ ਦੇ ਹੀਰੋਸ਼ੀਮਾ ਅਤੇ ਨਾਗਾਸਾਕੀ ਨਗਰਾਂ 'ਤੇ ਪਰਮਾਣੂ ਹਮਲਾ ਕੀਤਾ ਸੀ ਤਾਂ ਉਸ ਦੇ ਦਿਲ 'ਤੇ ਇਸ ਦਾ ਨਾ ਮਿਟਣ ਵਾਲਾ ਅਸਰ ਉਕਰਿਆ ਗਿਆ ਤੇ ਉਸ ਨੇ ਪਰਮਾਣੂ ਹਮਲਿਆਂ ਵਿਰੁੱਧ ਲੜਨ ਦਾ ਬੀੜਾ ਚੁੱਕ ਲਿਆ। ਕੁਦਰਤੀ ਹੈ ਕਿ ਪ੍ਰਾਂਜਲ ਨੇ ਦਾਇਸਕੂ ਇਰਾਡਾ ਦੀ ਵਿਚਾਰਧਾਰਾ ਨੂੰ ਆਤਮਸਾਤ ਕੀਤਾ ਹੈ ਜਿਸ ਨੇ ਉਸ ਦੇ ਮਨ-ਮੰਦਰ ਵਿਚ ਅਣਗਿਣਤ ਧੂਫ਼-ਬੱਤੀਆਂ ਜਗਾਈਆਂ ਹਨ। ਅੱਜ ਭਾਰਤ ਵਿਚ ਵੱਖ-ਵੱਖ ਥਾਵਾਂ 'ਤੇ ਹਿੰਸਕ ਵਾਰਦਾਤਾਂ ਵਾਪਰ ਰਹੀਆਂ ਹਨ। ਸ਼ਾਲਾ! ਪ੍ਰਾਂਜਲ ਆਪਣੇ ਅਹੁਦੇ 'ਤੇ ਬਿਰਾਜਮਾਨ ਹੁੰਦਿਆਂ ਅਹਿੰਸਾ ਦੇ ਪ੍ਰਚਾਰ ਨੂੰ ਆਪਣੇ ਜੀਵਨ ਦਾ ਮੁੱਖ ਮਿਸ਼ਨ ਬਣਾਵੇ।

Posted By: Sukhdev Singh