-ਡਾ. ਓਪਿੰਦਰ ਸਿੰਘ ਲਾਂਬਾ

ਮੇਰੇ ਕਾਲਜ ਸਮੇਂ ਦਾ ਜਮਾਤੀ ਗੁਰਕੀਰਤ ਆਪਣੇ ਤਾਏ ਨੂੰ ਲੈ ਕੇ ਲੰਘੇ ਸਾਲ ਪਿੰਡੋਂ ਚੰਡੀਗੜ੍ਹ ਆਇਆ। ਅਰਸੇ ਮਗਰੋਂ ਮਿਲਣ ਦਾ ਸਬੱਬ ਪੁੱਛਿਆ ਤਾਂ ਗੁਰੀ ਕਹਿਣ ਲੱਗਾ, ‘‘ਬਾਈ! ਸਾਡੇ ਤਾਏ ਹੁਰਾਂ ਦਾ ਸ਼ਰੀਕੇ ’ਚ ਜ਼ਮੀਨ ਦਾ ਚਿਰਾਂ ਤੋਂ ਝਗੜਾ ਚੱਲ ਰਿਹੈ। ਠੀਕ ਪੈਰਵੀ ਨਾ ਹੋਣ ਕਾਰਨ ਅਸੀਂ ਹੇਠਲੀ ਅਦਾਲਤ ’ਚ ਕੇਸ ਹਾਰ ਗਏ ਹਾਂ ਤੇ ਹੁਣ ਹਾਈ ਕੋਰਟ ’ਚ ਇਸ ਫ਼ੈਸਲੇ ਦੇ ਖ਼ਿਲਾਫ਼ ਅਪੀਲ ਦਾਇਰ ਕਰਨੀ ਚਾਹੁੰਦੇ ਹਾਂ। ਜੇ ਤੈਨੂੰ ਕੋਈ ਵਕੀਲ ਜਾਣਦੈ ਤਾਂ ਦੱਸ, ਅਸੀਂ ਉਸ ਨੂੰ ਹੀ ਕਰ ਲੈਨੇ ਆਂ।’’ ਮੇਰਾ ਇਕ ਜਾਣਕਾਰ ਵਕੀਲ ਉੱਚ ਅਦਾਲਤ ਵਿਚ ਪ੍ਰੈਕਟਿਸ ਕਰਦਾ ਸੀ, ਨੇ ਮਾਲ ਦੇ ਮੁਕੱਦਮਿਆਂ ਦੇ ਇਕ ਨਾਮੀ-ਗਰਾਮੀ ਵਕੀਲ ਕਰਨ ਦੀ ਸਲਾਹ ਦਿੱਤੀ। ਅਗਲੀ ਸਵੇਰ ਅਸੀਂ ਨਿਸ਼ਚਿਤ ਸਮੇਂ ’ਤੇ ਵਕੀਲ ਸਾਹਿਬ ਦੀ ਆਲੀਸ਼ਾਨ ਕੋਠੀ ਪਹੁੰਚ ਕੇ ਘੰਟੀ ਮਾਰੀ। ਮੇਨ ਗੇਟ ’ਤੇ ਖੜੇ੍ਹ ਚੌਕੀਦਾਰ ਨੇ ਪੁੱਛ-ਪੜਤਾਲ ਕਰਨ ਮਗਰੋਂ ਸਾਨੂੰ ਅੰਦਰ ਜਾਣ ਦਿੱਤਾ। ਉੱਥੇ ਸ਼ੇਰ ਜਿੱਡੇ ਅਲਸਿਏਸ਼ਨ ਕੁੱਤਿਆਂ ਨੇ ਭੌਂਕ-ਭੌਂਕ ਕੇ ਅਸਮਾਨ ਸਿਰ ’ਤੇ ਚੁੱਕ ਕੇ ਸਾਡਾ ਭਰਵਾਂ ਸਵਾਗਤ ਕੀਤਾ। ਵਕੀਲ ਸਾਹਿਬ ਨੇ ਦਫ਼ਤਰ ’ਚ ਵੜਦਿਆਂ ਪੁੱਛਿਆ,‘‘ਕਿੱਥੋਂ ਆਏ ਹੋ?’’ ਤਾਏ ਨੇ ਸਹਿਜ ਸੁਭਾਅ ਆਪਣੇ ਪਿੰਡ ਦਾ ਨਾਮ ਤੇ ਜ਼ਿਲ੍ਹਾ ਦੱਸਦਿਆਂ ਕਿਹਾ, ‘‘ਜਨਾਬ, ਕੀ ਦੱਸੀਏ, ਸਾਡੀ ਤਾਂ ਕਿਸਮਤ ਹੀ ਮਾੜੀ ਐ, ਹੇਠਲੀ ਅਦਾਲਤ ’ਚ 70-80 ਹਜ਼ਾਰ ਉਜਾੜਨ ਮਗਰੋਂ ਹੁਣ ਰਹਿੰਦੀ ਆਸ ’ਤੇ ਥੋਡੀ ਸ਼ਰਨ ’ਚ ਆਏ ਹਾਂ। ਜੀਟੀ ਰੋਡ ਨਾਲ ਲੱਗਦੀ ਸਾਡੀ ਜ਼ਮੀਨ ਸ਼ਰੀਕੇ ’ਚੋਂ ਹੀ ਸਾਡੇ ਕੁਝ ਆਪਣੇ ਹੀ ਕੌਡੀਆਂ ਦੇ ਭਾਅ ਹਥਿਆਉਣਾ ਚਾਹੁੰਦੇ ਨੇ। ਸੋਚਿਆ, ਭਾਵੇਂ ਕੇਸ ਤਾਂ ਥੱਲਿਓਂ ਹਾਰੀ ਬੈਠੇ ਹਾਂ ਪਰ ਕੀ ਪਤਾ ਰੱਬ ਦੇ ਰੰਗਾਂ ਦਾ, ਸ਼ਾਇਦ ਥੋਡੇ ਹੱਥੋਂ ਹੀ ਸਾਨੂੰ ਇਨਸਾਫ਼ ਮਿਲਣਾ ਹੋਵੇ।’’ ਮੈਂ ਤਾਏ ਨੂੰ ਟੋਕਦਿਆਂ ਵਕੀਲ ਸਾਹਿਬ ਨੂੰ ਪੁੱਛਿਆ,‘‘ਜਨਾਬ ਤੁਹਾਡੀ ਫੀਸ ਕਿੰਨੀ ਐ?’’ ਉਹ ਸਾਡੇ ’ਤੇ ਅਹਿਸਾਨ ਜਤਾਉਂਦਿਆਂ ਕਹਿਣ ਲੱਗਾ,‘‘ ਵੈਸੇ ਤਾਂ ਮੈਂ ਅਜਿਹੇ ਕੇਸਾਂ ’ਚ ਦੋ-ਢਾਈ ਲੱਖ ਤੋਂ ਘੱਟ ਫੀਸ ਨਹੀਂ ਲੈਂਦਾ ਪਰ ਤੁਸੀਂ ਤਾਂ ਆਪਣੇ ਘਨਸ਼ਾਮ ਹੁਰਾਂ ਦੇ ਹਵਾਲੇ ਨਾਲ ਆਏ ਓ, ਏਸ ਲਈ ਬਜ਼ੁਰਗੋ ਤੁਸੀਂ ਸਿਰਫ਼ ਸਵਾ ਲੱਖ ਅਤੇ ਬਾਕੀ ਕਾਗਜ਼ਾਂ ਤੇ ਮੁਨਸ਼ੀ ਦੀ ਫੀਸ ਦਾ 10-15 ਹਜ਼ਾਰ ਅੱਡ ਦੇ ਦਿਆ ਜੇ।’’ ਆਪਸੀ ਸਲਾਹ-ਮਸ਼ਵਰੇ ਮਗਰੋਂ ਅਸੀਂ ਵਕੀਲ ਨੂੰ ਇੱਕ ਲੱਖ ਰੁਪਏ ’ਤੇ ਰਾਜ਼ੀ ਕਰ ਲਿਆ। ਤਾਏ ਨੇ ਬੋਝੇ ’ਚੋਂ ਇਕ ਹਜ਼ਾਰ ਰੁਪਏ ਪੇਸ਼ਗੀ ਕੱਢ ਕੇ ਉਸ ਨੂੰ ਫੜਾਉਂਦਿਆਂ ਕਿਹਾ, ‘‘ਮੈਂ ਪਰਸੋਂ ਹੇਠਲੀ ਅਦਾਲਤ ’ਚ ਕੀਤੇ ਆਪਣੇ ਵਕੀਲ ਪਾਸੋਂ ਸਾਰੇ ਕਾਗਜ਼ਾਤ ਲੈ ਕੇ ਮੁੜ ਹਾਜ਼ਰ ਹੁੰਨਾ।’’ ਵਕੀਲ 1000 ਰੁਪਏ ਵੇਖ ਕੇ ਵਾਰ-ਵਾਰ ਇਹੀ ਕਹੀ ਜਾਵੇ, ‘‘ਵੈਸੇ ਤਾਂ ਅਸੀਂ ਫੀਸ ਦਾ ਦਸ ਫ਼ੀਸਦੀ ਯਾਨੀ ਘੱਟੋ-ਘੱਟ 10 ਹਜ਼ਾਰ ਬਣਦਾ ਐਡਵਾਂਸ ਲੈਂਦੇ ਆਂ।’’ ਸੁਣ ਕੇ ਅੱਗੋਂ ਤਾਇਆ ਬੋਲਿਆ, ‘‘ਵਕੀਲ ਸਾਹਿਬ ਚਿੰਤਾ ਨਾ ਕਰੋ, ਪਰਸੋਂ ਬਾਕੀ 9000 ਵੀ ਫੜਾ ਜਾਵਾਂਗਾ ਤੇ ਰਹਿੰਦੀ ਫੀਸ ਪੇਸ਼ੀਆਂ ’ਤੇ ਨਾਲੋ-ਨਾਲ ਦਿੰਦਾ ਰਹਾਂਗਾ।’’

ਬਿਨਾਂ ਚਾਹ-ਪਾਣੀ ਪੁੱਛੇ ਤੁਰਨ ਲੱਗਿਆਂ ਵਕੀਲ ਸਾਹਿਬ ਨੇ ਸਾਨੂੰ ਅਦਾਲਤ ’ਚ ਆਪਣੇ ਚੈਂਬਰ ’ਚ ਦੋ ਦਿਨ ਬਾਅਦ ਸੱਦ ਲਿਆ। ਅਸੀਂ ਤਿੰਨੇ ਸਵੇਰੇ ਉਹਦੇ ਆਉਣ ਦੇ ਤੈਅ ਸਮੇਂ ਤੋਂ ਪਹਿਲਾਂ ਪੁੱਜ ਗਏ। ਉਹ ਕਹਿਣ ਲੱਗਾ,‘‘ ਆਓ ਪਹਿਲਾਂ ਕੰਟੀਨ ਤੋਂ ਚਾਹ-ਸ਼ਾਹ ਪੀ ਕੇ ਉੱਥੇ ਹੀ ਗੱਲਬਾਤ ਕਰ ਲੈਂਦੇ ਆਂ।’’ ਉਹ ਚੈਂਬਰ ’ਚ ਪਹਿਲਾਂ ਤੋਂ ਬੈਠੇ 2-3 ਵਕੀਲ ਸਾਥੀਆਂ ਨੂੰ ਵੀ ਨਾਲ ਚਾਹ-ਪੀਣ ਲਈ ਆਪਣੇ ਨਾਲ ਲੈ ਤੁਰਿਆ ਤੇ ਬਦੋਬਦੀ ਅਸੀਂ ਵੀ ਉਸ ਦੀਆਂ ਪੈੜਾਂ ’ਤੇ ਹੋ ਤੁਰੇ। ਕੰਟੀਨ ’ਚ ਪਹੁੰਚਦਿਆਂ ਹੀ ਉਹਨੇ ਸਾਨੂੰ ਪੁੱਛਿਆ, ‘‘ਕੀ ਖਾਓਗੇ।’’ ਅਸੀਂ ਸੰਕੋਚਦਿਆਂ ਕਿਹਾ, ‘‘ਜੀ ਕੁਝ ਨਹੀਂ, ਘਰੋਂ ਨਾਸ਼ਤਾ ਕਰ ਕੇ ਹੀ ਤੁਰੇ ਸਾਂ।’’ ਉਹ ਕਹਿਣ ਲੱਗਾ, ‘‘ਇਹਦੇ ਛੋਲੇ-ਭਟੂਰੇ, ਅੰਬਰਸਰੀ ਕੁਲਚੇ, ਬਰਗਰ ਤੇ ਪੀਜ਼ਾ ਬੜੇ ਈ ਸਪੈਸ਼ਲ ਨੇ, ਲੋਕ ਤਾਂ ਦੂਰੋਂ-ਦੂਰੋਂ ਇੱਥੇ ਉਚੇਚਾ ਆਉਂਦੇ ਨੇ।’’ ਇਕ ਵਾਰ ਤਾਂ ਮੈਨੂੰ ਭੁਲੇਖਾ ਲੱਗਾ ਕਿ ਸ਼ਾਇਦ ਇਹ ਵਕੀਲ ਕਿਤੇ ਕੈਟਰਿੰਗ ਦਾ ਕੰਮ ਨਾ ਕਰਦਾ ਹੋਵੇ। ਕੇਸ ਤਾਂ ਉਹਨੇ ਕੀ ਡਿਸਕਸ ਕਰਨਾ ਸੀ, ਉਹ ਵਾਰ-ਵਾਰ ਹਰੇਕ ਨੂੰ ਇਹੀ ਪੁੱਛੀ ਜਾ ਰਿਹਾ ਸੀ, ‘‘ਕੀ ਖਾਓਗੇ?’’ ਅਸੀਂ ਤਾਏ ਵੱਲੋਂ ਪਿੰਡੋਂ ਅਚਾਰ ਨਾਲ ਲਿਆਂਦੇ ਪਰੌਂਠੇ ਚਾਹ ਨਾਲ ਖਾਧੇ। ਪਰ ਉਨ੍ਹਾਂ ਤਿੰਨਾਂ ਵਕੀਲਾਂ ਨੇ ਪਹਿਲਾਂ ਛੋਲੇ-ਭਟੂਰੇ ਤੇ ਮਗਰੋਂ ਇਕ-ਇਕ ਪਲੇਟ ਅੰਬਰਸਰੀ ਕੁਲਚਾ ਖਾਣ ’ਚ ਭੋਰਾ ਵੀ ਸੰਗ-ਸ਼ਰਮ ਮਹਿਸੂਸ ਨਾ ਕੀਤੀ। ਇਸ ਵਰਤਾਰੇ ਤੋਂ ਮੈਨੂੰ ਪਹਿਲੋਂ ਹੀ ਇਲਹਾਮ ਹੋ ਗਿਆ ਕਿ ਇਹ ਬੋਝ ਵੀ ਤਾਏ ਦੀ ਜੇਬ ’ਤੇ ਹੀ ਪੈਣ ਵਾਲੈ।

ਇੰਨੇ ’ਚ ਵੇਟਰ ਪਲੇਟ ’ਚ ਸੌਂਫ ਤੇ ਖੰਡ ਸਣੇ 730 ਰੁਪਏ ਦਾ ਬਿੱਲ ਧਰੀ ਵਕੀਲ ਸਾਹਿਬ ਕੋਲ ਆ ਖੜੋਤਾ। ਵਕੀਲ ਨੇ ਤਾਏ ਨੂੰ ਸੈਨਤ ਮਾਰਦਿਆਂ ਕਿਹਾ, ‘‘ਮੇਰੇ ਕੋਲ 2-2 ਹਜ਼ਾਰ ਦੇ ਹੀ ਨੋਟ ਨੇ, ਬਜ਼ੁਰਗੋ ਤੁਸੀਂ ਹੀ ਇਹ ਪੈਸੇ ਦੇ ਦਿਉ ਇਹਨੂੰ, ਮਗਰੋਂ ਹਿਸਾਬ ਕਰ ਲਵਾਂਗੇ।’’ ਹੁਣ ਤਾਏ ਦੇ ਸਬਰ ਦਾ ਬੰਨ੍ਹ ਟੁੱਟ ਚੁੱਕਾ ਸੀ ਤੇ ਉਹ ਗੁੱਸੇ ’ਚ ਇਕਦਮ ਬੋਲਿਆ, ‘‘ਵਕੀਲ ਸਾਬ੍ਹ! ਥੋਨੂੰ ਮਾੜੀ-ਮੋਟੀ ਸੰਗ-ਸ਼ਰਮ ਹੋਣੀ ਚਾਹੀਦੀ ਹੈ। ਤੁਸੀਂ ਕੇਸ ਤਾਂ ਕੀ ਵਿਚਾਰਨਾ ਸੀ ਸਗੋਂ ਸਾਨੂੰ ਇੱਥੇ ਸੱਦ ਕੇ ਸਾਡਾ ਸਮਾਂ ਈ ਬਰਬਾਦ ਕੀਤੈ। ਇਹਦੇ ਨਾਲੋਂ ਚੰਗਾ ਸੀ ਅਸੀਂ ਚੈਂਬਰ ’ਚ ਹੀ ਬਹਿ ਕੇ ਸੰਜੀਦਗੀ ਨਾਲ ਕੋਈ ਕੰਮ ਦੀ ਗੱਲ ਕਰ ਲੈਂਦੇ। ਜਨਾਬ, ਮੇਰਾ ਹੁਣੇ ਹਿਸਾਬ ਕਰੋ, ਕੱਲ੍ਹ ਦਾ ਇਕ ਹਜ਼ਾਰ ਪੇਸ਼ਗੀ ਤੇ ਹੁਣ ਦੇ 730 ਕੁੱਲ ਬਣੇ 1730 ਰੁਪਏ।’’ ਵਕੀਲ ਅੱਗੋਂ ਬੋਲਿਆ, ‘‘ਪੇਸ਼ਗੀ ਲਏ ਪੈਸੇ ਤਾਂ ਨਹੀਂ ਮੋੜੇ ਜਾਂਦੇ। ਬਾਕੀ ਜੇ ਤੁਸੀਂ ਕਹਿੰਦੇ ਹੋ ਤਾਂ ਆਪਾਂ ਫੀਸ 10-20 ਹਜ਼ਾਰ ਹੋਰ ਘਟਾ ਲੈਂਦੇ ਹਾਂ।’’ ਇਹ ਸੁਣ ਕੇ ਤਾਇਆ ਕਹਿਣ ਲੱਗਾ, ‘‘ਵਕੀਲ ਸਾਬ੍ਹ! ਮੈਨੂੰ ਤਾਂ ਸਮਝ ਨਹੀਂ ਆਉਂਦਾ ਤੁਸੀਂ ਵਕਾਲਤ ਕਰਦੇ ਹੋ ਜਾਂ ਸੌਦੇਬਾਜ਼ੀ। ਸ਼ਰਮਸਾਰ ਹੋਏ ਵਕੀਲ ਨੇ ਤੁਰੰਤ 2000 ਦਾ ਨੋਟ ਤਾਏ ਦੇ ਹੱਥ ਫੜਾ ਕੇ ਆਪਣੀ ਰਹਿੰਦੀ ਇੱਜ਼ਤ ਬਚਾਉਂਦਿਆਂ ਕਿਹਾ, ‘‘ਬਜ਼ੁਰਗੋ ਤੁਸੀਂ ਕੋਈ ਹੋਰ ਵਕੀਲ ਕਰ ਲਓ।’’ ਤਾਏ ਨੇ ਬਾਦਸਤੂਰ ਹਿਸਾਬ ਨਿਬੇੜਦਿਆਂ 270 ਰੁਪਏ ਮੋੜ ਕੇ ਆਪਣਾ ਖਹਿੜਾ ਛੁਡਾਇਆ।

ਕੰਟੀਨ ’ਚੋਂ ਬਾਹਰ ਨਿਕਲਦਿਆਂ ਹੀ ਮੈਨੂੰ ਮੇਰਾ ਪੁਰਾਣਾ ਮਿੱਤਰ ਕਾਲਾ ਕੋਟ ਪਾਈ ਮੱਦੀ ਮਿਲ ਗਿਆ ਤੇ ਉਸ ਨੇ ਪੁੱਛਿਆ,‘‘ਕਿਵੇਂ ਆਏ ਹੋ?’’ ਮੈਂ ਉਸ ਨੂੰ ਸਾਰੀ ਵਾਰਤਾ ਆਖ ਸੁਣਾਈ ਤੇ ਕਿਹਾ, ‘‘ਕੋਈ ਵਕੀਲ ਸੁਝਾਅ?’’ ਉਹ ਕਹਿਣ ਲੱਗਾ, ‘‘ਕੋਈ ਗੱਲ ਨਹੀਂ, ਆਪਾਂ ਹੀ ਕੇਸ ਲੜ ਲੈਂਦੇ ਹਾਂ।’’ ਅਸੀਂ ਬਿਨਾਂ ਦੇਰ ਲਾਈ ਮੱਦੀ ਨੂੰ ਆਪਣਾ ਵਕੀਲ ਕਰ ਲਿਆ ਤੇ ਉਸ ਤੋਂ ਫੀਸ ਪੁੱਛੀ। ਉਹ ਆਖਣ ਲੱਗਾ ਘਰ ਆਲੀ ਗੱਲ ਹੈ, ਥੋਡਾ ਤਾਇਆ ਵੀ ਤਾਂ ਮੇਰਾ ਤਾਇਆ ਹੀ ਲੱਗਾ। ਛਿਆਂ ਮਹੀਨਿਆਂ ’ਚ ਮੱਦੀ ਨੇ ਪੈਰਵੀ ਕਰਕੇ ਫ਼ੈਸਲਾ ਸਾਡੇ ਹੱਕ ’ਚ ਕਰਾ ਦਿੱਤਾ। ਖ਼ੁਸ਼ੀ ’ਚ ਤਾਇਆ ਬਾਗੋ-ਬਾਗ ਹੋਇਆ ਲੱਡੂਆਂ ਦਾ ਡੱਬਾ ਲੈ ਕੇ ਮੱਦੀ ਦੇ ਘਰ ਮੈਨੂੰ ਲੈ ਕੇ ਪੁੱਜਾ ਤੇ ਕਹਿਣ ਲੱਗਾ, ‘‘ਕਾਕਾ, ਤੇਰਾ ਦੇਣ ਤਾਂ ਮੈਂ ਇਸ ਦੁਨੀਆ ’ਚ ਨਹੀਂ ਦੇ ਸਕਦਾ, ਹੁਣ ਦੱਸ ਤੇਰੀ ਫੀਸ ਕਿੰਨੀ ਆ?’’ ਉਹ ਭੋਲੇ ਭਾਅ ਕਹਿਣ ਲੱਗਾ, ‘‘ਬਾਪੂ ਜੀ ਜਾਣ ਦਿਉ, ਥੋਡੇ ਨਾਲ ਕੀ ਹਿਸਾਬ-ਕਿਤਾਬ ਕਰਨੈ।’’ ਤਾਏ ਨੇ ਉਸ ਨੂੰ 50 ਹਜ਼ਾਰ ਫੜਾਉਂਦਿਆਂ ਕਿਹਾ, ‘‘ਕਾਕਾ, ਜੇ ਘੱਟ ਹੈ ਤਾਂ ਹੋਰ ਦੱਸ?’’ ਮੱਦੀ ਨੇ ਝਕਦਿਆਂ ਸਿਰਫ਼ 20 ਹਜ਼ਾਰ ਹੀ ਰੱਖਿਆ ਤੇ ਬਾਕੀ ਤਾਏ ਨੂੰ ਮੋੜ ਦਿੱਤੇ। ਸਦਕੇ ਜਾਈਏ ਇਹੋ ਜਿਹੇ ਇਮਾਨਦਾਰ, ਸਿਦਕੀ ਅਤੇ ਦਿਆਨਤਦਾਰ ਇਨਸਾਨ ਦੇ ਜਿਸ ਨੇ ਅਜੋਕੇ ਸਮੇਂ ਵਿਚ ਪੈਸੇ ਦੀ ਅੰਨ੍ਹੀ ਦੌੜ ’ਚ ਵੀ ਮਨੁੱਖੀ ਕਦਰਾਂ-ਕੀਮਤਾਂ ਦਾ ਪੱਲਾ ਨਾ ਛੱਡਦਿਆਂ ਯਾਰੀ-ਦੋਸਤੀ ਦੀਆਂ ਤੰਦਾਂ ਨੂੰ ਹੋਰ ਪ੍ਰਪੱਕ ਕਰ ਦਿੱਤਾ।

-ਮੋਬਾਈਲ : 97800-36136

Posted By: Susheel Khanna