-ਪ੍ਰੀਤਮਾ ਦੋਮੇਲ

ਮੈਂ ਫ਼ੌਜੀ ਪਰਿਵਾਰ ਨਾਲ ਸਬੰਧ ਰੱਖਦੀ ਹਾਂ। ਸਹੁਰਾ ਸਾਹਿਬ ਫ਼ੌਜ 'ਚ ਸਨ ਤੇ ਪਤੀਦੇਵ ਵੀ। ਹੁਣ ਬੇਟਾ ਵੀ ਫ਼ੌਜੀ ਅਫ਼ਸਰ ਹੈ। ਸਾਡੇ ਘਰ ਫ਼ੌਜੀ (ਸਿਪਾਹੀ) ਅਕਸਰ ਆਉਂਦੇ ਰਹਿੰਦੇ ਹਨ। ਕਿਸੇ ਨੇ ਕੋਈ ਡਿਊਟੀ ਕਰਨੀ ਹੁੰਦੀ ਹੈ ਅਤੇ ਕਿਸੇ ਦੂਸਰੇ ਨੇ ਕੋਈ ਹੋਰ। ਇਕ ਸਿਪਾਹੀ ਤਾਂ ਪੱਕਾ ਹੀ ਘਰ 'ਚ ਰਹਿ ਕੇ ਅਫ਼ਸਰ ਦੇ ਛੋਟੇ-ਵੱਡੇ ਕੰਮ ਕਰਦਾ ਰਹਿੰਦਾ ਹੈ। ਉਹ ਚੁੱਪ-ਚਾਪ ਘਰ ਦੇ ਰੱਖ-ਰਖਾਅ ਤੇ ਛੋਟੇ ਬੱਚਿਆਂ ਦੀ ਦੇਖਭਾਲ 'ਚ ਲੱਗਾ ਰਹਿੰਦਾ ਹੈ। ਜਦ ਉਹ ਛੁੱਟੀ ਜਾਂਦਾ ਹੈ ਤਾਂ ਪਲਟਨ ਵੱਲੋਂ ਉਸ ਦੀ ਥਾਂ ਦੂਸਰਾ ਜਵਾਨ ਆ ਜਾਂਦਾ ਹੈ। ਸਾਡੇ ਕੋਲ ਸਿਪਾਹੀ ਰਾਮ ਸਿੰਘ ਪਿਛਲੇ 6 ਸਾਲਾਂ ਤੋਂ ਕੰਮ ਕਰ ਰਿਹਾ ਹੈ। ਜਦੋਂ ਉਹ ਆਇਆ ਸੀ ਤਾਂ 24-25 ਸਾਲ ਦਾ ਸੀ। ਬਿਲਕੁਲ ਸਿੱਧਾ-ਸਾਦਾ, ਹਰ ਵੇਲੇ ਹੱਸਦਾ ਹੱਸਦਾ ਕੰਮ ਕਰਦਾ ਰਹਿੰਦਾ। ਇੱਥੇ ਰਹਿੰਦਿਆਂ ਹੀ ਉਸ ਦੀ ਸ਼ਾਦੀ ਹੋ ਗਈ, ਬੇਟਾ ਹੋ ਗਿਆ ਤੇ ਬੇਟਾ ਵੀ ਹੁਣ ਇਕ ਸਾਲ ਦਾ ਹੋ ਗਿਆ ਹੈ। ਅਚਾਨਕ ਰਾਮ ਸਿੰਘ ਦਾ ਵਤੀਰਾ ਬਦਲ ਗਿਆ। ਉਹ ਇਕਦਮ ਚੁੱਪ ਹੋ ਗਿਆ। ਨਾ ਉਹ ਹੱਸਦਾ, ਨਾ ਕਿਸੇ ਨਾਲ ਗੱਲ ਕਰਦਾ। ਕੰਮ 'ਚ ਵੀ ਉਸ ਦਾ ਜੀਅ ਨਾ ਲੱਗਦਾ। ਮੈਂ ਕਈ ਵਾਰ ਪੁੱਛਿਆ ਵੀ ਪਰ ਉਹ ਕੋਈ ਢੰਗ ਦਾ ਉੱਤਰ ਨਾ ਦੇ ਸਕਿਆ। ਫਿਰ ਉਹ ਦੋ ਮਹੀਨੇ ਦੀ ਲੰਬੀ ਛੁੱਟੀ 'ਤੇ ਚਲਾ ਗਿਆ। ਉਸ ਦੀ ਜਗ੍ਹਾ ਜਿਹੜਾ ਨਵਾਂ ਸਿਪਾਹੀ ਆਇਆ, ਉਹ ਮਸਾਂ 20-21 ਸਾਲ ਦਾ ਸੀ। ਉਹ ਮਹਾਰਾਸ਼ਟਰ ਦਾ ਰਹਿਣ ਵਾਲਾ ਸੀ ਅਤੇ ਹਰ ਵੇਲੇ ਡਰਿਆ ਰਹਿੰਦਾ। ਸਿਰ ਸੁੱਟ ਕੇ ਸਾਰਾ ਦਿਨ ਕੰਮ 'ਚ ਲੱਗਾ ਰਹਿੰਦਾ। ਮੈਂ ਕਈ ਵਾਰ ਉਸ ਨੂੰ ਕਹਿੰਦੀ, ''ਕਾਕਾ! ਜਾਹ ਥੋੜ੍ਹਾ ਆਰਾਮ ਕਰ ਲੈ।'' ਸੁਣ ਕੇ ਉਹ ਹੱਸ ਪੈਂਦਾ ਅਤੇ ਫਿਰ ਉਵੇਂ ਹੀ ਕੰਮ 'ਚ ਲੱਗ ਜਾਂਦਾ। ਨਾ ਕਦੇ ਉਹ ਆਪਣੇ ਘਰ ਦੀ ਕੋਈ ਗੱਲ ਕਰਦਾ, ਨਾ ਪਲਟਨ ਦੀ ਅਤੇ ਨਾ ਹੀ ਆਪਣੇ ਸਾਥੀਆਂ ਦੀ।

ਫਿਰ ਛੁੱਟੀ ਕੱਟ ਕੇ ਸਾਡਾ ਪੁਰਾਣਾ ਸਿਪਾਹੀ ਰਾਮ ਸਿੰਘ ਆ ਗਿਆ। ਉਹ ਹੁਣ ਹੋਰ ਵੀ ਚੁੱਪ ਜਿਹਾ ਹੋ ਗਿਆ ਸੀ। ਬੜਾ ਉਦਾਸ ਰਹਿੰਦਾ। ਕੰਮ ਕਰਨ ਨੂੰ ਜਿਵੇਂ ਉਸ ਦਾ ਦਿਲ ਹੀ ਨਹੀਂ ਸੀ ਕਰਦਾ। ਕਦੇ ਇੱਥੇ ਬੈਠ ਜਾਂਦਾ, ਕਦੇ ਉੱਥੇ। ਕਦੇ ਬਾਹਰ ਲਾਅਨ ਦੇ ਫੁੱਲਾਂ ਦੀਆਂ ਕਿਆਰੀਆਂ ਕੋਲ ਲੇਟ ਜਾਂਦਾ। ਪੁੱਛਣ 'ਤੇ ਕਹਿੰਦਾ ਕਿ ਮੈਨੂੰ ਸਿਰ ਪੀੜ ਹੋ ਰਹੀ ਹੈ। ਕਦੇ ਕਹਿੰਦਾ ਜਾਪਦੈ ਮੈਨੂੰ ਬੀਪੀ ਦੀ ਬਿਮਾਰੀ ਲੱਗ ਗਈ ਹੈ। ਉਸ ਦੇ ਘਰ-ਪਰਿਵਾਰ, ਬੀਵੀ-ਬੱਚਿਆਂ ਦੀ ਬਾਬਤ ਜੇ ਪੁੱਛਦੇ ਤਾਂ 'ਠੀਕ ਹੈ ਜੀ ਸਭ' ਕਹਿ ਕੇ ਪਰਲੇ ਪਾਸੇ ਨੂੰ ਚਲਾ ਜਾਂਦਾ।

