v> ਮਹਾਰਾਸ਼ਟਰ 'ਚ ਬਣੀ ਸਰਕਾਰ ਸਬੰਧੀ ਸੋਮਵਾਰ ਨੂੰ ਵੀ ਮੁੰਬਈ ਤੋਂ ਲੈ ਕੇ ਦਿੱਲੀ ਤਕ ਸਿਆਸਤ ਭਖੀ ਰਹੀ। ਸੁਪਰੀਮ ਕੋਰਟ 'ਚ ਭਾਜਪਾ ਦੇ ਵਕੀਲ ਨੇ ਫਲੋਰ ਟੈਸਟ ਕਰਵਾਉਣ ਦੀ ਗੱਲ ਕਹੀ ਪਰ ਸਮਾਂ ਘੱਟ ਤੋਂ ਘੱਟ ਸੱਤ ਦਿਨ ਦੇਣ ਲਈ ਕਿਹਾ। ਕਾਂਗਰਸ ਨੇ 24 ਘੰਟੇ 'ਚ ਫਲੋਰ ਟੈਸਟ ਕਰਵਾਉਣ ਦੀ ਮੰਗ ਰੱਖੀ ਹੈ। ਕਾਂਗਰਸ ਦਾ ਸਵਾਲ ਹੈ ਕਿ ਜਦੋਂ ਦੋਵੇਂ ਧਿਰਾਂ ਫਲੋਰ ਟੈਸਟ ਲਈ ਤਿਆਰ ਹਨ ਤਾਂ ਦੇਰੀ ਕਿਉਂ ਹੋਣੀ ਚਾਹੀਦੀ ਹੈ? ਸਰਵਉੱਚ ਅਦਾਲਤ ਮੰਗਲਵਾਰ ਨੂੰ ਇਸ 'ਤੇ ਫ਼ੈਸਲਾ ਸੁਣਾਵੇਗੀ। ਦੂਜੇ ਪਾਸੇ ਦੇਵੇਂਦਰ ਫੜਨਵੀਸ ਨੇ ਮੁੱਖ ਮੰਤਰੀ ਦਾ ਅਹੁਦਾ ਸੰਭਾਲ ਲਿਆ ਹੈ। 288 ਮੈਂਬਰੀ ਵਿਧਾਨ ਸਭਾ 'ਚ ਭਾਜਪਾ ਦੇ 105, ਸ਼ਿਵ ਸੈਨਾ ਦੇ 56, ਐੱਨਸੀਪੀ ਦੇ 54 ਅਤੇ ਕਾਂਗਰਸ ਦੇ 44 ਵਿਧਾਇਕ ਹਨ। ਭਾਜਪਾ ਮੁਤਾਬਕ ਐੱਨਸੀਪੀ ਹੁਣ ਟੁੱਟ ਚੁੱਕੀ ਹੈ ਅਤੇ ਵੱਡਾ ਹਿੱਸਾ ਉਸ ਨਾਲ ਹੈ। ਇਕ ਪਾਸੇ ਚਾਚਾ ਸ਼ਰਦ ਪਵਾਰ ਤੇ ਦੂਜੇ ਪਾਸੇ ਭਤੀਜਾ ਅਜੀਤ ਪਵਾਰ ਹੈ। ਦੋਵੇਂ ਧਿਰਾਂ ਦਾਅਵਾ ਕਰ ਰਹੀਆਂ ਹਨ ਕਿ ਉਨ੍ਹਾਂ ਕੋਲ ਸਰਕਾਰ ਬਣਾਉਣ ਲਈ ਬਹੁਮਤ ਹੈ। ਮਹਾਰਾਸ਼ਟਰ ਦੇ ਵੋਟਰਾਂ ਨੂੰ ਸਮਝ ਨਹੀਂ ਆ ਰਹੀ ਕਿ ਆਖ਼ਰ ਉਨ੍ਹਾਂ ਨੇ ਵੋਟਾਂ ਕਿਸ ਦੀ ਸਰਕਾਰ ਵਾਸਤੇ ਪਾਈਆਂ ਸਨ। ਪਹਿਲਾਂ ਭਾਜਪਾ-ਸ਼ਿਵ ਸੈਨਾ ਦਾ ਗੱਠਜੋੜ ਸੀ। ਦੋਵਾਂ ਨੂੰ ਸਪਸ਼ਟ ਬਹੁਮਤ ਵੀ ਮਿਲਿਆ ਪਰ ਸਰਕਾਰ ਭਾਜਪਾ ਨੇ ਐੱਨਸੀਪੀ ਦੇ ਸਮਰਥਨ ਵਾਲੇ ਪੱਤਰ ਨਾਲ ਬਣਾਈ। ਦੂਜੇ ਪਾਸੇ ਸ਼ਿਵ ਸੈਨਾ ਆਪਣੀ ਧੁਰ ਵਿਰੋਧੀ ਐੱਨਸੀਪੀ ਤੇ ਕਾਂਗਰਸ ਨਾਲ ਮਿਲ ਕੇ ਸਰਕਾਰ ਬਣਾਉਣਾ ਚਾਹੁੰਦੀ ਹੈ। ਮਹਾਰਾਸ਼ਟਰ 'ਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਗਠਨ ਖ਼ਿਲਾਫ਼ ਐੱਨਸੀਪੀ-ਕਾਂਗਰਸ ਤੇ ਸ਼ਿਵ ਸੈਨਾ ਦੀ ਸਾਂਝੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਦੌਰਾਨ ਭਾਜਪਾ ਵੱਲੋਂ ਪੇਸ਼ ਹੋਏ ਸਾਲਿਸਟਰ ਜਨਰਲ ਨੇ ਮਹਾਰਾਸ਼ਟਰ ਦੇ ਰਾਜਪਾਲ ਤੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਪੱਤਰਾਂ ਨੂੰ ਪੇਸ਼ ਕੀਤਾ ਤੇ ਚਰਚਾ ਲਈ ਹੋਰ ਸਮਾਂ ਮੰਗਿਆ। ਐੱਨਸੀਪੀ ਦੇ 54 ਵਿਧਾਇਕਾਂ ਦੇ ਸਮਰਥਨ ਵਾਲਾ ਪੱਤਰ ਅਜੀਤ ਪਵਾਰ ਨੇ ਦੋ ਦਿਨ ਪਹਿਲਾਂ ਰਾਜਪਾਲ ਨੂੰ ਸੌਂਪਿਆ ਸੀ। ਪੱਤਰ 'ਚ ਕਿਹਾ ਗਿਆ ਹੈ ਕਿ ਪਵਾਰ ਐੱਨਸੀਪੀ ਵਿਧਾਇਕ ਦਲ ਦੇ ਮੁਖੀ ਹਨ। ਇਸ ਪੱਤਰ ਨੂੰ ਲੈ ਕੇ ਹੀ ਸਾਰਾ ਭੰਬਲਭੂਸਾ ਹੈ। ਦਾਅਵਾ ਹੈ ਕਿ ਦੇਵੇਂਦਰ ਫੜਨਵੀਸ ਕੋਲ 170 ਵਿਧਾਇਕਾਂ ਦਾ ਸਮਰਥਨ ਹੈ। ਭਾਜਪਾ ਦਾ ਕਹਿਣਾ ਹੈ ਕਿ ਰਾਜਪਾਲ ਨੇ ਪੂਰੀ ਸੂਝਬੂਝ ਨਾਲ 23 ਨਵੰਬਰ ਨੂੰ ਸਭ ਤੋਂ ਵੱਡੀ ਪਾਰਟੀ ਨੂੰ ਸੱਦਾ ਦਿੱਤਾ ਸੀ ਪਰ ਕਾਂਗਰਸ ਦਾ ਸਵਾਲ ਹੈ ਕਿ ਆਖ਼ਰ ਰਾਸ਼ਟਰਪਤੀ ਸ਼ਾਸਨ ਸਵੇਰੇ 5.17 'ਤੇ ਕਿਉਂ ਹਟਾ ਦਿੱਤਾ ਗਿਆ? ਸਵੇਰੇ 8 ਵਜੇ ਕਿਉਂ ਸਹੁੰ ਚੁਕਵਾਈ ਗਈ? ਇਸ ਤੋਂ ਪਹਿਲਾਂ ਕਰਨਾਟਕ ਵਿਚ ਭਾਜਪਾ ਨੂੰ ਸੱਤਾ ਵਿਚ ਆਉਣ ਤੋਂ ਰੋਕਣ ਲਈ ਇਕ-ਦੂਜੇ ਵਿਰੁੱਧ ਚੋਣ ਲੜਨ ਵਾਲੇ ਜਨਤਾ ਦਲ (ਐੱਸ) ਅਤੇ ਕਾਂਗਰਸ ਇਕੱਠੇ ਹੋਏ ਸਨ। ਹੁਣ ਮਹਾਰਾਸ਼ਟਰ ਵਿਚ ਮੁੱਖ ਮੰਤਰੀ ਦੀ ਕੁਰਸੀ ਲਈ ਸ਼ਿਵ ਸੈਨਾ ਭਾਜਪਾ ਨਾਲੋਂ ਨਾਤਾ ਤੋੜ ਕੇ ਧੁਰ ਵਿਰੋਧੀ ਪਾਰਟੀਆਂ ਨਾਲ ਜਾ ਰਲੀ ਹੈ। ਦੂਜੇ ਪਾਸੇ ਭਾਜਪਾ ਦੀ ਧੁਰ ਵਿਰੋਧੀ ਐੱਨਸੀਪੀ ਦੇ ਅਜੀਤ ਪਵਾਰ ਨੇ ਫੜਨਵੀਸ ਨਾਲ ਮਿਲ ਕੇ ਸਰਕਾਰ ਬਣਾ ਲਈ ਅਤੇ ਉਹ ਡਿਪਟੀ ਸੀਐੱਮ ਵੀ ਬਣ ਗਏ। ਸੱਤਾ ਵਿਚ ਹਿੱਸੇਦਾਰੀ ਦੇ ਝਗੜੇ ਕਾਰਨ ਮਹਾਰਾਸ਼ਟਰ 'ਚ ਪਹਿਲਾਂ ਰਾਸ਼ਟਰਪਤੀ ਸ਼ਾਸਨ ਤੇ ਹੁਣ ਸਰਕਾਰ ਨੂੰ ਲੈ ਕੇ ਲੜਾਈ ਅਤੇ 'ਹੋਰਸ ਟਰੇਡਿੰਗ' ਦੀਆਂ ਗੱਲਾਂ ਲੋਕਾਂ ਨੂੰ ਨਿਰਾਸ਼ ਕਰ ਰਹੀਆਂ ਹਨ। ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਫਲੋਰ ਟੈਸਟ 'ਚ ਫੜਨਵੀਸ ਪਾਸ ਹੋ ਗਏ ਤਾਂ ਠੀਕ ਪਰ ਜੇ ਸ਼ਿਵ ਸੈਨਾ ਵਾਲਾ ਗੱਠਜੋੜ ਸਰਕਾਰ ਬਣਾਉਂਦਾ ਹੈ ਤਾਂ ਰਾਹ ਉਨ੍ਹਾਂ ਦੀ ਵੀ ਸੌਖ਼ੀ ਨਹੀਂ ਹੋਵੇਗੀ।

Posted By: Rajnish Kaur