ਨਵਾਂ ਸਿਪਾਹੀ ਹਾਲੇ ਗਿਆ ਨਹੀਂ ਸੀ। ਮੈਂ ਉਸ ਨੂੰ ਕਿਹਾ ਕਿ ਉਸ ਤੋਂ ਗੱਲਾਂ-ਗੱਲਾਂ 'ਚ ਪਤਾ ਲਗਾਉਣ ਦੀ ਕੋਸ਼ਿਸ਼ ਕਰੇ ਕਿ ਉਸ ਨੂੰ ਕੀ ਹੋਇਆ ਹੈ। ਅਗਲੇ ਦਿਨ ਉਸ ਨੇ ਮੈਨੂੰ ਕਹਾਣੀ ਸੁਣਾ ਦਿੱਤੀ, ''ਮੈਡਮ ਜੀ! ਜੇ ਤੁਹਾਡੇ ਪਾਸ ਟਾਈਮ ਹੈ ਤਾਂ ਪਹਿਲਾਂ ਮੇਰੀ ਕਹਾਣੀ ਸੁਣ ਲਓ, ਫਿਰ ਤੁਹਾਨੂੰ ਰਾਮ ਸਿੰਘ ਸਰ ਦੀ ਬਾਬਤ ਆਪਣੇ-ਆਪ ਪਤਾ ਲੱਗ ਜਾਵੇਗਾ।'' ''ਅੱਛਾ ਤੇਰੀ ਆਪਣੀ ਵੀ ਕੋਈ ਕਹਾਣੀ ਹੈ। ਚੰਗਾ ਬਈ, ਪਹਿਲਾਂ ਤੂੰ ਆਪਣੀ ਹੀ ਗੱਲ ਕਰ ਲੈ, ਰਾਮ ਸਿੰਘ ਦੀ ਦੀ ਬਾਬਤ ਆਪਾਂ ਬਾਅਦ 'ਚ ਸੋਚਾਂਗੇ।'' ਮੈਂ ਹੱਸਦਿਆਂ ਹੋਇਆਂ ਉਸ ਨੂੰ ਆਪਣੇ ਕੋਲ ਬਿਠਾ ਲਿਆ। ਮੈਡਮ ਜੀ ਇੱਥੇ ਆਉਣ ਤੋਂ ਪਹਿਲਾਂ ਪਿਛਲੇ ਸਾਲ ਮੇਰੀ ਡਿਊਟੀ ਪੁਣੇ ਵਿਚ ਲੱਗੀ ਹੋਈ ਸੀ। ਰਾਮ ਸਿੰਘ ਸਰ ਵਰਗੇ ਇਕ ਹੌਲਦਾਰ ਸਾਹਿਬ ਦੀ ਦੇਖਭਾਲ ਦੀ ਮੇਰੀ ਡਿਊਟੀ ਲੱਗੀ ਹੋਈ ਸੀ। ਉਸ ਨੂੰ ਪਲਟਨ ਦੇ ਕਮਾਂਡ ਹਸਪਤਾਲ ਪੁਣੇ ਵਿਚ ਰੈਫਰ ਕਰ ਦਿੱਤਾ ਸੀ। ਬਹੁਤ ਦਾਰੂ ਪੀ-ਪੀ ਕੇ ਉਸ ਦੇ ਸਰੀਰ ਦਾ ਸੱਤਿਆਨਾਸ ਹੋ ਗਿਆ ਸੀ। ਦਾਰੂ ਤਾਂ ਮੈਂ ਵੀ ਪੀਂਦਾ ਸਾਂ। ਅਸਲ 'ਚ ਫ਼ੌਜ 'ਚ ਵਧੀਆ ਦਾਰੂ ਮਿਲ ਜਾਂਦੀ ਹੈ। ਪਹਿਲਾਂ ਤਾਂ ਮਜ਼ੇ-ਮਜ਼ੇ 'ਚ ਥੋੜ੍ਹੀ ਪੀਣੀ ਸ਼ੁਰੂ ਕੀਤੀ। ਬੜੀ ਚੰਗੀ ਲੱਗੀ। ਮੈਨੂੰ ਹਰ ਬੰਦਾ ਚੰਗਾ ਲੱਗਦਾ। ਖ਼ੂਬ ਕੰਮ ਕਰਦਾ ਕਦੇ ਥੱਕਦਾ ਨਾ, ਰਾਤ ਨੂੰ ਨੀਂਦ ਵੀ ਵਧੀਆ ਆਉਂਦੀ। ਮੈਂ ਸੋਚਦਾ ਸਾਂ ਕਿ ਦਾਰੂ ਵਰਗੀ ਵਧੀਆ ਚੀਜ਼ ਤਾਂ ਦੁਨੀਆ 'ਚ ਹੈ ਹੀ ਨਹੀਂ। ਕਦੇ-ਕਦੇ ਮੈਂ ਬਾਹਰੋਂ ਲੈ ਕੇ ਵੀ ਪੀ ਲੈਂਦਾ। ਫਿਰ ਮੈਨੂੰ ਹੌਲਦਾਰ ਸਾਹਿਬ ਨਾਲ ਆਉਣਾ ਪਿਆ ਅਤੇ ਜਦ ਮੈਨੂੰ ਪਤਾ ਲੱਗਾ ਕਿ ਉਸ ਦੀ ਇਹ ਹਾਲਤ ਦਾਰੂ ਪੀਣ ਕਰ ਕੇ ਹੀ ਹੋਈ ਹੈ ਤਾਂ ਮੈਂ ਤਾਂ ਇਕਦਮ ਕੰਬ ਗਿਆ। ਉਸ ਨੇ ਮੈਨੂੰ ਦੱਸਿਆ ਕਿ ਉਸ ਨੇ ਵੀ ਦਾਰੂ ਇਸੇ ਤਰ੍ਹਾਂ ਪੀਣੀ ਸ਼ੁਰੂ ਕੀਤੀ ਸੀ। ਮੇਰਾ ਪੂਰਾ ਪਰਿਵਾਰ, ਮੇਰੇ ਮਾਂ-ਬਾਪ, ਛੋਟੇ ਭੈਣ-ਭਰਾ ਅਤੇ ਮੇਰੀ ਪਤਨੀ ਅਤੇ ਤਿੰਨ ਸਾਲ ਦੀ ਛੋਟੀ ਬੱਚੀ ਸਭ ਮੇਰੇ 'ਤੇ ਨਿਰਭਰ ਹਨ। ਹੁਣ ਤਾਂ ਮੇਰੇ ਅੰਦਰ ਕੁਝ ਵੀ ਨਹੀਂ ਬਚਿਆ। ਮੇਰਾ ਜਿਗਰ, ਗੁਰਦੇ, ਦਿਲ ਸਭ ਕੁਝ ਇਸ ਚੰਦਰੀ ਦਾਰੂ ਦੀ ਭੇਟ ਚੜ੍ਹ ਗਿਆ। ਉਦੋਂ ਤਾਂ ਮੈਨੂੰ ਇਸ ਤੋਂ ਸਿਵਾਏ ਹੋਰ ਕੁਝ ਸੁੱਝਦਾ ਹੀ ਨਹੀਂ ਸੀ। ਕਦੇ ਖ਼ਿਆਲ ਹੀ ਨਹੀਂ ਸੀ ਆਇਆ ਕਿ ਜੇ ਮੈਨੂੰ ਕੁਝ ਹੋ ਗਿਆ ਤਾਂ ਮੇਰੇ ਆਪਣਿਆਂ ਦਾ ਕੀ ਬਣੇਗਾ? ਸਾਡੇ ਕੋਲ ਤਾਂ ਨਾ ਕੋਈ ਜ਼ਮੀਨ ਹੈ, ਨਾ ਮਕਾਨ, ਨਾ ਦੁਕਾਨ। ਬਸ ਮੇਰੀ ਤਨਖ਼ਾਹ ਨਾਲ ਹੀ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ ਪਰ ਹੁਣ ਤਾਂ ਸਭ ਕੁਝ ਖ਼ਤਮ ਹੋ ਗਿਆ ਹੈ। ਮੈਂ ਤਾਂ ਬਸ ਹੁਣ ਕੁਝ ਦਿਨਾਂ ਦਾ ਹਾ ਪ੍ਰਾਹੁਣਾ ਹਾਂ। ਫਿਰ ਉਹ ਮੈਨੂੰ ਪੁੱਛਣ ਲੱਗਦਾ, ''ਅੱਛਾ ਦੱਸ ਤੂੰ ਦਾਰੂ ਤਾਂ ਨਹੀਂ ਪੀਂਦਾ। ਪੀਵੀਂ ਵੀ ਨਾ। ਤੂੰ ਮੇਰੀ ਬੜੀ ਸੇਵਾ ਕੀਤੀ ਹੈ। ਬਦਲੇ ਵਿਚ ਬਸ ਮੈਂ ਤੈਨੂੰ ਇਹੀ ਅਸ਼ੀਰਵਾਦ ਦੇ ਕੇ ਜਾ ਰਿਹਾ ਹਾਂ ਕਿ ਤੂੰ ਇਸ ਦਾਰੂ ਵਰਗੀ ਚੰਦਰੀ ਬਿਮਾਰੀ ਤੋਂ ਹਮੇਸ਼ਾ ਦੂਰ ਰਹੀਂ। ਉਸ ਦੀ ਹਾਲਤ ਤਾਂ ਦੇਖ ਕੇ ਮੈਂ ਤਾਂ ਪਹਿਲਾਂ ਹੀ ਬਹੁਤ ਘਬਰਾ ਗਿਆ ਸਾਂ। ਉਸ ਦਾ ਪਤਾ ਲੈਣ ਆਏ ਉਸ ਦੇ ਮਾਂ-ਬਾਪ ਅਤੇ ਭੈਣ-ਭਰਾ ਵਿਚਾਰੇ ਰੋ ਰਹੇ ਸਨ ਅਤੇ ਉਸ ਦੀ ਪਤਨੀ ਛੋਟੇ ਜਿੰਨੇ ਬੱਚੇ ਨੂੰ ਗੋਦੀ 'ਚ ਲਈ ਬਸ ਹਰ ਵੇਲੇ ਰੱਬ ਕੋਲੋਂ ਉਸ ਦੇ ਠੀਕ ਹੋਣ ਦੀ ਦੁਆ ਮੰਗਦੀ ਰਹਿੰਦੀ।

ਬਸ ਜੀ! ਮੈਂ ਤਾਂ ਉਸੇ ਵੇਲੇ ਕਸਮ ਖਾ ਲਈ ਕਿ ਮੈਂ ਅੱਜ ਤੋਂ ਬਾਅਦ ਦਾਰੂ ਨੂੰ ਹੱਥ ਨਹੀਂ ਲਾਵਾਂਗਾ। ਹੌਲਦਾਰ ਸਾਹਿਬ ਤਾਂ ਅਗਲੇ ਦੋ-ਤਿੰਨ ਦਿਨਾਂ 'ਚ ਪੂਰੇ ਹੋ ਗਏ ਅਤੇ ਉਸ ਦੇ ਜਾਣ ਦੇ ਨਾਲ ਹੀ ਮੇਰੀ ਦਾਰੂ ਦੀ ਲਾਲਸਾ ਖ਼ਤਮ ਹੋ ਗਈ। ਮੈਨੂੰ ਹੁਣ ਕਈ ਮਹੀਨੇ ਹੋ ਗਏ ਹਨ ਦਾਰੂ ਪੀਤਿਆਂ। ਹੁਣ ਤਾਂ ਜਦੋਂ ਵੀ ਕਦੇ ਮੇਰੀ ਦਾਰੂ 'ਤੇ ਨਜ਼ਰ ਪਵੇ ਤਾਂ ਉਹੀ ਹੌਲਦਾਰ ਸਾਹਿਬ ਝਟਪਟ ਆ ਕੇ ਮੇਰਾ ਹੱਥ ਫੜ ਲੈਂਦੇ ਹਨ। ਮੈਨੂੰ ਤਾਂ ਲੱਗਦਾ ਹੈ ਮੈਡਮ ਜੀ, ਰਾਮ ਸਰ ਦਾ ਵੀ ਉਹੀ ਹਾਲ ਹੋਣ ਵਾਲਾ ਹੈ। ਮੈਂ ਉਸ ਨੂੰ ਕਮਰੇ 'ਚ ਵੀ ਦਾਰੂ ਪੀਂਦਿਆਂ ਦੇਖਿਆ ਹੈ। ਉਸ ਦੀ ਹਾਲਤ ਕਾਫ਼ੀ ਖ਼ਰਾਬ ਹੋ ਚੁੱਕੀ ਹੈ।

''ਫਿਰ ਹੁਣ ਉਸ ਦਾ ਕੀ ਇਲਾਜ ਹੈ।'' ਮੈਂ ਘਬਰਾ ਕੇ ਪੁੱਛਿਆ। ਮੈਡਮ ਜੀ ਮੈਂ ਕੀ ਦੱਸਾਂ, ਤੁਸੀਂ ਹੀ ਉਸ ਨੂੰ ਸਮਝਾ ਸਕਦੇ ਹੋ ਜਾਂ ਸਾਹਿਬ ਪਰ ਮੈਂ ਸੁਣਿਆ ਹੈ ਕਿ ਸਾਹਿਬ ਉਸ ਨੂੰ ਵਾਪਸ ਪਲਟਨ 'ਚ ਭੇਜ ਰਹੇ ਹਨ। ''ਜਾਵੇ ਪਰ੍ਹਾਂ! ਸਾਹਿਬ ਵੀ ਕੀ ਕਰੇ ਵਿਚਾਰਾ। ਅਜਿਹੇ ਆਦਮੀ ਦੇ ਘਰ ਵਿਚ ਰਹਿਣ ਕਾਰਨ ਉਸ ਦੇ ਬੱਚਿਆਂ 'ਤੇ ਵੀ ਤਾਂ ਖ਼ਰਾਬ ਅਸਰ ਪਵੇਗਾ।'' ਮੈਂ ਆਪਣੇ ਬੇਟੇ ਦੀ ਹਾਲਤ ਸਮਝਦਿਆਂ ਕਿਹਾ।

ਫਿਰ ਤਾਂ ਰਾਮ ਸਰ ਦਾ ਰੱਬ ਹੀ ਰਾਖਾ ਹੈ ਮੈਡਮ ਜੀ ਕਿਉਂਕਿ ਪਲਟਨ 'ਚ ਤਾਂ ਕੋਈ ਟੋਕਣ-ਵਰਜਣ ਵਾਲਾ ਹੀ ਨਹੀਂ ਹੈ। ਮੈਨੂੰ ਤਾਂ ਲੱਗਦਾ ਹੈ ਕਿ ਰਾਮ ਸਰ ਵੀ ਜਲਦੀ ਹੀ ਹੌਲਦਾਰ ਸਾਹਿਬ ਵਾਂਗੂੰ ਪੂਰੇ ਹੋ ਜਾਣਗੇ। ਉਸ ਦੀ ਗੱਲ ਸੁਣ ਕੇ ਮੈਂ ਕਿਹਾ, ''ਨਹੀਂ-ਨਹੀਂ।'' ਮੈਂ ਝਟਪਟ ਫ਼ੈਸਲਾ ਕਰ ਲਿਆ ਕਿ ਰਾਮ ਸਿੰਘ ਨੂੰ ਵਾਪਸ ਪਲਟਨ 'ਚ ਨਹੀਂ ਭੇਜਣਾ ਅਤੇ ਨਾ ਹੀ ਉਸ ਨੂੰ ਲਾਈਨ 'ਚ ਭੇਜਣਾ ਹੈ ਬਲਕਿ ਆਪਣੇ ਘਰ ਦੇ ਕੁਆਰਟਰ 'ਚ ਰੱਖ ਕੇ ਉਸ ਦਾ ਇਲਾਜ ਕਰਨਾ ਹੈ। ਹਰ ਵੇਲੇ ਉਸ 'ਤੇ ਨਜ਼ਰ ਰੱਖਣੀ ਹੈ ਅਤੇ ਉਸ ਨੂੰ ਸਮੇਂ-ਸਮੇਂ ਉਸ ਦੇ ਬੀਵੀ-ਬੱਚਿਆਂ ਦੀ ਯਾਦ ਦਿਵਾਉਂਦੇ ਰਹਿਣਾ ਹੈ। ਦੇਖਦੇ ਹਾਂ ਕਿ ਕਿਸ ਤਰ੍ਹਾਂ ਅਸੀਂ ਸਿਪਾਹੀ ਰਾਮ ਸਿੰਘ ਨੂੰ ਉਸ ਚੰਦਰੀ ਆਦਤ ਤੋਂ ਕਿੰਨੀ ਦੇਰ 'ਚ ਮੁਕਤੀ ਦਿਵਾ ਸਕਦੇ ਹਾਂ।

-ਮੋਬਾਈਲ ਨੰ. 99881-52523

Posted By: Sukhdev Singh